ਸਫਲਤਾ ਦਾ ਕੀ ਹੈ ਇਹ ਤਾਂ……
(ਲੇਖ )
ਸ਼ਾਸਤਰਾਂ ਵਿਚ ਤਿੰਨ ਕਿਸਮ ਦੀਆਂ ਸ਼ਕਤੀਆਂ ਦਾ ਵਰਨਣ ਕੀਤਾ ਗਿਆ ਹੈ।ਇੱਛਾ ਸ਼ਕਤੀ, ਸੰਕਲਪ ਸ਼ਕਤੀ ਅਤੇ ਇਕਾਗਰ ਸ਼ਕਤੀ।ਹਰ ਮਨੁੱਖ ਵਿਚ ਇਹ ਤਿੰਨੇ ਸ਼ਕਤੀਆਂ ਵੱਧ ਜਾਂ ਘੱਟ ਹੁੰਦੀਆਂ ਹਨ ਪਰ ਇਨ੍ਹਾਂ ਨੂੰ ਜਾਗ੍ਰਿਤ ਕਰਨਾ ਮਨੁੱਖ 'ਤੇ ਨਿਰਭਰ ਕਰਦਾ ਹੈ।ਜੋ ਲੋਕ ਇਨ੍ਹਾਂ ਸ਼ਕਤੀਆਂ ਨੂੰ ਜਾਗ੍ਰਿਤ ਕਰ ਲੈਂਦੇ ਹਨ ਉਹ ਜ਼ਿੰਦਗੀ ਵਿਚ ਵਿਜੇਤਾ ਬਣ ਜਾਂਦੇ ਹਨ।ਕਿਸੇ ਵੀ ਵਿਅਕਤੀ ਦੀ ਸਫਲਤਾ ਉਸ ਦੀ ਮਨੋਦਸ਼ਾ 'ਤੇ ਨਿਰਭਰ ਕਰਦੀ ਹੈ।ਬਹੁਤ ਸਾਰੇ ਲੋਕਾਂ ਅੰਦਰ ਮਹਾਨਤਾ ਦੇ ਬੀਜ ਛੁਪੇ ਹੁੰਦੇ ਹਨ ਪਰ ਉਤਸ਼ਾਹ ਦੀ ਘਾਟ ਹੁੰਦੀ ਹੈ।ਇਸ ਲਈ ਉਹ ਉਥੇ ਹੀ ਖੜੇ ਰਹਿੰਦੇ ਹਨ ਅਤੇ ਅੱਗੇ ਵਧਣ ਦੀ ਹਿੰਮਤ ਹੀ ਨਹੀਂ ਕਰਦੇ।ਜੇਕਰ ਮਨ 'ਚ ਤੰਦਰੁਸਤੀ ਦਾ ਵਿਸ਼ਵਾਸ ਅਤੇ ਸੁਝਾਓ ਹੋਣਗੇ, ਮਨ 'ਚ ਚੜ੍ਹਦੀ ਕਲਾ ਦੀ ਤੱਤਪਰਤਾ ਅਤੇ ਬੁਲੰਦ ਹੌਂਸਲੇ ਦੀ ਨਿਡਰਤਾ ਹੋਵੇਗੀ ਤਾਂ ਸਰੀਰ ਦੀਆਂ ਸੁੱਤੀਆਂ ਹੋਈਆਂ ਸ਼ਕਤੀਆਂ ਆਪਣੇ-ਆਪ ਹੀ ਜਾਗ ਪੈਣਗੀਆਂ ਤੇ ਵਿਅਕਤੀ ਸਫਲਤਾ ਦੀਆਂ ਪੌੜੀਆਂ ਚੜ੍ਹਦਾ ਜਾਵੇਗਾ।
ਕਿਸੇ ਵੀ ਮਨੁੱਖ ਦੀ ਸਫਲਤਾ ਵਿਚਕਾਰ ਖੁਦ ਉਸ ਦਾ ਆਪਣਾ ਡਰ ਸਭ ਤੋਂ ਵੱਡੀ ਦੀਵਾਰ ਬਣ ਕੇ ਆ ਖਲੋਂਦਾ ਹੈ।ਅਜਿਹੇ ਲੋਕਾਂ ਦਾ ਸਭ ਤੋਂ ਵੱਡਾ ਸੰਕੋਚ ਇਹ ਹੈ ਕਿ ਜੇਕਰ ਕੁਝ ਕਰ ਲਿਆ ਤੇ ਅਸਫਲ ਹੋ ਗਏ ਤਾਂ 'ਲੋਕ ਕੀ ਕਹਿਣਗੇ'।ਬੱਸ ਇਸੇ ਡਰ ਕਰਕੇ ਉਹ ਆਪਣੇ ਅੰਦਰ ਕਾਬਲੀਅਤ ਹੋਣ ਦੇ ਬਾਵਜੂਦ ਵੀ ਅੱਗੇ ਵਧਣ ਦਾ ਹੌਂਸਲਾ ਹੀ ਨਹੀਂ ਕਰਦੇ।ਸੱਚਾਈ ਤਾਂ ਇਹ ਹੈ ਕਿ ਤੁਸੀਂ ਕੁਝ ਵੀ ਕਰ ਲਓ, ਲੋਕ ਤਾਂ ਕੁਝ ਨਾ ਕੁਝ ਕਹਿਣਗੇ ਹੀ।ਜੇਕਰ ਤੁਸੀਂ ਕਹਿਣ ਵਾਲਿਆਂ ਦਾ ਫਿਕਰ ਕਰੋਗੇ ਤਾਂ ਫਿਰ ਵੀ ਉਨ੍ਹਾਂ ਨੇ ਲੱਤਾਂ ਖਿੱਚਣ ਤੋਂ ਬਾਜ਼ ਤਾਂ ਆਉਣਾ ਨਹੀਂ।ਇਸ ਲਈ ਜੇਕਰ ਖੁਸ਼ਗਵਾਰ ਜ਼ਿੰਦਗੀ ਜਿਊਣਾ ਚਾਹੁੰਦੇ ਹੋ ਤਾਂ ਲੋਕਾਂ ਦੀ ਪ੍ਰਵਾਹ ਕਰਨਾ ਛੱਡ ਦਿਓ।ਜੇਕਰ ਉਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਤੁਸੀਂ ਉਨ੍ਹਾਂ ਦੀ ਕੀਤੀ ਨੁਕਤਾਚੀਨੀ ਦੀ ਇੰਨੀ ਪ੍ਰਵਾਹ ਕਰਦੇ ਹੋ ਤਾਂ ਉਹ ਉਹਾਨੂੰ ਵਧੇਰੇ ਸੱਟਾਂ ਮਾਰਦੇ ਰਹਿਣਗੇ ਤਾਂ ਜੁ ਤੁਸੀਂ ਅੱਗੇ ਨਾ ਵਧ ਸਕੋ।ਇਸ ਲਈ ਆਪਣੇ ਇਸ ਡਰ ਤੋਂ ਬਾਹਰ ਨਿਕਲ ਕੇ ਖੁਦ ਆਪਣੀ ਇੱਛਾ ਅਨੁਸਾਰ ਜ਼ਿੰਦਗੀ ਜਿਊਣਾ ਸ਼ੁਰੂ ਕਰ ਦਿਓ, ਸਫਲਤਾ ਦੀਆਂ ਖੁਸ਼ੀਆਂ ਆਪਣੇ-ਆਪ ਹੀ ਤੁਹਾਡੇ ਵਿਹੜੇ ਰੌਣਕਾਂ ਲਗਾਉਣ ਲੱਗ ਪੈਣਗੀਆਂ।
ਕਈ ਵਾਰ ਕਿਸੇ ਕੰਮ ਨੂੰ ਸਿਰਫ ਵੇਖ ਕੇ ਹੀ ਅਸੀਂ ਇਹ ਕਹਿਣ ਲੱਗ ਪੈਂਦੇ ਹਾਂ ਕਿ 'ਮੇਰੇ ਕੋਲੋਂ ਇਹ ਨਹੀਂ ਹੋਣਾ'।ਖੁਦ ਦੀ ਕਾਬਲੀਅਤ 'ਤੇ ਸ਼ੱਕ ਕਰਨ ਦਾ ਇਹ ਔਗੁਣ ਸਫਲਤਾ ਹਾਸਲ ਕਰਨ ਦੇ ਰਾਹ ਵਿਚ ਸਭ ਤੋਂ ਵੱਡਾ ਰੋੜਾ ਹੈ।ਕਰਤਾ ਦਾ ਆਤਮ-ਵਿਸ਼ਵਾਸ ਹੀ ਸਫਲਤਾ ਦੀ ਰੂਪ-ਰੇਖਾ ਤਹਿ ਕਰਦਾ ਹੈ।ਜਦੋਂ ਅਸੀਂ ਆਪਣੀ ਸਮਰੱਥਾ 'ਤੇ ਭਰੋਸਾ ਹੀ ਨਹੀਂ ਕਰਦੇ ਤਾਂ ਸਾਡੇ ਵਧੇ ਹੋਏ ਕਦਮ ਵੀ ਠਹਿਰ ਜਾਂਦੇ ਹਨ।ਸਾਡੇ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਅਸੀਂ ਇਹ ਕੰਮ ਕਰ ਸਕਦੇ ਹਾਂ।ਆਤਮ-ਵਿਸ਼ਵਾਸ ਦੀ ਮਜਬੂਤ ਡੋਰ ਹੀ ਵਿਅਕਤੀ ਨੂੰ ਹਰ ਸਥਿਤੀ ਵਿਚ ਸਫਲਤਾ ਦੇ ਦਰਵਾਜ਼ੇ ਤੱਕ ਪਹੁੰਚਾਉਂਦੀ ਹੈ।ਇਸ ਲਈ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਹਾਰ ਮੰਨ ਕੇ ਛੱਡ ਦੇਣਾ ਜ਼ਿੰਦਗੀ ਵਿਚ ਅੱਗੇ ਵਧਣ ਦੀ ਇੱਛਾ ਰੱਖਣ ਵਾਲੇ ਪਾਂਧੀ ਦਾ ਕਾਰਜ ਨਹੀਂ ਹੈ।ਇਸ ਡਰ ਤੋਂ ਬਾਹਰ ਨਿਕਲ ਕੇ ਆਤਮ-ਵਿਸ਼ਵਾਸ ਦੀ ਤਾਕਤ ਨੂੰ ਪਹਿਚਾਣੋ ਅਤੇ ਮਿਥੇ ਹੋਏ ਟੀਚੇ ਵੱਲ ਵਧੋ, ਤੁਹਾਨੂੰ ਮੰਜ਼ਿਲ ਪ੍ਰਾਪਤੀ ਤੋਂ ਕੋਈ ਨਹੀਂ ਰੋਕ ਸਕੇਗਾ।
ਇਨਸਾਨ ਦਾ ਮਨ ਬੜਾ ਜ਼ਾਲਮ ਹੈ।ਇਹ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਜ਼ ਵਿਖਾ ਕੇ ਇਨਸਾਨ ਨੂੰ ਬੁਰਾਈ ਵੱਲ ਖਿੱਚ ਕੇ ਲੈ ਜਾਂਦਾ ਹੈ।ਸਾਡੇ ਮਨ 'ਚ ਜਿਹੋ ਜਿਹੇ ਭਾਵ ਭਰੇ ਹੋਣਗੇ, ਸਾਡੇ ਸਰੀਰ ਦਾ ਹਰ ਅੰਗ ਉਨ੍ਹਾਂ ਭਾਵਾਂ ਨੂੰ ਹੀ ਗ੍ਰਹਿਣ ਕਰੇਗਾ।ਕਿਸੇ ਕੰਮ ਨੂੰ ਕਰਨਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਕਦੇ ਇਹ ਨਾ ਕਹੋ ਕਿ 'ਮੇਰਾ ਮਨ ਨਹੀਂ ਹੈ'।ਇਹ ਹਾਰੇ ਹੋਏ ਸਿਪਾਹੀ ਦੀ ਨਿਸ਼ਾਨੀ ਹੈ।ਮਨ ਨਾਲ ਲੜਨਾ ਪੈਂਦਾ ਹੈ ਅਤੇ ਗੰਦੇ ਵਿਚਾਰਾਂ ਨੂੰ ਬਾਹਰ ਦਾ ਰਸਤਾ ਵਿਖਾਉਣਾ ਪੈਂਦਾ ਹੈ ਨਹੀਂ ਤਾਂ ਮਨ ਵਿਚਲੇ ਉਪਜੇ ਗੰਦੇ ਵਿਚਾਰ ਤੁਹਾਨੂੰ ਡਰਾਉਣਗੇ, ਭਟਕਾਉਣਗੇ ਅਤੇ ਤੁਹਾਡੀ ਜ਼ਿੰਦਗੀ ਦੇ ਅਸਲੀ ਮਕਸਦ ਤੋਂ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰਨਗੇ। ਸਾਨੂੰ ਇਨ੍ਹਾਂ 'ਤੇ ਕਾਬੂ ਪਾਉਣਾ ਪਵੇਗਾ।ਇਸ ਵਿਚ ਮੁਸ਼ਕਲ ਕੁਝ ਨਹੀਂ ਹੁੰਦਾ, ਕੇਵਲ ਸਾਡੇ ਅੰਦਰ ਹੌਂਸਲਾ ਹੋਣਾ ਚਾਹੀਦਾ ਹੈ ਅਤੇ ਮਨ ਨੂੰ ਮਜ਼ਬੂਤ ਕਰਨਾ ਪਵੇਗਾ ਕਿ ਮੈਂ ਇਸ ਕੰਮ ਨੂੰ ਸਫਲਤਾ ਨਾਲ ਪੂਰਾ ਕਰਨ ਦੇ ਯੋਗ ਹਾਂ।ਅਜਿਹੀ ਮਨੋਦਸ਼ਾ ਵਾਲੇ ਲੋਕ ਆਖਰੀ ਸਾਹਾਂ ਤੱਕ ਵੀ ਹਾਰ ਨਹੀਂ ਸਵੀਕਾਰ ਕਰਦੇ।ਅਜਿਹੇ ਲੋਕਾਂ ਦੀਆਂ ਸਾਰੀਆਂ ਅੰਦਰਲੀਆਂ ਸ਼ਕਤੀਆਂ ਜਾਗ ਉੱਠਦੀਆਂ ਹਨ ਜੋ ਅਸਫਲਤਾ ਦੇ ਸਾਰੇ ਰਾਹਾਂ ਨੂੰ ਬੰਦ ਕਰ ਦਿੰਦੀਆਂ ਹਨ।
ਕਈ ਵਾਰ ਪੂਰੀ ਮਿਹਨਤ ਨਾਲ ਕੰਮ ਕਰਨ ਦੇ ਬਾਵਜੂਦ ਵੀ ਸਾਨੂੰ ਅਸਫਲਤਾਵਾਂ ਦਾ ਮੂੰਹ ਵੇਖਣਾ ਪੈਂਦਾ ਹੈ।ਜੇਕਰ ਇਕ-ਦੋ ਵਾਰ ਇਸ ਤਰ੍ਹਾਂ ਹੋ ਜਾਵੇ ਤਾਂ ਵਿਅਕਤੀ ਨਿਰਾਸ਼ ਹੋ ਜਾਂਦਾ ਹੈ ਤੇ ਕੋਈ ਵੀ ਨਵਾਂ ਕੰਮ ਸ਼ੋਰੂ ਕਰਨ ਤੋਂ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੰਦਾ ਹੈ ਕਿ 'ਮੇਰੀ ਕਿਸਮਤ ਖਰਾਬ ਹੈ'। ਇਹ ਸੋਚ ਕੇ ਉਹ ਕੰਮ ਨੂੰ ਸ਼ੁਰੂ ਕਰਨ ਦਾ ਹੌਂਸਲਾ ਹੀ ਨਹੀਂ ਕਰਦਾ।ਇਸ ਨਾਲ ਦਰਦ ਹੋਰ ਵਧ ਜਾਂਦਾ ਹੈ ਅਤੇ ਮਨ ਅਸ਼ਾਂਤ ਰਹਿਣ ਲੱਗ ਪੈਂਦਾ ਹੈ।ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਜ਼ਿੰਦਗੀ 'ਚ ਕਾਮਯਾਬੀ ਬਿਨਾਂ ਸੰਘਰਸ਼ ਅਤੇ ਤਕਲੀਫਾਂ ਦੇ ਨਹੀਂ ਮਿਲਦੀ।ਸਫਲਤਾ ਪ੍ਰਾਪਤੀ ਲਈ ਕਈ ਵਾਰ ਅਸਫਲਤਾਵਾਂ ਦਾ ਮੂੰਹ ਵੀ ਵੇਖਣਾ ਪੈਂਦਾ ਹੈ।ਆਪਣੀਆਂ ਅਸਫਲਤਾਵਾਂ 'ਤੇ ਐਵੇਂ ਹੀ ਪਛਤਾਵੇ ਦੇ ਹੰਝੂ ਨਹੀਂ ਵਹਾਉਂਦੇ ਰਹਿਣਾ ਚਾਹੀਦਾ ਬਲਕਿ ਇਹ ਸੋਚਣਾ ਚਾਹੀਦਾ ਹੈ ਕਿ ਭਵਿੱਖ ਵਿਚ ਇਨ੍ਹਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ।ਜੋ ਲੋਕ ਇਨ੍ਹਾਂ ਨੂੰ ਝੱਲਦੇ ਹਨ, ਸਫਲਤਾ ਉਨ੍ਹਾਂ ਨੂੰ ਹੀ ਮਿਲਦੀ ਹੈ।ਕਿਸਮਤ 'ਤੇ ਕੁਝ ਵੀ ਨਹੀਂ ਛੱਡਿਆ ਜਾ ਸਕਦਾ।ਮਿਹਨਤ ਨਾਲ ਹੀ ਬਣਦੀ ਹੈ ਚੰਗੀ ਕਿਸਮਤ।ਐਡੀਸਨ ਕਹਿੰਦੇ ਹਨ ਕਿ, "ਜਿਥੋਂ ਤੱਕ ਮੈਂ ਸਮਝਿਆ ਹੈ, ਕਿਸਮਤ ਇਕ ਔਂਸ ਦਿਮਾਗ ਅਤੇ ਇੱਕ ਟਨ ਮਿਹਨਤ ਹੈ"।ਆਲਸੀ ਵਿਅਕਤੀ ਲਈ ਚੰਗੀ ਕਿਸਮਤ ਵੀ ਮਾੜੀ ਕਿਸਮਤ ਵਿਚ ਬਦਲ ਜਾਂਦੀ ਹੈ।ਪ੍ਰਮਾਤਮਾ ਕਦੇ ਵੀ ਕਿਸਮਤ ਨਹੀਂ ਲਿਖਦਾ।ਜੀਵਨ ਦੇ ਹਰ ਕਦਮ 'ਤੇ ਸਾਡੀ ਸੋਚ, ਸਾਡਾ ਵਿਵਹਾਰ ਅਤੇ ਸਾਡੇ ਕਰਮ ਹੀ ਸਾਡੀ ਕਿਸਮਤ ਲਿਖਦੇ ਹਨ।ਕਿਸਮਤ ਦਾ ਕਹਿਰ ਮਨੁੱਖ ਆਪਣੇ ਪੁਰਸ਼ਾਰਥ ਨਾਲ ਹੀ ਸ਼ਾਂਤ ਕਰ ਸਕਦਾ ਹੈ।ਇਸ ਲਈ ਸੱਚੇ ਮਨ ਨਾਲ ਪਰਸ਼ਾਰਥ ਕਰਦੇ ਜਾਓ।ਕਿਸਮਤ ਆਪਣੇ-ਆਪ ਹੀ ਬਣਦੀ ਜਾਵੇਗੀ।
ਆਲਸੀ ਲੋਕ ਕੰਮ ਕਰਨ ਦੇ ਅਕਸਰ ਬਹਾਨੇ ਬਣਾਉਂਦੇ ਹਨ ਅਤੇ ਇਹ ਕਹਿੰਦੇ ਵੇਖੇ ਜਾਂਦੇ ਹਨ ਕਿ 'ਮੇਰੇ ਕੋਲ ਵਕਤ ਨਹੀਂ ਹੈ'।ਇਹ ਉਹ ਲੋਕ ਹੁੰਦੇ ਹਨ ਜੋ ਹਮੇਸ਼ਾਂ ਉਦਾਸੀ ਅਤੇ ਨਿਰਾਸ਼ਾ ਨਾਲ ਘਿਰੇ ਹੋਏ ਉਤਰੇਵੇਂ ਦੀ ਜ਼ਿੰਦਗੀ ਜਿਊਂਦੇ ਹਨ।ਹਿੰਮਤੀ ਅਤੇ ਉੱਦਮੀ ਬੰਦੇ ਅਜਿਹੇ ਬਹਾਨੇ ਨਹੀਂ ਬਣਾਉਂਦੇ।ਸਿਆਣੇ ਕਹਿੰਦੇ ਹਨ ਕਿ " ਕੰਮਾਂ ਵਿਚ ਰੁੱਝੇ ਵਿਅਕਤੀ ਕੋਲ ਹਮੇਸ਼ਾਂ ਹੀ ਸਮਾਂ ਹੁੰਦਾ ਹੈ ਜਦੋਂ ਕਿ ਵਿਹਲੜ ਕੋਲ ਕਦੇ ਵੀ ਸਮਾਂ ਨਹੀਂ ਹੁੰਦਾ।ਜੇਕਰ ਜ਼ਿੰਦਗੀ ਦੀਆਂ ਬੁਲੰਦੀਆਂ ਦੀ ਪ੍ਰਾਪਤੀ ਲਈ ਉਮੀਦ ਕਰਨੀ ਹੈ ਤਾਂ ਅਜਿਹੇ ਬਹਾਨੇ ਬਣਾਉਣੇ ਬੰਦ ਕਰ ਦਿਓ।
ਸਫਲਤਾ ਪ੍ਰਾਪਤੀ ਦੀ ਚਿੰਤਾ ਕਰਨੀ ਛੱਡ ਦਿਓ।ਸਫਲਤਾ ਦਾ ਕੀ ਹੈ, ਇਹ ਤਾਂ ਤੁਹਾਡੀ ਜੇਬ ਵਿਚ ਹੈ।ਸਿਰਫ ਜ਼ਰੂਰਤ ਹੈ ਇਨ੍ਹਾਂ ਪੰਜ ਗੱਲਾਂ ਨੂੰ ਆਪਣੇ ਦਿਲ-ਦਿਮਾਗ 'ਚੋਂ ਬਾਹਰ ਕੱਢ ਕੇ ਕੂੜੇਦਾਨ ਵਿਚ ਸੁੱਟਣ ਅਤੇ ਆਪਣੇ-ਆਪ 'ਤੇ ਭਰੋਸਾ ਰੱਖਦੇ ਹੋਏ ਹੌਂਸਲੇ ਨਾਲ ਅੱਗੇ ਵਧਣ ਦੀ।ਜ਼ਿੰਦਗੀ ਵਿਚ ਸਫਲਤਾਵਾਂ ਦੀਆਂ ਖੁਸ਼ੀਆਂ ਵੀ ਪਰਤ ਆਉਣਗੀਆਂ ਅਤੇ ਜੀਵਨ ਦੇ ਦੁੱਖ-ਦਰਦਾਂ ਦਾ ਸੁਚੱਜੇ ਢੰਗ ਨਾਲ ਸਾਹਮਣਾ ਕਰਨ ਦੀ ਸਮਰੱਥਾ ਵੀ ਵਿਕਸਤ ਹੋ ਜਾਵੇਗੀ।