ਅਮਰ ਦੀ ਉਮਰ ਕਰੀਬ ੫੦ ਵਰ੍ਹਿਆਂ ਦੀ ਹੋਵੇਗੀ, ਬੜਾ ਹੀ ਹਸਮੁੱਖ, ਬੜਾ ਹੀ ਦਿਲਦਾਰ ਕਿਸਮ ਦਾ ਬੰਦਾ ਸੀ। ਹਰ ਉਮਰ ਦਾ ਵਿਅਕਤੀ ਜਦ ਕਿਸੇ ਸਮੱਸਿਆ ਵਿੱਚ ਫਸ ਜਾਂਦਾ ਤਾਂ ਉਸ ਕੋਲੋਂ ਸਲਾਹ ਜ਼ਰੂਰ ਲੈਂਦਾ। ਉਸਦੀ ਸਲਾਹ ਵਿੱਚ ਉਤਸ਼ਾਹ ਬਹੁਤ ਹੁੰਦਾ ਸੀ, ਜਿਸ ਕਰਕੇ ਉਸਦੀ ਸਲਾਹ ਮੰਨਣ ਵਿੱਚ ਕੋਈ ਔਖ ਮਹਿਸੂਸ ਨਹੀਂ ਸੀ ਹੁੰਦੀ। ਅਮਰ ਸਕੂਲ/ਕਾਲਜ ਜਾਂ ਯੂਨੀਵਰਸਿਟੀ ਵਿੱਚ ਤਾਂ ਨਹੀਂ ਸੀ ਗਿਆ, ਪਰ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਅਕਸਰ ਉਸ ਨਾਲ ਚਾਹ ਦਾ ਕੱਪ ਪੀਣ ਲਈ ਉਸਦੇ ਗਰੀਬਖਾਨੇ ਆਉਂਦੇ ਰਹਿੰਦੇ ਸਨ। ਅਮਰ ਦਾ ਗਰੀਬਖਾਨਾ ਕਿਸੇ ਲਾਇਬ੍ਰੇਰੀ ਤੋਂ ਘੱਟ ਨਹੀਂ ਸੀ। ਇੱਥੇ ਉਹ ਇਕੱਲਾ ਰਹਿੰਦਾ ਸੀ। ਉਸਦੇ ਪਰਿਵਾਰ ਬਾਰੇ ਨਾ ਕਦੇ ਕਿਸੇ ਨੇ ਉਸ ਕੋਲੋਂ ਪੁੱਛਿਆ ਨਾ ਹੀ ਉਹ ਆਪ ਦੱਸਦਾ ਸੀ।
ਕਹਿੰਦੇ ਨੇ, ਆਤੀਤ ਵਿੱਚ ਰਹਿਣ ਵਾਲਾ ਮਨੁੱਖ ਕਦੇ ਤਰੱਕੀ ਨਹੀਂ ਕਰ ਸਕਦਾ। ਲੰਘ ਚੁੱਕਿਆ ਵੇਲਾ ਮੁੜ ਕੇ ਨਹੀਂ ਆਉਂਦਾ ਇਸ ਲਈ ਸਾਨੂੰ ਵਰਤਮਾਨ ਵਿੱਚ ਜਿਉਂਦੇ ਹੋਏ, ਭਵਿੱਖ ਬਾਰੇ ਸੋਚਣਾ ਚਾਹੀਦਾ ਹੈ ਤਾਂ ਕਿ ਵਧੀਆ ਜ਼ਿੰਦਗੀ ਗੁਜ਼ਾਰੀ ਜਾ ਸਕੇ, ਪਰ ਅਮਰ ਦੀ ਦੁਨੀਆ ਅਤੇ ਸੋਚਣ ਦਾ ਢੰਗ ਬਿਲਕੁੱਲ ਹੀ ਵੱਖਰੇ ਸਨ।
ਉਹ ਜਿਆਦਾ ਫੈਸਲੇ ਦਿਲ ਤੋਂ ਲੈਂਦਾ ਸੀ ਅਤੇ ਮੰਨਦਾ ਸੀ ਕਿ ਦਿਮਾਗ ਦਾ ਕੰਮ ਦਿਲ ਦੀਆਂ ਖੁਹਾਇਸ਼ਾਂ ਨੂੰ ਪੂਰੀਆਂ ਕਰਨ ਦਾ ਹੁੰਦਾ ਹੈ, ਪਰ ਅਸੀਂ ਦਿਮਾਗ ਤੋਂ ਦਿੱਲ ਦੀਆਂ ਸੱਧਰਾਂ ਨੂੰ ਦਬਾਉਣ ਦਾ ਕੰਮ ਲੈਂਦੇ ਹਾਂ। ਇਹੀ ਕਾਰਣ ਹੈ ਕਿ ਅਸੀਂ ਦਿਮਾਗ ਨਾਲ ਸੋਚ ਕਿ ਹੀ ਇਹ ਕਹਿੰਦੇ ਹਾਂ ਕਿ ਅਤੀਤ ਵਿੱਚ ਰਹਿਣ ਵਾਲਾ ਮਨੁੱਖ ਕਦੇ ਤਰੱਕੀ ਨਹੀਂ ਕਰ ਸਕਦਾ। ਪਰ ਜ਼ਿੰਦਗੀ ਵਿੱਚ, ਆਪਣੇ ਦਿਲਦਾਰਾਂ ਨਾਲ ਬਿਤਾਏ ਪਲਾਂ ਨੂੰ ਯਾਦ ਕਰਕੇ, ਉਹਨਾਂ ਖੂਬਸੂਰਤ ਲਮਹਿਆਂ ਨੂੰ ਯਾਦ ਕਰਕੇ ਅਸੀਂ ਵਰਤਮਾਨ ਸਥਿਤੀ ਵਿੱਚ ਜੇਕਰ ਮਾੜੇ ਦੌਰ ਵਿੱਚੋਂ ਗੁਜ਼ਰ ਰਹੇ ਹੋਈਏ ਤਾਂ ਉਹ ਖੂਬਸੂਰਤ ਪਲ ਸਾਨੂੰ ਜੋਸ਼, ਉਤਸ਼ਾਹ ਅਤੇ ਜਿੰਦਾਦਿਲੀ ਦੇ ਸਕਦੇ ਹਨ। ਇਸ ਲਈ ਖੂਬਸੂਰਤ ਪਲਾਂ ਨੂੰ ਸੰਭਾਲ ਕੇ ਰੱਖਣਾ, ਉਨ੍ਹਾਂ ਨੂੰ ਯਾਦ ਕਰਨਾ ਅਤੇ ਖੁਸ਼ੀ ਖੁਸ਼ੀ ਭਵਿੱਖ ਲਈ ਕਾਰਜ ਕਰਨਾ ਸਾਡੀ ਜਿੰਦਗੀ ਨੂੰ ਹਮੇਸ਼ਾਂ ਰੋਸ਼ਨ ਕਰਦਾ ਹੈ।
ਦਰਅਸਲ ਅਮਰ ਦੀ ਪਿੱਛਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਬਹੁਤ ਤੇਜ਼ ਤਰਾਰ ਬੁੱਧੀ ਦਾ ਮਾਲਕ ਸੀ ਹੁਣ ਵਾਂਗ ਹੀ। ਉਸਦੀ ਜਿੰਦਗੀ ਨੂੰ ਜਿਊਣ ਦਾ ਮਕਸਦ ਉਸਦੀ ਮਹਿਬੂਬਾ ਕਿਰਨਜੀਤ ਨੇ ਦਿੱਤਾ ਸੀ। ਉਹ ਵੀ ਉਸਦੀ ਕਾਰਬਨ ਕਾਪੀ ਦੀ ਤਰ੍ਹਾਂ ਹੀ ਸੀ। ਸੰਜੀਦਾ, ਸਿਆਣੀ, ਸੁਸ਼ੀਲ਼, ਨਿਹਾਇਤ ਖੂਬਸੂਰਤ ਅਤੇ ਤੀਖਣ ਬੁੱਧੀ ਦੀ ਮਾਲਕ ਸੀ। ਇਹਨਾਂ ਦੋਹਾਂ ਦਾ ਮੇਲ ਹੋਇਆ ਫਿਰ ਮੇਲ ਤੋਂ ਮੁਲਾਕਾਤਾਂ, ਮੁਲਾਕਾਤਾਂ ਤੋਂ ਵਾਅਦੇ, ਵਾਅਦਿਆਂ ਤੋਂ ਬਾਅਦ ਕੰਢਿਆਂ ਭਰਿਆ ਸਫ਼ਰ। ਇਹ ਉਹੀ ਕੰਢੇ ਨੇ, ਜਿਨ੍ਹਾਂ ਉੱਤੇ ਤੁਰਨਾ - ਪਰ ਸੀ ਨਾ ਕਰਨਾ ਇਸ਼ਕ ਦੀ ਇਬਾਦਾਤ ਕਰਨ ਲਈ ਜ਼ਰੂਰੀ ਹੈ। ਦੋਹਾਂ ਨੇ ਇੱਕ ਦੂਜੇ ਦਾ ਹੱਥ ਫੜ੍ਹ ਕੇ ਕੰਢਿਆਂ ਤੇ ਤੁਰਨਾ ਸ਼ੁਰੂ ਕੀਤਾ ਅਤੇ ਇਸ਼ਕ ਦੀ ਦਰਗਾਹ ਤੇ ਪ੍ਰਵਾਨ ਹੋਏ। ਦੋਹਾਂ ਦੀ ਜ਼ਿੰਦਗੀ ਦਾ ਮਕਸਦ ਇੱਕ ਦੂਜੇ ਦੇ ਸੁਪਨੇ ਪੂਰੇ ਕਰਨਾ ਸੀ। ਜਿਸ ਲਈ ਦੋਵੇਂ ਜਾਣੇ ਅੱਡੋ-ਅੱਡ ਅਤੇ ਸਾਂਝੇ ਰੂਪ ਵਿੱਚ ਜਤਨ ਕਰਦੇ ਹੀ ਰਹਿੰਦੇ ਸਨ।
ਪਰ ਹੋਣੀ ਨੂੰ ਕੁੱਝ ਹੋਰ ਮਨਜ਼ੂਰ ਸੀ, ਇਸ ਤੋਂ ਪਹਿਲਾਂ ਕਿ ਨੰਨ੍ਹਾਂ ਜਿਹਾ ਪਿਆਰਾ ਬੱਚਾ ਇਹਨਾਂ ਦੇ ਘਰ ਵਿੱਚ ਕਿਲਾਰੀਆਂ ਮਾਰਦਾ ਡਿਲਵਰੀ ਦੌਰਾਨ ਦੋਨੋਂ ਮਾਂ-ਪੁਤ ਇਸ ਜਹਾਨ ਨੂੰ ਅਲਵਿਦਾ ਆਖ ਗਏ ਤੇ ਪਿਛੇ ਰਹਿ ਗਿਆ ਅਮਰ। ਜਿਸ ਕੋਲ ਜਿਊਣ ਦੀ ਕੋਈ ਵਜ੍ਹਾ ਨਹੀਂ ਸੀ, ਪਰ ਕਿਰਨ ਦੇ ਅਧੂਰੇ ਸੁਪਨੇ ਪੂਰੇ ਕਰਨ ਦੀ ਇੱਛਾ ਨੇ ਉਸਨੂੰ ਜਿਉਂਦਾ ਰਹਿਣ ਲਈ ਮਜਬੂਰ ਕਰ ਦਿੱਤਾ ਅਤੇ ਉਸਨੇ ਕਿਰਨ ਦੇ ਹਰ ਸੁਪਨੇ ਨੂੰ ਸੱਚ ਕਰ ਦਿੱਤਾ ਜੋ ਕਿਰਨ ਨੇ ਕਦੇ ਉਸਨੂੰ ਦੱਸਿਆ ਸੀ ਜਾਂ ਜੋ ਉਹ ਆਪਣੀ ਡਾਇਰੀ ਵਿੱਚ ਲਿਖਦੀ ਸੀ।
ਜਿਵੇਂ ਕਹਾਣੀ ਦੇ ਪਹਿਲੇ ਪਹਿਰੇ ਵਿੱਚ ਲਿਖਿਆ ਹੈ ਕਿ ਅਮਰ ਦਾ ਗਰੀਬਖਾਨਾ ਕਿਸੇ ਲਾਇਬ੍ਰੇਰੀ ਤੋਂ ਘੱਟ ਨਹੀਂ ਸੀ, ਦਰਅਸਲ ਇਹ ਲਾਇਬ੍ਰੇਰੀ ਸੂਬੇ ਦੀ ਸੱਭ ਤੋਂ ਵਿਸ਼ਾਲ ਅਤੇ ਨਾਮਵਰ ਯੂਨੀਵਰਸਿਟੀ ਦੇ ਵਿੱਚ ਪੈਂਦੀ ਹੈ, ਅਤੇ ਇਸ ਏ.ਕੇ. ਯੂਨਵਰਸਿਟੀ ਦਾ ਮਾਲਕ ਹੈ 'ਅਮਰ ਸਿੰਘ ਰਤਨ'। ਉਸਦੀ ਇਸ ਸਫਲਤਾ ਦਾ ਰਾਜ਼ ਐਨਾ ਹੀ ਸੀ ਕਿ ਉਸਨੇ ਕਿਰਨ ਨਾਲ ਬੀਤਾਏ ਆਪਣੇ ਖੂਬਸੂਰਤ ਪਲਾਂ ਨੂੰ ਕਦੇ ਨਹੀਂ ਭੁੱਲਿਆ ਸਗੋਂ ਉਹਨਾਂ ਖੂਬਸੂਰਤ ਪਲਾਂ ਨੂੰ ਆਪਣੇ ਜੋਸ਼, ਆਪਣੀ ਤਾਕਤ ਵਾਂਗ ਵਰਤਿਆ ਅਤੇ ਸੱਚੀ ਮੁੱਹਬਤ ਨੂੰ ਅਮਰ ਕਰਨ ਦੀਆਂ ਕੋਸ਼ਿਸ਼ਾਂ ਨੇ ਅਮਰ ਨੂੰ ਵੀ ਅਮਰ ਕਰ ਦਿੱਤਾ।