ਕੈਸੀ ਚੱਲੀ ਹਨੇਰੀ ਇਸ ਜੱਗ ਉੁੱਤੇ
ਖ਼ੂਨ ਆਪਣਾ ਰੰਗ ਵਟਾਉਣ ਲੱਗਾ
ਕੀ ਮਾਪੇ ਤੇ ਕੀ ਭਾਈ ਭੈਣ ਸਾਰੇ
ਸਾਰਾ ਜੱਗ ਹੀ ਰੰਗ ਵਖਾਉਣ ਲੱਗਾ
ਵੇਖ ਸਮੇਂ ਨੇ ਕੈਸੀ ਹੈ ਚਾਲ ਬਦਲੀ
ਬੰਦਾ ਬੰਦੇ ਤੋਂ ਕੰਨੀ ਕਤਰਾਉਣ ਲੱਗਾ
ਖ਼ੂਨ ਚਿੱਟਾ ਹੋਇਆ ਅੱਜ ਸਭ ਦਾ ਹੀ
ਮਰੇ ਮਾਪਿਆਂ ਤੋਂ ਘਬਰਾਉਣ ਲੱਗਾ
ਅੱਜ ਚੀਕਾਂ ਮਾਰ ਸਾਰੇ ਭੱਜਦੇ ਨੇ
ਨਾ ਕੋਈ ਅੱਜ ਤੈਨੂੰ ਨਹਾਉਣ ਲੱਗਾ
ਜਿਨ੍ਹਾਂ ਪਿੱਛੇ ਤੂੰ ਸਾਰੀ ਹੀ ਜਿੰਦ ਗਾਲੀ
ਤੇਰੀ ਲਾਸ਼ ਨੂੰ ਮੋਢਾ ਨਾ ਲਾਉਣ ਲੱਗਾ
ਅੱਗ ਚਿੱਖਾ ਨੂੰ ਹੁਣ ਕੋਈ ਲਾਵਦਾ ਨਾ
ਮਰਿਆ ਗ਼ੈਰਾਂ ਹੱਥ ਫੜਾਉਣ ਲੱਗਾ
ਕਬਰਾਂ ਵਿੱਚ ਵੀ ਹੁਣ ਨਾ ਥਾਂ ਰਹਿਗੀ
ਟੋਆ ਪੱਟ ਨਾ ਕੋਈ ਦਫ਼ਨਾਉਣ ਲੱਗਾ
ਹੱਡ ਟਾਹਲੀਆਂ ਨਾਲ ਹੀ ਟੰਗੇ ਰਹਿਗੇ
ਕੋਈ ਗੰਗਾ ਜਾਕੇ ਨਾ ਪਾਉਣ ਲੱਗਾ
ਵੇਖ ਪੈਸਾ ਧੇਲਾ ਵੀ ਨਾ ਕੰਮ ਆਇਆ
ਜਿਹੜੇ ਪੈਸੇ ਨੂੰ ਸੀ ਤੂੰ ਚਾਹੁਣ ਲੱਗਾ
ਨਾ ਹੋ ਐਨਾ ਜਾਲਮ ਨਾ ਕਰ ਕੰਮ ਐਸੇ
ਹੁਣ ਕਾਲ ਸਭ ਦੇ ਸਿਰ ਮਡਰੌਣ ਲੱਗਾ
ਆਪਣੀ ਆਈ ਤੇ ਸਭ ਨੇ ਮਰ ਜਾਣਾ
ਤੇਰੀ ਆਈ ਨਾ ਕੋਈ ਬਚਾਉਣ ਲੱਗਾ
ਹੁਣ ਅਮੀਰ ਤੇ ਕੀ ਗਰੀਬ ਸਾਰੇ
ਬੁੱਢਾ ਬੱਚਾ ਵੀ ਰੱਬ ਧਿਉਣ ਲੱਗਾ
ਕੰਗ ਤੂੰ ਵੀ ਬੈਹ ਰੱਬ ਦਾ ਨਾਂ ਧਿਆ ਲੈ
ਉਸ ਬਿਨ ਨਾ ਕੋਈ ਕੰਮ ਆਉਣ ਲੱਗਾ।