ਗਰਮੀਆਂ ਦੇ ਵਿੱਚ ਠੰਡਾ ਖਾਣਾ, ਠੰਡੇ ਪਾਣੀ ਨਾਲ ਨਹਾਉਣਾ, ਠੰਡੇ ਸਾਫਟ ਡਰਿੰਕਸ ਪੀਣਾ ਜਾਂ ਠੰਢੀ ਠਾਰ ਕੁਲਫੀ ਆਈਸਕ੍ਰੀਮ ਖਾਣਾ ਸੱਭ ਨੂੰ ਪਸੰਦ ਹੁੰਦਾ ਹੈ। ਮਨਰਾਜ ਗਰਮੀਆਂ ਵਿੱਚ ਮਟਕਾ ਕੁਲਫੀ, ਆਈਸਕ੍ਰੀਮ ਜਾਂ ਸੌਫਟੀ ਤਾਂ ਬਹੁਤ ਖਾਂਧੀ ਸੀ, ਪਰ ਸਰਦੀਆਂ ਵਿੱਚ ਖ਼ਾਸ ਤੌਰ ਤੇ ਜਦ ਦਸੰਬਰ ਦੇ ਮਹੀਨੇ ਵਿੱਚ ਧੁੰਧ ਪੈਣੀ ਤਾਂ ਮਨਰਾਜ ਦੀ ਮੰਗ ਹੁੰਦੀ ਸੀ ਕਿ ਉਸਨੂੰ ਆਈਸਕ੍ਰੀਮ ਲਿਆ ਕੇ ਦਿੱਤੀ ਜਾਵੇ।
ਸੱਭ ਉਸਦੀ ਇਸ ਅਜੀਬ ਜਿਹੀ ਡਿਮਾਂਡ ਤੋਂ ਤੰਗ ਆਉਂਦੇ ਸਨ, ਸਿਰਫ ਉਸਦੇ ਪਾਪਾ ਹੀ ਉਸਨੂੰ ਉਸੇ ਵੇਲੇ ਆਪਣੀ ਮੋਟਰਸਾਈਕਲ ਤੇ ਬਿਠਾ ਕੇ ਬਾਜ਼ਾਰ ਲੈ ਜਾਂਦੇ ਅਤੇ ਆਈਸਕ੍ਰੀਮ ਖੁਆ ਕੇ ਵਾਪਸ ਘਰ ਲੈ ਆਉਂਦੇ। ਸਰਦੀਆਂ ਦੌਰਾਨ ਜੇਕਰ ਕਦੇ ਮਨਰਾਜ ਥੋੜਾ ਬਹੁਤਾ ਬਿਮਾਰ ਹੋ ਜਾਂਦੀ ਤਾਂ ਪਾਪਾ ਤੋਂ ਸਿਵਾ ਕਿਸੇ ਨੂੰ ਵੀ ਨਾ ਦੱਸਦੀ, ਕਿਉਂਕਿ ਪਤਾ ਸੀ ਸਾਰਾ ਕਸੂਰ ਆਈਸਕ੍ਰੀਮ ਦਾ ਨਿਕਲਣਾ ਤੇ ਦੋਸ਼ੀ ਆਈਸਕ੍ਰੀਮ ਖਵਾਉਣ ਵਾਲੇ ਨੇ ਬਣ ਜਾਣਾ।
ਆਈਸਕ੍ਰੀਮ ਲਈ ਮਨਰਾਜ ਦਾ ਪਾਗਲਪਣ ਘਰ ਵਿੱਚ ਨਹੀਂ ਬਲਕਿ ਜਿਵੇਂ ਜਿਵੇਂ ਉਹ ਵੱਡੀ ਹੋਈ ਉਸਦੇ ਕਾਲਜ ਵਿੱਚ ਵੀ ਸੱਭ ਨੂੰ ਪਤਾ ਲੱਗਾ ਚੁੱਕਿਆ ਸੀ। ੨੨ ਵਰ੍ਹਿਆਂ ਦੀ ਮਨਰਾਜ ਦੀ ਜ਼ਿੰਦਗੀ ਵਿੱਚ ਆਈਸਕ੍ਰੀਮ ਨਾਲ ਜੁੜੇ ਸੈਂਕੜੇ ਦਿਲਚਸਪ ਕਿੱਸੇ ਸਨ। ਜੋ ਉਹ ਹਰ ਕਿਸੇ ਨੂੰ ਦੱਸ ਵੀ ਦਿੰਦੀ ਸੀ ਅਤੇ ਬਚਪਨ ਦੇ ਪਲਾਂ ਨੂੰ ਯਾਦ ਕਰਕੇ ਭਾਵੁਕ ਵੀ ਹੋ ਜਾਂਦੀ ਸੀ, ਤੇ ਜੇਕਰ ਬਚਪਨ ਜਿਆਦਾ ਚੇਤੇ ਆaੁਂਦਾ ਤਾਂ ਆਈਸਕ੍ਰੀਮ ਖਾਣ ਲਈ ਕਿਸੇ ਦੁਕਾਨ 'ਤੇ ਚਲੀ ਜਾਂਦੀ ਤੇ ਕਹਿ ਦਿੰਦੀ ਮੈਂ ਸਿਰਫ ਆਈਸਕ੍ਰੀਮ ਖਾਣ ਨਹੀਂ ਆਈ, ਮੈਂ ਤਾਂ ਆਪਣਾ ਬਚਪਨ ਜਿਊਣ ਆਈ ਹਾਂ।
ਮਨਰਾਜ ਦੇ ਕਾਲਜ ਵਿੱਚ ਹੀ ਗੁਰਤੇਜ ਜੋ ਉਸਦਾ ਹਮਜਮਾਤੀ ਵੀ ਸੀ ਤੇ ਸ਼ਾਇਦ ਕੁੱਝ ਹੋਰ ਵੀ। ਗੁਰਤੇਜ ਤੇ ਮਨਰਾਜ ਦੀ ਕੈਮਿਸਟਰੀ ਵੀ ਕੁੱਝ ਆਈਸਕ੍ਰੀਮ ਵਰਗੀ ਹੀ ਸੀ, ਠੰਡੀ ਅਤੇ ਮਨਰਾਜ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਨ ਵਾਲੀ। ਆਈਸਕ੍ਰੀਮ ਤੋਂ ਬਾਅਦ ਜੇਕਰ ਮਨਰਾਜ ਨੂੰ ਕੁੱਝ ਸੱਭ ਤੋਂ ਜਿਆਦਾ ਪਸੰਦ ਸੀ ਤਾਂ ਉਹ ਸੀ ਗੁਰਤੇਜ। ਗੁਰਤੇਜ ਤੇ ਮਨਰਾਜ ਸਾਰੀ ਸਾਰੀ ਰਾਤ ਮੋਬਾਇਲ ਤੇ ਚੈਟਿੰਗ ਕਰਦੇ ਰਹਿੰਦੇ, ਕਾਲਜ ਵਿੱਚ ਵੀ ਸਾਰਾ ਦਿਨ ਗੱਲਾਂ ਕਰਦੇ ਰਹਿੰਦੇ, ਨਾ ਤਾਂ ਦੋਹਾਂ ਦੀਆਂ ਗੱਲਾਂ ਕਦੇ ਮੁੱਕੀਆਂ ਸੀ ਤੇ ਨਾ ਹੀ ਕਦੇ ਸੁਪਨੇ।
ਆਪਣੀ ਜਿੰਦਗੀ ਨੂੰ ਇੱਕ ਦੂਜੇ ਨਾਲ ਸ਼ੁਰੂ ਕਰਨ ਦਾ ਖਿਆਲ ਭਾਵੇਂ ਆਉਂਦਾ ਸੀ, ਪਰ ਮਨਰਾਜ ਕਹਿੰਦੀ ਹੁੰਦੀ ਸੀ, ਕਿ ਜ਼ਿੰਦਗੀ ਤਾਂ ਸ਼ੁਰੂ ਕਰ ਚੁੱਕੇ ਹਾਂ, ਹੁਣ ਤਾਂ ਬੱਸ ਦੇਖੇ ਹੋਏ ਸੁਪਨੇ ਸੱਚ ਕਰਨੇ ਨੇ। ਭਾਵੇਂ ਕਿ ਦੋਹਾਂ ਦੇ ਇਸ ਰਿਸ਼ਤੇ ਬਾਰੇ ਦੋਨਾਂ ਦੇ ਘਰਾਂ ਵਿੱਚ ਕਿਸੇ ਨੂੰ ਕੁੱਝ ਨਹੀਂ ਸੀ ਪਤਾ। ਮਨਰਾਜ ਦਾ ਮੋਬਾਇਲ ਵੀ ਬਿਨ੍ਹਾਂ ਕਿਸੇ ਪਾਸਵਰਡ ਤੋਂ ਹੁੰਦਾ ਸੀ, ਘਰ ਦੇ ਵਿੱਚ ਕੋਈ ਵੀ ਉਸਦਾ ਫੋਨ ਫੜ੍ਹ ਸਕਦਾ ਸੀ, ਪਰ ਕਦੇ ਕਿਸੇ ਨੇ ਮਨਰਾਜ ਤੇ ਕਿਸੇ ਵੀ ਕਿਸਮ ਦਾ ਸ਼ੱਕ ਨਹੀਂ ਸੀ ਕੀਤਾ।
ਪਰ ਫਿਰ ਵੀ ਇੱਕ ਅਣਚਾਹੇ ਜਿਹੇ ਡਰ ਕਾਰਣ ਗੁਰਤੇਜ ਨੇ ਮਨਰਾਜ ਨੂੰ ਚੌਕੰਨੇ ਰਹਿਣ ਲਈ ਕਿਹਾ ਹੋਇਆ ਸੀ, ਕਿ ਜਦ ਕਦੇ ਵੀ ਤੇਰੇ ਵੱਲੋਂ ਜਾਂ ਮੇਰੇ ਵੱਲੋਂ ਕੋਈ ਮੈਸਜ਼ ਆਵੇ ਤਾਂ ਮੈਂ ਇੱਕ ਸਵਾਲੀਆ ਨਿਸ਼ਾਨ ਨਾਲ ਮੈਸਜ਼ ਭੇਜਾਂਗਾ, ਜਿਸ ਵਿੱਚ ਦੋ ਹੀ ਅੱਖਰ ਹੋਣਗੇ, 'ਆਈਸਕ੍ਰੀਮ ਕੌਣ?' ਤਾਂ ਤੂੰ ਜੁਆਬ ਵਿੱਚ ਭੇਜਣਾ, 'ਗੁਰੀ ਦੀ ਜਾਨ ਦੀ ਜਾਨ'। ਮਨਰਾਜ ਗੁਰਤੇਜ ਦੇ ਨਿੱਕ ਨੇਮ 'ਗੁਰੀ' ਨਾਲ ਹੀ ਬੁਲਾਉਂਦੀ ਸੀ। ਇਹ ਸਿਲਸਲਾ ਲੰਮਾਂ ਸਮਾਂ ਚੱਲਦਾ ਰਿਹਾ ਹੈ। ਪੜ੍ਹਾਈ ਪੂਰੀ ਹੋ ਗਈ ਤਾਂ ਦੋਨੋਂ ਘਰ ਬੈਠ ਗਏ। ਗੁਰਤੇਜ ਆਪਣੀ ਨੌਕਰੀ ਵਗੈਰਾ ਲੱਭਣ ਵਿੱਚ ਰੁਝਿਆ ਰਹਿੰਦਾ ਜਾਂ ਕਦੇ ਆਪਣੇ ਪਾਪਾ ਨਾਲ ਦਫ਼ਤਰ ਚਲਿਆ ਜਾਂਦਾ। ਮਨਰਾਜ ਸਾਰਾ ਦਿਨ ਘਰ ਹੀ ਰਹਿੰਦੀ ਜਾਂ ਕਦੇ ਕਦੇ ਆਪਣੀ ਭਾਬੀ ਨਾਲ ਸਿਲਾਈ ਦੇ ਕੰਮ ਵਿੱਚ ਹੱਥ ਵਟਾ ਦਿੰਦੀ।
ਗੱਲਾਂ ਗੱਲਾਂ ਵਿੱਚ ਹੀ ਮਨਰਾਜ ਨੇ ਗੁਰਤੇਜ ਬਾਰੇ ਸਾਰੀ ਗੱਲਬਾਤ ਆਪਣੀ ਭਾਬੀ ਨੂੰ ਦੱਸ ਦਿੱਤੀ ਅਤੇ ਭਾਬੀ ਨੇ ਘਰ ਵਿੱਚ ਸਾਰੀ ਗੱਲ ਕਰ ਲਈ। ਭਾਵੇਂ ਕਿ ਮਨਰਾਜ ਤੇ ਇਸ ਗੱਲ ਦਾ ਸੱਭ ਨੇ ਇਤਰਾਜ਼ ਕੀਤਾ, ਪਰ ਹਰ ਵਾਰ ਦੀ ਤਰ੍ਹਾਂ ਮਨਰਾਜ ਦੇ ਪਾਪਾ ਨੇ ਕਿਹਾ, ਪਹਿਲਾਂ ਉਹ ਆਪ ਇੱਕ ਵਾਰ ਮੁੰਡੇ ਬਾਰੇ ਬਾਹਰੋਂ ਪਤਾ ਕਰਵਾਉਣਗੇ ਜੇ ਉਹਨਾਂ ਨੂੰ ਵੀ ਜੱਚ ਗਿਆ ਤਾਂ ਘਰ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਇਸ ਵਿਸ਼ੇ ਤੇ ਤਦ ਤੱਕ ਘਰ ਵਿੱਚ ਕੋਈ ਵੀ ਕਿਸੇ ਕਿਸਮ ਦੀ ਗੱਲ ਨਹੀਂ ਕਰੇਗਾ।
ਲਗਭਗ ਇੱਕ ਮਹੀਨੇ ਬਾਅਦ ਮਨਰਾਜ ਦੇ ਕਮਰੇ ਵਿੱਚ ਉਸਦੇ ਪਾਪਾ ਨੇ ਉਸ ਦੇ ਕੋਲ ਆ ਕੇ ਕਿਹਾ, 'ਮਨਰਾਜ ਬੇਟਾ! ਅੱਜ ਤੱਕ ਕੋਈ ਇੱਕ ਵੀ ਤੇਰੀ ਅਜਿਹੀ ਖੁਹਾਇਸ਼ ਨਹੀਂ ਹੈ, ਜੋ ਮੈਂ ਪੂਰੀ ਨਾ ਕੀਤੀ ਹੋਵੇ, ਮੈਨੂੰ ਦੁਨੀਆ ਤੇ ਤੇਰੇ ਤੋਂ ਹੋਰ ਕੋਈ ਪਿਆਰਾ ਵੀ ਨਹੀਂ, ਮੇਰੀ ਜ਼ਿੰਦਗੀ ਜਿਊਣ ਦੀ ਵਜ੍ਹਾ ਹੀ ਤੂੰ ਹੈ, ਪਰ ਜੇ ਮੈਂ ਇਹ ਕਹਾਂ ਕਿ, ਮੈਨੂੰ ਗੁਰਤੇਜ ਪਸੰਦ ਨਹੀਂ ਆਇਆ ਤਾਂ ਤੂੰ ਕੋਈ ਗਲਤ ਸਟੈੱਪ ਨਾ ਚੁੱਕ ਲਵੇਂ, ਮੈਨੂੰ ਬਹੁਤ ਡਰ ਹੈ।'
ਮਨਰਾਜ ਇੱਕ ਦਮ ਉੱਠੀ ਤੇ ਪਾਪਾ ਦਾ ਹੱਥ ਫੜ੍ਹ ਕੇ ਕਹਿਣ ਲੱਗੀ, ਪਾਪਾ! ਇਹ ਵੀ ਕੋਈ ਵੱਡੀ ਗੱਲ ਹੈ? ਤੁਹਾਨੂੰ ਨਹੀਂ ਪਸੰਦ ਤਾਂ ਅੱਜ ਤੋਂ ਬਾਅਦ ਮੈਨੂੰ ਵੀ ਨਹੀਂ ਪਸੰਦ। ਤੁਸੀਂ ਬਚਪਨ ਤੋਂ ਹੁਣ ਤੱਕ ਮੇਰੀ ਹਰ ਜਾਇਜ਼-ਨਜਾਇਜ਼ ਮੰਗ ਪ੍ਰਵਾਨ ਕੀਤੀ ਹੈ, ਮੇਰੀ ਹਰ ਵਿੱਸ਼ ਪੂਰੀ ਕੀਤੀ ਹੈ, ਮੈਂ ਤੁਹਾਡੀ ਇੱਕ ਵੀ ਵਿਸ਼ ਪੂਰੀ ਨਹੀਂ ਕਰ ਸਕਦੀ। ਤੁਸੀਂ ਜਿੱਥੇ ਕਹੋਗੇ ਮੈਂ ਉੱਥੇ ਹੀ ਵਿਆਹ ਕਰਵਾਵਾਂਗੀ। ਗਲਤ ਸਟੈੱਪ ਚੁੱਕਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਪਾਪਾ। ਤੁਸੀਂ ਇਹ ਕਦੇ ਸੋਚਣਾ ਵੀ ਨਹੀਂ।
ਠੀਕ ਹੈ ਬੇਟਾ! ਜੋ ਲੜਕਾ ਮੈਨੂੰ ਪਸੰਦ ਹੈ ਉਸਦੀ ਫ਼ੋਟੋ ਮੈਂ ਟੇਬਲ ਤੇ ਰੱਖ ਦਿੱਤੀ ਹੈ, ਇੱਕ ਵਾਰ ਦੇਖ ਲਵੀਂ, ਅਸੀਂ ਸਾਰਾ ਪਰਵਾਰ ਤੇਰੇ ਜੁਆਬ ਦਾ ਇੰਤਜ਼ਾਰ ਕਰਾਂਗੇ, ਕਹਿ ਕੇ ਮਨਰਾਜ ਦੇ ਪਾਪਾ ਕਮਰੇ ਵਿੱਚੋਂ ਬਾਹਰ ਨਿਕਲ ਗਏ।
ਦਿਲ ਤੇ ਪੱਥਰ ਰੱਖ ਕੇ, ਮਨਰਾਜ ਨੇ ਫੋਟੋ ਦੇਖੀ ਤਾਂ ਮਾਨੋਂ ਜਿਵੇਂ ਫੁਲਾਂ ਤੇ ਬਹਾਰ ਆ ਗਈ ਹੋਵੇ, ਇਹ ਗੁਰਤੇਜ ਦੀ ਹੀ ਫ਼ੋਟੋ ਸੀ, ਫ਼ੋਟੋ ਹੱਥ ਵਿੱਚ ਫੜ੍ਹੀ ਪਾਪਾ-ਪਾਪਾ ਚੀਕਦੀ ਹੋਈ ਕਮਰੇ ਵਿੱਚੋਂ ਬਾਹਰ ਨਿਕਲੀ ਤਾਂ ਬਾਹਰ ਸਾਰਾ ਮਨਰਾਜ ਦਾ ਸਾਰਾ ਪਰਵਾਰ ਅਤੇ ਗੁਰਤੇਜ ਦੇ ਮੰਮੀ ਪਾਪਾ ਉਸਦਾ ਇੰਤਜ਼ਾਰ ਕਰ ਰਹੇ ਸਨ। ਪਰ ਸੱਭ ਨੂੰ ਅੱਖੋਂ-ਪਰੋਖੇ ਕਰ ਕੇ ਮਨਰਾਜ ਸਿੱਧਾ ਆਪਣੇ ਪਾਪਾ ਦੇ ਗਲ ਲੱਗ ਕੇ ਰੌਣ ਲੱਗ ਪਈ ਤੇ ਲਵ ਯੂ ਪਾਪਾ, ਲਵ ਯੂ ਪਾਪਾ ਦੀ ਸੁਰ ਅਲਾਪਦੀ ਰਹੀ। ਮਨਰਾਜ ਦੇ ਮੰਮੀ ਨੇ ਉਸਨੂੰ ਪਾਪਾ ਤੋਂ ਖਿੱਚ ਕੇ ਆਪਣੇ ਕਲਾਵੇ ਵਿੱਚ ਲਿਆ ਤੇ ਗੁਰਤੇਜ ਦੇ ਮੰਮੀ ਪਾਪਾ ਦੇ ਪੈਰੀਂ ਹੱਥ ਲਗਾ ਕੇ ਬੈਠਣ ਨੂੰ ਕਿਹਾ। ਦੋਨੋਂ ਪਰਵਾਰ ਖੁਸ਼ੀ ਨਾਲ ਫੁੱਲ ਨਾ ਸਮਾ ਰਹੇ ਸਨ। ਸਤੰਬਰ ਮਹੀਨੇ ਤੇ ਆਖ਼ਰੀ ਐਤਵਾਰ ਨੂੰ ਦੋਨਾਂ ਦਾ ਰੋਕਾ ਲਗਾਉਣ ਦੀ ਰਸਮ ਦਾ ਐਲਾਨ ਕੀਤਾ ਗਿਆ।
ਐਨੇ ਨੂੰ ਮਨਰਾਜ ਦੇ ਫੋਨ ਤੇ ਗੁਰਤੇਜ ਦਾ ਮੈਸਜ਼ ਆ ਗਿਆ, ਆਈਸਕ੍ਰੀਮ ਕੌਣ? ਤਾਂ ਮਨਰਾਜ ਨੇ, 'ਗੁਰੀ ਦੀ ਜਾਨ ਦੀ ਜਾਨ' ਲਿਖ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਕਹਿਣ ਲੱਗੀ, ਹੁਣ ਆਈਸਕ੍ਰੀਮ ਵਾਲਾ ਕੰਮ ਖ਼ਤਮ, ਹੁਣ ਜਦ ਮਰਜ਼ੀ ਮੈਸਜ਼ ਕਰੋ, ਫੋਨ ਕਰੋ ਤੇ ਕੁੱਝ ਮਹੀਨਿਆਂ ਬਾਅਦ ਇਹ ਕੰਮ ਵੀ ਖਤਮ ਹੋ ਜਾਣਾ ਕਿਉਂਕਿ ਮੈਂ ਹਮੇਸ਼ਾਂ ਲਈ ਤੁਹਾਡੇ ਕੋਲ ਆ ਜਾਣਾ। ਦੋਨੋਂ ਜਾਣੇ ਕਾਫੀ ਲੰਮਾਂ ਸਮਾਂ ਗੱਲਾਂ ਕਰਦੇ ਰਹੇ।
ਸਤੰਬਰ ਮਹੀਨੇ ਦਾ ਆਖਰੀ ਐਤਵਾਰ ਵੀ ਆ ਗਿਆ। ਦੋਹਾਂ ਪਰਵਾਰਾਂ ਨੇ ਖੂਬ ਤਿਆਰੀ ਕੀਤੀ। ਮਨਰਾਜ ਨੇ ਕਿਹਾ, ਜਦੋਂ ਹੀ ਤੁਸੀਂ ਰਿਜ਼ੋਰਟ ਦੇ ਬਾਹਰ ਆਓਗੇ ਤਾਂ ਅੱਜ ਇੱਕ ਆਖ਼ਰੀ ਵਾਰ 'ਆਈਸਕ੍ਰੀਮ ਕੌਣ?' ਦਾ ਮੈਸਜ਼ ਕਰਨਾ, ਮੈਂ ਰਿਜ਼ੋਰਟ ਵਿੱਚ ਲੱਗੀਆਂ ਵੱਡੀਆਂ ਟੀਵੀ ਸਕਰੀਨਾਂ ਤੇ ਕੈਮਰੇ ਰਾਹੀਂ ਸੱਭ ਨੂੰ ਤੁਹਾਡਾ ਮੈਸਜ਼ ਦਿਖਾਉਣਾ ਤੇ ਮਾਈਕ ਤੋਂ ਬੋਲ ਕੇ ਕਹਿਣਾ, 'ਗੁਰੀ ਦੀ ਜਾਨ ਦੀ ਜਾਨ'। ਗੁਰਤੇਜ ਕਹਿਣ ਲੱਗਾ ਤੂੰ ਛੋਟੀ ਬੱਚੀ ਹੈਂ? ਲ਼ੋਕ ਕੀ ਕਹਿਣਗੇ? ਤਾਂ ਮਨਰਾਜ ਕਹਿਣ ਲੱਗੀ, 'ਮੈਨੂੰ ਨਹੀਂ ਪਤਾ, ਬੱਸ ਮੇਰੀ ਵਿਸ਼ ਹੈ, ਮੈਂ ਸੱਭ ਨੂੰ ਦੱਸਾਂ, ਮੈਂ ਇਸ ਮੈਮੋਰੀ ਨੂੰ ਹਮੇਸ਼ਾਂ ਯਾਦ ਰੱਖਾਂਗੀ ਤੇ ਤੁਸੀਂ ਵੀ ਤੇ ਸਾਰੇ ਰਿਸ਼ਤੇਦਾਰ ਵੀ।' ਤਾਂ ਗੁਰਤੇਜ਼ ਮੰਨ ਗਿਆ।
ਮਨਰਾਜ ਸਟੇਜ ਦੇ ਕੋਲ ਬੈਠੀ ਸੀ, ਮੋਬਾਇਲ ਤੇ ਪਹਿਲਾਂ ਹੀ 'ਗੁਰੂ ਦੀ ਜਾਨ ਦੀ ਜਾਨ' ਟਾਈਪ ਕਰ ਕੇ ਰੱਖ ਲਿਆ, ਕੈਮਰੇ ਮਨਰਾਜ ਵੱਲ ਸੀ। ਗੁਰਤੇਜ ਦਾ ਫੋਨ ਸਵਿੱਚ ਆਫ ਆ ਰਿਹਾ ਸੀ। ਸੱਭ ਪ੍ਰੇਸ਼ਾਨ ਸਨ ਕਿ ਮਨਰਾਜ ਦੇ ਪਾਪਾ ਦੇ ਫੋਨ ਤੇ ਕਿਸੇ ਦਾ ਫੋਨ ਆਇਆ ਕਿ, ਗੁਰਤੇਜ ਦੇ ਪਰਵਾਰ ਦੀ ਗੱਡੀ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਕੋਈ ਵੀ ਨਹੀਂ ਬੱਚ ਸਕਿਆ।
ਪੱਥਰ ਹੋਈਆਂ ਅੱਖਾਂ ਵਿੱਚੋਂ ਵਗਦੇ ਹੁੰਝੂ, ਮੋਬਾਇਲ ਦੇ ਸਕਰੀਨ ਤੇ ਆਈਸਕ੍ਰੀਮ ਕੌਣ ਦਾ ਸੁਨੇਹਾ ਉਡੀਕ ਰਹੇ ਸਨ....