ਬਜ਼ੁਰਗ ਕਹਿਣਾ ਬਹੁਤ ਹੀ ਸੌਖਾ ਹੈ। ਛੋਟਾ ਜਿਹੇ ਇਸ ਸ਼ਬਦ ਦੇ ਗੁਣ ਬਹੁਤ ਹੀ ਵੱਡੇ ਅਤੇ ਸ਼ਕਤੀਸ਼ਾਲੀ ਹਨ। ਬਜੁਰਗ ਮਾਂ ਬਾਪ ਹਰ ਘਰ ਵਿੱਚ ਬੋਹੜ ਦੀ ਤਰ੍ਹਾਂ ਹੁੰਦੇ ਨੇ ਜੋ ਸਾਰਿਆਂ ਨੂੰ ਆਪਣੀ ਛਾਂ ਹੇਠ ਰੱਖਦੇ ਹਨ। ਪਰ ਇਹਨਾਂ ਬੋਹੜਾਂ ਦੇ ਅਰਥ ਸਮਝਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਇਹਨਾਂ ਅਰਥਾਂ ਨੂੰ ਕੋਈ ਵਿਰਲਾ-ਵਿਰਲਾ ਹੀ ਸਮਝ ਸਕਦਾ ਹੈ। ਫ਼ਾਰਸੀ ਵਿੱਚ ਬਜ਼ੁਰਗ ਦਾ ਅਰਥ ਹੁੰਦਾ ਹੈ ਵੱਡਾ, ਕੇਵਲ ਉਮਰ ਪੱਖੋਂ ਨਹੀਂ। ਤਜੁਰਬੇਕਾਰ, ਸਿਆਣਾ ਤੇ ਸੂਝਵਾਨ ਵਿਅਕਤੀ ਬਜ਼ੁਰਗ ਅਖਵਾਉਂਦਾ ਹੈ। ਇੱਕ ਸਮਾਂ ਸੀ ਜਦੋਂ ਬਜ਼ੁਰਗ ਨੂੰ ਘਰ ਦੇ ਵੇਹੜੇ ਦਾ ਸ਼ਿੰਗਾਰ ਮਨਿਆ ਜਾਂਦਾ ਸੀ, ਤੇ ਉਹ ਗੁਣਾ ਨਾਲ ਭਰਪੂਰ ਖ਼ਜਾਨੇ ਹੁੰਦੇ ਸਨ। ਬਜ਼ੁਰਗਾਂ ਦੇ ਅੰਦਰ ਸੰਸਕਾਰ ਅਤੇ ਪ੍ਰਾਹੁਣਚਾਰੀ ਵੱਖਰੀ ਹੀ ਹੁੰਦੀ ਸੀ। ਉਸ ਸਮੇਂ ਬੱਚੇ ਆਪਣੇ ਮਾਤਾ-ਪਿਤਾ ਨੂੰ ਰੱਬ ਦਾ ਦਰਜਾ ਦਿੰਦੇ ਸਨ, ਪਰ ਅੱਜ ਦੇ ਦੌਰ ਵਿੱਚ ਬਜੁਰਗ ਦਾ ਕਿੰਨਾ ਕੁ ਸਤਿਕਾਰ ਰਹਿ ਗਿਆ ਹੈ, ਇਸ ਦਾ ਅੰਦਾਜਾ ਲਗਾਤਾਰ ਖੁੱਲ੍ਹ ਰਹੇ ਬਿਰਧ ਆਸ਼ਰਮ ਤੋਂ ਲਗਾਇਆ ਜਾ ਸਕਦਾ ਹੈ। ਆਪਣੇ ਮਾਤਾ-ਪਿਤਾ ਦੀ ਸੇਵਾ ਵਿੱਚ ਪੁੱਤਰ ਸਰਵਣ ਦਾ ਨਾਮ ਬੜੇ ਹੀ ਅਦਬ ਸਤਿਕਾਰ ਨਾਲ ਲਿਆ ਜਾਂਦਾ ਹੈ, ਜਿਸ ਨੇ ਆਪਣੇ ਨੇਤਰਹੀਣ ਮਾਤਾ-ਪਿਤਾ ਨੂੰ ਚੁੱਕ ਕੇ ਤੀਰਥ ਯਾਤਰਾ ਕਰਵਾਈ। ਅੱਜ ਦੇ ਯੁਗ ਵਿੱਚ ਬੱਚਿਆਂ ਦੇ ਮੂੰਹ ਵਿੱਚੋਂ ਬਜ਼ੁਰਗਾਂ ਲਈ ਦੋ ਮਿੱਠੇ ਬੋਲ ਵੀ ਨਹੀਂ ਨਿਕਲਦੇ।
ਬਜ਼ੁਰਗ ਦੀ ਇਕੱਲਤਾ ਦਾ ਕਾਰਨ- ਅਜੋਕੇ ਸਮੇਂ ਵਿੱਚ ਮੋਬਾਇਲ ਅਤੇ ਇੰਟਰਨੈੱਟ ਜੋ ਕੀ ਅੱਜ ਹਰ ਇੱਕ ਵਿਅਕਤੀ ਦੀ ਜੇਬ 'ਚ ਹਨ। ਇਹ ਵੀ ਇੱਕ ਕਾਰਨ ਹੈ ਬਜ਼ੁਰਗਾਂ ਦੀ ਇਕੱਲਤਾ ਦਾ। ਫੇਸਬੁੱਕ, ਵੱਟਸਐਪ, ਇੰਸਟਾਗਰਾਮ ਅਤੇ ਟਵਿੱਟਰ ਵਰਗੇ ਅਨੇਕਾਂ ਫੰਕਸ਼ਨ ਹਨ। ਆਦਮੀ ਘਰੋਂ ਬਾਹਰ ਨਿਕਲੇ ਬਗੈਰ ਹੀ ਸਾਰੀ ਦੁਨੀਆ ਨਾਲ ਜੁੜਿਆ ਰਹਿੰਦਾ ਹੈ। ਪਰ ਸਾਡੇ ਬਜ਼ੁਰਗਾਂ ਨੂੰ ਇਨ੍ਹਾਂ ਦੀ ਜਾਚ ਹੀ ਨਹੀਂ ਹੈ। ਉਹ ਆਪਣੇ ਆਪ ਨੂੰ ਘਰ ਵਿੱਚ ਪਿਆ ਬੇਕਾਰ ਸਮਾਨ ਹੀ ਸਮਝਦੇ ਹਨ। ਜੋ ਘਰਾਂ ਵਿੱਚ ਟਕਰਾਅ ਦਾ ਕਾਰਨ ਬਣਦਾ ਹੈ। ਪਹਿਲਾਂ ਬਜ਼ੁਰਗ ਆਪਣੇ ਬੱਚਿਆਂ ਨੂੰ, ਪੋਤੇ ਪੋਤੀਆਂ ਨੂੰ ਰਾਤ ਸਮੇਂ ਕਹਾਣੀਆਂ ਸੁਣਾਉਂਦੇ ਸਨ। ਉਨ੍ਹਾਂ ਨੂੰ ਸਲਾਹਾਂ ਦਿੰਦੇ ਸਨ। ਪਰ ਬਦਲਦੇ ਸਮੇਂ ਨੇ ਬਜ਼ੁਰਗਾਂ ਦੀ ਘਰ ਵਿੱਚ ਉਪਯੋਗਤਾ ਹੀ ਖ਼ਤਮ ਕਰ ਦਿੱਤੀ ਹੈ। ਬਜ਼ੁਰਗ ਇਕੱਲਤਾ ਦਾ ਸ਼ਿਕਾਰ ਹੋ ਰਹੇ ਹਨ। ਵਕਤ ਬਦਲ ਗਿਆ ਹੈ, ਖੂਨ ਸਫੇਦ ਹੋ ਗਿਆ ਹੈ ਤੇ ਰਿਸ਼ਤੇ ਮਤਲਬੀ ਹੋ ਗਏ ਹਨ। ਇਸ ਦਾ ਇਕ ਕਾਰਨ ਸੋਚ ਵਿੱਚ ਅੰਤਰ ਹੈ। ਅੱਜ ਦੀ ਪੀੜ੍ਹੀ ਨੂੰ ਬਜ਼ੁਰਗਾਂ ਦੀ ਨੁਕਤਾਚੀਨੀ ਚੰਗੀ ਨਹੀਂ ਲਗਦੀ। ਉਹ ਬਜ਼ੁਰਗਾਂ ਦੀ ਦਖਲਅੰਦਾਜ਼ੀ ਚੰਗੀ ਨਹੀਂ ਸਮਝਦੇ। ਇਸ ਦਾ ਇੱਕ ਹੋਰ ਕਾਰਨ ਹੈ ਔਲਾਦ ਦਾ ਵਿਦੇਸ਼ ਜਾਣਾ। ਵਧੇਰੇ ਪੈਸੇ ਕਮਾਉਣ ਦੇ ਲਾਲਚ ਵਿੱਚ ਔਲਾਦ ਮਾਪਿਆਂ ਨੂੰ ਪਿੱਛੇ ਇਕੱਲੇ ਛੱਡ ਵਿਦੇਸ਼ ਚਲੀ ਜਾਂਦੀ ਹੈ। ਫਿਰ ਉੱਥੇ ਪੱਕੇ ਵਸੇਰੇ ਬਣਾ ਲੈਂਦੀ ਹੈ ਤੇ ਬਜੁਰਗ ਆਪਣੇ ਪੁੱਤ-ਪੋਤਰੇ ਨੂੰ ਦੇਖਣ ਦੀ ਉਮੀਦ ਵਿੱਚ ਹੀ ਪਿੱਛੇ ਰਹਿ ਜਾਂਦੇ ਹਨ।
ਅੱਜ ਦੀ ਸਥਿਤੀ- ਅੱਜ ਦੇ ਬੱਚੇ ਬਜ਼ੁਰਗ ਨਾਲ ਦੁਰਵਿਵਹਾਰ ਕਰਨ ਨੂੰ ਮਿੰਟ ਨਹੀਂ ਲਾਉਂਦੇ। ਬਜ਼ੁਰਗ ਨੂੰ ਉਹ ਅਦਬ ਸਤਕਾਰ ਨਹੀਂ ਮਿਲਦਾ ਜਿਸ ਦੇ ਉਹ ਅਸਲ ਹੱਕਦਾਰ ਹੁੰਦੇ ਹਨ। ਉਹਨਾਂ ਦੀਆਂ ਇਛਾਵਾਂ ਦਾ ਖਿਆਲ ਨਹੀਂ ਰੱਖਿਆ ਜਾਂਦਾ ਤੇ ਉਹਨਾਂ ਨੂੰ ਦਾਦਾ-ਦਾਦੀ ਕਹਿਣ ਦੀ ਬਜਾਏ ਬੁੜਾ-ਬੁੜੀ ਕਿਹਾ ਜਾਂਦਾ ਹੈ। ਆਪਣੀ ਆਲੀਸ਼ਾਨ ਕੋਠੀ ਵਿੱਚ ਉਨ੍ਹਾਂ ਦਾ ਬਿਸਤਰਾ ਕਿਸੇ ਨੁਕਰੇ ਲਗਾ ਦਿੱਤਾ ਜਾਂਦਾ ਹੈ, ਤੇ ਬੱਚੇ ਜਾਇਦਾਦ ਦੇ ਨਾਲ ਨਾਲ ਮਾਂ-ਪਿਓ ਵੀ ਵੰਡ ਲੈਂਦੇ ਹਨ। ਕਿੱਧਰ ਨੂੰ ਜਾ ਰਿਹਾ ਸਾਡਾ ਸਮਾਜ।ਅੱਜ ਦੀ ਪੀੜ੍ਹੀ ਨੂੰ ਘਰ ਮਹਿੰਗੇ-ਮਹਿੰਗੇ ਕੁੱਤੇ ਰੱਖਣ ਦਾ ਬੜਾ ਸ਼ੌਂਕ ਹੈ। ਕੁਤਿਆਂ ਨੂੰ ਖਾਣ ਲਈ ਮਹਿੰਗੀ ਖੁਰਾਕ ਅਤੇ ਮੀਟ ਤੱਕ ਦਿੱਤਾ ਜਾਂਦਾ ਹੈ ਜਦੋਂ ਕਿ ਨੁਕਰੇ ਪਿਆ ਬਜ਼ੁਰਗ ਕਹਿ ਦੇਵੇ ਕਿ ਪੁੱਤਰ ਦਵਾਈ ਲਿਆਦੇ ਤਾਂ ਕਹਿੰਦੇ ਹਨ ਕਿਤੇ ਨੀ ਮਰਨ ਲੱਗਿਆ, ਲਿਆ ਦਿੰਦੇ ਆ ਦਵਾਈ ਤੇ ਹੋਰ ਹੀ ਦੁਰਸ਼ਬਦ ਬੋਲੇ ਜਾਂਦੇ ਹਨ। ਸਾਡੇ ਸਮਾਜ ਵਿੱਚ ਕਿੰਨੀਆਂ ਹੀ ਮਾਂਵਾਂ ਔਲਾਦ ਦੀ ਬੇਕਦਰੀ ਦਾ ਸ਼ਿਕਾਰ ਹੋਈਆਂ ਹਨ। ਬੀਤੇ ਦਿਨੀਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਘਟਨਾ ਸਾਹਮਣੇ ਆਈ ਜਿੱਥੇ ਇੱਕ ਮਾਂ ਢਾਰੇ ਹੇਠ ਜੀਵਨ ਗੁਜ਼ਾਰਦੀ ਚੱਲ ਵਸੀ। ਉਸ ਮਾਂ ਦੇ ਅਫਸਰ ਪੁੱਤ ਏ.ਸੀ. ਦੀ ਹਵਾ ਲੈ ਰਹੇ ਸਨ ਜਦੋਂ ਕਿ ਮਾਂ ਅੱਤ ਦੀ ਗਰਮੀ ਵਿੱਚ ਜੀਵਨ ਸੰਘਰਸ਼ ਕਰ ਰਹੀ ਸੀ। ਉਸ ਮਾਂ ਦੇ ਸਿਰ ਵਿੱਚ ਕੀੜੇ ਤੱਕ ਪਏ ਹੋਏ ਸਨ। ਕੀ ਬੀਤੀ ਹੋਵੇਗੀ ਉਸ ਮਾਂ 'ਤੇ ਜਿਸ ਨੇ 9 ਮਹੀਨੇ ਤੱਕ ਆਪਣੀ ਔਲਾਦ ਕੁੱਖ ਵਿੱਚ ਰੱਖੀ। ਜਿਸ ਪੁੱਤਾਂ ਨੂੰ ਪਾਲਿਆ ਤੇ ਉਸੇ ਹੀ ਪੁੱਤ ਨੂੰ ਮਾਂ ਬੋਝ ਲੱਗਣ ਲਗ ਗਈ। ਅਜਿਹੀਆਂ ਹੋਰ ਵੀ ਬਹੁਤ ਘਟਨਾਵਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅੱਜ ਦੇ ਦੌਰ 'ਚ ਭੱਜ ਦੌੜ ਦੀ ਜ਼ਿੰਦਗੀ ਵਿੱਚ ਬਜ਼ੁਰਗ ਦਾ ਸਤਿਕਾਰ ਨਹੀਂ ਰਿਹਾ। ਇਹੋ ਕਾਰਨ ਹੈ ਕਿ ਧੜਾਧੜ ਬਿਰਧ ਆਸ਼ਰਮ ਖੁੱਲ੍ਹ ਰਹੇ ਹਨ। ਪੂਰੇ ਭਾਰਤ ਵਿੱਚ ਇਸ ਸਮੇਂ 728 ਰਜਿਸਟਰਡ ਬਿਰਧ ਆਸ਼ਰਮ ਹਨ। ਜਿੰਨਾਂ ਵਿੱਚੋਂ 547 ਬਿਰਧ ਆਸ਼ਰਮ ਦੀ ਜਾਣਕਾਰੀ ਵਿਸਥਾਰ ਪੂਰਵਕ ਉਪਲਬਧ ਹੈ। ਇਹਨਾਂ ਵਿੱਚੋ 325 ਆਸ਼ਰਮ ਕੋਈ ਵੀ ਪੈਸਾ ਨਹੀਂ ਲੈਂਦੇ ਭਾਵ ਕਿ ਇੱਥੇ ਜੋ ਵੀ ਬਜ਼ੁਰਗ ਰਹੇਗਾ ਉਸ ਦਾ ਕੋਈ ਵੀ ਖਰਚਾ ਨਹੀਂ ਹੋਵੇਗਾ। 95 ਆਸ਼ਰਮ ਪੈਸਾ ਲੈਂਦੇ ਹਨ। 116 ਆਸ਼ਰਮ ਜਿੱਥੇ ਕਿ ਮੁਫ਼ਤ ਵੀ ਰਹਿ ਸਕਦੇ ਹਨ। ਟੈਲੀਵੀਜ਼ਨ ਦੇ ਵੱਖ-ਵੱਖ ਚੈਨਲਾਂ ਉੱਤੇ ਪਰਿਵਾਰਾਂ ਦੇ ਰਿਸ਼ਤਿਆਂ ਵਿੱਚ ਤਰੇੜਾਂ ਪੈਦਾ ਕਰਨ ਵਾਲੇ ਲੜੀਵਾਰ ਵੀ ਇਸ ਮਾਮਲੇ ਵਿੱਚ ਆਪਣਾ ਮਾੜਾ ਯੋਗਦਾਨ ਪਾ ਰਹੇ ਹਨ। ਜਿਨ੍ਹਾਂ ਮਾਪਿਆਂ ਨੇ ਹੱਡ-ਤੋੜ ਮਿਹਨਤ ਕੀਤੀ, ਇਹ ਸੋਚਕੇ ਕਿ ਉਹਨਾਂ ਦੇ ਬੱਚਿਆਂ ਨੂੰ ਕੋਈ ਮੁਸ਼ਕਿਲ ਨਾ ਆਵੇ, ਉਹ ਬਜ਼ੁਰਗ ਅੱਜ ਬਿਰਧ ਆਸ਼ਰਮ ਵਿੱਚ ਰਹਿਣ ਲਈ ਮਜਬੂਰ ਹਨ। ਬਜ਼ੁਰਗਾਂ ਦੇ ਇਕੱਲੇ ਰਹਿਣ ਦੇ ਕਾਰਨ ਉਨ੍ਹਾਂ ਦੇ ਸੁਭਾਅ ਵਿੱਚ ਚਿੜਚਿੜਾਪਣ ਆ ਗਿਆ ਹੈ। ਇਹ ਚਿੜਚਿੜਾਪਣ ਵੀ ਉਹਨਾਂ ਦੀ ਦੇਣ ਹੈ ਜੋ ਸੋਚਦੇ ਹਨ ਕਿ ਇਹ ਬਜ਼ੁਰਗ ਤਾਂ ਵਿਹਲੇ ਹਨ, ਐਵੇਂ ਸਾਰਾ ਦਿਨ ਟੋਕਦੇ ਰਹਿੰਦੇ ਹਨ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਬਜ਼ੁਰਗਾਂ ਨੇ ਉਮਰ ਹੰਢਾਈ ਹੈ ਅਤੇ ਉਹ ਸਾਡੇ ਨਾਲੋਂ ਜ਼ਿਆਦਾ ਸਹੀ ਗਲਤ ਦਾ ਫਰਕ ਜਾਣਦੇ ਹਨ। ਸਾਡੇ ਸਭਿਆਚਾਰ ਵਿੱਚ ਬਜ਼ੁਰਗ ਨੂੰ ਬਾਬਾ ਬੋਹੜ ਅਤੇ ਬਜ਼ੁਰਗ ਔਰਤ ਨੂੰ ਘਣਛਾਵੀ ਬੇਰੀ ਕਹਿ ਕੇ ਬੁਲਾਇਆ ਜਾਂਦਾ ਹੈ। ਪਰ ਹੁਣ ਉਹਨਾਂ ਨੂੰ ਬੁੜਾ-ਬੁੜ੍ਹੀ ਕਹਿ ਕੇ ਤ੍ਰਿਸਕਾਰਿਆ ਜਾਂਦਾ ਹੈ। ਕਿਧਰ ਨੂੰ ਜਾ ਰਿਹਾ ਸਾਡਾ ਸਮਾਜ।
ਪੂਰੇ ਵਿਸ਼ਵ ਪਰ ਵਿਚ mothers, father day ਮਨਾਉਣ ਦੀ ਰੀਤ ਪ੍ਰਚਲਿਤ ਹੈ। ਤਾਂ ਜੋ ਬੱਚੇ ਸਾਲ ਵਿੱਚ ਇੱਕ ਵਾਰ ਬਿਰਧ ਆਸ਼ਰਮ ਵਿੱਚ ਰਹਿੰਦੇ ਮਾਤਾ-ਪਿਤਾ ਨੂੰ ਮਿਲ ਸਕਣ। ਕੀ ਇਹ ਠੀਕ ਹੈ ਜਾਂ ਨਹੀਂ? ਪੂਰਾ ਸਾਲ ਤੁਸੀਂ ਉਹਨਾਂ ਨੂੰ ਪੁੱਛਦੇ ਨਹੀਂ ਪਰ ਉਸ ਤਿਉਹਾਰ ਦੇ ਦਿਨ ਸਾਰੇ ਹੀ ਬਿਰਧ ਆਸ਼ਰਮ ਜਾਂਦੇ ਹਨ। ਪਦਾਰਥਕ ਦੌੜ ਕਾਰਨ ਬਜ਼ੁਰਗਾਂ ਦੀ ਅਣਦੇਖੀ ਕਰਨ ਅਤੇ ਬੱਚਿਆਂ ਪ੍ਰਤੀ ਲਾਪਰਵਾਹੀ ਕਾਰਨ ਬੱਚੇ ਮਾੜੀ ਸੰਗਤ ਅਤੇ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ। ਮਾਪੇ ਆਰਥਿਕ ਦੌੜ ਵਿੱਚ ਲੱਗੇ ਹਨ। ਔਲਾਦ ਵਿਗੜ ਰਹੀ ਹੈ। ਅਜਿਹੇ ਸਮੇਂ ਬਜ਼ੁਰਗ ਸਹਾਰਾ ਬਣ ਸਕਦੇ ਹਨ। ਸੰਤੁਲਿਤ ਅਤੇ ਮਜ਼ਬੂਤ ਸਮਾਜ ਲਈ ਬਜ਼ੁਰਗਾਂ ਨੂੰ ਸੰਭਾਲਣਾ ਬੇਹੱਦ ਜ਼ਰੂਰੀ ਹੈ। ਬਜ਼ੁਰਗਾਂ ਦੀ ਬੇਕਦਰੀ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੂੰ ਵੀ ਕੁਝ ਉਪਰਾਲੇ ਕਰਨੇ ਪੈਣਗੇ। ਇੱਕ ਵੱਖਰਾ ਸੈੱਲ ਬਣਾਇਆ ਜਾਵੇ ਜੋ ਬਜ਼ੁਰਗਾਂ ਦੀ ਦੇਖਭਾਲ ਕਰੇ। ਬਜ਼ੁਰਗਾਂ ਨਾਲ ਕਿੱਥੇ ਕੀ ਹੋ ਰਿਹਾ ਇਸ ਸਭ 'ਤੇ ਨਜ਼ਰ ਰੱਖੇ। ਇਸ ਤੋਂ ਇਲਾਵਾ ਸਰਕਾਰਾਂ, ਪ੍ਰਸ਼ਾਸਨ ਨੂੰ ਹਦਾਇਤਾਂ ਦੇਣ।ਵੋਟਰ ਲਿਸਟਾਂ ਵਿੱਚੋਂ ਸੀਨੀਅਰ ਸੀਟੀਜ਼ਨ ਦੀਆਂ ਲਿਸਟਾਂ ਬਣਾਈਆਂ ਜਾਣ। ਉਨ੍ਹਾਂ ਦੀ ਦੇਖਭਾਲ ਕਿਵੇਂ ਹੋ ਰਹੀ ਹੈ। ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਤਾਂ ਨਹੀਂ ਕੀਤਾ ਜਾ ਰਿਹਾ, ਉਨ੍ਹਾਂ ਦੀ ਜ਼ਮੀਨ- ਜਾਇਦਾਦ ਦਾ ਸਟੇਟਸ ਕੀ ਹੈ, ਉਨ੍ਹਾਂ ਦਾ ਸਮੇਂ ਸਿਰ ਮੈਡੀਕਲ ਚੈਕਅੱਪ ਹੋ ਰਿਹਾ ਹੈ ਜਾਂ ਨਹੀਂ, ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਦਾ ਧਿਆਨ ਰੱਖਿਆ ਜਾਵੇ। ਪਿੰਡਾਂ ਵਿੱਚ ਪੰਚਾਇਤਾਂ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।ਸ਼ਹਿਰਾਂ ਵਿੱਚ ਵੀ ਅਜਿਹੇ ਪ੍ਰਬੰਧ ਕੀਤੇ ਜਾ ਸਕਦੇ ਹਨ। ਅੱਜ ਲੋੜ ਹੈ ਬਜ਼ੁਰਗਾਂ ਨੂੰ ਨਾਲ ਲੈ ਕੇ ਤੁਰਨ ਦੀ, ਬਜ਼ੁਰਗਾਂ ਅਤੇ ਬੱਚਿਆਂ ਨੂੰ ਆਪਣੇ ਜਜ਼ਬਾਤਾਂ 'ਤੇ ਕਾਬੂ ਰੱਖਣਾ ਪਵੇਗਾ। ਬੱਚਿਆਂ ਨੂੰ ਇਸ ਸਬੰਧੀ ਸਿੱਖਿਆ ਦੇਣ ਦੀ ਜ਼ਰੂਰਤ ਹੈ। ਤਾਂ ਜੋ ਉਹ ਬਜ਼ੁਰਗਾਂ ਦਾ ਸਤਿਕਾਰ ਕਰਨ। ਸਮਾਜਿਕ ਕਦਰਾਂ ਕੀਮਤਾਂ ਲਈ ਬਜ਼ੁਰਗਾਂ ਨੂੰ ਸੰਭਾਲਣਾ ਅਤੇ ਉਨ੍ਹਾਂ ਦਾ ਸਤਿਕਾਰ ਕਰਨਾ ਸਮੇਂ ਦੀ ਲੋੜ ਹੈ।