ਚਿੱਟੇ ਮੱਛਰ, ਤੇਲੇ ਨੇ,
ਜਦ ਫ਼ਸਲਾਂ ਉੱਪਰ ਮਾਰਾਂ ਪਾਈਆਂ ਨੇ।
ਅੰਨਦਾਤੇ ਦੀ ਸਾਰ ਲੈਣ,
ਨਾ ਸਰਕਾਰਾਂ ਆਈਆਂ ਨੇ।
ਕਿਸਾਨੀ ਦਾ ਤਾਹੀਉਂ ਪੂਰਾ ਚਿਹਰਾ ਪਿਘਲ ਗਿਆ।
ਕਿਸਾਨੀ ਨੂੰ ਕਰਜ਼ਾ ਨਿਗਲ ਗਿਆ।
ਸਮੇਂ-ਸਮੇਂ 'ਤੇ ਕਿਸਾਨੀ ਨੇ, ਖਾਦਾਂ ਪਾਈਆਂ ਨੇ।
ਨਰਮੇ 'ਤੇ ਕੀੜੇ-ਮਾਰ ਬਹੁਤ ਦਵਾਈਆਂ ਪਾਈਆਂ ਨੇ।
ਪਰ ਪਿਛੇ ਕੀਟਨਾਸ਼ਕਾਂ ਦਾ,
ਇਹ ਨੂੰ ਨਕਲੀ-ਮਾਲ ਨਿਗਲ ਗਿਆ।
ਕਿਸਾਨੀ ਨੂੰ ਕਰਜ਼ਾ ਨਿਗਲ ਗਿਆ।
ਇਸ ਨੇ ਮਹਿੰਗਾਈ ਦੇ ਦੌਰ 'ਚ,
ਕੁੜੀਆਂ ਦੇ ਕਿਵੇਂ ਵਿਆਹ ਕੀਤੇ ਨੇ ?
ਆਪ ਰੁੱਖੀ-ਮਿੱਸੀ ਖਾ ਕੇ, ਘੁੱਟ ਸਬਰਾਂ ਦੇ ਪੀਤੇ ਨੇ।
ਘੋਰ ਮਹਿੰਗਾਈ 'ਚ ਵਿਆਹ ਲਈ,
ਕਿਸਾਨੀ ਦਾ ਵੱਜ ਬਿਗਲ ਗਿਆ।
ਕਿਸਾਨੀ ਨੂੰ ਕਰਜ਼ਾ ਨਿਗਲ ਗਿਆ।
ਜਦ ਵੀ ਇਸ ਦੇ ਘਰ 'ਚ, ਕੋਈ ਲੋੜਾਂ ਆਈਆਂ ਨੇ।
ਫਿਰ ਇਸ ਨੂੰ ਪੈਸੇ ਦੀਆਂ, ਬਹੁਤ ਥੋੜ੍ਹਾਂ ਆਈਆਂ ਨੇ।
ਕਿਸਾਨੀ ਦਾ ਪੂਰਾ ਧੂੰਆਂ ਨਿੱਕਲ ਗਿਆ।
ਕਿਸਾਨੀ ਨੂੰ ਕਰਜ਼ਾ ਨਿਗਲ ਗਿਆ।
ਸਰਕਾਰਾਂ ਕਿਸਾਨੀ ਦੇ ਪਹਿਲਾਂ ਵਾਲੇ,
ਦੁੱਖ ਦੂਰ ਨਾ ਕਰਦੀਆਂ।
ਸਗੋਂ ਹੋਰ ਨਵੀਆਂ ਮੁਸੀਬਤਾਂ,
ਆਣ ਕਿਸਾਨ ਨੂੰ ਘੇਰ ਖੜ੍ਹਦੀਆਂ।
ਨਿੱਤ ਨਵੇਂ ਬਣਦੇ ਨਿਯਮਾਂ ਅੱਗੇ,
ਬੇਵੱਸ ਕਿਸਾਨ ਪਿਘਲ ਗਿਆ।
ਕਿਸਾਨੀ ਨੂੰ ਕਰਜ਼ਾ ਨਿਗਲ ਗਿਆ।
ਘੱਟ ਖਰਚੇ ਨਾਲ ਹੁਣ ਤਕ, ਅਸਾਂ ਕੀਤੇ ਗੁਜ਼ਾਰੇ।
ਫਿਰ ਵੀ ਕਿਉਂ ? ਕਿਸਾਨੀ 'ਤੇ ਇੰਨੇ ਚੜ੍ਹ ਗਏ ਕਰਜ਼ੇ ਭਾਰੇ !
ਲੀਡਰ, ਸਿਆਸਤ ਤੇ ਆੜ੍ਹਤੀਏ ਨੇ,
ਕਿਸਾਨੀ ਦਾ ਲੱਕ ਤੋੜਿਆ।
ਕਰ-ਕਰ ਵਾਅਦੇ ਇਨ੍ਹਾਂ, ਜੱਟਾ ਨਾ ਕੋਈ ਡੱਕਾ ਤੋੜਿਆ।
ਜਦ ਵਧੇ ਲੈਣ-ਦੇਣ ਬਾਰੇ,
ਕੋਈ ਗੱਲ ਆੜ੍ਹਤੀਏ ਨਾਲ ਕਰਦਾ ਆ।
ਤਦ ਆੜ੍ਹਤੀਆ ਕਹੇ,
ਇਹ ਕੰਮ-ਕਾਰ ਮੁਨੀਮ ਹੀ ਕਰਦਾ ਆ।
ਕੋਈ ਪੁੱਛੇ ਚਾਹੇ ਨਾ ਪੁੱਛੇ, ਜੱਟ ਦਾ ਚੰਗਾ ਬਿੱਲ ਬਣਾ ਦਿੰਦੇ।
ਕਰਕੇ ਕਾਗਜ਼ ਅੱਗੇ, ਜੱਟ ਤੋਂ ਅੰਗੂਠਾ ਲਗਵਾ ਲੈਂਦੇ।
ਖੁਦਕੁਸ਼ੀ ਨਾ ਕਦੇ ਕਰੀਂ ਜੱਟਾ, ਇਹ ਤਾਂ ਕੋਈ ਹੱਲ ਨਹੀਂ।
ਕੰਮ ਕਰਨ 'ਚ ਜੱਟਾ, ਤੇਰੇ ਜਿੰਨਾ ਕਿਸੇ ਹੋਰ 'ਚ ਦੇਖਿਆ ਬਲ਼ ਨਹੀਂ।
ਸਮੇਂ ਦੀਏ ਪੰਜਾਬੀ ਤੇ ਕੇਂਦਰ ਸਰਕਾਰੇ !
ਕਿਸਾਨੀ ਨੂੰ ਨਾ ਪੈਣ ਕਰਜ਼ੇ ਦੀਆਂ ਮਾਰਾਂ।
ਪੰਜਾਬੀ ਅੰਨਦਾਤੇ ਨੂੰ ਖੁਸ਼ਹਾਲ ਕਰ,
ਇਸ ਦੀਆਂ ਲੈ ਪੂਰੀਆਂ ਸਾਰਾਂ।
ਖੁਸ਼ਹਾਲ ਹੋਣ ਪੰਜਾਬ ਦੇ ਵਾਸੀ,
ਫਿਰ ਤੋਂ ਗਾਉਣ "ਹਰਜੀਤ ਝੋਰੜਾਂ" ਪੰਜਾਬੀ ਵਾਰਾਂ।