ਛਾਲੇ ਛਾਲੇ ਰੂਹ (ਮਿੰਨੀ ਕਹਾਣੀ)

ਸਵਰਨਜੀਤ ਕੌਰ ਗਰੇਵਾਲ( ਡਾ.)   

Email: dr.sawarngrewal@gmail.com
Cell: +91 98726 65229
Address:
Ludhiana India
ਸਵਰਨਜੀਤ ਕੌਰ ਗਰੇਵਾਲ( ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਰਲੀਨ ਜਦੋਂ ਦੀ ਵਿਆਹੀ ਸੀ, ਸਹੁਰੇ ਘਰ 'ਚ ਸੱਸ ਤੇ ਪਤੀ ਦੇ ਹੱਥੋਂ ਬੁਰੀ ਤਰ੍ਹਾਂ ਤੰਗ ਸੀ। ਜਦ ਵੀ ਝਗੜਾ ਹੁੰਦਾ ਤਾਂ ਪਤੀ ਤੇ ਸੱਸ ਵੱਲੋਂ ਇਹੀ ਤਾਅਨਾ ਮਾਰਿਆ ਜਾਂਦਾ ਕਿ ਮਾਂ ਦੀਆਂ ਉਂਗਲਾਂ 'ਤੇ ਨੱਚਣਾ ਬੰਦ ਕਰ ਜਦ ਕਿ ਹਰਲੀਨ ਦੀ ਮਾਂ ਇਕ ਅਧਿਆਪਕਾ ਹੋਣ ਦੇ ਨਾਤੇ ਧੀ ਨੂੰ ਹਮੇਸ਼ਾ ਨਵੇਂ ਮਾਹੌਲ 'ਚ ਐਡਜਸਟ ਹੋਣ ਦੀ ਹੀ ਨਸੀਹਤ ਕਰਦੀ। ਏਸੇ ਕਲੇਸ਼ ਦੇ ਚੱਲਦਿਆਂ ਸਨਦੀਪ ਮਾਂ ਤੇ ਹਰਲੀਨ ਸਮੇਤ ਵਿਦੇਸ਼ ਜਾ ਵਸਿਆ। ਪਰ ਓਥੇ ਜਾ ਕੇ ਹਰਲੀਨ 'ਤੇ ਜ਼ੁਲਮ ਹੋਰ ਵੀ ਵਧ ਗਏ ਤੇ ਫਿਰ ਡੇਢ ਕੁ ਸਾਲ ਬਾਅਦ ਜਦ ਹਰਲੀਨ ਨੇ ਇਕ ਬੱਚੀ ਨੂੰ ਜਨਮ ਦਿੱਤਾ ਤਾਂ ਦੋਹਾਂ ਮਾਂ-ਪੁੱਤ ਦੇ  ਅੱਤਿਆਚਾਰ ਸੀਮਾ ਨੂੰ ਪਾਰ ਕਰਨ ਲੱਗੇ ਕਾਰਨ ਕਿ ਉਹਨਾਂ ਨੂੰ ਘਰ ਵਿਚ ਧੀ ਨਹੀਂ, ਪੁੱਤ ਚਾਹੀਦਾ ਸੀ। ਜ਼ੁਲਮ ਤੇ ਤਾਅਨੇ-ਮਿਹਣੇ ਸਹਿ ਸਹਿ ਕੇ ਜਦੋਂ ਹਰਲੀਨ ਦੀ ਸਾਰੀ ਤਾਕਤ ਖ਼ਤਮ ਹੋ ਗਈ ਤਾਂ ਉਹ ਆਪਣੀ ਬੱਚੀ ਸਹਿਤ ਉਸ ਘਰ ਨੂੰ ਛੱਡ ਤੁਰੀ। ਕਿਸੇ ਨਾ ਕਿਸੇ ਤਰ੍ਹਾਂ ਬਿਗ਼ਾਨੇ ਮੁਲਕ ਵਿਚ ਆਪਣੇ ਆਪ ਨੂੰ ਸਥਾਪਤ ਕੀਤਾ ਤੇ ਪਿੱਛੋਂ ਮਾਂ-ਬਾਪ ਦੀ ਹੱਲਾਸ਼ੇਰੀ ਵੀ ਕੰਮ ਕਰਦੀ ਰਹੀ। ਅਖ਼ੀਰ ਸਾਲ ਬਾਅਦ ਸਨਦੀਪ  ਨੇ ਤਲਾਕ ਦੇ ਕਾਗ਼ਜ਼ ਭੇਜ ਦਿੱਤੇ ਤੇ ਹਰਲੀਨ ਨੇ ਵੀ ਏਸ ਰਿਸ਼ਤੇ ਤੋਂ ਛੁਟਕਾਰਾ ਹੀ ਬਿਹਤਰ ਸਮਝਿਆ।
ਦੋ ਕੁ ਸਾਲ ਬਾਅਦ ਹਰਲੀਨ  ਨੇ ਓਥੇ ਹੀ ਦੁਬਾਰਾ ਜੀਵਨ-ਸਾਥੀ ਲੱਭ ਲਿਆ ਜੋ ਭਾਵੇਂ ਸੀ ਤਾਂ ਭਾਰਤੀ ਹੀ ਪਰ ਇਹ ਵਿਆਹ ਅੰਤਰਜਾਤੀ ਸੀ। ਉਸਦੇ ਮਾਂ-ਬਾਪ ਨੇ ਵੀ ਕੋਈ ਉਜ਼ਰ ਨਾ ਕੀਤਾ ਕਿ ਧੀ ਖ਼ੁਸ਼ ਚਾਹੀਦੀ ਹੈ।
ਇਸ ਸਭ ਦੇ ਚੱਲਦਿਆਂ ਹਰਲੀਨ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਤੇ ਇਕ ਵਧੀਆ ਕਿੱਤੇ ਦੇ ਸਮਰੱਥ ਬਣੀ। ਇਸ ਵਿਆਹ ਤੋਂ ਉਸ ਦੇ ਘਰ ਇਕ ਬੇਟੇ ਨੇ ਜਨਮ ਲਿਆ। ਹੁਣ ਇਸ ਪਤੀ ਰਿਤੇਸ਼ ਨੇ ਵੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਪਰ ਇਸਦਾ ਢੰਗ ਅਲੱਗ ਸੀ। ਇਸਦੀਆਂ ਚਾਲਾਂ ਬੜੀਆਂ ਸ਼ਾਤਰ ਸਨ ਜਿੰਨ੍ਹਾਂ ਦਾ ਪਾਰ ਪਾਉਣਾ ਹਰਲੀਨ  ਦੇ ਵੱਸ ਦੀ ਗੱਲ ਨਹੀਂ ਸੀ। ਜੇ ਉਸਦੇ ਮਾਂ-ਬਾਪ ਇਹਦੇ ਬਾਰੇ ਉਹਨੂੰ ਕੁਝ ਸਮਝਾਉਣਾ ਵੀ ਚਾਹੁੰਦੇ ਤਾਂ ਉਹ ਇਹਨਾਂ ਗੱਲਾਂ 'ਤੇ ਕੋਈ ਕੰਨ ਹੀ ਨਾ ਧਰਦੀ ਕਾਰਨ ਕਿ ਰਿਤੇਸ਼ ਨੇ ਉਹਨੂੰ ਬੁਰੀ ਤਰ੍ਹਾਂ ਆਪਣੇ ਪਿਆਰ-ਜਾਲ ਵਿਚ ਫਾਹ ਰੱਖਿਆ ਸੀ। ਉਹ ਹਰਲੀਨ ਦੀ ਬੱਚੀ ਪਰੀ ਨੂੰ ਗੱਲ ਗੱਲ 'ਤੇ ਝੂਠੀ ਅਤੇ ਉਸਦੇ ਮਾਂ-ਬਾਪ ਤੇ ਭਰਾ-ਭਰਜਾਈ ਨੂੰ ਉਹਦੇ ਵਿਰੋਧੀ ਸਾਬਤ ਕਰਨ ਵਿਚ ਪਲ ਨਾ ਲਾਉਂਦਾ। ਹਰਲੀਨ ਉਹਦੇ ਪਿਆਰ 'ਚ ਅੰਨ੍ਹੀ ਹੋਈ ਕਿਸੇ ਸੱਚ ਨੂੰ ਤਲਾਸ਼ਣ ਦੀ ਕੋਸ਼ਿਸ਼ ਵੀ ਨਾ ਕਰਦੀ। ਤੇ ਇਕ ਦਿਨ ਤਾਂ ਰਿਤੇਸ਼ ਨੇ ਸਾਰੇ ਹੱਦਾਂ-ਬੰਨੇ ਹੀ ਪਾਰ ਕਰ ਦਿੱਤੇ। ਜਿਸ ਪਰੀ ਨੂੰ ਉਹ ਝੂਠੀ ਕਹਿੰਦਾ ਨਹੀਂ ਸੀ ਥੱਕਦਾ, ਉਸੇ ਬਾਰੇ ਆਖਣ ਲੱਗਾ ਕਿ " ਪਰੀ ਨੇ ਮੈਨੂੰ ਦੱਸਿਐ ਕਿ ਨਾਨੀ ਮੈਨੂੰ ਕਹਿੰਦੀ ਹੈ, ਆਪਣੀ ਮੰਮਾ ਨੂੰ ਕਹਿ ਕਿ ਤੇਰੇ ਪਾਪਾ ਤੋਂ ਡਾਇਵੋਰਸ ਲੈ ਲਵੇ।" ਇਹ ਇਲਜ਼ਾਮ ਕੋਈ ਛੋਟਾ ਮੋਟਾ ਨਹੀਂ ਸੀ। ਉਹ ਮਾਂ ਜਿਹੜੀ ਧੀ ਦੇ ਪਹਿਲੇ ਤਲਾਕ ਤੋਂ ਹੀ ਬੇਹੱਦ ਦੁਖੀ ਸੀ ਤੇ ਜਿਸ ਨੂੰ 'ਤਲਾਕ' ਸ਼ਬਦ ਸੁਣਨਾ ਵੀ ਬੁਰੀ ਤਰ੍ਹਾਂ ਚੁਭਦਾ ਸੀ, ਉਹ ਭਲਾ ਇਸ ਤਰ੍ਹਾਂ ਦੀ ਗੱਲ ਆਪਣੀ ਮਾਸੂਮ ਦੋਹਤੀ ਨੂੰ ਕਿਵੇਂ ਕਹਿ ਸਕਦੀ ਸੀ? ਤੇ ਜੋ ਪਰੀ ਪਹਿਲਾਂ ਆਪਣੇ ਮਾਂ-ਪਿਓ ਦੀ ਨਜ਼ਰ 'ਚ ਹਮੇਸ਼ਾ ਝੂਠੀ ਸੀ, ਹੁਣ ਇਕ ਦਮ ਸੱਚੀ ਕਿਵੇਂ ਲੱਗਣ ਲੱਗ ਪਈ? ਜ਼ਾਹਰ ਸੀ ਕਿ ਗੱਲ ਬਣਾਈ ਗਈ ਸੀ ਪਰ ਹਰਲੀਨ ਨੇ ਇਸ ਵਿਚਲੇ ਸੱਚ ਨੂੰ ਪੜਤਾਲਣ ਦੀ ਕੋਈ ਲੋੜ ਨਹੀਂ ਸਮਝੀ ਤੇ ਜਦ ਇਹ ਗੱਲ ਉਹਦੀ ਮਾਂ ਤੱਕ ਪੁੱਜੀ ਤਾਂ ਮਾਂ ਸੁੰਨ ਹੋ ਕੇ ਰਹਿ ਗਈ। ਜਿਹੜੀ ਮਾਂ ਆਪਣੀ ਦੋਹਤੀ ਪਰੀ ਲਈ ਦਿਨ-ਰਾਤ ਤੜਫ਼ਦੀ ਰਹਿੰਦੀ ਸੀ, ਜਵਾਈ ਰਿਤੇਸ਼ ਨੇ ਏਨੀ ਕੁ ਮਜ਼ਬੂਰ ਕਰ ਦਿੱਤੀ ਕਿ ਉਹਨੇ ਆਪਣੀ ਧੀ ਤੇ ਉਹਦੇ ਪਰਵਾਰ ਨਾਲੋਂ ਹਰ ਤਰ੍ਹਾਂ ਨਾਲ ਵੱਖ ਹੋਣ ਦਾ ਫ਼ੈਸਲਾ ਕਰ ਲਿਆ ਤੇ ਹਰਲੀਨ  ਸਮੇਤ ਉਹਦੇ ਸਾਰੇ ਪਰਵਾਰ ਦੇ ਫੋਨ, ਈਮੇਲ ਵਗ਼ੈਰਾ ਬਲਾੱਕ ਕਰ ਦਿੱਤੇ। ਛਾਲੇ ਛਾਲੇ ਹੋਈ ਰੂਹ ਕੋਲ ਇਸ ਦੇ ਸਿਵਾ ਹੋਰ ਚਾਰਾ ਵੀ ਕੀ ਸੀ ?