ਤਾਏ ਗੋਪਾਲ ਦਾ ਘੋੜਾ (ਪਿਛਲ ਝਾਤ )

ਓਮਕਾਰ ਸੂਦ ਬਹੋਨਾ   

Email: omkarsood4@gmail.com
Cell: +91 96540 36080
Address: 2467,ਐੱਸ.ਜੀ.ਐੱਮ.-ਨਗਰ
ਫ਼ਰੀਦਾਬਾਦ Haryana India 121001
ਓਮਕਾਰ ਸੂਦ ਬਹੋਨਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਉਸ ਦਿਨ ਤਾਇਆ ਗੋਪਾਲ ਚੰਦ ਨਿਮੋਝੂਣਾ ਜਿਹਾ ਉਦਾਸ ਬੈਠਾ ਸੀ।ਮੈਂ ਤਾਏ ਨੂੰ ਚਾਹ ਫੜਾਉਂਦਿਆਂ ਪੁੱਛਿਆ-ਕੀ ਗੱਲ ਤਾਇਆ ਜੀ,ਕੁਝ ਨੀਰਜ ਜਿਹੇ ਲੱਗ ਰਹੇ ਓ! ਤਾਂ ਤਾਇਆ ਰਵਾਂਸੀ ਜਿਹੀ ਅਵਾਜ ਵਿੱਚ ਪੋਲੇ ਜਿਹੇ ਮੂੰਹ ਨਾਲ ਬੋਲਿਆ,"ਨਹੀਂ ਪੁੱਤ ਤੈਨੂੰ ਊਂ ਹੀ ਵਹਿਮ ਜਿਹਾ ਹੋ ਗਿਆ।ਊਂ ਉਦਾਸੀ ਵਾਲੀ ਕੋਈ ਗੱਲ ਨਹੀਂ ਹੈ" ਕਹਿ ਕੇ ਸੋਚੀਂ ਡੁੱਬੇ ਤਾਏ ਨੇ ਅਚੇਤ ਹੀ ਗਿਲਾਸੀ ਵਿੱਚੋਂ ਚਾਹ  ਦਾ ਸੜਾਕਾ ਮਾਰਿਆ।ਚਾਹ ਤੱਤੀ ਹੋਣ ਕਰਕੇ ਤਾਏ ਦਾ ਮੂੰਹ ਸੁੰਗੜ ਜਿਹਾ ਗਿਆ।ਤਾਏ ਦੀਆਂ ਅੱਖਾਂ ਮੀਚੀਆਂ ਗਈਆਂ।ਅੱਖਾਂ 'ਚੋਂ ਪਾਣੀ ਸਿੱਮ ਆਇਆ। ਤਾਇਆ ਚਿੜੇ ਵਾਂਗ ਮੂੰਹ ਜਿਹਾ ਅੱਡ ਕੇ ਬੋੜੇ ਮੂੰਹ ਨੂੰ ਠਾਰਦਾ ਹੋਇਆ ਬੁੜਬੜਾਇਆ-" ਮੂੰਹ ਈ ਮੱਚ ਜਾਣਾ ਸੀ ਸਹੁਰੀ ਦਾ।"  
ਮੈਂ ਕਿਹਾ, " ਤਾਇਆ ਜੀ ।ਹੌਲੀ-ਹੌਲੀ ਘੁੱਟਾਂ ਭਰੋ।ਜਿਆਦਾ ਤੱਤਾ ਲੱਕਿਆਂ ਮੂੰਹ ਲੂਸਿਆ ਜਾਂਦਾ ਏ "
"ਹਾਂ" ਕਹਿ ਕੇ ਤਾਏ ਨੇ ਆਪਣੀ ਗੱਲ ਦਾ ਮੁੱਢ ਜਿਹਾ ਬੰਨ੍ਹ ਲਿਆ।ਮੈਂ ਵੀ ਸੂਤ ਹੋ ਕੇ ਤਾਏ ਦੇ ਮੰਜੇ ਦੀ ਪੈਂਦ ਵਾਲੇ ਪਾਸੇ ਬੈਠ ਗਿਆ।ਤਾਏ ਨੇ ਫੂਕ ਮਾਰ ਕੇ ਚਾਹ ਦੀ ਘੁੱਟ ਭਰੀ ਤੇ ਆਪਣੀ ਗੱਲ ਸੁਣਾ ਕੇ ਆਪਣੇ ਦਿਲ ਦਾ ਭਾਰ ਹਲਕਾ ਕਰਨਾ ਸ਼ੁਰੂ ਕਰ ਦਿੱਤਾ। "ਪੁੱਤਰਾ ਮੈਂ ਵੀ ਜਵਾਨੀ ਵੇਲੇ ਕਾਹਲਾ ਵੱਗ ਗਿਆ ਸੀ।ਤੇਰੇ ਪਿਓ ਦਾ ਕਹਿਣਾ ਮੰਨ ਲੈਂਦਾ ਤਾਂ ਮੇਰਾ ਮੁੰਡਾ ਪਾਕਿਸਤਾਨ ਜਾਣੋ ਬਚ ਜਾਂਦਾ।ਘਰ ਵਾਲੀ ਵੀ ਟਿਕੀ ਰਹਿੰਦੀ।ਮੈਂ ਸਭ ਤੋਂ ਬੇਪ੍ਰਵਾਹ ਹੋ ਕੇ ਆਪਣੇ ਘੋੜੇ ਭਜਾਉਂਦਾ ਰਿਹਾ।ਅਖੀਰ ਮੇਰਾ ਘੋੜਾ ਪਾਕਿਸਤਾਨ ਭੱਜ ਗਿਆ।"ਕਹਿ ਕੇ ਤਾਇਆ ਹੀ-ਹੀ ਕਰਕੇ ਹੱਸਣ ਲੱਗ ਪਿਆ।ਤਾਏ ਦੀ ਅੱਧੀ-ਅਧੂਰੀ ਜਿਹੀ ਗੱਲ ਸੁਣਕੇ ਮੈਂ ਡੌਰ-ਭੌਰ ਜਿਹਾ ਤਾਏ ਦੇ ਮੂੰਹ ਵੱਲ ਵੇਖਣ ਲੱਗ ਪਿਆ।ਤਾਏ ਦਾ ਮੁੰਡਾ,ਘਰਵਾਲੀ ,ਇੱਕ ਬੁਝਾਰਤ ਜਿਹੀ ਬਣ ਕੇ ਮੇਰੇ ਜ਼ਿਹਨ ਵਿੱਚ ਖੌਰੂ ਪਾਉਣ ਲੱਗ ਪਏ।ਪਹਿਲਾਂ ਤਾਂ ਮੈਨੂੰ ਕੁਝ ਪਤਾ ਨਹੀਂ ਸੀ ਇਸ ਸਭ ਕਾਸੇ ਦਾ।ਮੈਂਨੂੰ ਜਾਪਿਆ ਤਾਇਆ ਠੱਠਾ ਕਰ ਰਿਹਾ ਹੈ।ਫਿਰ ਮੈਂਨੂੰ ਤਾਏ ਦੇ ਮੂੜ ਤੋਂ ਗੱਲ ਗੰਭੀਰ ਜਾਪੀ।ਮੇਰੀ ਦਿਲਚਸਪੀ ਵੱਧ ਗਈ। ਮੈਂ ਤਾਏ ਨੂੰ ਸਾਰੀ ਵਿਥਿਆ ਵਿਸਥਾਰ ਨਾਲ ਸੁਣਾਉਣ ਲਈ ਮਨਾ ਲਿਆ।ਇਹ ਇੱਕ ਦਿਲਚਸਪ ਤੇ ਦੁਖਦਾਈ ਘਟਨਾ ਹੈ ਜੋ ਤਾਏ ਨੇ ਮੈਨੂੰ ਤਰੀਕਾਂ ਸਮੇਤ ਆਪਣੀ ਜਬਾਨੀ ਸੁਣਾਈ।
                               ੧੫ ਅਗਸਤ ੧੯੪੭ ਤੋਂ ਕੁਝ ਮਹੀਨੇ ਬਾਅਦ ਦੀ ਘਟਨਾ ਹੈ।ਮੇਰੇ ਪਿਤਾ ਜੀ ਜੋ ਉਮਰ ਵਿੱਚ ਤਾਏ ਤੋਂ ਛੋਟੇ ਸਨ ੧੯੪੧ ਵਿੱਚ ਵਿਆਹੇ ਗਏ ਸਨ ਪਰ ਤਾਇਆ ਅਜੇ ਛੜਾ ਹੀ ਤੁਰਿਆ ਫਿਰਦਾ ਸੀ।ਉਹ ਕਿਵੇਂ ਨਾ ਕਿਵੇਂ ਵਿਆਹ ਕਰਾਉਣ ਦੇ ਚੱਕਰ ਵਿੱਚ ਸੀ।ਜਦੋਂ ਕਦੇ ਤਾਏ ਦੇ ਵਿਆਹ ਦੀ ਗੱਲ ਤੁਰਦੀ ਤਾਏ ਦੇ ਪੈਰ ਭੋਂਇ ਨਾ ਲਗਦੇ।ਉਹ ਵਿਚੋਲੇ ਦੀ ਗੁਲਾਮੀ ਕਰਨ ਤੱਕ ਤਿਆਰ ਹੋ ਜਾਂਦਾ ਸੀ।ਪਰ ਫਿਰ ਵੀ ਤਾਏ ਦੀ ਕਿਸਮਤ ਸਾਥ ਨਾ ਦਿੰਦੀ।ਤਾਏ ਦਾ ਰਿਸ਼ਤਾ ਜੁੜਦੇ-ਜੁੜਦੇ ਐਨ ਮੌਕੇ 'ਤੇ ਆ ਕੇ ਟੁੱਟ ਜਾਂਦਾ।ਤਾਇਆ ਵਿਚਾਰਾ ਬਣਕੇ ਰਹਿ ਜਾਂਦਾ।ਤਾਏ ਦੀ ਕੋਈ ਵਾਹ ਨਾ ਚੱਲਦੀ।ਬੇਬਸੀ ਐਨੀ ਕਿ ਤਾਇਆ ਕਿਸੇ ਵੀ ਜਾਤ-ਧਰਮ ਵਿੱਚ ਵਿਆਹ ਕਰਵਾ ਲੈਣਾ ਚਾਹੁੰਦਾ ਸੀ।ਇਸੇ ਦਰਮਿਆਨ ਵਿਆਹ ਕਰਾਉਣ ਦਾ ਇੱਕ ਮੌਕਾ ਤਾਏ ਨੂੰ ਮਿਲ ਹੀ ਗਿਆ।ਮੋਗੇ ਕਾਂਗਰਸ ਕਮੇਟੀ ਵਾਲਿਆਂ ਨੇ ਐਲਾਨ ਕੀਤਾ ਕਿ ਇੱਕ ਤੀਹ-ਬੱਤੀ ਸਾਲਾਂ ਦੀ ਔਰਤ ਹੈ।ਉਹ ਮਿੰਟਗੁਮਰੀ (ਪਾਕਿਸਤਾਨ)ਤੋਂ ਉੱਜੜ ਕੇ ਆਈ ਹੈ।ਉਸ ਦਾ ਸਾਰਾ ਪਰੀਵਾਰ ਫਸਾਦਾਂ ਵਿੱਚ ਮਾਰਿਆ ਗਿਆ ਹੈ।ਇਸ ਵਕਤ ਉਹ ਬੇਸਹਾਰਾ ਔਰਤ ਕਮੇਟੀ ਦੀ ਸ਼ਰਨ ਵਿੱਚ ਹੈ।ਕਾਂਗਰਸ ਕਮੇਟੀ ਵਾਲੇ ਉਸ ਦਾ ਵਿਆਹ ਕਰਨਾ ਚਾਹੁੰਦੇ ਹਨ।ਕੋਈ ਵੀ ਲੋੜਵੰਦ ਵਿਆਹ ਦੇ ਇਛੁਕ ਵਿਅੱਕਤੀ ਅਰਜੀ ਦੇ ਸਕਦੇ ਹਨ।ਕਮੇਟੀ ਉਸ ਔਰਤ ਦੀ ਸਹਿਮਤੀ ਨਾਲ ਵਰ ਦੀ ਚੋਣ ਖੁਦ ਕਰੇਗੀ।ਇਹ ਤਾਏ ਵਾਸਤੇ ਇੱਕ ਤਰ੍ਹਾਂ ਦੀ ਲਾਟਰੀ ਸੀ।ਲਾਟਰੀ ਨਿਕਲ ਆਈ ਤਾਂ ਮੌਜਾਂ ਲੱਗ ਜਾਣਗੀਆਂ।ਤਾਏ ਦਾ ਘਰ ਵਸ ਜਾਊ।ਛੜਾ ਤਾਇਆ ਵੀ ਵਿਆਹਿਆਂ ਵਿੱਚ ਸ਼ਾਮਲ ਹੋ ਜਾਵੇਗਾ।ਪਹਿਲਾਂ ਤਾਂ ਤਾਏ ਨੇ ਨਾਂਹ-ਨੁਕਰ ਜਿਹੀ ਕੀਤੀ ਕਿ ਮੇਰੀ ਅਰਜੀ ਕਿੱਥੇ ਮਨਜ਼ੂਰ ਹੋਣੀ ਹੈ ? ਪਰ ਮੇਰੇ ਪਿਓ ਅਤੇ ਦਾਦੀ ਨੇ ਕਹਿ ਕਹਾ ਕੇ ਤਾਏ ਤੋਂ ਦਰਖਾਸਤ ਦਿਲਵਾ ਦਿੱਤੀ।ਤਾਏ ਦੇ ਚੰਗੇ ਭਾਗਾਂ ਨੂੰ ਅਰਜੀ ਮਨਜ਼ੂਰ ਹੋ ਗਈ।ਉਸ ਵਕਤ ਤਾਏ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ।ਤਾਇਆ ਆਸਮਾਨ ਵਿੱਚ ਉੱਡਦਾ ਫਿਰ ਰਿਹਾ ਸੀ।ਤਾਏ ਦਾ ਵਿਆਹ ਕਰਵਾਉਣ ਦਾ ਸੁਪਨਾ ਸਾਕਾਰ ਹੋ ਗਿਆ ਸੀ।
                                    ਉਸ ਵਕਤ ਕਾਂਗਰਸ ਕਮੇਟੀ ਵਾਲਿਆਂ ਤਾਏ ਤੋਂ ੫੦੦/-ਰੁਪੱਈਏ ਬਤੌਰ ਸਕਿਊਰਟੀ ਜਮਾਂ ਕਰਵਾ ਲਏ ਕਿ ਵਿਆਹ ਤੋਂ ਦੋ ਸਾਲ ਤੱਕ ਜੇ ਪਤੀ-ਪਤਨੀ ਵਿੱਚ ਕੋਈ ਝਗੜਾ-ਝਗੜੇਲਾ ਨਹੀਂ ਹੁੰਦਾ ਤਾਂ ਉਹ ਰਕਮ ਵਿਆਜ ਸਮੇਤ ਉਸ ਵਿਅਕਤੀ ਨੂੰ ਵਾਪਸ ਕਰ ਦਿੱਤੀ ਜਾਵੇਗੀ।ਜੇ ਕਿਸੇ ਗੱਲੋਂ ਛੱਡ-ਛੁਡਾ ਹੋ ਜਾਂਦਾ ਹੈ ਤਾਂ ਉਹ ਰਕਮ ਉਸ ਬੇਸਹਾਰਾ ਔਰਤ ਨੂੰ ਦੇ ਦਿੱਤੀ ਜਾਵੇਗੀ ।ਮਰਦ ਦਾ ਉਨ੍ਹਾਂ ਪੈਸਿਆਂ ਤੇ ਕੋਈ ਹੱਕ ਨਹੀਂ ਰਹੇਗਾ।ਇਉਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ੧੨ ਅਕਤੂਬਰ ੧੯੪੭ ਨੂੰ ਤਾਏ ਦੀ ਸ਼ਾਦੀ ਸਪੰਨ ਹੋ ਗਈ।ਤਾਇਆ ਵੀ ਸੁਪਨਿਆਂ ਦੀ ਦੁਨੀਆਂ 'ਚੋਂ ਨਿਕਲ ਕੇ ਅਸਲੀ ਵਿਆਹਿਆਂ ਵਿੱਚ ਸ਼ਾਮਲ ਹੋ ਗਿਆ ਸੀ।ਉਸ ਔਰਤ ਯਾਨੀ ਮੇਰੀ ਤਾਈ ਨੇ ਤਾਏ ਨੂੰ ਆਪਣਾ ਨਾਂ 'ਲਾਲ ਦੇਈ' ਦੱਸਿਆ।ਉਸ ਨੇ ਦੱਸਿਆ ਕਿ ਉਸ ਦਾ ਸਾਰਾ ਪਰੀਵਾਰ ਫਸਾਦਾਂ ਵਿੱਚ ਮਾਰਿਆ ਜਾ ਚੁੱਕਿਆ ਹੈ।ਉਸ ਦਾ ਇੱਕ ਛੋਟਾ ਭਰਾ ਪੁਲਿਸ ਵਿੱਚ ਸਿਪਾਹੀ ਹੈ।ਉਸ ਨੂੰ ਆਪਣੇ ਉਸ ਭਰਾ ਦਾ ਵੀ ਕੋਈ ਅਤਾ-ਪਤਾ ਨਹੀਂ ਉਹ ਮਰ ਗਿਆ ਜਾਂ ਜਿੰਦਾ ਹੈ।
                                 ਤਾਏ ਦੀ ਜ਼ਿੰਦਗੀ ਆਪਣੀ ਤੋਰੇ ਤੁਰ ਪਈ।ਦੋਹਾਂ ਦਾ ਪਿਆਰ ਹੱਦ ਤੋਂ ਵੱਧ।ਤਾਇਆ ਦੋਧੀ ਸੀ।ਦੁੱਧ ਦਾ ਕੰਮ ਕਰਦਾ ਸੀ।ਉਹ ਪਿੰਡ ਬਹੋਨਿਓਂ ਦੁੱਧ ਇਕੱਠਾ ਕਰਕੇ ਲਿਆਉਂਦਾ ਤੇ ਮੋਗੇ ਹਲਵਾਈਆਂ ਦੀਆਂ ਦੁਕਾਨਾਂ 'ਤੇ ਸਪਲਾਈ ਕਰਦਾ।ਖੂਬ ਕਮਾਈ ਕਰਦਾ।ਤਾਈ ਘਰ ਦੀ ਮਾਲਕਣ ਸੁਘੜ ਸੁਆਣੀ।ਉਹ ਹਾਰ-ਸ਼ਿਗਾਰ ਖੂਬ ਕਰਦੀ।ਮੋਗੇ ਦੇ ਬਜਾਰਾਂ ਵਿੱਚ ਘੁੰਮਦੀ।ਮਨ ਆਈਆਂ ਕਰਦੀ। ਤਾਇਆ ਕੁਝ ਨਾ ਕਹਿੰਦਾ ਸਗੋਂ ਤਾਈ ਵੱਲੋਂ ਬੇ ਫਿਕਰ ਬਾਗੋ-ਬਾਗ ਰਹਿੰਦਾ।ਇੱਕ ਦਿਨ ਅਵਾਰਾ ਤੁਰੀ ਫਿਰਦੀ ਤਾਈ ਮੇਰੇ ਪਿਤਾ ਜੀ ਨੇ ਵੇਖ ਲਈ।ਤਾਈ ਦੇ ਚਾਲੇ ਵੇਖ ਕੇ ਮੇਰੇ ਪਿਓ ਦਾ ਕਿਸੇ ਅਣਜਾਣੇ ਸ਼ੱਕ ਵਿੱਚ ਮੱਥਾ ਠਣਕਿਆ।ਉਹਨੇ ਘਰ ਆ ਕੇ ਤਾਏ ਨੂੰ ਆਖਿਆ-"ਗੋਪਾਲ ਚੰਦ ਭਰਾ, ਲਾਲ ਦੇਈ ਨੂੰ ਐਨੀ ਖੁੱਲ੍ਹ ਨਾ ਦੇਹ।ਇਹ ਰੋਜ਼ ਬਜਾਰਾਂ ਵਿੱਚ ਅਵਾਰਾ ਘੁੰਮਦੀ ਹੈ।ਕਈ ਘਰੀਂ ਇਹਦਾ ਆਉਣਾ-ਜਾਣਾ ਵੀ ਹੈ।ਸੰਭਾਲ ਇਹਨੂੰ ,ਪਛੋਤਾਵੇਂਗਾ!"......ਪਰ ਤਾਇਆ ਤਾਈ ਦੇ ਪਿਆਰ ਵਿੱਚ ਪਾਗਲ ਸੀ।ਉਹ ਤਾਈ ਦੇ ਹੀ ਪੱਖ ਵਿੱਚ ਬੋਲਦਾ ਰਿਹਾ।ਅਖੀਰ ਕਾਫੀ ਤਕਰਾਰ ਬਾਜੀ ਤੋਂ ਬਾਅਦ ਤਾਇਆ ਮੇਰੇ ਪਿਓ ਨੂੰ ਬੋਲਿਆ-"ਯਾਰ ਤੂੰ ਆਪਣੇ ਘੋੜੇ ਭਜਾ, ਮੈਨੂੰ ਆਪਣਾ ਭਜਾਉਣ ਦੇ।ਸਾਡੀ ਵਸਦੀ-ਰਸਦੀ ਜ਼ਿੰਦਗੀ ਵਿੱਚ ਦਖਲ ਨਾ ਦੇਹ।" ਮੇਰਾ ਪਿਓ ਚੁੱਪ ਕਰ ਗਿਆ ।ਮੁੜ ਕੁਝ ਨਹੀਂ ਬੋਲਿਆ।ਤਾਏ ਦੇ ਵਿਆਹ ਤੋਂ ਕੁਝ ਸਾਲਾਂ ਬਾਅਦ ੯ ਫਰਵਰੀ ੧੯੪੯ ਨੂੰ ਉਨ੍ਹਾਂ ਦੇ ਘਰ ਇੱਕ ਮੁੰਡਾ ਵੀ ਜੰਮ ਪਿਆ।ਉਸ ਮੁੰਡੇ ਦਾ ਨਾਂ ਤਾਏ ਨੇ ਅੰਮ੍ਰਿਤ ਲਾਲ ਰੱਖਿਆ।ਤਾਇਆ ਮੁੰਡੇ ਨੂੰ ਗੋਦੀ ਚੁੱਕ ਕੇ ਖਿਡਾਉਂਦਾ ।ਕਦੇ ਆਪ ਘੋੜਾ ਬਣਕੇ ਉਹਨੂੰ ਆਪਣੀ ਪਿੱਠ 'ਤੇ ਬਿਠਾਲ ਕੇ ਝੂਟੇ ਦਿੰਦਾ।ਇਓਂ ਜ਼ਿਦਗੀ ਆਪਣੀ ਤੋਰੇ ਤੁਰ ਰਹੀ ਸੀ।ਤਾਏ ਦੇ ਘਰ ਵਿੱਚ ਖੁਸ਼ੀਆਂ ਦਾ ਹੜ੍ਹ ਆਇਆ ਪਿਆ ਸੀ।ਇਨ੍ਹਾਂ ਖੁਸ਼ੀਆਂ ਨੂੰ ਪਤਾ ਨਹੀਂ ਕਿਸ ਕਲਹਿਣੇ ਦੀ ਨਜ਼ਰ ਲੱਗ ਗਈ।ਤਾਏ ਦੀ ਹੱਸਦੀ-ਵੱਸਦੀ ਜ਼ਿੰਦਗੀ ਸ਼ਰਾਪ ਬਣ ਗਈ।ਇੱਕ ਮੰਦਭਾਗੀ ਘਟਣਾ ਜੋ ਤਾਏ ਨਾਲ ਹੋਣੀ ਸੀ ਉਹ ਹੋ ਕੇ ਹੀ ਰਹੀ।ਤਾਇਆ ਹਲਵਾਈਆਂ ਨੂੰ ਦੁੱਧ ਵਰਤਾ ਕੇ ਅਜੇ ਘਰੇ ਪਹੁੰਚਿਆ ਹੀ ਸੀ।ਜਦੋਂ ਘਰ ਦੇ ਮੂਹਰੇ ਇੱਕ ਤਾਂਗਾ ਆ ਕੇ ਰੁਕਿਆ।ਤਾਂਗੇ ਵਿੱਚ ਸਥਾਨਕ ਪੁਲਿਸ ਦੇ ਆਦਮੀ ਤੇ ਕੁਝ ਕੁ ਪਾਕਿਸਤਾਨ ਤੋਂ ਸਰਕਾਰੀ ਅਮਲੇ ਦੇ ਬੰਦੇ।ਉਨ੍ਹਾਂ ਵਿੱਚ ਲਾਲ ਦੇਈ ਦਾ ਉਹ ਸਿਪਾਹੀ ਭਰਾ ਵੀ ਸੀ ਜਿਸ ਦਾ ਜਿਕਰ ਪਹਿਲਾਂ ਲਾਲ ਦੇਈ ਨੇ ਤਾਏ ਕੋਲ ਕੀਤਾ ਸੀ।ਉਨ੍ਹਾਂ ਦੱਸਿਆ ਕਿ ਉਹ ਅਰਸ਼ਾਦ ਬੇਗਮ ਉਰਫ ਲਾਲ ਦੇਈ ਨੂੰ ਪਾਕਿਸਤਾਨ ਲੈ ਕੇ ਜਾਣ ਵਾਸਤੇ ਆਏ ਹਨ।ਸਭ ਕੌਤਕ ਵੇਖ ਕੇ ਤਾਏ ਦੇ ਹੱਥਾਂ ਦੇ ਤੋਤੇ ਉੱਡ ਗਏ।ਤਾਇਆ ਡੌਰ-ਭੌਰ ਹੋ ਗਿਆ।ਉਸ ਦੇ ਦਿਮਾਗ਼ ਵਿੱਚੋਂ ਸ਼ਾਂ-ਸ਼ਾਂ ਦੀਆਂ ਅਵਾਜਾਂ ਆਉਂਦੀਆਂ ਪ੍ਰਤੀਤ ਹੋ ਰਹੀਆਂ ਸਨ।ਇਹ ਕੀ ਭਾਣਾ ਵਾਪਰ ਰਿਹਾ ਹੈ,ਸਭ ਕੁਝ ਤਾਏ ਦੀ ਸਮਝ ਤੋਂ ਪਰ੍ਹੇ ਸੀ।ਲਾਲ ਦੇਈ ਮੁਸਲਮਾਨ ਔਰਤ ਸੀ।ਹਿੰਦੂ ਹੋਣ ਦਾ ਉਸ ਨੇ ਝੂਠ ਬੋਲਿਆ ਸੀ।ਉਹ ਆਪਣੇ ਭਰਾ ਨਾਲ ਖਤੋ-ਖਿਤਾਬਤ ਕਰਦੀ ਰਹੀ ਸੀ।ਉਸ ਨੇ ਪਿਛਲੇ ਸਾਲਾਂ ਤੋਂ ਚਿਠੀਆਂ ਰਾਹੀਂ ਆਪਣੇ ਭਰਾ ਨਾਲ ਰਾਬਤਾ ਬਣਾਈ ਰੱਖਿਆ ਸੀ।ਉਸ ਦਾ ਨਤੀਜਾ ਸਭ ਦੇ ਸਾਹਮਣੇ ਸੀ।ਉਸ ਦਿਨ ਤਾਈ ਬਿਮਾਰ ਸੀ।ਅੰਦਰ ਮੰਜੇ 'ਤੇ ਪਈ ਸੀ।ਉਹ ਤੁਰੰਤ ਉੱਠ ਕੇ ਬਾਹਰ ਆ ਗਈ।ਬੇਵਫਾ ਔਰਤ ਤਾਏ ਦੇ ਪਿਆਰ ਨੂੰ ਪਲਾਂ ਵਿੱਚ ਭੁੱਲ ਗਈ।ਉਹ ਭਰਾ ਨਾਲ ਹੋ ਤੁਰੀ।ਮੋਗੇ ਠਾਣੇ ਪਹੁੰਚ ਕੇ ਇਹ ਫੈਸਲਾ ਹੋ ਗਿਆ ਕਿ ਅਰਸ਼ਾਦ ਬੇਗਮ ਉਰਫ ਲਾਲ ਦੇਈ ਪਾਕਿਸਤਾਨ ਆਪਣੇ ਭਰਾ ਨਾਲ ਜਾਵੇਗੀ।ਰੋਣਹਾਕੇ ਹੋਏ ਤਾਏ ਦੀ ਗੋਦੀ ਚੁੱਕਿਆ ਮੁੰਡਾ ਅੰਮ੍ਰਿਤ ਲਾਲ ਅਚਾਨਕ ਰੋ ਪਿਆ।ਅਰਸ਼ਾਦ ਬੇਗਮ ਦੇ ਭਰਾ ਨੇ ਮੁੰਡਾ ਤਾਏ ਤੋਂ ਫੜ੍ਹਕੇ ਤਾਂਗੇ 'ਚ ਬੈਠੀ ਅਰਸ਼ਾਦ ਬੇਗਮ ਦੀ ਗੋਦੀ ਵਿੱਚ ਬਿਠਾ ਦਿੱਤਾ।ਜੇ ਅੰਮ੍ਰਿਤ ਨਾ ਰੋਂਦਾ ਤਾਂ ਸ਼ਾਇਦ ਉਹ ਹੀ ਤਾਏ ਕੋਲ ਰਹਿ ਜਾਂਦਾ।ਇਸ ਗੱਲ ਦਾ ਮਲਾਲ ਤਾਏ ਨੂੰ ਸਾਰੀ ਜ਼ਿੰਦਗੀ ਜਿਹਾ।ਪਰ ੨੩ ਅਗਸਤ ੧੯੫੦ ਦੀ ਉਹ ਮਨਹੂਸ ਘੜੀ ਜਦੋਂ ਤਾਂਗਾ ਰੇਲਵੇ ਸਟੇਸ਼ਨ ਵੱਲ ਨੂੰ ਤੁਰਿਆ ਸੀ ਤਾਂ ਤਾਏ ਨੂੰ ਉਹ ਗੱਲ ਯਾਦ ਆ ਗਈ ਜਦੋਂ ਉਹਨੇ ਮੇਰੇ ਪਿਓ ਨੂੰ ਕਿਹਾ ਸੀ-"ਯਾਰ ਤੂੰ ਆਪਣੇ ਘੋੜੇ ਭਜਾ ਮੈਨੂੰ ਆਪਣੇ ਭਜਾਉਣ ਦੇ।" ਤਾਏ ਨੂੰ ਜਾਪਿਆ ਕਿ ਘੋੜਾ ਸੱਚੀਂ-ਮੁੱਚੀਂ ਹੀ ਭੱਜ ਗਿਆ ਹੈ।
                                    ਜਿਵੇਂ ਕਿਵੇਂ ਲੁਟਿਆ-ਪੱਟਿਆ ਉਦਾਸ ਡਿੱਕਡੋਲੇ ਖਾਂਦਾ ਤਾਇਆ ਠਾਣਿਓਂ ਵਾਪਸ ਘਰ ਮੁੜ ਆਇਆ।ਕਦੇ ਪੈਂਦਾ,ਕਦੇ ਬਹਿੰਦਾ ਉਦਾਸੀ ਸੰਗ ਲੜਦਾ ਰਿਹਾ।ਤਾਏ ਦੀ ਸਾਰੀ ਸਲਤਨਤ ਲੁੱਟੀ ਜਾ ਚੁੱਕੀ ਸੀ।ਤਾਏ ਦਾ ਉੱਚੀ-ਉੱਚੀ ਚੀਕਾਂ ਮਾਰ ਕੇ ਰੋਣ ਨੂੰ ਮਨ ਕਰ ਰਿਹਾ ਸੀ ।ਪਰ ਮਰਦ ਹੋਣਾ ਤਾਏ ਨੂੰ ਰੋਕੀ ਬੈਠਾ ਸੀ।ਕਦੇ ਦੂਜਿਆਂ ਨੂੰ ਹੌਂਸਲਾ ਦਿੰਦਿਆਂ ਤਾਇਆ ਅਕਸਰ –'ਮਰਦ ਹਾਂ ਹੋਣੀ ਦੇ ਮੂਹਰੇ ਕਿਉਂ ਝੁਕਾਂ!' ਦੀ ਨਸੀਹਤ ਦਿਆ ਕਰਦਾ ਸੀ।ਸਾਂਮ ਹੋ ਗਈ ਸੀ।ਕਹਿ ਕਹਾ ਕੇ ਮਾਂ ਨੇ ਰੋਟੀ ਖਵਾ ਦਿੱਤੀ।ਭਰਾ ਨੇ ਹੌਂਸਲਾ ਦਿੱਤਾ।ਤਾਇਆ ਦਾਰੂ ਨਹੀਂ ਸੀ ਪੀਂਦਾ।ਨਹੀਂ ਤਾਂ ਹੁਣ ਨੂੰ ਇੱਕ-ਦੋ ਬੋਤਲਾਂ ਖਾਲੀ ਕਰ ਚੁਕਿਆ ਹੁੰਦਾ।ਰਾਤੀਂ ਸੌਂਣ ਦਾ ਟਾਇਮ ਹੋ ਗਿਆ।ਉਹ ਮੰਜੇ ਵੱਲ ਨੂੰ ਅਹੁਲਿਆ।ਬੀਮਾਰ ਤਾਈ ਸਾਰਾ ਦਿਨ ਮੰਜੇ 'ਤੇ ਪਈ ਰਹੀ ਸੀ।ਮੰਜਾ ਉਵੇਂ ਹੀ ਵਿਛਿਆ ਪਿਆ ਸੀ।ਤਾਏ ਨੇ ਸਿਰ ਵਾਲੀ ਸਾਫੀ ਨਾਲ ਮੰਜਾ ਝਾੜਿਆ।ਸਿਰਹਾਣਾ ਚੁੱਕ ਕੇ ਸਿੱਧਾ ਕੀਤਾ।ਹੇਠੋਂ ਇੱਕ ਪੋਟਲੀ ਜਿਹੀ ਲੁੜਕ ਕੇ ਮੰਜੇ ਦੇ ਵਿਚਕਾਰ ਆ ਗਈ।ਤਾਏ ਨੇ ਉਹ ਪੋਟਲੀ ਖੋਲ੍ਹ ਕੇ ਵੇਖੀ।ਸਾਰੇ ਸੋਨੇ ਦੇ ਗਹਿਣੇ ਪੋਟਲੀ ਵਿੱਚ ਬੰਨ੍ਹ ਕੇ ਰੱਖੇ ਪਏ ਸਨ।ਤਾਇਆ ਸਮਝ ਗਿਆ ਕਿ ਲਾਲ ਦੇਈ ਦੀ ਨੀਯਤ ਸਾਰਾ ਸੋਨਾ ਨਾਲ  ਲੈ ਕੇ ਜਾਣ ਦੀ ਸੀ।ਤਾਏ ਦੇ ਕੰਨ ਖਰਗੋਸ਼ ਵਾਂਗ ਖੜ੍ਹੇ ਹੋ ਗਏ।ਉਹਨੇ ਮਾਂ ਨੂੰ ਅਵਾਜ ਮਾਰੀ।ਮਾਂ ਸਾਰੀ ਗੱਲ ਸਮਝ ਗਈ ਕਿ ਬਹੂ ਦਾ ਸਾਰਾ ਪਲਾਨ ਮਿਥ ਕੇ ਤਿਆਰ ਕੀਤਾ ਹੋਇਆ ਸੀ।ਉਨ੍ਹਾਂ ਸਭ ਟਰੰਕ-ਪੇਟੀਆਂ ਖੋਲ੍ਹ-ਖੋਲ੍ਹ ਕੇ ਵੇਖੀਆਂ ।ਸਭ ਕੁਝ ਠੀਕ-ਠਾਕ ਸੀ।ਉੱਦਣ ਇੱਕ ਤਾਂ ਤਾਈ ਬੀਮਾਰ ਸੀ ਤੇ ਦੂਜੀ ਹਫੜਾ-ਦਫੜੀ ਵਿੱਚ ਗਹਿਣੇ ਚੁੱਕਣੇ ਭੁੱਲ ਗਈ ਸੀ।ਬਚਾਅ ਹੋ ਗਿਆ।ਨਹੀਂ ਤਾਂ ਤਾਏ ਦੀ ਮਿਹਨਤ ਦੀ ਕਮਾਈ ਪਾਕਿਸਤਾਨ ਚਲੀ ਜਾਣੀ ਸੀ।ਲਾਲ ਦੇਈ ਦੀ ਇਸ ਹਰਕਤ ਨੇ ਉਸ ਦਾ ਅਕਸ ਤਾਏ ਦੇ ਮਨ ਵਿੱਚ ਧੁੰਦਲਾ ਕਰ ਦਿੱਤਾ।ਤਾਏ ਦੇ ਮਨ ਵਿੱਚ ਲਾਲ ਦੇਈ ਦੀ ਯਾਦ ਕੁਝ ਮੱਠੀ ਪੈ ਗਈ।ਹੌਲੀ-ਹੌਲੀ ਉਹ ਮਨੋ ਵਿਸਰਨ ਲੱਗ ਪਈ……।
                                ਇਸ ਤੋਂ ਪਿੱਛੋਂ ਅਰਸ਼ਾਦ ਬੇਗਮ ਦੇ ਜੀਜੇ ਅਬਦੁੱਲ ਲਤੀਫ ਦੇ ਖਤ ਤਾਏ ਨੂੰ ਆਉਣ ਲੱਗ ਪਏ।ਅਬਦੁੱਲ ਲਤੀਫ ਪਾਕਿਸਤਾਨ ਦੇ ਇੱਕ ਸ਼ਹਿਰ 'ਪਾਕ-ਪਟਨ' ਹਕੀਮੀ ਕਰਦਾ ਸੀ।ਅਰਸ਼ਾਦ ਬੇਗਮ ਨੇ ਆਪਣੇ ਜੀਜੇ ਅਬਦੁੱਲ ਲਤੀਫ ਨਾਲ ਵਿਆਹ ਕਰਵਾ ਲਿਆ ਸੀ।ਉਹ ਪਾਕਿਸਤਾਨ ਜਾ ਕੇ ਆਪਣੀ ਵੱਡੀ ਭੈਣ ਦੀ ਸ਼ੌਕਣ ਬਣ ਗਈ ਸੀ।ਪਾਕਿਸਤਾਨੋ ਦੋ-ਤਿੰਨ ਸਾਲ ਖਤ ਆਉਂਦੇ ਰਹੇ।ਖਤਾਂ ਵਿੱਚ ਤਾਈ ਸਭ ਦਾ ਹਾਲ-ਚਾਲ ਪੁੱਛਦੀ ਰਹੀ।ਪਹਿਲੇ ਖਤ ਵਿੱਚ ਤਾਈ ਨੇ ਲਿਖਿਆ ਕਿ ਆਪਣੀ ਗਵਾਂਢਣ ਰੱਖੋ ਇੱਕ ਕਿੱਲੋ ਘਿਓ ਲੈ ਗਈ ਸੀ।ਉਸ ਦੇ ਪੈਸੇ ਲੈ ਲਵੀਂ।ਖਤਾਂ ਰਾਹੀਂ ਹੀ ਤਾਏ ਨੂੰ ਪਤਾ ਚੱਲਿਆ ਕਿ ਉਹ ਫਾਜਿਲਕਾ ਦੇ ਕਿਸੇ ਪਿੰਡ ਦੀ ਮੁਸਲਮਾਨਣੀ ਸੀ।ਸੰਤਾਲੀ ਦੇ ਦੰਗਿਆਂ ਵਿੱਚ ਉਹਦੇ ਮਾਂ-ਪਿਓ ਮਾਰੇ ਗਏ।ਉਹ ਗੱਡੀਆਂ-ਕੈਂਪਾਂ 'ਚ ਭਟਕਦੀ ਮੋਗੇ ਆਣ ਪੁੱਜੀ।ਉੱਥੇ ਕਾਂਗਰਸ ਕਮੇਟੀ ਵਾਲਿਆਂ ਉਹਦਾ ਵਿਆਹ ਤਾਏ ਨਾਲ ਕਰਵਾ ਦਿੱਤਾ।ਉਹਨੇ ਆਪਣੀ ਜਾਨ ਬਚਾਉਣ ਲਈ ਹਿੰਦੂ ਔਰਤ ਹੋਣ ਦਾ ਝੂਠ ਬੋਲਿਆ।ਉਹ ਮਾਸਾਹਾਰੀ ਸੀ।ਉਹਨੂੰ ਕਈ ਵਾਰ ਮੀਟ ਖਾਣ ਦੀ ਤਲਬ ਲੱਗਦੀ ।ਉਹ ਬਾਜ਼ਾਰ ਵਿੱਚ ਨਿਕਲ ਜਾਂਦੀ।ਇੱਕ ਮੀਟ ਵਾਲੇ ਦੇ ਘਰੇ ਉਸ ਨੇ ਆਉਣਾ-ਜਾਣਾ ਬਣਾ ਲਿਆ ਸੀ।ਉਹ ਉਨ੍ਹਾਂ ਨੂੰ ਵੱਧ ਪੈਸੇ ਦੇ ਕੇ ਉਨ੍ਹਾਂ ਦੇ ਘਰੇ ਹੀ ਮੀਟ ਰਿੰਨ ਲੈਂਦੀ।ਉਨ੍ਹਾਂ ਦੇ ਘਰੋਂ ਹੀ ਉਹ ਪਾਕਿਸਤਾਨ ਆਪਣੇ ਭਰਾ ਅਤੇ ਜੀਜੇ ਨੂੰ ਖਤ ਲਿਖਦੀ।ਜੀਜੇ ਦੇ ਖਤ ਵੀ ਉਨ੍ਹਾਂ ਦੇ ਘਰ ਹੀ ਆ ਜਾਂਦੇ।ਇਓਂ ਉਸ ਦੇ ਪਾਕਿਸਤਾਨ ਜਾਣ ਦਾ ਮਨਸੂਬਾ ਸਫਲ ਹੋ ਸਕਿਆ ਸੀ।ਅਰਸ਼ਾਦ ਬੇਗਮ ਨੇ ਕਈ ਖਤਾਂ ਵਿੱਚ ਤਾਏ ਨੂੰ ਪਾਕਿਸਤਾਨ ਆ ਕੇ ਮਿਲ ਜਾਣ ਬਾਰੇ ਲਿਖਿਆ। ਤਾਏ ਦਾ ਜੀ ਕਰਦਾ ਸੀ ਕਿ ਆਪਣੇ ਮੁੰਡੇ ਨੂੰ ਮਿਲ ਆਵੇ।ਪਰ ਤਾਇਆ ਡਰਦਾ ਨਹੀਂ ਗਿਆ ਕਿ ਕਿਤੇ ਉਹ ਮਾਰ ਕੇ ਖਪਾ ਹੀ ਨਾ ਦੇਣ ।ਇੱਕ ਵਾਰ ਤਾਏ ਨੇ ਆਪਣੇ ਖਤ ਵਿੱਚ ਲਿਖ ਦਿੱਤਾ ਤੂੰ ਮੁੰਡੇ ਨੂੰ ਲੈ ਕੇ ਭਾਰਤ ਆਜਾ।ਦੋ-ਚਾਰ ਦਿਨ ਰਹਿ ਜਾਵੀਂ।ਨਾਲੇ ਮੈਂ ਆਪਣੇ ਮੁੰਡੇ ਨੂੰ ਮਿਲ ਲਵਾਂਗਾ।ਉਸ ਖਤ ਦਾ ਉੱਤਰ ਉਡੀਕਦਿਆਂ-ਉਡੀਕਦਿਆਂ ਤਾਇਆ ੮੫ ਵਰ੍ਹਿਆਂ ਦਾ ਹੋ ਗਿਆ ਸੀ।ਇਸ ਦਰਮਿਆਨ ਤਾਏ ਨੇ ੨੮ ਅਪਰੈਲ ੧੯੫੪ ਨੂੰ ਵਿਆਹ ਵੀ ਕਰਵਾ ਲਿਆ ਸੀ।ਤਿੰਨ ਕੁੜੀਆਂ ਤੇ ਇੱਕ ਮੁੰਡਾ ਤਾਏ ਦੇ ਹੋ ਗਏ।ਹੁਣ ਵਾਲੇ ਮੁੰਡੇ ਦਾ ਨਾਂ ਤਾਏ ਨੇ ਸੁਸ਼ੀਲ ਕੁਮਾਰ ਉਰਫ਼ ਮੋਹਣਾ ਰੱਖਿਆ ਜੋ ਹੁਣ ਬਾਲ ਬੱਚੇਦਾਰ ਹੈ।ਤਾਇਆ ਆਪਣੇ ਪਾਕਿਸਤਾਨ ਚਲੇ ਗਏ ਮੁੰਡੇ ਬਾਰੇ ਅਕਸਰ ਸੋਚਦਾ ਸੀ ਕਿ 'ਸਫੀਕ ਉਲ ਰਹਿਮਾਨ' ਹੁਣ ਭਰ ਜਵਾਨ ਹੋ ਗਿਆ ਹੋਵੇਗਾ।ਉਹਦੇ ਬੱਚੇ ਹੋਣਗੇ।ਸਾਊ ਹੋਵੇਗਾ……ਆਦਿ…ਆਦਿ……।
                                     ਸਾਲ ੧੯੯੬ ਦੀ ਗੱਲ ਹੈ।ਇੱਕ ਦਿਨ ਅਚਾਨਕ ਲਾਹੌਰ ਤੋਂ ਛਪਦਾ ਇੱਕ ਬਾਲ ਰਸਾਲਾ 'ਪੰਖੇਰੂ' ਮੇਰੇ ਨਾਂ 'ਤੇ ਆਇਆ।ਤਾਇਆ ਉੜਦੂ ਜਾਣਦਾ ਸੀ।ਤਾਏ ਨੇ ਰਸਾਲਾ ਪੜ੍ਹ ਕੇ ਸੁਣਾਇਆ।ਮੇਰੀ ਵੀ ਇੱਕ ਬਾਲ ਕਵਿਤਾ ਉਸ ਵਿੱਚ ਛਪੀ ਸੀ।ਸ਼ਾਹਮੁੱਖੀ ਲਿੱਪੀ ਵਿੱਚ ਛਪਿਆ ਰਸਾਲਾ ਬੜਾ ਪਿਆਰਾ ਸੀ।ਮੈਂ ਉਹਦੇ ਸੰਪਾਦਕ ਅਸ਼ਰਫ਼ ਸੁਹੇਲ ਨੂੰ ਪੰਜਾਬੀ ਵਿੱਚ ਖਤ ਲਿਖਿਆ।ਮੈਨੂੰ ਪਾਕਿਸਤਾਨ ਖਤ ਲਿਖਦਿਆਂ ਵੇਖ ਤਾਏ ਅੰਦਰ ਦੱਬੀ ਕਿੰਨਿਆਂ ਹੀ ਸਾਲਾਂ ਦੀ ਯਾਦ ਪੀੜ ਬਣਕੇ ਜੁਬਾਨ 'ਤੇ ਆ ਗਈ।ਬੋਲਿਆ-"ਯਾਰ ਆਪਾਂ ਵੀ ਖਤ ਲਿਖੀਏ ਤੇਰੀ ਤਾਈ ਨੂੰ………ਸ਼ਾਇਦ ਜੁਵਾਬ ਆ ਹੀ ਜਾਵੇ ?! ਮੇਰੇ ਪੁੱਤਰ ਦਾ ਹਾਲ-ਚਾਲ ਹੀ ਪਤਾ ਲੱਗ ਜਾਊ!"ਮੈਂ ਠੀਕ ਐ ਤਾਇਆ ਜੀ ਕਹਿ ਕੇ ਤਾਏ ਨੂੰ ਕਾਪੀ ਤੇ ਪੈੱਨ ਪਕੜਾ ਦਿੱਤਾ।ਤਾਏ ਨੇ  ਉਰਦੂ ਵਿੱਚ ਅਬਦੁੱਲ ਲਤੀਫ ਦੀ ਮਾਰਫ਼ਤ ਖ਼ਤ ਲਿਖਿਆ –"੨੨,ਜਨਵਰੀ -੧੯੯੭,………ਜਨਾਬ ਭਾਈ ਸਾਹਿਬ-ਅਬਦੁੱਲ ਲਤੀਫ ਜੀ,ਆਦਾਬ!..............ਬਹੁਤ ਅਰਸਾ ਸੇ ਆਜ ਮੁਝੇ ਆਪ ਕੀ ਯਾਦ ਆਈ।ਹਮਕੋ ਬਰਖ਼ਰਦਾਰ ਸਫ਼ੀਕ ਉੱਲ ਰਹਿਮਾਨ ਉਰਫ਼ ਅੰਮ੍ਰਿਤ ਲਾਲ ਔਰ ਉਸ ਕੀ ਵਾਲਦਾ ਅਰਸ਼ਾਦ ਬੇਗ਼ਮ ਉਰਫ਼ ਲਾਲ ਦੇਈ ਕੀ ਰਾਜੀ-ਖੁਸ਼ੀ ਕਾ ਪਤਾ ਦੇਂ।ਹਮ ਆਪ ਕੇ ਖ਼ਤ ਕੀ ਇੰਤਜਾਰ ਫਰਮਾਏਂਗੇ।ਔਰ ਬਾਤੇਂ ਅਗਲੇ ਖਤ ਮੇਂ…………ਮੇਰਾ ਪਤਾ… "-----"    
" ਪ੍ਰਤੀ-ਜਨਾਬ ਸਫ਼ੀਕ ਉੱਲ ਰਹਿਮਾਨ,
ਵਲਦ-ਅਬਦੁੱਲ ਲਤੀਫ਼
ਮਾਰਫ਼ਤ ਲਤੀਫ਼ੀ ਦਵਾਖਾਨਾ,
ਪਾਕਪਟਨ,ਜਿਲ੍ਹਾ-ਮਿੰਟਗੁਮਰੀ (ਪਾਕਿਸਤਾਨ)"
ਇਹ ਖਤ ਮੈਂ ਡਾਕਖਾਨੇ ਜਾ ਕੇ ਰਜਿਸਟਰਡ ਡਾਕ ਰਾਹੀਂ ਪੋਸਟ ਕਰ ਆਇਆ।ਤਾਇਆ ਉਸ ਖਤ ਦਾ ਉੱਤਰ ਰੋਜ਼ ਉਡੀਕਦਾ।ਕਦੇ-ਕਦੇ ਡਾਕੀਏ ਨੂੰ ਵੀ ਪੁੱਛ ਲੈਂਦਾ ਸੀ।ਡਾਕੀਆ ਨਾਂਹ ਵਿੱਚ ਸਿਰ ਘੁਮਾ ਕੇ ਅਗਾਂਹ ਨਿਕਲ ਜਾਂਦਾ।ਇਉਂ ਲਗਭਗ ਇੱਕ ਮਹੀਨਾ ਬੀਤ ਗਿਆ।ਮਹੀਨੇ ਕੁ ਬਾਅਦ ਖ਼ਤ ਜਿਉਂ ਦਾ ਤਿਉਂ ਵਾਪਸ ਆ ਗਿਆ।ਖ਼ਤ ਦੇ ਉੱਪਰ ਪਾਕਿਸਤਾਨੀ ਡਾਕੀਏ ਨੇ ਉੜਦੂ ਵਿੱਚ ਲਿਖਿਆ ਸੀ -"ਬਾਰ ਬਾਰ ਪਤਾ ਕੀਤਾ ਪਰ ਇਸ ਪਤੇ 'ਤੇ ਕੋਈ ਨਹੀਂ ਮਿਲਿਆ।"
ਵਾਪਸ ਆਇਆ ਖ਼ਤ ਹੱਥ 'ਚ ਫੜ੍ਹ ਕੇ ਉਲਟ-ਪੁਲਟ ਕੇ ਵੇਖਦਾ ਤਾਇਆ ਹਲਕਾ ਜਿਹਾ ਮੁਸਕਰਾਇਆ।ਫਿਰ ਉਹ ਖ਼ਤ ਮੰਜੇ ਦੇ ਸਿਰਹਾਣੇ ਵਾਲੇ ਪਾਸੇ ਰੱਖ ਕੇ ਚੁੱਪ-ਚਾਪ ਜਿਹਾ ਬੈਠ ਗਿਆ।ਚੁੱਪ ਬੈਠਾ ਤਾਇਆ ਮੈਨੂੰ ਇਓਂ ਲੱਗਿਆ ਜਿਵੇਂ ਆਪਣੀ ਇਹ ਅੰਦਰ ਦੱਬੀ ਪੀੜ ਜ਼ਾਹਰ ਹੋਣ ਤੋਂ ਰੋਕਣ ਲਈ ਪੀੜ ਨੂੰ ਅੰਦਰੇ-ਅੰਦਰ ਪੀ ਰਿਹਾ ਹੋਵੇ।ਇਸ ਤੋਂ ਦੋ ਕੁ ਸਾਲਾਂ ਬਾਅਬ ਤਾਏ ਨੂੰ ਅਧਰੰਗ ਹੋ ਗਿਆ।ਸਾਲ-ਡੇਢ ਸਾਲ ਤਾਇਆ ਮੰਜੇ 'ਤੇ ਦੂਜਿਆਂ ਦੇ ਆਸਰੇ ਜ਼ਿੰਦਗੀ ਕੱਟਦਾ ਰਿਹਾ।ਫਿਰ ਤਾਇਆ ਸਭ ਕੁਝ ਭੁੱਲ-ਭੁਲਾ ਕੇ ਦੂਜੀ ਦੁਨੀਆਂ 'ਚ ਜਾ ਪਹੁੰਚਿਆ।