ਸ਼ਹੀਦੀ ਦਾ ਦਰਜਾ (ਵਿਅੰਗ )

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨੀਂ ਨਿਹਾਲੀਏ… ਨੀਂ ਨਿਹਾਲੀਏ… ਕੁੜੇ ਤੂੰ ਕਿਹੜੇ ਭੋਰੇ 'ਚ ਵੜ੍ਹਗੀ ਦਿਸਦੀ ਨਈਂ…।
ਨੀਂ ਹਾਂ ਦਿਆਲੀਏ ਦੱਸ, ਕਿਵੇਂ ਐਨਾ ਘਬਰਾਈ ਤ੍ਰੇਲੀਓ-ਤ੍ਰੇਲੀ ਹੋਈ ਫਿਰਦੀ ਐਂ।
ਨੀਂ ਨਿਹਾਲੀਏ ਬਾਖਰੂ-ਬਾਖਰੂ… ਨੀਂ ਭੈਣੇ ਪਹਿਲਾਂ ਤੂੰ ਮੈਨੂੰ ਜੇ ਕੋਈ ਸਿਰ ਦੁੱਖਦੇ ਵਾਲੀ ਗੋਲੀ ਘਰੇ ਪਈ ਹੈ ਤਾਂ ਫਟਾਫਟ ਦੇ…।
ਨੀਂ ਦਿਆਲੀਏ ਭੈਣੇਂ ਸੁੱਖ ਤਾਂ ਹੈ..? ਲੈ ਫੜ੍ਹ ਗੋਲੀ ਨਾਲੇ ਪਾਣੀ…।
ਨੀਂ ਭੈਣੇਂ ਨਿਹਾਲੀਏ ਕੀ ਦੱਸਾਂ ਅੱਜ ਤਾਂ ਮੇਰੇ ਪੋਤਰੇ ਭੋਰਾ-ਭਰ ਜਵਾਕ ਨੇ ਮੇਰਾ ਤਾਂ ਕਾਲਜਾ ਈ ਕੱਢ ਕੇ ਰੱਖ ਦਿੱਤੈ।
ਨੀਂ ਦਿਆਲੀਏ ਐਡਾ ਕੀ ਕਹਿਰ ਕਮਾ ਦਿੱਤਾ ਸਵੇਰੇ-ਸਵੇਰੇ ਤੇਰੇ ਪੋਤਰੇ ਨੇ..?
ਨੀਂ ਨਿਹਾਲੀਏ ਕੀ ਦੱਸਾ, ਮੈਂ ਅੱਜ ਜਿਉਂ ਹੀ ਆਪਣੇ ਪੋਤਰੇ ਨੂੰ ਸਕੂਲ ਜਾਣ ਵਾਸਤੇ ਸੁੱਤੇ ਨੂੰ ਜਗਾਉਣ ਲੱਗੀ, ਤਾਂ ਉਹ ਵਾਰ-ਵਾਰ ਇਹੀ ਬੁੜ੍ਹਾਈ ਜਾਵੇ ਕਿ ਬੇਬੇ ਹੁਣ ਮੇਰੀ ਇੱਕ ਸ਼ਰਤ ਐ, ਕਿ ਜੇ ਮੇਰਾ ਡੈਡੀ ਸ਼ਰਾਬ ਪੀਆ ਕਰੂਗਾ ਜਾਂ ਕੋਈ ਹੋਰ… ਤਾਂ ਮੈਂ ਸਕੂਲ ਜਾਉਂਗਾ, ਜੇਕਰ ਡੈਡੀ ਵੈਸ਼ਨੂੰ ਹੀ ਰਿਹਾ ਤਾਂ ਮੈਂ ਵੀ ਸਕੂਲ ਜਾਣਾ ਬੰਦ ਕਰ ਦੇਣਾਂ ਐ। ਜੇ ਮੈਂ ਉਸਨੂੰ ਇਸਦਾ ਕਾਰਨ ਪੁੱਛਿਆ, ਤਾਂ ਅੱਗੋਂ ਕਹਿੰਦਾ ਬੇਬੇ ਹੁਣ ਪੜ੍ਹ-ਲਿਖ ਕੇ ਡਿਗਰੀਆਂ ਹਾਸਲ ਕਰਨ ਦਾ ਕੋਈ ਫਾਇਦਾ ਨਹੀਂ ਹੈ। ਹੁਣ ਸਰਕਾਰੀ ਨਿਯਮ ਇਹ ਹਨ ਕਿ ਅਗਰ ਤੁਹਾਡੇ ਪ੍ਰੀਵਾਰ ਦਾ ਕੋਈ ਮੈਂਬਰ ਸ਼ਰਾਬ ਵਗੈਰਾ ਪੀ ਕੇ ਜਹਾਨੋਂ ਕੂਚ ਕਰੇਗਾ, ਤਾਂਹੀਂ ਤੁਹਾਨੂੰ ਸਰਕਾਰੀ ਨੌਕਰੀ ਮਿਲਣ ਦੀ ਆਸ ਬੱਝਣੀ ਐ।
ਨੀਂ ਦਿਆਲੀਏ, ਤੇਰੇ ਪੋਤਰੇ ਦੀ ਸੋਚ ਜਵਾਂ ਸੋਲਾਂ ਆਨੇ ਠੀਕ ਐ, ਹੁਣ ਸਰਕਾਰੀ ਨੌਕਰੀ ਹਾਸਲ ਕਰਨ ਵਾਸਤੇ ਪ੍ਰੀਵਾਰ ਚੋਂ ਕਿਸੇ ਇਕ-ਦੋ ਮੈਂਬਰਾਂ ਦੀ ਬਲੀ ਦੇਣਾਂ ਜ਼ਰੂਰੀ ਹੁੰਦਾ ਜਾ ਰਿਹੈ, ਨਾਲੇ ਨੌਕਰੀ ਦੇ ਨਾਲ-ਨਾਲ ਲੱਖਾਂ ਦੀ ਨਕਦ ਰਾਸ਼ੀ ਵੀ ਮਿਲਦੀ ਐ, ਜੋ ਪੜ੍ਹਿਆ-ਲਿਖਿਆ ਵਰਗ ਨੌਕਰੀ ਵਾਸਤੇ ਹੱਥਾਂ 'ਚ ਡਿਗਰੀਆਂ ਚੁੱਕੀ ਫਿਰਦੈ, ਉਹ ਤਾਂ ਡੀਕਰੀਆਂ ਹੀ ਬਣ ਕੇ ਰਹਿ ਜਾਂਦੀਆਂ ਹਨ
ਬੂਹ ਨੀਂ ਨਿਹਾਲੀਏ, ਸ਼ਰਾਬ ਪੀਣੀਂ ਕਿਹੜਾ ਕੋਈ ਦੇਸ਼ ਕੌਮ ਵਾਸਤੇ ਸ਼ਹਾਦਤ ਵਾਲਾ ਕੰਮ ਐ।
ਨੀਂ ਦਿਆਲੀਏ ਤੂੰ ਤਾਂ ਜਵਾਂ ਹੀ ਸਿਧਰਿਆਂ ਵਾਂਗ ਕਰੀ ਜਾਨੀਂ ਐਂ, ਹੁਣ ਤਾਂ ਆਪਣੇ ਹਾਕਮਾਂ ਨੇ ਸ਼ਰਾਬੀਆਂ ਨੂੰ ਵੀ ਸ਼ਹੀਦੀ ਦਾ ਦਰਜਾ ਦੇਣਾ ਸ਼ੁਰੂ ਕਰ ਦਿੱਤਾ ਹੈ। ਜਿੰਨ੍ਹਾਂ ਬਾਰੇ ਸਾਨੂੰ ਵੀ ਮਗਰ-ਮਗਰ ਹੁੰਗਾਰਾ ਭਰਨਾ ਪੈਣਾ ਐ, ਨਾਲੇ ਤੂੰ ਐਵੇਂ ਐਨਾਂ ਨਾ ਘਬਰਾ, ਤੂੰ ਚੱਲ ਘਰੇ ਮੈਂ ਆਉਨੀ ਆਂ, ਆਪਾਂ ਰਲਕੇ ਉਹਨੂੰ ਸਮਝਾਉਨੀਆਂ ਕਿ ਪੁੱਤ ਜੇਕਰ ਤੇਰਾ ਪਿਓ ਸ਼ਰਾਬ ਪੀਣੀ ਸ਼ੁਰੂ ਨਾ ਕਰੇਗਾ, ਤਾਂ ਤੂੰ ਪੁੱਤ ਇਓਂ ਕਰੀਂ ਕਿ ਸਰਕਾਰ ਹੁਣ ਟਿਕਟਾਕ ਜਾਂ ਹੋਰ ਸ਼ੋਸ਼ਲ ਮੀਡੀਆ ਤੇ ਚੁਟਕਲਿਆਂ ਵਰਗੀਆਂ ਸ਼ੁਰਲੀਆਂ ਛੱਡਣ ਵਾਲਿਆਂ ਨੂੰ ਵੀ ਸਰਕਾਰੀ ਨੌਕਰੀ ਦੇ ਦਿੰਦੀ ਐ, ਤੂੰ ਮੋਬਾਇਲ ਤੇ ਅਜਿਹੀਆਂ ਗੱਲਾਂ ਕਰਨੀਆਂ ਸਿੱਖ ਲਵੀਂ…।