ਤੂੰ ਨੇਸ਼ਨ ਬਿਲਡਰ ਭਾਰਤ ਨੂੰ
ਸੋਨੇ ਦੇ ਚੰਨ ਲੁਆ ਸਕਨੈ
ਤੂੰ ਫੜ ਕੇ ਕਾਸਾ ਹਿੰਮਤ ਦਾ
ਦੇ ਸਕਨੈ ਥੰਮ੍ਹ ਦੀਵਾਰਾਂ ਨੂੰ
ਬੰਜਰ ਨੂੰ ਬਾਗ਼ੀ ਕਰ ਸਕਨੈ
ਭਰ ਸਕਨੈ ਪਈਆਂ ਖ਼ਾਰਾਂ ਨੂੰ
ਹਿੰਮਤ ਦੇ ਕੱਸ ਲੰਗੋਟੇ ਨੂੰ
ਖ਼ਿਜ਼ਾਂ ਤੋਂ ਕਰੇੰ ਬਹਾਰਾਂ ਨੂੰ
ਏਕੇ ਦਾ ਸਬਕ ਪੜ੍ਹਾ ਸਕਨੈ
ਕੂੰਜਾਂ ਤੋਂ ਵਿਛੜੀਆਂ ਡਾਰਾਂ ਨੂੰ
ਤੂੰ ਚੰਡ ਚੰਡ ਨਵੀਂ ਤਾਲੀਮ ਤਾਈੰ
ਕੰਗਾਲੀ ਨੂੰ ਚੰਡਾਂ ਲਾ ਸਕਨੈ
ਤੂੰ ਨੇਸ਼ਨ ਬਿਲਡਰ ਭਾਰਤ.........
ਤੇਰੇ ਹੱਥ ਵਿੱਚ ਨਵੀਂ ਪਨੀਰੀ ਹੈ
ਤੂੰ ਪੌਦੇ ਨਵੇੰ ਉਗਾਉਂਦਾ ਜਾਹ
ਜੋ ਮਹਿਕਾਂ ਵੰਡਣ ਦੁਨੀਆਂ ਵਿੱਚ
ਤੂੰ ਸੱਜਰੇ ਫੁੱਲ ਸਜਾਉਂਦਾ ਜਾਹ
ਬਣ ਮਾਲੀ ਖਿੜਦੇ ਬਾਗ਼ਾਂ ਦਾ
ਰਾਹ ਪੱਧਰੇ ਕਰ ਰੁਸ਼ਨਾਉਂਦਾ ਜਾਹ
ਤੂੰ ਬੀਜ ਕੇ ਕਲਮਾਂ ਨਵੀਂਆਂ ਨੂੰ
ਚੁਣ ਕੰਡੇ ਫੁੱਲ ਬਰਸਾਉਂਦਾ ਜਾਹ
ਤੂੰ ਚਾਹੇੰ ਸੁੱਤੀ ਕੌਮ ਤਾਈੰ
ਤੂੰ ਪਲਾਂ ਦੇ ਵਿੱਚ ਜਗਾ ਸਕਨੈ
ਤੂੰ ਨੇਸ਼ਨ ਬਿਲਡਰ .............
ਤੂੰ ਸੁੰਦਰ ਸੁਰ ਸਜਾਉਣ ਲਈ
ਮਨਚਾਹੇ ਸਾਜ ਬਣਾਉਂਦਾ ਜਾਹ
ਆਨਾੜੀ ਜਿਹੇ ਪਰਿੰਦਿਆਂ ਨੂੰ
ਲਾ ਖੰਭ ਤੂੰ ਬਾਜ ਉਡਾਉਂਦਾ ਜਾਹ
ਇਸ ਡੁੱਬਦੀ ਜਾਂਦੀ ਬੇੜੀ ਨੂੰ
ਲਾ ਚੱਪੂ ਪਾਰ ਲਗਾਉਂਦਾ ਜਾਹ
ਤੇਰੇ ਵਿੱਚ ਹੈ ਹਿੰਮਤ ਲੋਹੜੇ ਦੀ
ਤੂੰ ਉੱਡਣ ਜਹਾਜ਼ ਬਣਾਉਂਦਾ ਜਾਹ
ਤੂੰ ਕੱਚੀਆਂ ਇੱਟਾਂ ਪੱਕੀਆਂ ਕਰ
ਮਨਚਾਹੇ ਤਾਜ ਬਣਾ ਸਕਨੈ
ਤੂੰ ਨੇਸ਼ਨ ਬਿਲਡਰ.........
ਤੂੰ ਕੇਰਕੇ ਬੀਜ ਸਿਆੜਾਂ ਵਿੱਚ
ਤੂੰ ਖ਼ੂਨ ਪਸੀਨਾ ਡੋਲ੍ਹ ਰਿਹਾ
ਬੱਚਿਆ ਵਿੱਚ ਗਿਆਨ ਦਾ ਸਾਗਰ ਭਰ
ਕਰ ਲਹਿਰਾਂ ਨਾਲ ਤੂੰ ਘੋਲ ਰਿਹਾ
ਮੋਤੀ ਚੁਣ ਚੁਣ ਲੱਭ ਲੈਨਾਂ ਏੰ
ਪਰ ਮੂੰਹੋਂ ਕੁਝ ਨਾਂ ਬੋਲ ਰਿਹਾ
ਬਣ ਹੀਰੇ ਜਾਣ ਜਵਾਹਰ ਜਦੋਂ
ਮਨ ਮਮਟੀ ਨਾਲ ਤੂੰ ਤੋਲ ਰਿਹਾ
ਬਦਲਣ ਲਈ ਦੇਸ਼ ਦੀ ਹੋਣੀ ਨੂੰ
ਰਾਜੇ ਤੇ ਰੰਕ ਬਣਾ ਸਕਨੈ
ਤੂੰ ਨੇਸ਼ਨ ਬਿਲਡਰ...........
ਇਸ ਨਾਜ਼ਕ ਦੌਰ ਚ ਫੁੱਲ ਸਾਡੇ
ਹੁਣ ਭਟਕ ਗਏ ਨੇ ਰਾਹਾਂ ਤੋਂ
ਭਵ-ਸਾਗਰ ਡੂੰਘਾ ਨਸ਼ਿਆਂ ਦਾ
ਉਹ ਜ਼ਹਿਰ ਨਿਗਲਦੇ ਸਾਹਾਂ ਚੋੰ
ਪਲ ਰਹੇ ਹਾਂ ਮੌਤ ਦੇ ਸਾਏ ਵਿੱਚ
ਕੋਈ ਹੂਕ ਨਿਕਲਦੀ ਆਹਾਂ ਚੋਂ
ਜੋ ਹੀਰੇ ਲਾਲ ਜਵਾਹਰ ਸੀ
ਕਿਰ ਜਾਣ ਸਾਡੀਆਂ ਬਾਹਾਂ ਚੋਂ
ਇੱਕ ਤੂੰ ਹੀੰ ਤੂੰ ਹੀੰ ਤੂੰ ਹੀੰ ਹੈੰ
ਇਹ ਭਵਜਲ ਪਾਰ ਕਰਾ ਸਕਨੈ
ਤੂੰ ਨੇਸ਼ਨ ਬਿਲਡਰ ਭਾਰਤ ਨੂੰ
ਸੋਨੇ ਦੇ ਚੰਨ ਲੁਆ ਸਕਨੈ ।