ਨਹੀਂ ਰੀਸਾਂ ਘਰ ਦੇ ਬਣੇ ਗੁੜ ਦੀਆਂ (ਲੇਖ )

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਓਹਨਾਂ ਸਮਿਆਂ ਦੀ ਗੱਲ ਹੈ ਦੋਸਤੋ ਇਹ, ਜਦੋਂ ਪੰਜਾਬ ਦੇ ਜ਼ਿਆਦਾਤਰ ਲੋਕ ਆਪੋ-ਆਪਣੇ ਖੇਤਾਂ ਵਿੱਚ ਘਰ ਦਾ ਕਮਾਦ ਬੀਜਿਆ ਕਰਦੇ ਸਨ,ਤੇ ਘਰ ਦਾ ਗੁੜ ਬਣਾ ਕੇ ਜਿਥੇ ਸਾਰੇ ਸਾਲ ਲਈ ਘਰ ਦੇ ਵਿੱਚ ਸੰਭਾਲ ਕੇ ਰੱਖ ਲਿਆ ਕਰਦੇ ਸਨ ਓਥੇ ਰਿਸ਼ਤੇਦਾਰੀਆਂ ਵਿੱਚ ਵੀ ਗੁੜ ਦੇ ਕੇ ਆਉਣ ਦਾ ਰਿਵਾਜ ਵੀ ਸਿਖਰਾਂ ਤੇ ਰਿਹਾ ਹੈ।ਉਸ ਪਾਸੇ ਜੇਕਰ ਕੋਈ ਰਿਸ਼ਤੇਦਾਰੀ ਹੋਣੀ ਜਿਥਰ ਕਮਾਦ ਦੀ ਬਜਾਂਦ ਘੱਟ ਹੋਣੀ,ਉਸ ਪਾਸੇ ਬੜੇ ਮਾਣ ਨਾਲ ਗੁੜ ਦੀਆਂ ਭੇਲੀਆਂ ਬਣਾ ਕੇ ਦੇ ਕੇ ਆਉਣੀਆਂ। ਤੇ ਅਗਲੇ ਪਾਸੇ ਓਹ ਰਿਸ਼ਤੇਦਾਰ ਵੀ ਉਡੀਕਿਆ ਕਰਦੇ ਸਨ ਕਿ ਘਰ ਦਾ ਬਣਾਇਆ ਹੋਇਆ ਗੁੜ ਆਵੇਗਾ ਤੇ ਉਸ ਦੀ ਚਾਹ ਦਾ ਸਵਾਦ ਵੀ ਨਿਵੇਕਲਾ ਹੀ ਅਤੇ ਬਹੁਤ ਸਵਾਦਲਾ ਹੁੰਦਾ ਸੀ।
     ਬੇਸ਼ੱਕ ਖੰਡ ਮਿੱਲਾਂ ਨੂੰ ਗੰਨਾਂ ਭੇਜਣ ਦਾ ਰਿਵਾਜ ਵੀ ਰਿਹਾ ਹੈ ਪਰ ਪਹਿਲਾਂ ਘਰ ਲਈ ਗੁੜ ਬਣਾਉਣ ਨੂੰ ਪਹਿਲ ਦਿੱਤੀ ਜਾਂਦੀ ਸੀ। ਭਾਵੇਂ ਘਲਾੜੀਆਂ ਤਾਂ ਘਰ ਘਰ ਦੀਆਂ ਨਹੀਂ ਸਨ ਪਰ ਇਕ ਦੂਸਰੇ ਨਾਲ ਭਰਾਵੀਂ ਪਿਆਰ ਤੇ ਅਪਣੱਤ ਭਰੇ ਸਮੇਂ ਜ਼ਰੂਰ ਸਨ, ਇਕ ਦੂਸਰੇ ਦੇ ਖੇਤਾਂ ਵਿੱਚ ਲੱਗੀ ਘੁਲਾੜੀ/ਘੁਲਾੜੇ ਤੋਂ ਲੋੜ ਮੁਤਾਬਕ ਗੁੜ ਬਣਾ ਲੈਣਾ। ਜਿਵੇਂ ਕਿ ਅੱਜਕਲ੍ਹ ਵਿਖਾਵੇ ਦੇ ਤੌਰ ਤੇ ਜਾਂ ਕਹਿ ਲਈਏ ਕਿ ਕਾਰੋਬਾਰ/ਕਮਾਈ ਲਈ ਥਾਂ ਥਾਂ ਘੁਲਾੜੀਆਂ ਲੱਗੀਆਂ ਹਨ ਅਤੇ ਆਪਣੀ ਲੋੜ ਅਨੁਸਾਰ ਲੋਕ ਓਨਾਂ ਤੋਂ ਗੁੜ ਬਣਵਾਉਂਦੇ ਹਨ, ਤੇ ਗੁੜ ਵਿੱਚ ਸੌਂਫ, ਮੂੰਗਫਲੀ ਦੀਆਂ ਗਿਰੀਆਂ, ਅਖਰੋਟ ਦੀਆਂ ਗਿਰੀਆਂ ਬੜੇ ਸ਼ੌਕ ਨਾਲ ਗੁੜ ਵਿੱਚ ਪਵਾਉੱਦੇ ਨੇ ਤੇ ਖਾਂਦੇ ਸਿਰਫ਼ ਗੁੜ ਖਾਣੇ ਤੋਂ ਬਾਅਦ ਹਨ,(ਇਹ ਘੁਲਾੜੀਆਂ ਚੂਨੀ-ਪਟਿਆਲਾ ਰੋਡ, ਜਲੰਧਰ-ਹੁਸ਼ਇਆਰਪੁਰ ਰੋਡ, ਤੇ ਆਮ ਹਨ ਵੈਸੇ ਹਰ ਇਕ ਰੋਡ ਤੇ ਹੀ ਹੁਣ ਆਪੋ-ਆਪਣੇ ਕਾਰੋਬਾਰ ਦੇ ਹਿਸਾਬ ਨਾਲ ਲੋਕ ਲਗਾ ਰਹੇ ਹਨ) ਬਿਲਕੁਲ ਇਸੇ ਤਰ੍ਹਾਂ ਹੀ ਪਹਿਲੇ ਸਮਿਆਂ ਵਿੱਚ ਵੀ ਗੁੜ ਦੀਆਂ ਭੇਲੀਆਂ ਵਿਚ ਸੌਂਫ, ਖੋਪਾ, ਮੂੰਗਫਲੀ ਦੀਆਂ ਗਿਰੀਆਂ ਪਾਈਆਂ ਜਾਂਦੀਆਂ ਰਹੀਆਂ ਹਨ।
    ਵੈਸੇ ਤਾਂ ਚਾਹ ਪੀਂਦੇ ਹੀ ਲੋਕ ਬਹੁਤ ਘੱਟ ਸਨ ਜੇਕਰ ਪੀਂਦੇ ਵੀ ਸਨ ਤਾਂ ਗੁੜ ਦੀ ਬਣੀ ਚਾਹ ਨੂੰ ਪਸੰਦ ਕੀਤਾ ਜਾਂਦਾ ਰਿਹਾ ਹੈ। ਓਸੇ ਤਰਜ ਤੇ ਅੱਜਕਲ੍ਹ ਆਮ ਢਾਬਿਆਂ ਤੇ ਇਹ ਲਿਖਿਆ ਮਿਲਦਾ ਹੈ ਕਿ ਇਥੇ ਗੁੜ ਦੀ ਚਾਹ ਵੀ ਬਣਦੀ/ਮਿਲਦੀ ਹੈ।
    ਜੇਕਰ ਪੁਰਾਤਨ ਸਮਿਆਂ ਦੀ ਗੱਲ ਕਰੀਏ ਤਾਂ ਸਾਰੇ ਪਿੰਡ ਦੇ ਹੀ ਗਰੀਬ ਪਰਿਵਾਰਾਂ ਲਈ ਕਮਾਦ ਵਰਦਾਨ ਸਨ ਕਿਉਂਕਿ ਕਮਾਦ ਛਿੱਲਣ ਲਈ ਲੋਕ ਵਹੀਰਾਂ ਘੱਤ ਕੇ ਜਾਇਆ ਕਰਦੇ ਸਨ,ਕਮਾਦ ਦੇ ਆਗ ਜਾਂ ਪੱਛੀ ਨੂੰ ਕੁਤਰੇ ਵਾਲੀਆਂ ਮਸ਼ੀਨਾਂ ਨਾਲ ਕੁਤਰ ਕੇ ਪਸ਼ੂਆਂ ਨੂੰ ਪਾਇਆ ਜਾਂਦਾ ਸੀ ਤੇ ਪਸ਼ੂ ਮਿਠਾਸ ਕਰਕੇ ਬਹੁਤ ਖੁਸ਼ ਹੋ ਕੇ ਖਾਇਆ ਕਰਦੇ ਸਨ।ਗਰੀਬ ਪਰਿਵਾਰ ਉਡੀਕਦੇ ਰਹਿੰਦੇ ਸਨ ਕਿ ਕਿਸ ਦਿਨ ਕੀਹਨੇ ਕਮਾਦ ਛਿਲਣਾ ਹੈ। ਜੇਕਰ ਕਿਸੇ ਵੱਡੇ ਧਨਾਢ ਕਿਸਾਨ ਦੇ ਜਿਆਦਾ ਕਮਾਦ ਬੀਜਿਆ ਹੋਣਾਂ ਤਾਂ ਉਸ ਕਮਾਦ ਛਿੱਲਣ ਲਈ ਜ਼ਿਆਦਾ ਲੇਬਰ ਦੀ ਲੋੜ ਹੋਣੀ ਤਾਂ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਵੀ ਕੀਤੀ ਜਾਂਦੀ ਰਹੀ ਹੈ।ਆਗ ਤੇ ਖੋਰੀ ਦੀਆਂ ਟਰਾਲੀਆਂ ਗੱਡੇ ਭਰ ਭਰ ਘਰੀਂ ਲਿਆਉਂਦੇ ਲੋਕ ਦਾਸ ਨੇ ਅੱਖੀਂ ਵੇਖੇ ਹਨ। ਇਸੇ ਬਣੇ ਗੁੜ ਦੀ ਓਹਨਾਂ ਸਮਿਆਂ ਵਿੱਚ ਆਮ ਲੋਕ ਸ਼ਰਾਬ ਵੀ ਕੱਢਿਆ ਕਰਦੇ ਸਨ।
   ਸੋ ਦੋਸਤੋ ਗੱਲ ਤਾਂ ਸਮੇਂ ਸਮੇਂ ਦੀ ਹੁੰਦੀ ਹੈ ਅਜੋਕੇ ਸਮੇਂ ਵਿੱਚ ਗੁੜ ਦੀ ਚਾਹ ਕੋਈ ਵਿਰਲਾ ਹੀ ਪੀ ਕੇ ਰਾਜੀ ਹੈ। ਵੈਸੇ ਕਹਾਵਤ ਹੈ ਕਿ:-
“ਘਰ ਦੇ ਗੁੜ ਜਿਹੀ ਚੀਜ਼ ਨਾ ਆਖੇ ਸਾਰਾ ਜੱਗ।
ਅੱਜਕਲ੍ਹ ਸੱਭ ਇਹ ਭੁੱਲ ਗਏ,ਖਾਣ ਬਜਾਰੂ ਖੇਹ ਸੁਆਹ ਅੱਗ।“
ਅਜੋਕੇ ਬੱਚਿਆਂ ਨੂੰ ਭਾਵ ਨਵੀਂ ਪਨੀਰੀ ਨੂੰ ਇਨ੍ਹਾਂ ਗੱਲਾਂ ਦਾ ਕੋਈ ਇਲਮ ਨਹੀਂ ਹੈ। ਜੇਕਰ ਕੋਈ ਮੇਰੇ ਵਰਗਾ ਆਪਣਾ ਫਰਜ਼ ਸਮਝ ਕੇ ਬੱਚਿਆਂ ਨੂੰ ਆਪਣੇ ਪੁਰਾਤਨ ਵਿਰਸੇ ਨੂੰ ਜਾਂ ਅਤੀਤ ਤੋਂ ਓਨਾਂ ਨੂੰ ਜਾਣੂ ਕਰਵਾਉਣਾ ਵੀ ਚਾਹੁੰਦਾ ਹੈ ਤਾਂ ਓਨਾਂ ਕੋਲ ਕੰਪਿਊਟਰ ਜਾਂ ਮੋਬਾਇਲ ਵਿੱਚੋਂ ਹੀ ਨਹੀਂ ਨਿਕਲਿਆ ਜਾਂਦਾ। ਫਿਰ ਘੁਲਾੜੀਆਂ ਤੇ ਘੁਲਾੜਿਆਂ ਤੇ ਗੁੜ ਬਨਣ ਤੋਂ ਓਨਾਂ ਨੇ ਲੈਣਾ ਵੀ ਕੀ ਹੈ? ਇਸੇ ਕਰਕੇ ਹੀ ਕਿਹਾ ਜਾਂਦਾ ਹੈ ਕਿ“ਨਵੇਂ ਨਵੇਂ ਮਿੱਤ ਤੇ ਪੁਰਾਣੇ ਕੀਹਦੇ ਚਿੱਤ“
    ਗੁਜਰ ਚੁੱਕਿਆ ਸਮਾਂ ਕਦੇ ਵੀ ਵਾਪਸ ਨਹੀਂ ਆ ਸਕਦਾ,ਇਹ ਸਿਰਫ ਮਨ ਦੇ ਵਲਵਲੇ ਹਨ ਜੋ ਦੋਸਤਾਂ ਮਿੱਤਰਾਂ ਨਾਲ ਉਮਰ ਦੇ ਤਜਰਬੇ ਵਿਚੋਂ ਕਦੇ ਕਦੇ ਸਾਂਝੇ ਕਰ ਲਈਦੇ ਹਨ। ਫਿਰ ਹਮ ਉਮਰ ਦੋਸਤ ਮਿੱਤਰ ਜਦੋਂ ਪੜ੍ਹਦੇ ਹਨ ਤੇ ਆਪੋ-ਆਪਣੇ ਵਿਚਾਰ ਸਾਂਝੇ ਕਰਦੇ ਹਨ ਤਾ ਵਾਕਿਆ ਹੀ ਬਚਪਨ ਵਿਚ ਪਹੁੰਚ ਜਾਈਦਾ ਹੈ ਦੋਸਤੋ।