ਸੱਚ ਅਪਣਾਉਣਾ, ਵਿਰਸਾ ਮੇਰਾ।
ਝੂਠ ਮੁਕਾਉਣਾ ਵਿਰਸਾ ਮੇਰਾ।
ਸੁੱਚੀ ਕਿਰਤ ਕਰਾਂ, ਵੰਡ ਛਕਦਾ,
ਨਾਮ ਕਮਾਉਣਾ, ਵਿਰਸਾ ਮੇਰਾ।
ਗੁਰੂਆਂ ਦੀ ਸਿਖਿਆ ਫੈਲਾਉਣਾ,
ਪਿਆਰ ਵਧਾਉਣਾ, ਵਿਰਸਾ ਮੇਰਾ।
ਸਭ ਨੂੰ ਇੱਕ ਬਰਾਬਰ ਸਮਝਾਂ,
ਫਰਕ ਹਟਾਉਣਾ, ਵਿਰਸਾ ਮੇਰਾ।
ਨਾ ਵੈਰੀ, ਬੇਗਾਨਾ ਕੋਈ,
ਮਰਹਮ ਲਾਉਣਾ,ਵਿਰਸਾ ਮੇਰਾ।
ਭਲਾ ਲੋਚਣਾ ਸਾਰੇ ਜਗ ਦਾ,
ਦਰਦ ਵੰਡਾਉਣਾ, ਵਿਰਸਾ ਮੇਰਾ।
ਮਜ਼ਲੂਮਾਂ ਦੀ ਰੱਖਿਆ ਕਰਨਾ,
ਜ਼ੁਲਮ ਮਿਟਾਉਣਾ, ਵਿਰਸਾ ਮੇਰਾ।
ਵਚਨ ਪੁਗਾਉਣਾ, ਵਿਰਸਾ ਮੇਰਾ,
ਸਿਰ ਤਕ ਲਾਉਣਾ, ਵਿਰਸਾ ਮੇਰਾ।
ਜੋ ਅੜਦਾ ਸੋ ਝੜਦਾ ਆਖਿਰ,
ਆਢਾ ਲਾਉਣਾ ਵਿਰਸਾ ਮੇਰਾ।
ਸਭ ਪਰਿਵਾਰ ਸ਼ਹੀਦ ਕਰਾਕੇ,
ਧਰਮ ਬਚਾਉਣਾ, ਵਿਰਸਾ ਮੇਰਾ।