ਸੁਰਜਨ ਜ਼ੀਰਵੀ ਦੀ ਕਿਤਾਬ ਰਲੀਜ਼ (ਖ਼ਬਰਸਾਰ)


ਬਰੈਂਪਟਨ: -  'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਨੂੰ ਪੰਜਾਬੀ ਦੇ ਮਹਾਨ ਪੱਤਰਕਾਰ ਅਤੇ ਚਿੰਤਕ, ਸੁਰਜਨ ਜ਼ੀਰਵੀ ਜੀ ਦੀ ਦੂਸਰੀ ਵਾਰਤਿਕ ਦੀ ਕਿਤਾਬ, 'ਆਉ ਸੱਚ ਜਾਣੀਏਂ' ਰਲੀਜ਼ ਕਰਨ ਦਾ ਮਾਣ ਹਾਸਿਲ ਹੋਇਆ। ਕਰੋਨਾ ਕਾਰਨ ਲੱਗੀਆਂ ਬੰਦਿਸ਼ਾਂ ਦੌਰਾਨ ਪਰਿਵਾਰ ਵੱਲੋਂ ਆਯੋਜਿਤ ਕੀਤੇ ਗਏ ਬੜੇ ਹੀ ਸੀਮਿਤ ਜਿਹੇ ਸਮਾਗਮ ਵਿੱਚ ਕੁਝ ਗਿਣੇ-ਚੁਣੇ ਮਹਿਮਾਨਾਂ ਦੀ ਹਾਜ਼ਰੀ ਵਿੱਚ ਹੋਏ ਸਮਾਗਮ 'ਚ ਕਾਫ਼ਲੇ ਦੇ ਸੰਚਾਲਕ ਵਜੋਂ ਬੋਲਦਿਆਂ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਸੁਰਜਨ ਜ਼ੀਰਵੀ ਉਸ ਪੀੜ੍ਹੀ ਨਾਲ਼ ਸਬੰਧ ਰੱਖਦੇ ਨੇ ਜੋ ਸ਼ਾਇਦ 'ਯੁਗ-ਪੁਰਸ਼' ਪੈਦਾ ਕਰਨ ਦੇ ਮਾਮਲੇ 'ਚ ਆਖਰੀ ਪੀੜ੍ਹੀ ਗਿਣੀ ਜਾਵੇ ਕਿਉਂਕਿ ਉਨ੍ਹਾਂ ਵਾਲ਼ੀ ਵਿਚਾਰਧਾਰਕ ਪ੍ਰਤੀਬੱਧਤਾ, ਦ੍ਰਿੜ੍ਹਤਾ ਅਤੇ ਲਗਨ ਹੁਣ ਦੇ ਲੇਖਕਾਂ 'ਚੋਂ ਗਾਇਬ ਹੁੰਦੀ ਜਾ ਰਹੀ ਪ੍ਰਤੀਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਸ ਪੀੜ੍ਹੀ ਤੱਕ ਲੇਖਕ ਕਿਸੇ ਖਾਸ ਮਕਸਦ, ਕਿਸੇ ਖ਼ਾਸ ਵਿਚਾਰਧਾਰਾ ਲਈ ਲਿਖਦਾ ਸੀ ਜਦਕਿ ਅੱਜ ਦਾ ਲੇਖਕ ਸ਼ੁਹਰਤ ਦੀ ਦੌੜ 'ਚ ਗਵਾਚ ਗਿਆ ਹੈ।
ਭਾਸ਼ਾ ਵਿਭਾਗ ਨਾਲ਼ ਲੰਮਾਂ ਸਮਾਂ ਜੁੜੇ ਰਹੇ ਬਲਰਾਜ ਚੀਮਾ ਨੇ ਕਿਹਾ ਕਿ ਸੁਰਜਨ ਜ਼ੀਰਵੀ ਦਾ ਜੋ ਮਾਨਸਿਕ, ਜਰਨਲਿਸਟਿਕ, ਅਤੇ ਦੁਨਿਆਵੀ ਨਜ਼ਰੀਆ ਬਣਿਆ ਹੈ ਉਹ 90, 91 ਸਾਲ ਦੇ ਲੰਮੇਂ ਤਜਰਬੇ ਨਾਲ਼ ਹੀ ਹਾਸਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ੀਰਵੀ ਸਾਹਿਬ ਦੀ ਇਹ ਕਿਤਾਬ ਸਿਰਫ ਭਾਰਤੀ ਪੰਜਾਬ ਦਾ ਹੀ ਮੁੱਦਾ ਨਹੀਂ ਸਗੋਂ ਸਮੁੱਚੇ ਸੰਸਾਰ ਦਾ ਮੁੱਦਾ ਹੈ ਜੋ ਜ਼ੀਰਵੀ ਸਾਹਿਬ ਦੀ ਪਿਛਲੇ 80 ਸਾਲ ਦੀ ਘਾਲਣਾ ਦਾ ਨਿਚੋੜ ਹੈ। ਜ਼ੀਰਵੀ ਸਾਹਿਬ ਦੀ ਪ੍ਰਤੀਬੱਧਤਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਿਆਸੀ ਰੁਖ 'ਚ ਉਹ ਜਿਹੜਾ ਸਮਾਜਵਾਦੀ ਫਲਸਫ਼ਾ ਲੈ ਕੇ ਚੱਲੇ ਸਨ ਉਹ ਅੱਜ ਵੀ ਉਨ੍ਹਾਂ ਦੇ ਦਿਲ ਵਿੱਚ ਜਿਉਂ ਦਾ ਤਿਉਂ ਕਾਇਮ ਹੈ; ਉਸ 'ਚ ਕੋਈ ਛੇਕ ਜਾਂ ਮੋਰੀ ਨਹੀਂ ਹੋਈ।


ਕੰਵਲਜੀਤ ਢਿੱਲੋਂ ਨੇ ਕਿਹਾ ਕਿ ਬਰਜਿੰਦਰ ਹਮਦਰਦ, ਕਰਮਜੀਤ, ਸਿੰਗਾਰਾ ਸਿੰਘ ਭੁੱਲਰ, ਬਲਬੀਰ ਜੰਡੂ, ਅਤੇ ਦਿਲਬੀਰ ਸਿੰਘ ਵਰਗੇ ਆਪੋ-ਆਪਣੇ ਖੇਤਰ ਦੇ ਮਹਾਨ ਪੱਤਰਕਾਰ ਜ਼ੀਰਵੀ ਸਾਹਿਬ ਦੀ ਉਪਜ ਹੀ ਹਨ। ਉਨ੍ਹਾਂ ਕਿਹਾ ਕਿ ਸੁਰਜਨ ਜ਼ੀਰਵੀ, ਉਨ੍ਹਾਂ ਦੀ ਪਤਨੀ ਅਮ੍ਰਿਤ ਜ਼ੀਰਵੀ ਅਤੇ ਬਾਬਾ ਗੁਰਬਖਸ਼  ਸਿੰਘ ਬੰਨੂਆਣਾ ਜੀ ਆਪਣੇ ਆਪ ਵਿੱਚ ਇੱਕ ਉਹ ਸੰਸਥਾ ਸਨ ਜਿਸ ਨੇ ਬਹੁਤ ਸਾਰੇ ਨੌਜਵਾਨਾਂ ਦੇ ਸਿਰ 'ਤੇ ਪਿਤਰੀ ਹੱਥ ਰੱਖਿਆ ਅਤੇ ਜ਼ਿੰਦਗੀ ਦੇ ਰਾਹੀਂ ਪਾਇਆ। ਕੰਵਲਜੀਤ ਨੇ ਜ਼ੀਰਵੀ ਸਾਹਿਬ ਦੇ ਨਵਾਂ-ਜ਼ਮਾਨਾ ਦੇ ਕਾਰਜ-ਕਾਲ ਦੌਰਾਨ ਨਵਾਂ ਜ਼ਮਾਨਾ ਦੇ ਦਫ਼ਤਰ ਨਾਲ਼ ਜੁੜੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।
ਜਿੱਥੇ ਸੁਰਜਨ ਜ਼ੀਰਵੀ ਜੀ ਦੀ ਪਤਨੀ ਅਮ੍ਰਿਤ ਜ਼ੀਰਵੀ ਜੀ ਨੇ ਸੰਖੇਪ ਸ਼ਬਦਾਂ 'ਚ ਸਭ ਦਾ ਧੰਨਵਾਦ ਕੀਤਾ ਓਥੇ ਉਨ੍ਹਾਂ  ਦੀ ਬੇਟੀ, ਸੀਰਤ, ਨੇ ਜ਼ੀਰਵੀ ਸਾਹਿਬ ਦੇ ਜੀਵਨ-ਢੰਗ ਨੂੰ ਰੌਚਿਕਤਾ-ਭਰਪੂਰ ਬਿਆਨਦਿਆਂ ਕਿਹਾ ਕਿ ਜ਼ੀਰਵੀ ਸਾਹਿਬ ਨੇ ਹਮੇਸ਼ਾਂ ਆਪਣੀ ਜ਼ਿੰਦਗੀ ਨੂੰ ਆਪਣੇ ਢੰਗ ਨਾਲ਼ ਹੀ ਜੀਵਿਆ ਹੈ। ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਅੱਤਵਾਦ ਦੇ ਦਿਨ੍ਹਾਂ 'ਚ ਜਦੋਂ ਉਹ ਰੋਜ਼ਾਨਾ ਕਪੂਰਥਲੇ ਤੋਂ ਜਲੰਧਰ ਜਾਇਆ ਕਰਦੇ ਸਨ ਤਾਂ ਉਨ੍ਹਾਂ ਦੇ ਸਹੀ-ਸਲਾਮਤ ਵਾਪਿਸ ਮੁੜਨ ਦੀ ਕੋਈ ਆਸ ਨਹੀਂ ਸੀ ਹੁੰਦੀ ਕਿਉਂਕਿ ਕਈ ਵਾਰ ਘਰ ਦੇ ਬਾਹਰ ਅੱਤਵਾਦੀ ਉਨ੍ਹਾਂ ਦੀ ਊਡੀਕ ਕਰਦੇ ਵੇਖੇ ਗਏ ਸਨ। ਮਹੌਲ ਨੂੰ ਸਮਝਦਿਆਂ ਪਾਰਟੀ ਵੱਲੋਂ ਉਨ੍ਹਾਂ ਨੂੰ ਕੀਤੀ ਗਈ ਬੌਡੀਗਾਰਡਾਂ ਦੀ ਪੇਸ਼ਕਸ਼ ਨੂੰ ਜ਼ੀਰਵੀ ਸਾਹਿਬ ਨੇ ਸਵੀਕਾਰ ਨਾ ਕੀਤਾ ਅਤੇ ਪਾਰਟੀ ਵੱਲੋਂ ਹਥਿਆਰ ਰੱਖਣ ਦੀ ਤਜਵੀਜ਼ ਨੂੰ ਉਨ੍ਹਾਂ ਨੇ ਆਪਣੇ ਮਖੌਲੀਆ ਅੰਦਾਜ਼ 'ਚ ਇਹ ਕਹਿ ਕੇ ਟਾਲ਼ ਦਿੱਤਾ ਕਿ, "ਕੀ ਕਰੂੰਗਾ ਗੰਨ ਰੱਖ ਕੇ? ਉਹ ਆਉਣਗੇ ਤੇ ਮੈਂ ਕੀ ਕਹੁੰਗਾ ਕਿ, 'ਭਰਾਵਾ ਠਹਿਰ ਜਾ, ਪਹਿਲਾਂ ਮੈਨੂੰ ਇਹ ਤੇ ਸਮਝ ਲੈਣ ਦੇ ਕਿ ਮੈਂ ਇਹਨੂੰ ਕਿੱਥੋਂ ਚਲਾਵਾਂ?" ਇਸੇ ਤਰ੍ਹਾਂ ਜ਼ੀਰਵੀ ਸਾਹਿਬ ਵੱਲੋਂ ਆਪਣੇ ਤਰੀਕੇ ਨਾਲ਼ ਕਰਵਾਏ ਗਏ ਨੌਜਵਾਨ ਪ੍ਰੇਮੀ ਜੋੜਿਆਂ ਦੇ ਵਿਆਹਵਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਛੋਟੇ ਹੁੰਦਿਆਂ ਹੀ ਵੇਖਦੇ ਹੁੰਦੇ ਸੀ ਕਿ ਮੰਮੀ ਨੇ ਕਹਿਣਾ, "ਜ਼ੀਰਵੀ ਸਾਹਿਬ, ਹੁਣ ਆਪਣਾ ਮਾਂ-ਬਾਪ ਦਾ ਫ਼ਰਜ਼ ਨਿਭਾਉਣ ਦਾ ਸਮਾਂ ਆ ਗਿਆ, ਆਪਾਂ ਇਨ੍ਹਾਂ ਬੱਚਿਆਂ ਦਾ ਵਿਆਹ ਕਰਵਾ ਦੇਈਏ।" ਅਜਿਹੇ ਹੀ ਮਹੌਲ 'ਚ ਜ਼ੀਰਵੀ ਸਾਹਿਬ ਨੇ ਆਸ-ਪਾਸ ਬੈਠੇ ਪੱਤਰਕਾਰਾਂ ਅਤੇ ਦੋਸਤਾਂ ਨੂੰ ਇਕੱਠਿਆਂ ਕਰਕੇ ਕਈ ਪ੍ਰੇਮੀ ਜੋੜਿਆਂ ਦੇ ਬੜੇ ਹੀ ਸਧਾਰਨ ਤਰੀਕੇ ਨਾਲ਼ ਵਿਆਹ ਕਰਵਾਏ।
ਜ਼ੀਰਵੀ ਸਾਹਿਬ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ, "ਜਿੰਨਾ ਕੁ ਮੈਂ ਇਮਾਨਦਾਰੀ ਨਾਲ਼ ਜ਼ਿੰਦਗੀ 'ਚ ਕਰ ਸਕਦਾ ਸੀ, ਓਨਾ ਕੁ ਕੀਤਾ ਹੈ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬਹੁਤ ਸਾਰੇ ਲੋਕਾਂ ਨੇ ਉਹ ਸਵੀਕਾਰ ਵੀ ਕੀਤਾ ਹੈ। ਮੈਂ ਇਮਾਨਦਾਰੀ ਨਾਲ਼ ਉਹੀ ਲਿਖਿਆ ਹੈ ਜੋ ਮੈਂ ਜ਼ਿੰਦਗੀ ਵਿੱਚ ਅਨੁਭਵ ਕੀਤਾ ਹੈ। ਜਿਨ੍ਹਾਂ ਦੋਸਤਾਂ ਦਾ ਮੈਂ ਇਸ ਕਿਤਾਬ ਵਿੱਚ ਜ਼ਿਕਰ ਕੀਤਾ ਹੈ ਉਹ ਸੱਚਮੁਚ ਹੀ ਮਹਾਨ ਹਸਤੀਆਂ ਸਨ ਤੇ ਉਨ੍ਹਾਂ ਦੀਆਂ ਕੁਰਬਾਨੀਆਂ ਮੈਥੋਂ ਵੱਡੀਆਂ ਹੀ ਸਨ। ਉਹ ਸੱਚਮੁਚ ਹੀ ਮਹਾਨ ਲੋਕ ਸਨ ਤੇ ਅੱਜ ਵੀ ਮੈਨੂੰ ਪ੍ਰੇਰਨਾ ਦਿੰਦੇ ਨੇ।"
ਇਕਬਾਲ ਮਾਹਲ ਨੇ ਕਿਹਾ ਕਿ ਜ਼ੀਰਵੀ ਸਾਹਿਬ ਦੀ ਇਹ ਖੂਬੀ ਹੈ ਕਿ ਉਹ ਸਾਰੀ ਉਮਰ ਇੱਕ ਵਿਚਾਰਧਾਰ ਨੂੰ ਪਰਨਾਏ ਰਹਿਣ ਦੇ ਬਾਵਜੂਦ ਕਿਸੇ 'ਤੇ ਵੀ ਆਪਣੀ ਵਿਚਾਰਧਾਰਾ ਠੋਸਦੇ ਨਹੀਂ। ਪਿਆਰਾ ਸਿੰਘ ਕੁੱਦੋਵਾਲ ਨੇ ਕਿਹਾ ਕਿ ਜੋ ਵਿਅੰਗ ਦਾ ਅੰਦਾਜ਼ ਜ਼ੀਰਵੀ ਸਾਹਿਬ ਵਿੱਚ ਹੈ ਉਹ ਜ਼ਿੰਦਗੀ ਦੇ ਲੰਮੇਂ ਤਜਰਬੇ ਅਤੇ ਗਿਆਨ ਨਾਲ਼ ਹੀ ਨਸੀਬ ਹੋ ਸਕਦਾ ਹੈ।
ਸਮਾਗਮ ਦੇ ਅਖੀਰ ਵਿੱਚ ਇਕਬਾਲ ਬਰਾੜ ਅਤੇ ਰਿੰਟੂ ਭਾਟੀਆ ਜੀ ਵੱਲੋਂ ਖ਼ੂਬਸੂਰਤ ਤਰੰਨਮ 'ਚ ਸ਼ਾਇਰੀ ਪੇਸ਼ ਕੀਤੀ ਗਈ। ਇਸ ਸਮਾਗਮ ਵਿੱਚ ਕਾਫ਼ਲਾ ਸੰਚਾਲਕ ਪਰਮਜੀਤ ਦਿਓਲ ਅਤੇ ਮਨਮੋਹਨ ਗੁਲਾਟੀ ਜੀ ਅਤੇ ਉਪਰੋਕਤ ਦੱਸੇ ਗਏ ਦੋਸਤਾਂ ਤੋਂ ਇਲਾਵਾ ਸੁਰਿੰਦਰ ਖਹਿਰਾ, ਪ੍ਰਤੀਕ, ਜੋਗਿੰਦਰ ਕਲਸੀ, ਸੁਰਜੀਤ ਕੌਰ ਅਤੇ ਸੁਰਜਨ ਜ਼ੀਰਵੀ ਜੀ ਦਾ ਸਾਰਾ ਪਰਿਵਾਰ ਹਾਜ਼ਰ ਸੀ।

ਕੁਲਵਿੰਦਰ ਖਹਿਰਾ