ਰੱਖੜੀ ਦਾ ਇਹ ਤਿਉਹਾਰ... ਭੈਣਾਂ ਆਪਣੇ ਭਰਾਵਾਂ ਨੂੰ ਬੜੇ ਚਾਵਾਂ ਨਾਲ ਰੱਖੜੀ ਬਣਦੀਆਂ ਨੇ ਤੇ ਆਪਣੇ ਭਰਾ ਦੀ ਲੰਬੀ ਉਮਰ ਲਈ ਅਰਦਾਸ ਕਰਦੀਆਂ ਨੇ। ਇਸ ਦਿਨ ਭੈਣ-ਭਰਾ ਆਪਣੇ ਸਾਰੇ ਸ਼ਿਕਵੇ ਗਿਲੇ ਭੁੱਲ ਕੇ ਇੱਕ ਦੂਜੇ 'ਤੇ ਪਿਆਰ ਨਿਛਾਵਰ ਕਰਦੇ ਹਨ । ਪਰ ਇਹ ਦਿਨ ਮੈਨੂੰ ਹਮੇਸ਼ਾ ਉਦਾਸ ਕਰ ਜਾਂਦਾ ਹੈ ਮੇਰੇ ਜ਼ਿਹਨ ਦੇ ਚੇਤੇ ਵਿੱਚ ਇੱਕ ਅਜਿਹਾ ਜ਼ਖਮ ਹੈ ਜੋ ਹਰ ਸਾਲ ਨਾਸੂਰ ਬਣ ਕੇ ਫੁੱਟ ਪੈਂਦਾ ਹੈ। ਮੇਰੀ ਵੀ ਇੱਕ ਛੋਟੀ ਜਿਹੀ ਭੈਣ ਸੀ 'ਰਾਣੀ' ਜੋ ਸਾਨੂੰ ਛੱਡ ਕੇ ਸਾਡੇ ਤੋਂ ਬਹੁਤ ਦੂਰ ਚਲੀ ਗਈ ਸਾਡੇ ਦੋ ਭਰਾਵਾਂ ਦੀ ਇੱਕ ਪਿਆਰੀ ਜਿਹੀ ਭੈਣ । ਉਦੋਂ ਅਸੀਂ ਵੀ ਬਹੁਤ ਛੋਟੇ ਸੀ ਉਦੋਂ ਉਸ ਦੀ ਉਮਰ ਮਸਾਂ ਪੰਜ ਮਹੀਨਿਆਂ ਦੀ ਸੀ ਮੇਰੇ ਮਾਤਾ ਜੀ ਮੈਨੂੰ ਦੱਸਦੇ ਨੇ ਕਿ ਰਾਣੀ ਦੀ ਮੌਤ ਵੇਲੇ ਮੈੰ ਆਪਣੇ ਮਾਸੜ ਜੀ ਨਾਲ ਆਪ ਦੇ ਨਾਨਕੇ ਗਿਆ ਸੀ ਮੇਰੇ ਮਾਤਾ ਜੀ ਦੇ ਦੱਸਣ ਮੁਤਾਬਕ ਜਦੋਂ ਮੈਂ ਪਿੰਡ ਵਾਪਸ ਆਇਆ ਤਾਂ ਆਪਣੀ ਭੈਣ ਰਾਣੀ ਨੂੰ ਘਰ ਦੇ ਵਿੱਚ ਲੱਭਦਾ ਰਿਹਾ ਪਰ ਉਹ ਸਾਡੇ ਕੋਲੋਂ ਬਹੁਤ ਦੂਰ ਜਾ ਚੁੱਕੀ ਸੀ ਮੈਂ ਆਪਣੀ ਮਾਤਾ ਨੂੰ ਕਿਹਾ ਕਿ ਇਸ ਨੂੰ ਸਨਲੇਟ ਸਾਬਣ ਨਾਲ ਨਵਾ ਦਿਓ ਇਹ ਠੀਕ ਹੋ ਜਾਵੇਗੀ......
ਮੈਂ ਉਦੋਂ ਬਹੁਤ ਛੋਟਾ ਸੀ ਮੈਨੂੰ ਤਾਂ ਉਦੋਂ ਇਹ ਵੀ ਨਹੀਂ ਸੀ ਪਤਾ ਕਿ ਇੰਨੇ ਦੂਰ ਗਏ ਕਦੇ ਵਾਪਸ ਨਹੀਂ ਆਉਂਦੇ.... ਮੇਰੇ ਭੂਆ ਜੀ ਮੈਨੂੰ ਦੱਸਦੇ ਨੇ ਕਿ ਉਹ ਬਹੁਤ ਸੋਹਣੀ ਸੀ ਤੇ ਉਸ ਨੂੰ ਕਿਸੇ ਦੀ ਨਜ਼ਰ ਲੱਗੀ ਸੀ। ਉਪਰੋੰ ਸਾਡੀ ਕਿਸਮਤ ਵੀ ਏਨੀ ਮਾੜੀ ਕਿ ਸਾਡੇ ਕੋਲ ਉਸ ਦੀ ਕੋਈ ਫੋਟੋ ਵੀ ਨਹੀਂ ਹੈ ਉਦੋਂ ਫੋਟੋ ਖਿੱਚਣ ਦੇ ਇੰਨੇ ਰਿਵਾਜ ਵੀ ਨਹੀਂ ਸਨ । ਹੁਣ ਤਾਂ ਬਸ ਮੇਰੀ ਇਕ ਕਲਪਨਾ ਹੀ ਹੈ ਕਿ ਉਹ ਇਸ ਤਰ੍ਹਾਂ ਦੀ ਹੋਣੀ ਸੀ। ਜਦੋਂ ਵੀ ਰੱਖੜੀ ਵਾਲੇ ਦਿਨ ਕਿਸੇ ਸੋਹਣੀ ਜਿਹੀ ਕੁੜੀ ਨੂੰ ਰੱਖੜੀ ਖਰੀਦ ਦੇ ਵੇਖਦਾ ਜਾਂ ਕਿਸੇ ਸੋਹਣੀ ਕੁੜੀ ਨੂੰ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨਦੇ ਵੇਖਦਾ ਤਾਂ ਉਦੋਂ ਕਲਪਨਾ ਕਰਦਾ ਹਾਂ ਕਿ ਮੇਰੀ ਭੈਣ ਵੀ ਸ਼ਾਇਦ ਇਹੋ ਜਿਹੀ ਹੋਣੀ ਸੀ। ਕੱਲ੍ਹ ਮੇਰੇ ਇੱਕ ਦੋਸਤ ਨੇ ਆਪਣੀ ਭੈਣ ਨੂੰ ਉਸ ਦੇ ਸਹੁਰੇ ਘਰੋਂ ਆਪਣੇ ਨਾਲ ਲੈ ਕੇ ਅਾਉਣਾ ਸੀ, ਉਸ ਨੂੰ ਥੋੜ੍ਹਾ ਕੰਮ ਸੀ ਜਿਸ ਕਰਕੇ ਉਹ ਲੇਟ ਹੋ ਗਿਆ ਤੇ ਓਧਰ ਵਿਚਾਰੀ ਕੁੜੀ ਵਾਰ-ਵਾਰ ਆਪਣੇ ਵੀਰੇ ਨੂੰ ਫੋਨ ਕਰੀ ਜਾ ਰਹੀ ਸੀ... ਕਿ ਵੀਰੇ ਤੁਸੀਂ ਕਦੋਂ ਆਵੋਗੇ ਕਿੰਨਾ ਟਾਇਮ ਲੱਗੇਗਾ ਕਦੋੰ ਪਹੁੰਚੋਗੇ... ਭਰਾ ਨੂੰ ਮਿਲਣ ਦੀ ਉਹਦੀ ਉਤਸੁਕਤਾ ਉਹਦੇ ਲਫ਼ਜ਼ਾਂ ਚੋਂ ਸਾਫ਼ ਝਲਕਦੀ ਸੀ । ਉਸ ਦਾ ਵਾਰ ਵਾਰ ਆਪਣੇ ਭਰਾ ਨਾਲ ਲੜਨਾ ਝਗੜਨਾ ਮੈਨੂੰ ਏਦਾਂ ਲੱਗ ਰਿਹਾ ਸੀ ਕਿ ਸ਼ਾਇਦ ਮੇਰੀ ਭੈਣ ਵੀ ਜੇ ਅੱਜ ਜ਼ਿੰਦਾ ਹੁੰਦੀ ਤਾਂ ਉਸ ਦਾ ਵੀ ਵਿਆਹ ਹੋਇਆ ਹੋਣਾ ਸੀ ਤੇ ਉਹਨੇ ਵੀ ਇਸ ਤਰ੍ਹਾਂ ਹੀ ਫੋਨ ਕਰਕੇ ਮੇਰੇ ਨਾਲ ਲੜਾਈ ਕਰਨੀ ਸੀ.. ਅਸੀਂ ਜ਼ਿੰਦਗੀ ਦੇ ਸਾਰੇ ਦਿਨ ਆਪਣੇ ਲਈ ਜੀਨੇ ਹਾਂ ਪਰ ਸਿਆਣਿਆਂ ਨੇ ਕੁਝ ਖਾਸ ਦਿਨ ਵੱਖ ਵੱਖ ਰਿਸ਼ਤਿਆਂ ਲਈ ਇਸੇ ਕਰਕੇ ਤਹਿ ਕੀਤੇ ਹੋੲੇ ਨੇ ਕਿ ਉਹ ਦਿਨ ਸਿਰਫ ਅਸੀਂ ਉਸ ਰਿਸ਼ਤੇ ਨੂੰ ਹੀ ਸਮਰਪਿਤ ਕਰੀਏ ...ਤੇ ਰੱਖੜੀ ਦਾ ਇਹ ਦਿਨ ਹਰ ਵਾਰ ਮੇਰੀ ਜ਼ਿੰਦਗੀ ਵਿੱਚ ਇੱਕ ਰਿਸ਼ਤੇ ਦੀ ਕਮੀ ਨੂੰ ਮਹਿਸੂਸ ਕਰਵਾਉਂਦਾ ਹੈ ...ਕਾਸ਼ ਅੱਜ 'ਰਾਣੀ' ਜ਼ਿੰਦਾ ਹੁੰਦੀ... ਮੇਰੇ ਦਿਲ ਦੇ ਅਰਮਾਨ ਮੇਰੇ ਦਿਲ ਵਿੱਚ ਰਹਿ ਗਏ ਜੇ ਮੇਰੀ ਭੈਣ ਜ਼ਿੰਦਾ ਹੁੰਦੀ ਤਾਂ ਉਸ ਦਾ ਵਿਆਹ ਹੋਇਆ ਹੁੰਦਾ ਤਾਂ ਮੈਂ ਵੀ ਉਸ ਨੂੰ ਉਸ ਦੇ ਸਹੁਰੇ ਘਰੋਂ ਲੈਣ ਜਾਂਦਾ ....ਉਹਦੇ ਨਾਲ ਲੜਦਾ ਝਗੜਦਾ ਪਰ ਉਹਦੀਆਂ ਸਾਰੀਆਂ ਰੀਝਾਂ ਪੂਰੀਆਂ ਕਰਦਾ ...। ਕਾਸ਼ "ਰਾਣੀ" ਤੋਂ ਜ਼ਿੰਦਾ ਹੁੰਦੀ ਕਾਸ਼ ਭੈਣੇ ਤੂੰ ਜ਼ਿੰਦਾ ਹੁੰਦੀ ।