ਮੁਹਬੱਤਾਂ ਦਾ ਕਾਵਿ ਸੰਗ੍ਰਹਿ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਿੱਸਾ ਏ ਗੁਲਾਬ
ਸ਼ਾਇਰ ਕਰਨਪ੍ਰੀਤ ਸਿੰਘ
ਪ੍ਰੀਤ ਪਬਲੀਕੇਸ਼ਨਜ਼ ਨਾਭਾ
ਪੰਨੇ 112  ਮੁੱਲ –180 ਰੁਪਏ

ਕੈਨੇਡਾ ਵਾਸੀ ਕਰਨਪ੍ਰੀਤ ਸਿੰਘ (ਫਾਜ਼ਿਲਕਾ ) ਦੀ ਇਹ ਪਹਿਲੀ ਪੁਸਤਕ ਉਸਦਾ ਕਾਵਿ ਸੰਗ੍ਰਹਿ ਹੈ ।ਜਿਸ ਵਿਚ ਸ਼ਾਇਰ ਨੇ ਮੁਹਬੱਤਾਂ ਨੂੰ ਵਖ ਵਖ ਰੂਪਾਂ ਵਿਚ ਕਾਵਿਕ ਬਿੰਬਾਂ  ਰਾਹੀਂ ਸਿਰਜਿਆ ਹੈ ।  ਆਪਣੇ ਪਿਛਲੇ ਤਿੰਨ ਸਾਲਾਂ ਦੇ  ਮੁਕਾਮ ਦੌਰਾਨ ਕੈਨੇਡਾ ਵਿਚ ਸਿਖਿਆ ਹਾਸਲ ਕਰਦੇ ਨੌਜਵਾਨ ਸ਼ਾਇਰ ਨੇ ਆਪਣੇ ਅਹਿਸਾਸਾਂ ਨੂੰ  ਇਸ ਪੁਸਤਕ ਵਿਚ ਕਵਿਤਾ ਰਾਹੀਂ ਰੂਪਮਾਨ ਕੀਤਾ ਹੈ।
ਆਪਣੇ ਸਤਿਕਾਰਤ ਮਾਤਾ ਪਿਤਾ ਤੇ ਸਵਰਗੀ ਦਾਦਾ ਜੀ ਗਿਆਨੀ ਆਗਿਆਕਾਰ ਸਿੰਘ (ਰਿਵਿਊਕਾਰ ਦਾ ਵੱਡਾ ਭਰਾ)  ਨੂੰ ਸਮਰਪਿਤ ਕੀਤੀ ਪੁਸਤਕ ਦਾ ਮੁਖ ਬੰਦ ਉਸਤਾਦ ਸ਼ਾਇਰ ਸੁਲਖਣ ਸਰੱਹਦੀ  ਨੇ ਲਿਖਿਆ ਹੈ ਕਿ  ਕਾਵਿ ਸੰਗ੍ਰਹਿ ਵਿਚ ਸ਼ਾਇਰ ਦੇ ਪ੍ਰਵਾਸ ਸਮੇਂ ਦੇ ਮਾਸੂਮ ਅਹਿਸਾਸ ਹਨ । ਜਿਂਨ੍ਹਾਂ ਦੀ ਸਫ਼ਲ ਪੇਸ਼ਕਾਰੀ ਸ਼ਾਇਰ ਨੇ ਕੀਤੀ ਹੈ । ਪ੍ਰਭਾਵਸ਼ਾਲੀ ਸ਼ਬਦਾਂ ਵਿਚ ਸਰਹੱਦੀ ਜੀ ਨੇ ਪੁਸਤਕ ਦੀਆਂ ਵਿਭਿੰਨ ਕਾਵਿ ਰਚਨਾਵਾਂ ਦੇ ਰੂਪਕ ਤੇ  ਕਲਾ ਪਖ ਦੀ ਨਿਸ਼ਾਨਦੇਹੀ ਕੀਤੀ ਹੈ । ਸਰਹਦੀ ਜੀ ਦੇ  ਸ਼ਾਬਾਸ਼ੀ ਸ਼ਬਦ ਪੁਸਤਕ ਦੇ  ਉਭਰਦੇ ਸ਼ਾਇਰ ਲਈ ਵਡਮੁਲਾ ਖਜਾਨਾ ਹਨ ।  ਜਿਂਨ੍ਹਾਂ ਦੀ ਰੌਸ਼ਨੀ ਵਿਚ ਕਰਨਪ੍ਰੀਤ ਸਿੰਘ ਜਿਹੇ ਨਵੇਂ  ਸ਼ਾਇਰ ਸੁਚਜਾ ਮਾਰਗਦਰਸ਼ਨ ਲੈ ਸਕਦੇ ਹਨ । ਤੇ ਕਾਵਿ ਸਿਰਜਨਾ ਨੂੰ ਹੋਰ ਵੀ ਨਿਖਾਰ ਸਕਦੇ ਹਨ । ਪੁਸਤਕ ਵਿਚ ਵਡੀਆਂ ਛੋਟੀਆਂ 49 ਕਾਵਿ ਰਚਨਾਵਾਂ ਹਨ ।ਪੰਨਾ 34,47 ,65 ,89 ਤੇ 101 ਉਪਰ ਤਿੰਨ ਤਿੰਨ ਸਤਰਾਂ ਦੇ ਮਾਹੀਏ ਦੇ ਬੋਲ ਹਨ ।  --ਰੋਹੀਆਂ ਵਿਚ ਫੁਲ ਖਿੜਿਆ /ਤੱਕ ਮੇਰਾ ਮੁਖ ਵੇ ਚੰਨਾ /ਦਿਲੀਂ ਇਸ਼ਕੇ ਦਾ ਤਾਰ ਛਿੜਿਆ ।
ਚਾਂਦੀ ਦੇ ਬੂਹੇ ਵੇ /ਐਨੇ ਸੌਖੇ ਨਹੀਂ ਗਿੜਦੇ /ਇਹ ਮੁਹਬਤਾਂ ਦੇ ਖੂਹੇ ਵੇ ।  ਸਪਸ਼ਟ ਹੈ ਕਿ ਸ਼ਾਇਰ ਮੁਹਬਤਾਂ ਨੂੰ ਡੂੰਘੇ ਖੂਹਾਂ ਬਰਾਬਰ ਸਮਝਦਾ ਹੈ । ਦਿਲ ਦਰਿਆ ਸਮੁੰਦਰੋਂ ਡੂੰਘੇ ਹੋਣ ਤੋਂ ਸ਼ਾਇਰ ਦੀ ਕਾਵਿਕ ਸੰਵੇਦਨਸ਼ੀਲਤਾ ਦਾ ਅੰਦਾਜ਼ਾ ਸਹਿਜੇ ਹੀ ਲਗ ਜਾਂਦਾ ਹੈ । ਇਸ ਕਿਸਮ ਦੀ ਦਾਰਸ਼ਨਿਕ ਗਹਿਰਾਈ ਕੁਝ ਨਜ਼ਮਾਂ ਵਿਚ ਹੈ । ਕੁਝ ਸ਼ਬਦ ਫਾਰਸੀ ਜ਼ਬਾਨ ਦੇ ਹਨ ।ਕਿਉਂ ਕਿ ਮੁਹੱਬਤਾਂ ਦਾ ਆਗਾਜ਼ ਲਹਿੰਦੇ ਪੰਜਾਬ ਦੀ  ਦੀ ਧਰਤੀ  ਤੋਂ ਹੋਇਆ ਹੈ । ਉਹ ਪੰਜਾਬ ਜਿਸ ਤੋਂ ਅਰਬੀ ਰੰਗਤ ਵਾਲੀ  ਪੰਜਾਬੀ ਦੇ ਪੁਰਤਨ ਨਕਸ਼ ਤਲਾਸ਼ੇ ਜਾ ਸਕਦੇ ਹਨ । ਸਾਡੇ ਮੁਹੱਬਤਾਂ ਦੇ  ਕਿੱਸੇ ਇਸ  ਦੀ ਗਵਾਹੀ ਹਨ ।  ਕਵਿਤਾਵਾਂ ਇਸ਼ਕ ਏ ਰਿਫਾਕਤ ,ਮੁਬਾਰਕ ਬਾ ਮੁਬਾਰਕ ,ਤਾਬੀਰ ,ਗੱਲ ਮਸਲਤ ਵਾਲੀ ਇਸ ਰੰਗ ਦੀਆਂ ਹਨ । ਪੰਨਾ 90 ਦੀ ਕਵਿਤਾ ਖੇਲਾ ਏ ਕੁਦਰਤ ਵਿਚ ਭਾਸ਼ਾਵਾਂ ਦਾ ਮਿਲਗੋਭਾ ਮਹਿਸੂਸ ਹੁੰਦਾ ਹੈ । ਬਨਾਇ ਕੈ ,ਮਨਾਇ ਕੈ ,ਸਜਾਇ ਕੈ ,ਜਗਾਇ ਕੈ ,ਰਚਾਇ ਕੈ ਆਦਿ  ਤੁਕਾਂਤ ਕਾਵਿ  ਗੁੰਝਲਾਂ   ਹਨ । ਕੁਝ ਰਚਨਾਵਾਂ ਵਿਚ ਗਜ਼ਲ ਜਿਹੀ ਨੁਹਾਰ ਹੈ । ਕਵਿਤਾ ਤਮੰਨਾ (81-83) ਦੇ ਕਈ ਸ਼ਿਅਰ ਹਨ । ਉਸਤਾਦ ਸ਼ਾਇਰ  ਸੁਲਖਣ ਸਰਹਦੀ ਨੇ ਇਨ੍ਹਾਂ ਸ਼ਿਅਰਾਂ ਵਿਚੋਂ ਲੇਖਕ ਅੰਦਰਲੇ ਗਜ਼ਲ ਸਿਰਜਕ ਵਲ ਸੰਕੇਤ ਕੀਤਾ ਹੈ ।   ਤੇ ਗਜ਼ਲ  ਵਲ ਸ਼ਾਇਰ ਦੇ ਚੰਗੇ ਭਵਿਖ ਦੀ ਆਸ ਕੀਤੀ ਹੈ । ਸ਼ਾਇਰੀ ਵਿਚ ਰੁਮਾਂਸ਼ ,ਇਸ਼ਕ ,ਗੁਲਾਬ ,ਕੰਡੇ ,ਪਿਆਰ ਮੁਹਬਤ ,ਇਸ਼ਕ ਹਕੀਕੀ ਤੇ ਇਸ਼ਕ ਮਜ਼ਾਜ਼ੀ , ਕਿੱਸਾ ਕਾਵਿ ਤੇ ਸੂਫੀ ਸ਼ਾਇਰ, ਗੁਰੂ ਸ਼ਾਹਿਬਾਨ  ਦੇ ਸੰਕੇਤਿਕ ਹਵਾਲੇ ਹਨ ।  ਕਾਵਿ ਰਚਨਾਵਾਂ ਪਿਛੋਂ ਦੋ ਸਿਰਲੇਖ  ਮੁਹਬੱਤ ਤੇ ਝੂਠਾ ਅਹਿਸਾਸ ਕਾਵਿਕ ਵਾਰਤਕ ਦੇ ਹਨ । ਸ਼ਾਇਰ ਕੋਲੋਂ ਪੰਜਾਬੀ ਕਾਵਿ ਸ਼ਾਸਤਰ ਦੀ ਵਧੇਰੇ ਸੂਖਮ ਪਛਾਣ ਕਰਨ ਦੀ  ਆਸ ਰਖਦੇ ਹੋਏ  ਚੰਗੀ ਦਿਖ ਵਾਲੀ  ਇਸ ਪਲੇਠੀ ਪੁਸਤਕ ਦਾ ਨਿਘਾ ਸਵਾਗਤ ਹੈ ।