ਆਓ ਮਦਦ ਕਰੀਏ (ਲੇਖ )

ਕੈਲਾਸ਼ ਚੰਦਰ ਸ਼ਰਮਾ   

Email: kailashchanderdss@gmail.com
Cell: +91 80540 16816
Address: 459,ਡੀ ਬਲਾਕ,ਰਣਜੀਤ ਐਵੀਨਿਊ,
ਅੰਮ੍ਰਿਤਸਰ India
ਕੈਲਾਸ਼ ਚੰਦਰ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਿਰਜਣਹਾਰ ਦੀ ਕਲਾ ਦਾ ਇਕ ਬਿਹਤਰੀਨ ਤੋਹਫਾ, ਜਿਸ ਤੋਂ ਬਿਨਾਂ ਜੀਵਨ ਦਾ ਕੋਈ ਵੀ ਰਿਸ਼ਤਾ ਪੂਰਾ ਨਹੀਂ ਹੁੰਦਾ, ਅਤੇ ਜਿਸ ਨੂੰ ਪ੍ਰਮਾਤਮਾ ਨੇ ਕਈ ਨਿਆਮਤਾਂ ਨਾਲ ਨਿਵਾਜ਼ ਕੇ ਦੁਨੀਆਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਦਿੱਤੇ ਨੂੰ ਔਰਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਔਰਤ ਘਰ ਦੀ ਰੂਹ ਹੈ, ਸਮਾਜ ਦਾ ਸ਼ਿੰਗਾਰ ਅਤੇ ਦੇਸ਼ ਦੀ ਸ਼ਕਤੀ।ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਨੂੰ ਪਾਰ ਕਰਦੀ ਹੋਈ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਖੂਬਸੂਰਤੀ ਨਾਲ ਨਿਭਾਉਂਦੀ ਹੈ ਅਤੇ ਬਹੁਤੇ ਵਾਰ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਆਪਣੇ ਸੁਪਨੇ ਵੀ ਕੁਰਬਾਨ ਕਰ ਦਿੰਦੀ ਹੈ।ਆਪਣੇ ਪਰਿਵਾਰ ਦੀ ਆਰਥਿਕਤਾ ਨੂੰ ਮਜਬੂਤ ਕਰਨ ਲਈ ਘਰੇਲੂ ਕੰਮਾਂ ਦੇ ਨਾਲ ਨੌਕਰੀ ਵੀ ਕਰਦੀ ਹੈ ਤਾਂ ਜੁ ਘਰ ਵਿਚ ਖੁਸ਼ਹਾਲੀ ਦਾ ਪਸੇਰਾ ਹੋ ਸਕੇ।ਸੀਮਿੰਟ, ਰੇਤ ਅਤੇ ਬੱਜਰੀ ਦੀ ਵਰਤੋਂ ਨਾਲ ਇੱਟਾਂ ਨੂੰ ਚਿਣ ਕੇ ਬਣੇ ਮਕਾਨ ਵਿਚ ਉਮੀਦਾਂ ਦੇ ਬੂਟੇ ਲਗਾ ਕੇ, ਮੁਹੱਬਤ ਨਾਲ ਇਨ੍ਹਾਂ ਨੂੰ ਸਿੰਜ ਕੇ, ਮਕਾਨ ਨੂੰ ਘਰ ਬਣਾਉਣ ਲਈ ਪੂਰੀ ਵਾਹ ਲਾ ਦਿੰਦੀ ਹੈ।ਆਪਣੇ ਦ੍ਰਿੜ੍ਹ ਇਰਾਦੇ, ਲਗਨ, ਸਖਤ ਮਿਹਨਤ ਅਤੇ ਸਹਿਣ ਸ਼ਕਤੀ ਨਾਲ ਘਰ ਨੂੰ ਸਵਰਗ ਬਣਾਉਣ ਵਿਚ ਕੋਈ ਕਸਰ ਨਹੀਂ ਰਹਿਣ ਦਿੰਦੀ।ਉਸ ਦੀ ਲਿਆਕਤ ਦਾ ਕੋਈ ਤੋੜ ਨਹੀਂ।ਘਰ ਦੀ ਹਰ ਚੀਜ਼ ਨੂੰ ਸੰਵਾਰ ਕੇ ਰੱਖਣ ਅਤੇ ਪਰਿਵਾਰ ਦੇ ਮੈਂਬਰਾਂ ਵਿਚ ਆਪਸੀ ਪਿਆਰ ਨੂੰ ਬਰਕਰਾਰ ਰੱਖਣ ਦਾ ਹੁਨਰ ਵੀ ਜਾਣਦੀ ਹੈ, ਔਰਤ।ਸਿਆਣੇ ਕਹਿੰਦੇ ਹਨ, "ਜਿੱਥੇ ਨਾਰੀ ਦਾ ਉੱਚ ਸਥਾਨ ਹੈ, ਕੇਵਲ ਉੱਥੇ ਹੀ ਖੁਸ਼ੀਆਂ-ਖੇੜਿਆਂ ਦਾ ਵਾਸ ਹੁੰਦਾ ਹੈ।ਕਿਸੇ ਵੀ ਦੇਸ਼ ਦੀ ਸਮਾਜਿਕ ਸਥਿਤੀ ਦਾ ਅੰਦਾਜ਼ਾ ਉੱਥੋਂ ਦੀਆਂ ਔਰਤਾਂ ਦੀ ਹਾਲਤ ਤੋਂ ਸਹਿਜੇ ਹੀ ਲੱਗ ਜਾਂਦਾ ਹੈ"।
         ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਘਰ ਨੂੰ ਚਲਾਉਣ ਲਈ ਬਰਾਬਰ ਦਾ ਹੀ ਨਹੀਂ ਸਗੋਂ ਮਰਦਾਂ ਨਾਲੋਂ ਵੀ ਵੱਧ ਸਹਿਯੋਗ ਪਾਉਣ ਵਾਲੀ ਔਰਤ ਨੂੰ ਸਾਰੀ ਉਮਰ ਇਹ ਪਤਾ ਹੀ ਨਹੀਂ ਲੱਗਦਾ ਕਿ ਉਸ ਦਾ ਅਸਲੀ ਘਰ ਕਿਹੜਾ ਹੈ? ਕਿਸ ਘਰ ਨੂੰ ਉਹ ਆਪਣਾ ਸਮਝੇ? ਪਿਤਾ, ਪਤੀ ਜਾਂ ਪੁੱਤਰ ਦੇ ਘਰ ਨੂੰ।ਅੱਜ ਕਿਸੇ ਵੀ ਉਮਰ ਦੀ, ਕਿਸੇ ਵੀ ਔਰਤ ਨੂੰ ਜੇਕਰ ਪੁੱਛਿਆ ਜਾਵੇ ਕਿ ਉਸ ਦਾ ਘਰ ਕਿਹੜਾ ਹੈ? ਉਸ ਦਾ ਇਕ ਹੀ ਉੱਤਰ ਹੁੰਦਾ ਹੈ ਕਿ ਔਰਤ ਦਾ ਕੋਈ ਘਰ ਨਹੀਂ ਹੁੰਦਾ।ਜਿਸ ਘਰ ਵਿਚ ਉਹ ਜਨਮ ਲੈਂਦੀ ਹੈ, ਨਾ ਉਹ ਉਸ ਦਾ ਘਰ ਹੁੰਦਾ ਹੈ ਅਤੇ ਨਾ ਹੀ ਉਹ, ਜਿਸ ਵਿਚ ਵਿਆਹ ਤੋਂ ਬਾਅਦ ਰਹਿੰਦੀ ਹੈ ਜਦੋਂ ਕਿ ਖਿਆਲ ਉਹ ਦੋਵਾਂ ਘਰਾਂ ਦਾ ਹੀ ਰੱਖਦੀ ਹੈ।ਕਿੰਨਾ ਅਜੀਬ ਹੈ ਕਿ ਜਿਸ ਘਰ ਵਿਚ ਔਰਤ ਨੇ ਜ਼ਿੰਦਗੀ ਦਾ ਅਹਿਮ ਹਿੱਸਾ ਗੁਜ਼ਾਰਿਆ ਹੋਵੇ, ਉਸ ਨੂੰ ਖੁਸ਼ਹਾਲ ਬਣਾਉਣ ਲਈ ਆਪਣੀ ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕੀਤਾ ਹੋਵੇ, ਉਸ ਨੂੰ ਵੀ ਉਹ ਆਪਣਾ ਘਰ ਨਹੀਂ ਸਮਝ ਸਕਦੀ।
          ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਔਰਤ ਨੂੰ ਉੱਪਰ ਚੁੱਕਣ ਲਈ ਅਧਿਕਾਰਾਂ ਦੇ ਨਾਲ-ਨਾਲ ਭਾਵੇਂ ਕਾਨੂੰਨੀ ਤੌਰ 'ਤੇ ਮਦਦ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਫਿਰ ਵੀ ਅਜੇ ਤੱਕ ਔਰਤ ਦੇ ਮਨ 'ਚੋਂ ਘਰ ਬਾਰੇ ਮਲਕੀਅਤ ਦਾ ਵਹਿਮ ਦੂਰ ਨਹੀਂ ਹੋਇਆ।ਇਸ ਸਬੰਧੀ ਔਰਤ ਦਾ ਤਰਕ ਹੈ ਕਿ ਉਸ ਦੇ ਬੱਚਾ ਹੋਣ 'ਤੇ ਉਸ ਦੇ ਮਾਪਿਆਂ ਵੱਲੋਂ ਬੱਚੇ ਦੇ ਨਾਲ-ਨਾਲ ਉਸ ਦੇ ਸਹੁਰਿਆਂ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਤੋਹਫੇ ਦੇ ਕੇ ਨਿਵਾਜ਼ਣਾ ਪੈਂਦਾ ਹੈ ਅਤੇ ਅਜਿਹਾ ਨਾ ਹੋਣ ਦੀ ਸਥਿਤੀ ਵਿਚ ਉਸ ਔਰਤ ਦੇ ਨਾਲ ਉਸ ਦੇ ਮਾਪਿਆਂ ਨੂੰ ਵੀ ਘਟੀਆ ਦਰਜਾ ਦਿੱਤਾ ਜਾਂਦਾ ਹੈ ਜਦੋਂ ਕਿ ਔਰਤ ਦੇ ਬੱਚਾ ਹੋਣ ਨਾਲ ਖਾਨਦਾਨ ਉਸ ਦੇ ਸਹੁਰਿਆਂ ਦਾ ਹੀ ਵਧਦਾ ਹੈ।ਇੱਥੋਂ ਤੱਕ ਕਿ ਉਸ ਦੇ ਸੱਸ ਜਾਂ ਸਹੁਰੇ ਨਾਲ ਕੋਈ ਮਾੜੀ ਘਟਨਾ ਵਾਪਰਣ ਤੋਂ ਬਾਅਦ ਵੀ ਉਸ ਦੇ ਮਾਪਿਆਂ ਨੂੰ ਉਸ ਦੇ ਸਹੁਰੇ ਪਰਿਵਾਰ ਦੇ ਬਹੁਤੇ ਮੈਂਬਰਾਂ ਨੂੰ ਵੱਖ-ਵੱਖ ਤੋਹਫੇ ਦੇਣੇ ਪੈਂਦੇ ਹਨ।ਇਸ ਦੇ ਨਾਲ ਉਸ ਨੂੰ ਇਹ ਵੀ ਗਿਲ੍ਹਾ ਹੈ ਕਿ ਵਿਆਹ ਤੋਂ ਬਾਅਦ ਜਿਸ ਘਰ ਨੂੰ ਖੁਸ਼ਹਾਲ ਬਣਾਉਣ ਲਈ ਉਹ ਪੂਰੀ ਜ਼ਿੰਦਗੀ ਲਗਾ ਦਿੰਦੀ ਹੈ, ਉਸ ਘਰ ਵਿਚੋਂ ਉਸ ਦੇ ਇਸ ਸੰਸਾਰ ਤੋਂ ਵਿਦਾਈ ਸਮੇਂ ਲੋੜੀਂਦਾ ਸਮਾਨ ਵੀ ਉਸ ਨੂੰ ਸਹੁਰੇ ਘਰ ਵਿਚੋਂ ਨਸੀਬ ਨਹੀਂ ਹੁੰਦਾ।ਇਹ ਸਭ ਕੁਝ ਦਾ ਫਰਜ਼ ਵੀ ਉਸ ਦੇ ਪੇਕਿਆਂ ਨੂੰ ਹੀ ਨਿਭਾਉਣਾ ਪੈਂਦਾ ਹੈ।
         ਜੇਕਰ ਥੋੜ੍ਹਾ ਜਿਹਾ ਇਨ੍ਹਾਂ ਰਸਮਾਂ ਦੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਪੁਰਾਣੇ ਸਮਿਆਂ ਵਿਚ ਲੜਕੀ ਦੇ ਵਿਆਹ ਬਾਰੇ ਰਿਸ਼ਤੇ ਦੀ ਗੱਲ ਪਿੰਡ ਦੇ ਲਾਗੀ ਵੱਲੋਂ ਹੀ ਤਹਿ ਕੀਤੀ ਜਾਂਦੀ ਸੀ।ਮਾਂ-ਬਾਪ ਲੜਕੀ ਦੇ ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿਚ ਲੜਕੀ ਦੇ ਘਰ ਜਾਣਾ ਅਤੇ ਉਸ ਘਰ ਦਾ ਪਾਣੀ ਪੀਣਾ ਵੀ ਪਾਪ ਸਮਝਦੇ ਸਨ।ਆਪਣੀ ਲੜਕੀ ਦੇ ਘਰ ਉਹ ਸਿਰਫ ਅਜਿਹੇ ਮੌਕਿਆਂ 'ਤੇ ਪਹੁੰਚਦੇ ਅਤੇ ਵੱਖ-ਵੱਖ ਵਹਿਮਾਂ-ਭਰਮਾਂ ਦੇ ਨਾਲ ਜੋੜੀਆਂ ਇਨ੍ਹਾਂ ਰਸਮਾਂ ਨੂੰ ਨਿਭਾਉਣਾ ਆਪਣਾ ਫਰਜ਼ ਸਮਝਣ ਲੱਗ ਪਏ।ਅੱਜ ਸਮਾਂ ਬਦਲ ਗਿਆ ਹੈ ਅਤੇ ਇਸ ਦੇ ਨਾਲ ਹੀ ਆਧੁਨਿਕਤਾ ਦੇ ਨਾਂ ਹੇਠ ਸਾਡੇ ਸੰਸਕਾਰ ਵੀ ਬਦਲ ਗਏ ਹਨ।ਪਹਿਲਾਂ ਔਰਤਾਂ ਘਰ ਦੇ ਵੱਡਿਆਂ ਤੋਂ ਪਰਦਾ ਕਰਦੀਆਂ ਸਨ ਜਿਸ ਨੂੰ ਘੁੰਡ ਦਾ ਨਾਂ ਦਿੱਤਾ ਜਾਂਦਾ ਸੀ।ਇਹ ਔਰਤ ਦੀ ਸ਼ਰਮ ਅਤੇ ਔਰਤ ਦਾ ਵੱਡਿਆਂ ਪ੍ਰਤੀ ਸਤਿਕਾਰ ਦਾ ਸੂਚਕ ਸੀ।ਇਸ ਕਰਕੇ ਉਹ ਬਜ਼ੁਰਗਾਂ ਸਾਹਮਣੇ ਉੱਚੀ ਗੱਲ ਵੀ ਨਹੀਂ ਕਰਦੀਆਂ ਸਨ ਪਰ ਅੱਜ ਪੂਰਾ ਆਢ੍ਹਾ ਲਾਉਣ ਨੂੰ ਤਿਆਰ ਰਹਿੰਦੀਆਂ ਹਨ।ਔਰਤ ਦੇ ਸਿਰ ਦੀ ਚੁੰਨੀ ਤਾਂ ਕਿਧਰੇ ਉੱਡ-ਪੁੱਡ ਹੀ ਗਈ ਹੈ।ਸਲਵਾਰ-ਕਮੀਜ਼ ਦੀ ਥਾਂ ਜੀਨ-ਟੌਪ ਨੇ ਲੈ ਲਈ ਹੈ।ਕੱਲ੍ਹ ਤੱਕ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣ ਵਾਲੀਆਂ ਅੱਜ ਛੋਟੇ-ਛੋਟੇ ਕੱਪੜੇ ਪਹਿਨ ਕੇ ਆਪਣੇ ਅੰਗਾਂ ਦਾ ਪ੍ਰਦਰਸ਼ਨ ਕਰਨ ਵਿਚ ਮਾਣ ਮਹਿਸੂਸ ਕਰਦੀਆਂ ਹਨ।ਕੱਲ੍ਹ ਤੱਕ ਆਪਣੀ ਬੇਟੀ ਦੇ ਸਹੁਰੇ ਘਰ ਦਾ ਪਾਣੀ ਵੀ ਨਾ ਪੀਣ ਵਾਲੇ ਮਾਂ-ਬਾਪ ਅਕਸਰ ਇਕੱਠੇ ਬੈਠਣਾ ਪਸੰਦ ਕਰਦੇ ਹਨ।ਜੇਕਰ ਆਧੁਨਿਕਤਾ ਦੇ ਨਾਂ ਹੇਠ ਇਹ ਸਭ ਕੁਝ ਜਾਇਜ਼ ਹੈ ਤਾਂ ਵੱਖ-ਵੱਖ ਵਹਿਮਾਂ ਨਾਲ ਜੁੜੀਆਂ ਰਸਮਾਂ ਨੂੰ ਉਖਾੜ ਸੁੱਟਣਾ ਵੀ ਆਧੁਨਿਕਤਾ ਹੀ ਹੋਵੇਗੀ।ਇੱਥੇ ਇਹ ਕਹਿਣਾ ਵੀ ਅੱਤਕਥਨੀ ਨਹੀਂ ਹੋਵੇਗਾ ਕਿ ਇਨ੍ਹਾਂ ਰਸਮਾਂ ਲਈ ਵੀ ਔਰਤਾਂ ਹੀ ਜ਼ਿੰਮੇਵਾਰ ਹਨ ਮਰਦ ਨਹੀਂ।ਕਈ ਕਿਸਮ ਦੇ ਅੰਧਵਿਸ਼ਵਾਸਾਂ ਨਾਲ ਜੋੜ ਕੇ ਪੇਕੇ ਘਰ ਨੂੰ ਇਨ੍ਹਾਂ ਰਸਮਾਂ ਨੂੰ ਨਿਭਾਉਣ ਲਈ ਮਜਬੂਰ ਕੀਤਾ ਜਾਂਦਾ ਹੈ।ਹਰ ਘਰ ਵਿਚ ਔਰਤ ਹੁੰਦੀ ਹੈ ਭਾਵੇਂ ਉਹ ਧੀ ਦੇ ਰੂਪ ਵਿਚ ਹੋਵੇ ਜਾਂ ਨੂੰ੍ਹਹ ਦੇ।ਇਨ੍ਹਾਂ ਰਸਮਾਂ ਨੂੰ ਬਦਲਣ ਲਈ ਮਰਦਾਂ ਦੇ ਨਾਲ-ਨਾਲ ਔਰਤਾਂ ਨੂੰ ਵੀ ਹੰਭਲਾ ਮਾਰਨ ਦੀ ਲੋੜ ਹੈ।
          ਇਸ ਲਈ ਆਓ, ਸਾਰੇ ਰਲ-ਮਿਲ ਕੇ ਇਨ੍ਹਾਂ ਇਤਰਾਜ਼ਯੋਗ ਰੀਤੀ-ਰਿਵਾਜ਼ਾਂ ਨੂੰ ਬਦਲਣ ਦੀ ਕੋਸ਼ਿਸ਼ ਕਰੀਏ ਤਾਂ ਜੁ ਔਰਤ ਨੂੰ ਅਹਿਸਾਸ ਹੋ ਸਕੇ ਕਿ ਵਿਆਹ ਤੋਂ ਬਾਅਦ ਜਿਸ ਘਰ ਵਿਚ ਉਸ ਨੇ ਜ਼ਿੰਦਗੀ ਦਾ ਬਾਕੀ ਸਾਰਾ ਸਮਾਂ ਗੁਜ਼ਾਰਿਆ ਹੈ, ਜਿਸ ਘਰ ਵਿਚ ਉਹ ਮਾਂ ਬਣੀ, ਫਿਰ ਦਾਦੀ ਤੇ ਫਿਰ ਇਸ ਤੋਂ ਅਗਲੇ ਰਿਸ਼ਤੇ ਵੀ, ਜੁਸ ਘਰ ਦੇ ਅਨੁਸਾਰ ਆਪਣੇ ਆਪ ਨੂੰ ਢਾਲਦੇ ਹੋਏ ਉਸ ਨੂੰ ਖੁਸ਼ਹਾਲ ਬਣਾਉਣ ਲਈ ਉਸ ਨੇ ਤਨ-ਮਨ ਤੇ ਧਨ ਨਾਲ ਯਤਨ ਕੀਤੇ ਅਤੇ ਜਿੱਥੇ ਆਪਣੇ ਪਤੀ ਅਤੇ ਬੱਚਿਆਂ ਨਾਲ ਰਹਿੰਦੀ ਹੋਈ ਨੇ ਉਨ੍ਹਾਂ ਦੇ ਹਰ ਦੁੱਖ-ਸੁੱਖ ਦਾ ਧਿਆਨ ਰੱਖਿਆ ਸੀ, ਉਹ ਹੀ ਉਸ ਦਾ ਅਸਲੀ ਘਰ ਹੈ।