ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੀ ਮਹੀਨੇ ਵਾਰ ਬੈਠਕ ਜ਼ੂਮ ਕਮਰੇ ‘ਚ ਹੋਈ
(ਖ਼ਬਰਸਾਰ)
ਬੇਅ-ਏਰੀਆ ਕੈਲੀਫੋਰਨੀਆ – ਕਰੋਨਾ ਮਹਾਂ-ਮਾਰੀ ਦੀ ਲਪੇਟ ਵਿੱਚ ਆਈ ਮਨੁੱਖਤਾ ਹਰ ਤਰ੍ਹਾਂ ਦੀਆਂ ਸਮਾਜਿਕ ਗਤੀਵਿਧੀਆਂ ਤੋਂ ਕੱਟ ਕੇ ਇਕੱਲੇ-ਪਣ ਅਤੇ ਉਦਾਸੀ ਦੇ ਆਲਮ ਵਿੱਚੋਂ ਗੁਜ਼ਰ ਰਹੀ ਹੈ। ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੀਆਂ ਸਾਹਿਤਕ ਬੈਠਕਾਂ ਵੀ ਬੇਸ਼ੱਕ ਪਿਛਲੇ 6 ਮਹੀਨੇ ਤੋਂ ਅਮਲੀ ਰੂਪ ਵਿੱਚ ਨਹੀਂ ਹੋ ਸਕੀਆਂ, ਪਰ ਇੰਟਰਨੈੱਟ ਦੇ ਜ਼ਰੀਏ ਵਿਪਸਾ ਮੈਂਬਰ ਮਹੀਨੇ ਵਾਰ ਜ਼ੂਮ ਬੈਠਕਾਂ ਵਿੱਚ ਹਿੱਸਾ ਲੈ ਕੇ ਰਚਨਾਤਮਿਕ ਕਾਰਜਾਂ ਨੂੰ ਨਿਰੰਤਰਤਾ ਨਾਲ ਅੱਗੇ ਤੋਰ ਰਹੇ ਹਨ। ਅਗਸਤ ਮਹੀਨੇ ਦੀ ਬੈਠਕ ਵੀ 24 ਅਗਸਤ ਦਿਨ ਅਤਵਾਰ ਨੂੰ 1 ਵਜੇ ਬਾਅਦ ਦੁਪਹਿਰ ਵਿਪਸਾ ਦੇ ਜ਼ੂਮ ਕਮਰੇ ਵਿੱਚ ਸ਼ੁਰੂ ਹੋਈ। ਵਿਪਸਾ ਦੇ ਪ੍ਰਧਾਨ ਸੁਰਿੰਦਰ ਸੀਰਤ ਨੇ (ਜ਼ੂਮ) ਹਾਜ਼ਰੀਨ ਨੂੰ ਜੀਅ ਆਇਆਂ ਕਿਹਾ ਅਤੇ ਪੰਜਾਬੀ ਸਾਹਿਤ ਜਗਤ ਨੂੰ ਸਦੀਵੀ ਅਲਵਿਦਾ ਕਹਿ ਗਏ ਲੇਖਕ ਭੂਰਾ ਸਿੰਘ ਕਲੇਰ ਨੂੰ ਸ਼ਰਧਾਂਜਲੀ ਦਿੱਤੀ। ਸੀਰਤ, ਜਗਜੀਤ ਅਤੇ ਰੇਸ਼ਮ ਸਿੱਧੂ ਨੇ ਕਲੇਰ ਦੇ ਸੰਘਰਸ਼-ਮਈ ਜੀਵਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਰੇਸ਼ਮ ਸਿੱਧੂ ਨੇ ਆਪਣੇ ਪਿੰਡ ਪੂਹਲੇ ਰਾਹੀਂ ਕਲੇਰ ਨਾਲ ਆਪਣੀਆਂ ਸਾਂਝਾਂ ਨੂੰ ਤਾਜ਼ਾ ਕੀਤਾ। ਸੁਰਿੰਦਰ ਸੀਰਤ ਨੇ ਕੈਲੀਫੋਰਨੀਆ ਵਸਨੀਕ ਕਹਾਣੀਕਾਰ ਚਰਨਜੀਤ ਸਿੰਘ ਪਨੂੰ ਦੇ ਮਾਤਾ ਜੀ ਬੀਬੀ ਦਲਜੀਤ ਕੌਰ ਨੂੰ ਵੀ ਸ਼ਰਧਾਂਜਲੀ ਪੇਸ਼ ਕੀਤੀ ਜੋ ਪਿਛਲੇ ਦਿਨੀਂ 97 ਸਾਲ ਦੀ ਤੰਦਰੁਸਤ ਜ਼ਿੰਦਗੀ ਹੰਢਾ ਕੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਪਨੂੰ ਨੇ ਸੰਤੁਸ਼ਟੀ ਜ਼ਾਹਿਰ ਕੀਤੀ ਕਿ ਉਹ ਮਾਤਾ ਦੇ ਆਖਰੀ ਵਕਤ ਪੰਜਾਬ ਵਿੱਚ ਉਹਨਾਂ ਦੇ ਅੰਗ ਸੰਗ ਸਨ। ਇਸ ਉਪਰੰਤ ਸਭ ਨੇ 2 ਮਿੰਟ ਦਾ ਮੋਨ ਰੱਖ ਕੇ ਵਿਛੜੀਆਂ ਆਤਮਾਵਾਂ ਲਈ ਅਰਦਾਸ ਕੀਤੀ।
ਵਿਪਸਾ ਦੇ ਸਰਗਰਮ ਮੈਂਬਰ ਤੇ ਕਵੀ ਕੁਲਵਿੰਦਰ, ਜੋ ਕਿ ਕਰੋਨਾ ਤੋਂ ਪੀੜ੍ਹਤ ਰਹੇ ਹਨ, ਨੇ 2 ਮਹੀਨੇ ਬਾਅਦ ਹਾਜ਼ਰੀ ਲਵਾਈ। ਸਭ ਦੋਸਤਾਂ ਨੇ ਕੁਲਵਿੰਦਰ ਦੇ ਤੰਦਰੁਸਤ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਕੁਲਵਿੰਦਰ ਨੇ ਤਹਿ ਦਿਲੋਂ ਸ਼ੁਕਰਾਨਾ ਜ਼ਾਹਿਰ ਕੀਤਾ ਕਿ ਸਭ ਦੀਆਂ ਦੁਆਵਾਂ ਸਦਕਾ ਹੁਣ ਉਹ ਪੂਰੀ ਤਰ੍ਹਾਂ ਠੀਕ ਹੈ। ਕੁਲਵਿੰਦਰ ਦੀ ਗੈਰ ਹਾਜ਼ਰੀ ਕਾਰਣ ਜੁਲਾਈ ਮਹੀਨੇ ਦੀ ਬੈਠਕ ਮੁਲਤਵੀ ਕਰਨੀ ਪਈ ਸੀ। ਗੁਲਸ਼ਨ ਦਿਆਲ ਨੇ ਜੂਨ ਮਹੀਨੇ ਦੀ ਰਿਪੋਰਟ ਪੜ੍ਹ ਕੇ ਸਭ ਨਾਲ ਸਾਂਝੀ ਕੀਤੀ। ਵਿਪਸਾ ਦੇ ਵਿੱਤ-ਸਕੱਤਰ ਤਾਰਾ ਸਿੰਘ ਸਾਗਰ ਨੇ ਮਾਇਕ ਲੇਖਾ ਜੋਖਾ ਸਾਂਝਾ ਕੀਤਾ ਅਤੇ ਸਭ ਮੈਂਬਰਾਂ ਨੂੰ ਸਾਲਾਨਾ ਮੈਂਬਰਸ਼ਿਪ ਜਮ੍ਹਾ ਕਰਵਾਉਣ ਲਈ ਬੇਨਤੀ ਕੀਤੀ। ਇਸ ਮੁਤੱਲਕ ਉਹ ਤਫ਼ਸੀਲ ਸਹਿਤ ਈ-ਮੇਲ ਵੀ ਕੱਢਣਗੇ।
ਸਾਹਿਤਕ ਸੈਸ਼ਨ ਦੀ ਕਾਰਵਾਈ ਸ਼ੁਰੂ ਕਰਦਿਆਂ ਜਗਜੀਤ ਨੌਸ਼ਹਿਰਵੀ ਨੇ ਸ਼ਿਰਕਤ ਕਰ ਰਹੇ ਲੇਖਕਾਂ ਨੂੰ ਜੀ ਆਇਆਂ ਨੂੰ ਕਿਹਾ। ਕਰੋਨਾ ਸੰਕਟ ‘ਚ ਆਪਣੇ ਪਿਆਰਿਆਂ ਦੇ ਚਿਹਰੇ ਦਿਖ ਜਾਣਾ ਵੀ ਖੁਸ਼ੀ ਦੀ ਗੱਲ ਹੈ ਪਰ ਜੇ ਉਹਨਾਂ ਚਿਹਰਿਆਂ ਰਾਹੀਂ ਕਵਿਤਾ ਨਾਲ ਸਾਂਝ ਪੀੜ੍ਹੀ ਹੋਵੇ ਤਾਂ ਸੋਨੇ ਤੇ ਸੁਹਾਗਾ। ਵਿਪਸਾ ਦੀ ਸਕੱਤਰ ਲਾਜ ਨੀਲਮ ਸੈਣੀ ਨੇ ਅਜਿਹੇ ਹੀ ਕੁਝ ਮਹਿਸੂਸ ਕਰਦਿਆਂ, ਕੁਲਵਿੰਦਰ ਦੀ ਸਿਹਤ ਲਈ ਸ਼ੁਭ ਇੱਛਾਵਾਂ ਪੇਸ਼ ਕਰਦੀ ਆਪਣੀ ਕਵਿਤਾ ਦੀ ਕੁਝ ਸਤਰਾਂ ਪੜ੍ਹ ਕੇ ਸੁਣਾਈਆਂ। ਮਹਿੰਦਰ ਸਿੰਘ ਸੰਘੇੜਾ ਨੇ ਆਪਣੀ ਨਜ਼ਮ ਸੁਣਾਈ ਅਤੇ ਪ੍ਰਿੰ. ਹਰਨੇਕ ਸਿੰਘ ਨੇ ਆਪਣੀ ਨਿੱਕੀ ਪਰ ਡੂੰਘੇ ਅਰਥਾਂ ਵਾਲੀ ਮਿੰਨੀ ਕਹਾਣੀ ਸੁਣਾ ਕੇ ਹਾਜ਼ਰੀ ਲਵਾਈ। ਚਰਨਜੀਤ ਸਿੰਘ ਪਨੂੰ ਅਤੇ ਤਾਰਾ ਸਿੰਘ ਸਾਗਰ ਨੇ ਆਪਣੀਆਂ ਨਜ਼ਮਾਂ ਪੇਸ਼ ਕੀਤੀਆਂ। ਉਪਰੰਤ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਨੇ ਜ਼ਾਲਮ ਅਤੇ ਬੇਵਫਾ ਮਰਦਾਂ ਦੀ ਦੁਨੀਆਂ ਵਿੱਚ ਇਸਤਰੀ ਮਨ ਵੱਲੋਂ ਸਹੇ ਜਾਂਦੇ ਤਸੀਹਿਆਂ ਨੂੰ ਪ੍ਰਗਟਾਉਂਦੀ ਇੱਕ ਔਰਤ ਦੀ ਕਹਾਣੀ ਦੱਸਦੀ ਲੰਬੀ ਕਵਿਤਾ ਪੇਸ਼ ਕੀਤੀ ਅਤੇ ਸਰੋਤਿਆਂ ਦੀ ਦਾਦ ਵਸੂਲ ਕੀਤੀ। ਡਾ: ਗੁਰਪ੍ਰੀਤ ਧੁੱਗਾ ਨੇ ਦੋ ਗ਼ਜ਼ਲਾਂ ਸੁਣਾ ਕੇ ਆਪਣੀ ਹਾਜ਼ਰੀ ਲਵਾਈ। ਜਿਓਤੀ ਸਿੰਘ ਅਤੇ ਜਗਜੀਤ ਨੌਸ਼ਹਿਰਵੀ ਨੇ ਵੀ ਆਪਣੀ ਇੱਕ ਇੱਕ ਨਜ਼ਮ ਸੁਣਾਈ। ਡਾ: ਸੁਖਪਾਲ ਸੰਘੇੜਾ ਨੇ ਫ਼ਲਸਫ਼ੀ ਲਹਿਜੇ ਵਿੱਚ ਨਜ਼ਮ ਸੁਣਾਈ ਜਿਸਦੀ ਸਰੋਤਿਆਂ ਵੱਲੋਂ ਬਹੁਤ ਸਰਾਹਣਾ ਕੀਤੀ ਗਈ। ਕੁਲਵਿੰਦਰ ਨੇ ਤਤਕਾਲੀ ਅਮਰੀਕੀ ਸਮਾਜ ਵਿੱਚ ਵਾਪਰ ਰਹੀਆਂ ਸਿਆਸੀ ਘਟਨਾਵਾਂ ਪਿਛੇ ਕੰਮ ਕਰਦੇ ਮਨੁੱਖੀ ਸਰੋਕਾਰ ਨੂੰ ਵਿਅਕਤ ਕਰਦੀ ਇੱਕ ਮੁਸਲਸਲ ਗ਼ਜ਼ਲ ਪੇਸ਼ ਕੀਤੀ। ਕਨੇਡਾ ਤੋਂ ਇਸ ਮਹਿਫ਼ਲ ਵਿੱਚ ਹਿੱਸਾ ਲੈ ਰਹੇ ਕਵੀ ਪਿਆਰਾ ਕੁੱਦੋਵਾਲ ਨੇ ਤਰੰਨਮ ਵਿੱਚ ਆਪਣੀ ਨਜ਼ਮ ਕਹੀ, ਜਦ ਕਿ ਕਵਿਤਰੀ ਸੁਰਜੀਤ, ਸੁਖਵਿੰਦਰ ਕੰਬੋਜ ਅਤੇ ਕਈ ਹੋਰ ਹਾਜ਼ਰੀਨ ਇੰਟਰਨੈੱਟ ਦੇ ਟੁੱਟਦੇ ਬਣਦੇ ਰਿਸ਼ਤੇ ‘ਚ ਮਹਿਫ਼ਲ ਦੇ ਨਾਲ ਨਾਲ ਗੁਜ਼ਰਦੇ ਰਹੇ। ਮਹਿਫ਼ਲ ਦੇ ਅੰਤ ਤੇ ਸੁਰਿੰਦਰ ਸੀਰਤ ਨੇ ਕੁਝ ਸ਼ੇਅਰ ਕਹੇ ਅਤੇ ਆਪਣੀ ਗ਼ਜ਼ਲ ਤਰੰਨਮ ਵਿਚ ਸੁਣਾ ਕੇ ਸਰੋਤਿਆਂ ਨੂੰ ਅੰਤਰ ਮੁਗਧ ਕੀਤਾ। ਅਮਰਜੀਤ ਕੌਰ ਪਨੂੰ ਅਤੇ ਗੁਲਸ਼ਨ ਦਿਆਲ ਅਗਲੀ ਬੈਠਕ ਵਿੱਚ ਆਪਣੀਆਂ ਕਵਿਤਾਵਾਂ ਸੁਣਾਉਣ ਦਾ ਵਾਅਦਾ ਕਰਦਿਆਂ ਮਹਿਫ਼ਲ ਦਾ ਆਨੰਦ ਮਾਣਦੀਆਂ ਰਹੀਆਂ। ਸੁਰਿੰਦਰ ਸੀਰਤ ਵੱਲੋਂ ਅਗਲੀ ਜ਼ੂਮ ਬੈਠਕ ਦਾ ਦਾਇਰਾ ਹੋਰ ਵਧਾਉਣ ਅਤੇ ਦੂਰ ਦੁਰਾਡੇ ਬੈਠੇ ਪੰਜਾਬੀ ਸ਼ਾਇਰਾਂ ਦਾ ਸਾਥ ਮਾਣਨ ਦਾ ਇਰਾਦਾ ਪ੍ਰਗਟ ਕਰਦਿਆਂ ਮਹਿਫ਼ਲ ਨੇਪੜੇ ਚੜੀ।
ਜਗਜੀਤ ਨੌਸ਼ਿਹਰਵੀ
ਜ਼ੂਮ ਸੰਚਾਕਲ ਵਿਪਸਾ