ਕੋਰੋਨੇ ਦੀ ਮਹਾਂਮਾਰੀ ਵਿੱਚ ਸ਼ਰਾਬੀਆਂ ਦਾ ਖਿਆਲ ਰੱਖਦੇ ਹੋਏ ਠੇਕੇ ਤਾਂ ਖੁੱਲ੍ਹ ਗਏ ਪਰ ਜਿੰਮਾਂ ਕੋਰੋਨੇ ਦੇ ਡਰ ਕਾਰਨ ਨਾ ਖੁੱਲ੍ਹੀਆਂ। ਡੌਲੇਦਾਰ ਗੱਭਰੂਆਂ ਦੇ ਡੌਲੇ ਮੁਰਝਾਉਣ ਲੱਗੇ ਤੇ ਡੌਲਿਆਂ 'ਤੇ ਵਾਹੀਆਂ ਸ਼ੇਰਾਂ ਦੀਆਂ ਬੂਥੀਆਂ ਤੇ ਬਾਜ਼ਾਂ ਦੀਆਂ ਸ਼ਕਲਾਂ ਵਿੱਚ ਫੈੜ੍ਹ ਪੈਣ ਲੱਗੇ।ਇਸ ਗੱਲ ਤੋਂ ਭੀਤੂ ਦਾ ਮੁੰਡਾ ਭੋਲੂ ਹਰ ਵੇਲ਼ੇ ਖਿੱਝਿਆ ਰਹਿੰਦਾ।ਉਹ ਜਿੱਥੇ ਜਿੰਮ ਬੰਦ ਕਰਨ ਵਾਲਿਆਂ ਨੂੰ ਮਾੜਾ-ਚੰਗਾ ਬੋਲਦਾ,ਉੱਥੇ ਕੋਰੋਨੇ ਦੇ ਸਾਰੇ ਟੱਬਰ ਨੂੰ ਵੀ ਮਾਂਵਾਂ-ਭੈਣਾਂ ਦੀਆਂ ਗਾਲ਼ਾਂ ਕੱਢਦਾ।ਭੋਲੂ ਦਾ ਬਾਪੂ ਭੀਤੂ ਚਰ੍ਹੀ ਦੀ ਭਰੀ ਲਿਆ ਕੇ ਦੜੰਮ ਦੇਣੇ ਟੋਕੇ ਵਾਲ਼ੀ ਮਸ਼ੀਨ ਅੱਗੇ ਸੁੱਟਦਾ ਹੈ।ਭਰ੍ਹੀ ਜਦੋਂ ਧਰਤੀ 'ਤੇ ਡਿੱਗੀ ਤਾਂ ਉਸ ਦੀ ਆਵਾਜ਼ ਤੋਂ ਪਤਾ ਲੱਗਾ ਕਿ ਭਰ੍ਹੀ ਹੱਦ ਤੋਂ ਵੱਧ ਭਾਰੀ ਸੀ ਤੇ ਚੁੱਕਣ ਵਾਲ਼ੇ ਦੇ ਸਿਰ ਦੀ ਕਵੱਸਤੀ ਲਿਆ ਦਿੱਤੀ ਹੋਵੇਗੀ।ਭਰ੍ਹੀ ਸਿਰ ਤੋਂ ਹੇਠਾਂ ਸੁੱਟਣ ਵੇਲ਼ੇ ਭੀਤੂ ਦੇ ਸਿਰ 'ਤੇ ਬੰਨ੍ਹਿਆਂ ਪਰਨਾ ਵੀ ਡਿੱਗ ਜਾਂਦਾ ਹੈ ਤੇ ਭੀਤੂ ਦਾ ਭਾਰ ਚੁੱਕਣ ਕਾਰਨ ਗੰਜਾ ਹੋਇਆ ਸਿਰ ਵੀ ਨੰਗਾ ਹੋ ਜਾਂਦਾ ਹੈ।ਭੀਤੂ ਪਾਣੀ ਪੀ ਆਪਣੇ ਮੁੰਡੇ ਨੂੰ ਟੋਕਾ ਕਰਵਾਉਣ ਲਈ ਕਹਿੰਦਾ ਹੈ ਪਰ ਜਿੰਮ ਦਾ ਸ਼ੌਕੀਨ ਉਸ ਦਾ ਮੁੰਡਾ ਜਿੰਮ ਬੰਦ ਹੋਣ ਦਾ ਰੋਸ ਕਰਦਾ ਹੋਇਆ ਟੋਕਾ ਕਰਵਾਉਣ ਤੋਂ ਇਨਕਾਰ ਕਰ ਦਿੰਦਾ ਹੈ।ਭੀਤੂ ਆਪਣੇ ਮੁੰਡੇ ਤੋਂ ਜੁਆਬ ਸੁਣ ਪਹਿਲਾਂ ਆਪਣੀ ਪਤਨੀ ਨੂੰ ਆਵਾਜ਼ ਮਾਰਨ ਲੱਗਿਆ ਕਿ ਉਹ ਰੁੱਗ ਲਾ ਦੇਵੇਗੀ,ਪਰ ਸ਼ਾਮ ਚੁੱਲ੍ਹੇ-ਚੌਂਕੇ ਦਾ ਵੇਲ਼ਾ ਹੋਣ ਕਾਰਨ ਉਹ ਰੁਕ ਗਿਆ।ਹੁਣ ਉਹ ਆਪ ਹੀ ਰੁੱਗ ਲਾ ਕੇ ਮਸ਼ੀਨ ਗੇੜਦਾ ਇਕੱਲਾ ਹੀ ਟੋਕਾ ਕਰਨ ਲੱਗਿਆ।ਉੱਧਰ ਉਸ ਦਾ ਮੁੰਡਾ ਭੋਲੂ ਬੋਲਟ ਨੂੰ ਸ਼ਾਈਨਰ ਮਾਰ-ਮਾਰ ਚਮਕਾ ਰਿਹਾ ਸੀ।ਉਸ ਨੇ ਆਪਣੇ ਕੰਨਾਂ ਵਿੱਚ ਹੈੱਡ ਫੋਨ ਲਾਏ ਹੋਏ ਸਨ ਤੇ ਗੀਤ ਚੱਲ ਰਿਹਾ ਸੀ,"ਅਸੀਂ ਕਰ ਲਿਆ ਜਿੰਮ ਜੁਆਇਨ ਨੀ ਹੁਣ ਸਾਡਾ ਟਾਈਮ ਨਹੀਂ ਲੱਗਦਾ।" ਉੱਧਰ ਭੋਲੂ ਦਾ ਬਾਪੂ ਭੀਤੂ ਮਸ਼ੀਨ ਗੇੜ ਕੇ ਪਸੀਨੋ-ਪਸੀਨੀ ਹੋਇਆ ਪਿਆ ਸੀ ਤੇ ਪਸੀਨੇ ਨਾਲ ਭਿੱਜੇ ਕੱਪੜਿਆਂ ਵਿੱਚੋਂ ਉਸ ਦੇ ਮਜ਼ਬੂਤ ਜੁੱਸੇ ਦੇ ਦਰਸ਼ਨ ਹੋ ਰਹੇ ਸੀ ਤੇ ਜਦੋਂ ਮਸ਼ੀਨ ਵਿੱਚ ਰੁੱਗ ਅੜ ਜਾਂਦਾ ਤਾਂ ਉਹ ਅਜਿਹਾ ਜ਼ੋਰ ਲਗਾਉਂਦਾ ਕਿ ਉਸ ਦੇ ਡੌਲ਼ੇ 'ਤੇ ਵਾਹਿਆ ਸ਼ੇਰ ਦਹਾੜਨ ਲੱਗਦਾ ਅਤੇ ਪੱਟ 'ਤੇ ਵਾਹੀ ਮੋਰਨੀ ਕੋਰੋਨੇ ਵਿੱਚ ਵੀ ਨੱਚਣ ਲੱਗਦੀ।