ਲੈ ਕੇ ਦਾਦਾ ਗੋਦੀ ਦੇ ਵਿਚ ਆਪਣੇ ਪੋਤੇ ਨੂੰ,
ਕੰਢ ਤੇ ਹੱਥ ਫੇਰਦਾ ਉਹ ਬੈਠਾ ਇਉਂ ਸਮਝਾਵੇ।
ਜੋ ਵੀ ਪੁਤਰਾ ਵਿਰਸਾ ਸਾਂਭੇ ਅਪਣੇ ਵੱਡਿਆ ਦਾ,
ਸਾਰੀ ਜਿੰਦਗੀ ਦੇ ਵਿਚ ਮਾਤ ਕਦੇ ਨਾ ਖਾਵੇ।
ਸੇਵਾ ਕਰਦਾ ਸ਼ੇਰਾ ਜਿਹੜਾ ਆਪਣੇ ਮਾਪਿਆਂ ਦੀ,
ਕਿਸੇ ਗੱਲੋਂ ਟੋਟ ਨਾ ਉਸ ਦੇ ਤਾਈਂ ਆਵੇ।
ਮਾਪੇ ਰੋਲਤੇ ਜਿਨ੍ਹਾਂ ਅਪਣੇ ਬੱਸ ਪੈ ਹਊਮੈਂ ਦੇ,
ਉਸ ਬੰਦੇ ਨੂੰ ਪੁੱਤਰਾ ਕੋਈ ਵੀ ਨਾ ਮੂੰਹ ਲਾਵੇ।
ਗਾਲ਼ਾਂ ਦਿੰਦੇ ਲੋਕ ਨੇ ਕਰਨ ਉਜਾੜਾ ਘਰ ਦਾ ਜੋ,
ਮਾਣ ਬਖਸ਼ਣ ਜੋ ਵੀ ਸੱਚੀ ਕਿਰਤ ਕਮਾਵੇ।
ਭੈੜੀ ਸੰਗਤ ਤੋ ਪੁਤ ਬਚਕੇ ਰਹੀਏ ਸਦਾ ਹੀ,
ਸੁੱਖੀ ਰਹਿੰਦਾ ਜਿਹੜਾ ਹੱਥ ਨਾ ਨਸ਼ੇ ਨੂੰ ਲਾਵੇ।
ਦਇਆ ਕਰਦਾ ਜੋ ਵੀ ਭੁੱਖਿਆਂ ਅਤੇ ਗਰੀਬਾਂ ਤੇ,
ਨਾਮ ਪਿਉ ਦਾਦੇ ਦਾ ਉਹ ਜੱਗ ਦੇ ਵਿਚ ਰੁਸ਼ਨਾਵੇ।
ਚੰਗਾ ਬੋਲੀਏ ਮੁੱਖ ਚੋਂ ਮੰਦਾ ਕਿਸੇ ਨੂੰ ਕਹੀਏ ਨਾ,
ਤੱਕੜੇ ਮਾੜੇ ਦੀ ਸੋਚ ਮਨ ਵਿੱਚ ਕਦੇ ਨਾ ਆਵੇ।
ਬੋਲੀਆਂ ਸਿੱਖੀਂ ਪੁੱਤਾ ਭਾਵੇਂ ਸਾਰੇ ਜੱਗ ਦੀਆਂ,
ਪਰ ਪਹਿਚਾਣ ਤਾਂ ਤੇਰੀ ਮਾਂ ਬੋਲੀ ਤੋਂ ਹੀ ਆਵੇ।
ਭੈੜਾ ਬੰਦਾ ਹੋਰ ਨਹੀਂ ਗਿਣਿਆ ਜਾਂਦਾ ਓਸ ਤੋਂ,
ਜਿਹੜਾ ਮਾਂ ਬੋਲੀ ਨੂੰ ਬੋਲਣੋਂ ਪੁੱਤ ਸ਼ਰਮਾਵੇ।
ਸਿੱਧੂਆ ਜੱਗ ਤੇ ਸਦਾ ਉਹ ਹੀ ਪੂਜਿਆ ਜਾਂਦਾ ਹੈ,
ਤਨ ਮਨ ਧਨ ਜੋ ਅਪਣਾ ਕੌਮ ਦੇ ਲਈ ਲੁਟਾਵੇ।