ਲਾਵਾਂ ਫੇਰੇ ਦੀ ਰਸਮ ਸ਼ੁਰੂ ਹੋਣ ਵੇਲੇ ਦੁਲਹਨ ਇਕਦੱਮ ਖੜੀ ਹੋਈ ਤੇ ਜੋਰ ਨਾਲ਼ ਕਹਿਣ ਲੱਗੀ ਇਹ ਸ਼ਾਦੀ ਨਹੀਂ ਹੋ ਸਕਦੀ , ਦੁਲਹਨ ਦੇ ਇਹਨਾਂ ਬੋਲਾਂ ਨਾਲ ਉੱਥੇ ਮੌਜੂਦ ਸੱਭ ਦਾ ਰੰਗ ਉੱਡ ਗਿਆ ਤੇ ਸਾਰੇ ਹੈਰਾਨ ਹੋ ਗਏ। ਦੁਲਹਾ ਵੀ ਖੜਾ ਹੋਇਆ ਤੇ ਦੁਲਹਨ ਨੂੰ ਕਹਿਣ ਲੱਗਾ, 'ਕੀ ਕਹਿ ਰਹੇ ਹੋ ਤੁਸੀਂ ? ਮੈਂ ਜੋ ਵੀ ਕਹਿ ਰਹੀ ਹਾਂ ਪੂਰਾ ਸੋਚ ਸਮਝ ਕੇ ਤੇ ਹੋਸ਼ੋ ਹਵਾਸ ਚ ਕਹਿ ਰਹੀ ਹਾਂ, ਇਸ ਤੇ ਉੱਥੇ ਮੌਜੂਦ ਸੱਭਨਾ ਚ ਘੁਸਰ ਮੁਸਰ ਸ਼ੁਰੂ ਹੋ ਗਈ। ਇਹ ਵੇਖ ਮੁੰਡੇ ਦੀ ਮਾਂ ਅੱਗੇ ਵਧੀ ਤੇ ਕੁੜੀ ਦੀ ਬਾਂਹ ਫੜ ਕੇ ਕਹਿਣ ਲੱਗੀ ਬੇਟਾ ਇਹ ਤੁਸੀਂ ਕੀ ਬੋਲੀ ਜਾ ਰਹੇ ਹੋ, ਮੁੰਡੇ ਦਾ ਪਿਓ ਵੀ ਕੁੜੀ ਨੂੰ ਕਹਿਣ ਲੱਗਾ ਇਹ ਕੀ ਕਰ ਰਹੇ ਹੋ ਸਾਰੇ ਰਿਸ਼ਤੇਦਾਰਾਂ ਸਾਮ੍ਹਣੇ ਸਾਡੀ ਇਜ਼ੱਤ ਦਾ ਫਲੂਦਾ ਹੋ ਰਿਹਾ, ਆਖਿਰ ਇੰਝ ਕਰ ਕਿਉਂ ਰਹੀ ਹੋ,, ? ਇਸ ਤੇ ਕੁੜੀ (ਦੁਲਹਨ) ਬੋਲੀ.. ਤੁਹਾਡਾ ਖਾਨਦਾਨ ਤੇ ਸਟੇਟਸ ਸਾਡੀ ਹੈਸੀਅਤ ਦੇ ਬਰਾਬਰ ਨਹੀਂ, ਤੇ ਤੁਹਾਡਾ ਘਰ ਵੀ ਛੋਟਾ ਹੈ ਤੇ ਕਾਰ ਵੀ ਓਲਡ ਮਾਡਲ ਹੈ, ਤੇ ਤੁਹਾਡੇ ਕੋਲ ਮੇਰੇ ਲਈ ਵਖਰੀ ਕਾਰ ਵੀ ਨਹੀਂ ਐਸੇ ਲਈ ਤੁਸੀਂ ਦਹੇਜ ਦੇ ਵਿੱਚ ਸਾਡੇ ਕੋਲੋਂ ਕਾਰ ਤੇ ਹੋਰ ਮਹਿੰਗੀਆਂ ਚੀਜ਼ਾਂ ਦੀ ਮੰਗ ਕਰ ਰਹੇ ਹੋ। ਮੈਂ ਸ਼ਾਹੀ ਖਾਨਦਾਨ ਦੀ ਧੀ ਹਾਂ ਮੈਂ ਤੁਹਾਡੇ ਵਰਗੇ ਦਿਖਾਉ ਅਮੀਰਾਂ ਨਾਲ, ਛੋਟੀ ਔਕਾਤ ਵਾਲਿਆਂ ਨਾਲ ਤੇ ਦਾਜ ਮੰਗਣ ਵਾਲੇ ਮੰਗਤਿਆਂ ਨਾਲ ਰਿਸ਼ਤਾ ਨਹੀਂ ਜੋੜ ਸਕਦੀ।
ਇਹ ਸੱਭ ਸੁਣਕੇ ਮੁੰਡੇ ਦਾ ਪਿਓ ਹੌਲ਼ੀ ਜਹੀ ਬੋਲਿਆ ਬੇਟਾ ਇਹ ਸੱਭ ਗੱਲਾਂ ਤਾਂ ਪਹਿਲੋ ਹੋ ਚੁੱਕੀਆਂ ਤੇ ਤੁਹਾਨੂੰ ਮਨਜੂਰ ਵੀ ਸਨ ਤਾਹੀ ਤਾਂ ਰਿਸ਼ਤਾ ਪੱਕਾ ਹੋਇਆ ਸੀ ਤੇ ਹੁਣ ਏਸ ਵੇਲੇ ਇਹ ਸੱਭ...
ਹਾਂ ਏਸੇ ਵੇਲੇ, ਹੁਣੇ, ਸੱਭ ਦੇ ਸਾਹਮਣੇ ਮੈਂ ਇਹ ਰਿਸ਼ਤਾ ਤੋੜਦੀ ਹਾਂ ਤੇ ਕਿਸੇ ਕੀਮਤ ਤੇ ਇਹ ਵਿਆਹ ਨਹੀਂ ਹੋਵੇਗਾ .. ਆਪਣਾ ਅਟਲ ਫੈਂਸਲਾ ਸੁਣਾਉਂਦੇ ਕੁੜੀ ਨੇ ਆਪਣੇ ਘੂੰਘਟ ਨੂੰ ਹਟਾ ਕੇ ਉਪਰ ਕੀਤਾ,
ਤੂੰ.... ਅੱਚੰਭੇ ਵਿੱਚ ਇੱਕੋ ਸਵਰ ਚ ਮੁੰਡੇ ਦਾ ਪਿਓ ਤੇ ਮਾਂ ਇਕੱਠੇ ਬੋਲੇ,
ਹਾਂ ਮੈਂ.. ਸਿਮਰਨ, ਓਹੀ ਸਿਮਰਨ ਜਿਸਦਾ ਰਿਸ਼ਤਾ ਤੁਹਾਡੇ ਵੱਡੇ ਮੁੰਡੇ ਨਾਲ ਹੋਇਆ ਸੀ, ਤੇ ਤੁਸੀਂ ਠੀਕ ਲਾਵਾਂ ਫੇਰੇ ਦੇ ਸਮੇਂ ਰਿਸ਼ਤਾ ਤੋੜ ਦਿੱਤਾ ਸੀ ਕਿਉਂਕਿ ਮੇਰੇ ਪਾਪਾ ਤੁਹਾਡੇ ਵਲੋਂ ਦਹੇਜ ਚ ਮੰਗੇ ੨ ਲੱਖ ਰੁਪਏ ਦਾ ਪ੍ਰਬੰਧ ਨਹੀਂ ਕਰ ਸਕੇ ਸਨ ਤੇ ਮੇਰੇ ਪਾਪਾ ਦੇ ਤਰਲੇ ਮਿੰਨਤਾਂ, ਤੇ ਬਾਦ ਵਿੱਚ ਰੁਪਏ ਦੇਣ ਦਾ ਵਾਅਦਾ ਵੀ ਨਹੀਂ ਮੰਨਿਆ ਤੇ ਆਪਣੇ ਮੁੰਡੇ ਨੂੰ ਲੈ ਕੇ ਬਿਨ੍ਹਾਂ ਸਾਡੀ ਇਜ਼ੱਤ ਬਾਰੇ ਸੋਚੇ ਚਲੇ ਗਏ ।
ਤੁਸੀਂ ਤਾਂ ਚਲੇ ਗਏ ਪਰ ਸਾਡੇ ਘਰ ਬਰਬਾਦੀ ਪਾ ਗਏ, ਮੇਰੇ ਪਾਪਾ ਜੋ ਕੇ ਦਿਲ ਦੇ ਮਰੀਜ਼ ਸਨ ਤੁਹਾਡੀ ਇਸ ਗਿਰੀ ਹੋਈ ਕਰਤੂਤ ਕਰ ਕੇ ਨਿਮੋਸ਼ੀ ਤੇ ਦੁੱਖ ਨਾ ਸਹਾਰ ਸਕੇ ਤੇ ਹਾਰਟ ਅਟੈਕ ਨਾਲ ਉਹਨਾਂ ਦੀ ਮੌਤ ਹੋ ਗਈ,,,, ਸਿਮਰਨ ਗੁੱਸੇ ਨਾਲ ਭਰੀ ਇਕੋ ਸਾਹੇ ਇਹ ਸੱਭ ਬੋਲ ਰਹੀ ਸੀ ਤੇ ਓਥੇ ਮੌਜੂਦ ਹਰ ਵਿਅਕਤੀ ਉਸਨੂੰ ਬੜੇ ਧਿਆਨ ਨਾਲ ਸੁਣ ਰਿਹਾ ਸੀ,,, ਸਿਮਰਨ ਨੇ ਬਿਨਾ ਰੁਕੇ ਬੋਲਣਾ ਜਾਰੀ ਰੱਖਿਆ.. ਤੇ ਆਪਣੇ ਪਾਪਾ ਦਾ ਹੱਥ ਫੜ ਕੇ ਤੁਹਾਨੂੰ ਤੁਹਾਡੀ ਕਰਤੂਤ ਦੀ ਸਜਾ ਦਵਾਉਣ ਦੀ ਕਸਮ ਖਾਧੀ ਸੀ, ਓਸ ਵੇਲੇ ਤੁਸੀਂ ਆਪਣੇ ਮੁੰਡੇ ਦਾ ਸੌਦਾ ਕਰ ਰਹੇ ਸੀ ਤੇ ਲਾਲਚ ਵਿੱਚ ਏਨੇ ਅੰਨ੍ਹੇ ਹੋ ਚੁੱਕੇ ਸੀ ਤੁਹਾਨੂੰ ਮੇਰੀ ਪੜਾਈ, ਮੇਰੀ ਕਾਬਲੀਅਤ ਕੁੱਝ ਨਾ ਦਿੱਸਿਆ, ਤੇ ਅੱਜ ਮੇਰੀ ਓਸੇ ਪੜਾਈ ਤੇ ਕਾਬਲੀਅਤ ਨੇ ਅੱਜ ਮੈਨੂੰ ਸ਼ਹਿਰ ਦੀ ਸੱਭ ਤੋਂ ਨਾਮਵਾਰ ਤੇ ਸੱਭ ਤੋਂ ਜਿਆਦਾ ਫ਼ੀਸ ਲੈਣ ਵਾਲੀ ਵਕੀਲ ਹਾਂ ਤੇ ਤੁਹਾਡੀ ਔਕਾਤ ਅੱਜ ਮੇਰੀ ਹੈਸੀਅਤ ਅੱਗੇ ਕੁੱਝ ਵੀ ਨਹੀਂ , ਤਿਆਰ ਹੋ ਜਾਓ ਤੁਹਾਡੇ ਜੇਲ ਜਾਣ ਦਾ ਬੰਦੋਬਸਤ ਕਰ ਕੇ ਆਈ ਹਾਂ,, ਇਹ ਸੁਣਕੇ ਮੁੰਡੇ ਦੇ ਮਾਂ ਪਿਓ ਤੇ ਮੁੰਡੇ ਦੇ ਭਰਾ (ਜਿਸਦਾ ਰਿਸ਼ਤਾ ਸਿਮਰਨ ਨਾਲ ਹੋਇਆ ਸੀ) ਤੇ ਮੁੰਡੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਮੁੰਡੇ ਦੇ ਪਿਓ ਨੇ ਫਿਰ ਸਿਮਰਨ ਨੂੰ ਕਿਹਾ ਪਰ ਤੂੰ ਏਥੇ ਕਿਵੇਂ ਅਸਲੀ ਦੁਲਹਨ ਕਿੱਥੇ ਹੈ ਜਿਸ ਕੁੜੀ ਨਾਲ਼ ਅਸੀਂ ਆਪਣੇ ਮੁੰਡੇ ਦਾ ਰਿਸ਼ਤਾ ਕੀਤਾ??
ਤਾਂ ਸਿਮਰਨ ਨੇ ਜਿਵੇਂ ਹੀ ਅਵਾਜ਼ ਲਗਾਈ ਤਾਂ ਉਹ ਕੁੜੀ ਅੱਗੇ ਆ ਗਈ,, ਸਿਮਰਨ ਬੋਲੀ ਇਹ ਮੇਰੀ ਪਰਸਨਲ ਸੇਕ੍ਰੇਟਰੀ ਨੇਹਾ ਹੈ ਤੇ ਜੋ ਇਸਦੇ ਮਾਂ ਪਿਓ ਬਣੇ ਓਹ ਮੇਰੇ ਘਰ ਦੇ ਕਾਮੇ ਹਨ। ਮੈਨੂੰ ਪਤਾ ਚੱਲਿਆ ਸੀ ਕਿ ਤੁਸੀਂ ਆਪਣੇ ਛੋਟੇ ਮੁੰਡੇ ਲਈ ਰਿਸ਼ਤਾ ਲੱਭ ਰਹੇ ਹੋ ਸੋ ਨੇਹਾ ਦਾ ਰਿਸ਼ਤਾ ਮੈਂ ਹੀ ਇਸ ਪਲਾਨ ਤਹਿਤ ਤੁਹਾਡੇ ਕੋਲ ਭਿਜਵਾਇਆ ਸੀ ਕਿਉਂਕਿ ਮੈਨੂੰ ਤੁਹਾਡੀ ਲਾਲਚੀ ਬਿਰਤੀ ਦਾ ਚੰਗੀ ਤਰ੍ਹਾਂ ਪਤਾ ਸੀ ਕਿ ਤੁਸੀਂ ਕੁੜੀ (ਨੇਹਾ) ਦੀ ਅਮੀਰੀ ਦੇਖ ਕੇ ਸ਼ਾਹੀ ਠਾਠ ਬਾਠ ਦੇਖ ਕੇ ਜਰੂਰ ਰਿਸ਼ਤਾ ਕਰੋਗੇ ਜੋ ਕਿ ਅਸਲ ਚ ਸੱਭ ਮੇਰਾ ਹੈ,, ਤੇ ਅੱਜ ਤੁਹਾਡੀ ਇਜ਼ੱਤ ਸ਼ਰ੍ਹੇਆਮ ਨੀਲਾਮ ਹੋਊ ਤੇ ਮੇਰੀ ਆਪਣੇ ਪਾਪਾ ਨੂੰ ਦਿੱਤੀ ਕਸਮ ਪੂਰੀ ਹੋਊ,,, ਹੁਣ ਸਾਰੀ ਘੁਸਰ ਮੁਸਰ ਬੰਦ ਸੀ ਤੇ ਪੁਰੀ ਤਰ੍ਹਾਂ ਸੁੰਨ ਪਸਰੀ ਹੋਈ,, ਮੁੰਡੇ ਦੇ ਮਾਂ ਪਿਓ ਤੇ ਭਰਾ ਦਾ ਚਿਹਰਾ ਸ਼ਰਮ ਨਾਲ ਝੁਕਿਆ ਹੋਇਆ ਸੀ, ਕਿਉਂਕਿ ਉੱਥੇ ਮੌਜੂਦ ਓਹਨਾ ਦੇ ਕਈ ਦੀਨ ਈਮਾਨ ਵਾਲੇ ਰਿਸ਼ਤੇਦਾਰ ਵੀ ਓਹਨਾ ਦੀ ਇਸ ਕੀਤੀ ਕਰਤੂਤ ਤੇ ਉਹਨਾਂ ਨੂੰ ਲਾਹਨਤਾਂ ਪਾ ਰਹੇ ਸਨ,
ਸਿਮਰਨ ਨੇ ਜਿਵੇਂ ਹੀ ਇੰਸਪੈਕਟਰ ਪੁਕਾਰਿਆ ਇਕ ਇੰਸਪੈਕਟਰ ਕਾਂਸਟੇਬਲ ਤੇ ਲੇਡੀ ਕਾਂਸਟੇਬਲ ਅੰਦਰ ਆਏ ਤੇ ਸਿਮਰਨ ਨੇ ਕਿਹਾ ਕਿ ਇਹਨਾਂ ਨੂੰ ਦਹੇਜ ਮੰਗਣ ਦੇ ਜੁਰਮ ਚ ਗ੍ਰਿਫਤਾਰ ਕੀਤਾ ਜਾਵੇ।
ਮੁੰਡੇ ਦਾ ਮਾਂ ਪਿਓ ਸਿਮਰਨ ਨੂੰ ਹੱਥ ਜੋੜ ਬੇਨਤੀ ਕਰਨ ਲੱਗੇ ਬੇਟਾ ਇਸਤਰ੍ਹਾਂ ਨਾ ਕਰੋ ਸਾਡੇ ਕੋਲੋਂ ਗਲਤੀ ਹੋ ਗਈ ਸੀ ਸਾਨੂੰ ਮਾਫ ਕਰਦੋ ਤੇ ਗ੍ਰਿਫਤਾਰ ਨਾ ਕਰਵਾਓ,, ਤਾਂ ਸਿਮਰਨ ਗੁੱਸੇ ਨਾਲ ਬੋਲੀ ਤੁਹਾਡੀ ਮੁਆਫੀ ਮੇਰੇ ਪਾਪਾ ਨੂੰ ਵਾਪਿਸ ਲਿਆ ਸਕਦੀ ਹੈ? ਤੁਹਾਡੇ ਵਰਗੇ ਦਹੇਜ ਦੇ ਲੋਭੀਆਂ ਕਰ ਕੇ ਪਤਾ ਨਹੀਂ ਕਿੰਨੀਆਂ ਕੁੜੀਆਂ ਦੇ ਮਾਤਾ ਪਿਤਾ ਮਰ ਜਾਂਦੇ ਜਾਂ ਮਜਬੂਰ ਹੋ ਜਾਂਦੇ ਖੁਦਕੁਸ਼ੀਆਂ ਲਈ, ਤੁਹਾਡੇ ਦਹੇਜ ਲੋਭੀਆਂ ਕਰ ਕੇ ਲੋਕ ਧੀਆਂ ਜੰਮਣ ਤੋਂ ਪਹਿਲਾਂ ਮਰਵਾ ਦਿੰਦੇ ਨੇ, ਤੁਹਾਡੇ ਦਹੇਜ ਲੋਭੀਆਂ ਕਰ ਕੇ ਪਤਾ ਨਹੀਂ ਕਿੰਨੀਆਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ। ਲਾਹਨਤ ਹੈ ਤੁਹਾਡੇ ਵਰਗੇ ਦਹੇਜ ਲੋਭੀਆਂ ਤੇ ਜੋ ਧੀਆਂ ਦੀ ਪੜ੍ਹਾਈ ਲਿਖਾਈ, ਕਾਬਲੀਅਤ, ਗੁਣ ਨਹੀਂ ਦੇਖਦੇ ਤੇ ਆਪਣੇ ਮੁੰਡੇ ਦਾ ਸੌਦਾ ਕਰਦੇ ।
ਤੁਹਾਡੇ ਵਰਗੇ ਦਹੇਜ ਲੋਭੀਆਂ ਨੂੰ ਮੁਆਫੀ ਨਹੀਂ ਸਿਰਫ਼ ਸਜਾ ਮਿਲਣੀ ਚਾਹੀਦੀ ਹੈ ਤੇ ਤੁਹਾਡੇ ਵਰਗੇ ਲਾਲਚੀਆਂ ਨੂੰ ਸਬਕ ਸਿਖਾਉਣ ਹੀ ਇਸ ਵਕੀਲ ਸਾਹਿਬਾ ਦੀ ਜਿੰਦਗੀ ਦਾ ਮਕਸਦ ਹੈ,
ਸਿਮਰਨ ਦੇ ਇਸ਼ਾਰੇ ਤੇ ਕਾਂਸਟੇਬਲ ਬਾਹੋਂ ਫੜ ਮੁੰਡੇ ਦੇ ਪਿਓ ਮਾਂ ਨੂੰ ਬਾਹਰ ਖੜ੍ਹੀ ਪੁਲਿਸ ਵੈਨ ਵੱਲ ਲਿਜਾਣ ਲੱਗੇ।
ਸਿਮਰਨ ਦੀਆਂ ਅੱਖਾਂ ਵਿੱਚ ਜਿੱਤ ਦੀ ਇੱਕ ਚਮਕ ਅਤੇ ਨਾਲ ਹੀ ਹੰਝੂ ਸਨ ਜਿਵੇਂ ਉਸਨੇ ਆਪਣੇ ਪਾਪਾ ਦੀ ਰੋਲੀ ਇਜ਼ੱਤ ਦਾ ਬਦਲਾ ਲੈ ਲਿਆ ਹੋਵੇ,,