ਅੱਜ ਕਿਸਾਨ ਆਪਣੇ ਹੱਕਾਂ ਲਈ ਧਰਨੇ ਤੇ ਸੀ, ਹੌਲਦਾਰ ਪਿਆਰਾ ਸਿੰਘ ਧਰਨੇ ਤੋਂ ਆਪਣੀ ਡਿਊਟੀ ਨਿਭਾ ਕੇ ਥੱਕਿਆ ਹਾਰਿਆ ਘਰੇ ਪੁੱਜਦਾ ਹੈ। ਪਹੁੰਚਦੇ ਹੀ ਪਾਣੀ ਦੀ ਘੁੱਟ ਪੀ ਕੇ ਘਰਵਾਲੀ ਨੂੰ ਅੱਜ ਧਰਨੇ ਤੇ ਜੋ ਕਿਸਾਨਾਂ ਨਾਲ ਹੋਇਆ ਦੱਸਦੇ ਹੋਏ ਛੇਤੀ ਛੇਤੀ ਰੋਟੀ ਦੀ ਮੰਗ ਕਰਦਾ ਹੈ। ਕਹਿੰਦਾ ਹੈ - "ਅੱਜ ਤਾਂ ਸਾਰਾ ਦਿਨ ਭੁੱਖੇ ਹੀ ਮਾਰਤਾ ਕਿਸਾਨਾਂ ਨੇ, ਧਰਨਾ ਚੱਕਣ ਲਈ ਰਾਜੀ ਹੀ ਨਹੀਂ ਹੋ ਰਹੇ ਸੀ। ਫੇਰ ਕੀ, ਕਰਤਾ ਆਡਰ ਵੱਡੇ ਸਾਹਿਬ ਨੇ ਲਾਠੀਚਾਰਜ ਦਾ , ਵਰ੍ਹਾ ਤੀ ਡਾਂਗ ਫੇਰ।"
ਰੋਟੀ ਦੀ ਥਾਲੀ ਮੂਹਰੇ ਹੈ ਤੇ ਅੱਜ ਜੋ ਹੋਇਆ ਉਹ ਸਭ ਕੁੱਝ ਦੱਸ ਰਿਹਾ ਹੈ ਘਰਵਾਲੀ ਨੂੰ। ਘਰਵਾਲੀ ਉਸਦੀਆਂ ਗੱਲਾਂ ਸੁਣਦੀ-ਸੁਣਦੀ ਜਿਓਂ ਹੀ ਰਸੋਈ ਚੋਂ ਨਿਕਲ, ਦੂਜਾ ਗਰਮਾ-ਗਰਮ ਫੂਲਕਾ ਰੱਖਣ ਆਉਂਦੀ ਹੈ ਤੇ ਸਹਿ ਸੁਭਾਅ ਹੀ ਬੋਲ ਬੈਠਦੀ ਹੈ - "ਬੇਚਾਰਾ ਅੰਨਦਾਤਾ, ਨਾਲੇ ਤਾਂ ਮਿਹਨਤਾਂ ਨਾਲ ਸਾਰਾ ਜਗ ਰੱਜਾਵੇ ਤੇ ਨਾਲੇ ਥੋਡੀਆਂ ਡਾਗਾਂ ਖਾਵੇ, ਹਰ ਪਾਸੇ ਮਾਰ ਹੀ ਮਾਰ ਹੈ ।" ਏਨਾ ਆਖ ਉਹ ਰੋਟੀ ਥਾਲ 'ਚ ਰੱਖ ਚਲੀ ਜਾਂਦੀ ਐ।
ਤੇ ਹੌਲਦਾਰ ਪਿਆਰਾ ਸਿੰਘ ਆਪਣੇ ਹੱਥ 'ਚ ਫੜੀ ਬੁਰਕੀ ਨੂੰ ਬਸ ਵੇਖਦਾ ਰਹਿ ਗਿਆ , ਖਾਣ ਦੀ ਹਿੰਮਤ ਨਾ ਹੋਈ ਤੇ ਉਹ ਇਕੱਠ ਅੱਖਾਂ ਮੁਹਰੇ ਆ ਗਿਆ ਜਿਸ ਬਾਰੇ ਉਹ ਕਹਿ ਰਿਹਾ ਸੀ ਕਿ," ਅੱਜ ਤਾਂ ਸਾਰਾ ਦਿਨ ਭੁੱਖੇ ਹੀ ਮਾਰਤਾ ਕਿਸਾਨਾਂ ਨੇ" ।