ਸਰੀ -- ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਅਤੇ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਵੱਲੋਂ ਨਾਮਵਰ ਵਿਦਵਾਨ ਤੇ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਡਾ. ਹਰਿਭਜਨ ਸਿੰਘ ਦੇ 100ਵੇਂ ਜਨਮ ਦਿਵਸ ਨੂੰ ਸਮਰਪਿਤ ਸ਼ਤਾਬਦੀ ਸਮਾਰੋਹ ਗੁਰਦੁਆਰਾ ਸਾਹਿਬ ਬਰੁੱਕਸਾਈਡ, ਸਰੀ ਵਿਖੇ ਕਰਵਾਇਆ ਗਿਆ ਜਿਸ ਵਿਚ ਪਾਸ ਕੀਤੇ ਗਏ ਇਕ ਮਤੇ ਰਾਹੀਂ ਭਾਰਤ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਗਈ ਡਾ. ਹਰਿਭਜਨ ਸਿੰਘ ਦੀ ਯਾਦ ਵਿਚ ਡਾਕ ਟਿਕਟ ਜਾਰੀ ਕੀਤੀ ਜਾਵੇ। ਇਕ ਦੂਸਰੇ ਮਤੇ ਰਾਹੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਮੰਗ ਕੀਤੀ ਗਈ ਕਿ ਡਾ. ਹਰਿਭਜਨ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ ਕੀਤੀ ਜਾਵੇ।
ਗੁਰਦੁਆਰਾ ਸਾਹਿਬ ਬਰੁੱਕਸਾਈਡ ਦੇ ਸਕੱਤਰ ਚਰਨਜੀਤ ਸਿੰਘ ਮਰਵਾਹਾ ਨੇ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਨੇ ਸਮਾਰੋਹ ਵਿਚ ਹਾਜਰ ਪੰਜਾਬੀ ਹਿਤੈਸ਼ੀਆਂ ਨੂੰ ਜੀ ਆਇਆਂ ਕਿਹਾ ਅਤੇ ਡਾ. ਹਰਿਭਜਨ ਸਿੰਘ ਦੇ ਜੀਵਨ ਅਤੇ ਸਾਹਿਤਕ ਦੇਣ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕੋਵਿਡ-19 ਨੂੰ ਧਿਆਨ ਵਿਚ ਰਖਦਿਆਂ ਸਮਾਗਮ ਦੀ ਹਾਜਰੀ 50 ਜਣਿਆਂ ਤੱਕ ਸੀਮਤ ਰੱਖਣ ਦੀ ਗੱਲ ਵੀ ਕਹੀ।
ਸਮਾਗਮ ਦੇ ਮੁੱਖ ਬੁਲਾਰੇ ਅਤੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਫਾਊਂਡਰ ਜੈਤੇਗ ਸਿੰਘ ਅਨੰਤ ਨੇ ਡਾ. ਹਰਿਭਜਨ ਸਿੰਘ ਦੀ ਬਹੁਪੱਖੀ ਸ਼ਖ਼ਸੀਅਤ ਦੇ ਖੂਬਸੂਰਤ ਪੱਖਾਂ ਨੂੰ ਯਾਦ ਕੀਤਾ। ਉਨ੍ਹਾਂ ਦੱਸਿਆ ਕਿ ਡਾਕਟਰ ਹਰਿਭਜਨ ਸਿੰਘ ਸਰਬ ਕਲਾ ਸੰਪੰਨ ਅਕਾਦਮੀਸ਼ਨ, ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਫਾਰਸੀ ਦੇ ਗਿਆਤਾ, ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ, ਮਹਾਨ ਚਿੰਤਕ, ਸਫ਼ਲ ਅਧਿਆਪਕ, ਚੋਟੀ ਦੇ ਸਮੀਖਿਆਕਾਰ ਅਤੇ ਉੱਚ ਪਾਏ ਦੇ ਅਨੁਵਾਦਕ ਸਨ। ਉਨ੍ਹਾਂ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਵਿੱਚ 106 ਤੋਂ ਵੱਧ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਹਨ। ਉਹ ਸਹੀ ਅਰਥਾਂ ਵਿਚ ਇਕ ਯੁਗ ਪੁਰਸ਼, ਰੌਸ਼ਨ ਮੀਨਾਰ, ਪੰਜਾਬੀ ਕੌਮ ਦੀ ਬੇ-ਨਿਆਜ਼ ਹਸਤੀ ਅਤੇ ਕੋਹਿਨੂਰ ਹੀਰਾ ਸਿੰਘ ਸਨ। ਸ. ਅਨੰਤ ਨੇ ਇਸ ਮੌਕੇ ਵਿਸ਼ਵ ਭਰ ਦੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਆਪੋ ਆਪਣੀਆਂ ਸੰਸਥਾਵਾਂ, ਅਕੈਡਮੀਆਂ, ਸਾਹਿਤਕ ਸਭਾਵਾਂ, ਜਥੇਬੰਦੀਆਂ ਰਾਹੀਂ ਮਹਾਨ ਸਾਹਿਤਕਾਰ ਡਾ. ਹਰਿਭਜਨ ਸਿੰਘ ਦੀ ਯਾਦ ਵਿਚ ਥਾਂ ਥਾਂ ਸਮਾਗਮ ਕਰ ਕੇ ਆਪਣੇ ਗੌਰਵਮਈ ਸਾਹਿਤ, ਸੱਭਿਆਚਾਰ ਅਤੇ ਵਿਰਸੇ ਨਾਲ ਆਮ ਲੋਕਾਂ ਨੂੰ ਜੋੜਣ ਦਾ ਯਤਨ ਕੀਤਾ ਜਾਵੇ।
ਸਮਾਗਮ ਦੌਰਾਨ ਬੀਸੀ ਦੇ ਦੋ ਪੰਜਾਬੀਆਂ ਕਵੀਆਂ ਬਿੱਕਰ ਸਿੰਘ ਖੋਸਾ ਅਤੇ ਹਰਦਮ ਸਿੰਘ ਮਾਨ ਨੂੰ ਡਾ. ਹਰਿਭਜਨ ਸਿੰਘ ਯਾਦਗਾਰੀ ਐਵਾਰਡ ਨਾਲ ਨਿਵਾਜਿਆ ਗਿਆ। ਸ਼ਾਇਰ ਰਾਜਵੰਤ ਰਾਜ ਨੇ ਦੋਹਾਂ ਕਵੀਆਂ ਦੇ ਮਾਣ ਵਿਚ ਸਨਮਾਨ ਪੱਤਰ ਪੜ੍ਹੇ। ਇਸ ਸਨਮਾਨ ਸਮੇਂ ਦੋਹਾਂ ਸ਼ਾਇਰਾਂ ਨੂੰ ਪਲੈਕ, ਸ਼ਾਲ, ਪੱਗ, ਸਨਮਾਨ ਪੱਤਰ ਅਤੇ ਸਿਰੋਪਾਓ ਦੇਣ ਦੀ ਰਸਮ ਦੋਹਾਂ ਸੰਸਥਾਵਾਂ ਦੇ ਸੰਚਾਲਕਾਂ ਦੇ ਨਾਲ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਤੇ ਰਣਦੀਪ ਸਿੰਘ ਸਰਾਏ, ਐਮ.ਐਲ.ਏ. ਰਚਨਾ ਸਿੰਘ ਅਤੇ ਸਾਬਕਾ ਐਮ.ਐਲ.ਏ. ਦੇਵ ਹੇਅਰ ਨੇ ਅਦਾ ਕੀਤੀ। ਸਨਮਾਨਿਤ ਕਵੀਆਂ ਨੇ ਡਾ. ਹਰਿਭਜਨ ਸਿੰਘ ਦੀਆਂ ਕਵਿਤਾਵਾਂ ਪੇਸ਼ ਕਰਕੇ ਉਨ੍ਹਾਂ ਨੂੰ ਆਪਣੀ ਅਕੀਦਤ ਭੇਟ ਕੀਤੀ। ਮੈਂਬਰ ਪਾਲੀਮੈਂਟ ਸੁਖ ਧਾਲੀਵਾਲ ਨੇ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵੱਲੋਂ ਦੋਹਾਂ ਸੰਸਥਾਵਾਂ ਨੂੰ ਪ੍ਰਸੰਸਾ ਪੱਤਰ ਪ੍ਰਦਾਨ ਕੀਤੇ।
ਇਸ ਸਮਾਗਮ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੇ ਚਰਨ ਸਿੰਘ, ਪ੍ਰਿਤਪਾਲ ਗਿੱਲ, ਸੁਰਜੀਤ ਸਿੰਘ ਮਾਧੋਪੁਰੀ, ਹਰਸ਼ਰਨ ਕੌਰ, ਪਲਵਿੰਦਰ ਸਿੰਘ ਰੰਧਾਵਾ ਤੇ ਦਰਸ਼ਨ ਸੰਘਾ, ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਫਾਊਡਰ ਪ੍ਰਧਾਨ ਗਿਆਨ ਸਿੰਘ ਸੰਧੂ, ਮੋਤਾ ਸਿੰਘ ਝੀਤਾ, ਗ਼ਜ਼ਲ ਮੰਚ ਸਰੀ ਦੇ ਰਾਜਵੰਤ ਰਾਜ, ਦਵਿੰਦਰ ਗੌਤਮ, ਗੁਰਮੀਤ ਸਿੰਘ ਸਿੱਧੂ ਤੇ ਪ੍ਰੀਤ ਮਨਪ੍ਰੀਤ, ਲੇਖਕ ਮੰਚ ਵੈਨਕੂਵਰ ਦੇ ਜਰਨੈਲ ਸਿੰਘ ਸੇਖਾ ਤੇ ਅਮਰੀਕ ਪਲਾਹੀ, ਵੈਨਕੂਵਰ ਵਿਚਾਰ ਮੰਚ ਦੇ ਮੋਹਨ ਗਿੱਲ, ਵਿਰਾਸਤ ਫਾਊਂਡੇਸ਼ਨ ਦੇ ਭੁਪਿੰਦਰ ਮੱਲ੍ਹੀ, ਸੀਨੀਅਰ ਸਿਟੀਜ਼ਨ ਸੈਂਟਰ ਦੇ ਹਰਚੰਦ ਸਿੰਘ ਗਿੱਲ, ਸੁਰਿੰਦਰ ਸਿੰਘ ਗੌਰੀ, ਜਰਨੈਲ ਸਿੰਘ ਸਿੱਧੂ, ਡਾ. ਹਰਿਭਜਨ ਸਿੰਘ ਦਾ ਪੋਤਰਾ ਪ੍ਰਿਆ ਰੂਪ ਤੇ ਉਨ੍ਹਾਂ ਦੀਆਂ ਦੋਹਤੀਆਂ ਜੋਤੀਕਾ ਸਿੰਘ ਤੇ ਐਸ਼ੀਆ ਸਿੰਘ ਅਤੇ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੇ ਕਾਰਜਕਾਰੀ ਮੈਂਬਰਾਂ ਦੀ ਸ਼ਮੂਲੀਅਤ ਵਿਸ਼ੇਸ਼ ਰਹੀ।
ਇਸ ਮੌਕੇ ਇੰਡੋ ਕੈਨੇਡੀਅਨ ਟਾਈਮਜ਼, ਰੋਜ਼ਾਨਾ ਚੜ੍ਹਦੀ ਕਲਾ, ਦੇਸ ਪ੍ਰਦੇਸ ਟਾਈਮਜ਼, ਪੰਜਾਬ ਟਾਈਮਜ਼ ਅਮਰੀਕਾ, ਪੰਜਾਬ ਲਿੰਕ ਅਖਬਾਰਾਂ ਵੱਲੋਂ ਡਾ. ਹਰਿਭਜਨ ਸਿੰਘ ਦੀ ਜਨਮ ਸ਼ਤਾਬਦੀ ਸਬੰਧੀ ਪ੍ਰਕਾਸ਼ਿਤ ਕੀਤੇ ਗਏ ਵਿਸ਼ੇਸ਼ ਸਪਲੀਮੈਂਟ ਰਿਲੀਜ਼ ਕੀਤੇ ਗਏ। ਪ੍ਰਧਾਨ ਸੁਰਿੰਦਰ ਸਿੰਘ ਜੱਬਲ ਨੇ ਇਨ੍ਹਾਂ ਮੀਡੀਆ ਅਦਾਰਿਆਂ ਵੱਲੋਂ ਦਿੱਤੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ।
ਹਰਦਮ ਮਾਨ