ਦੀਵੇ ਦੱਸ ਬੁਝਾ ਤੈਨੂੰ ਕੀ ਮਿਲ ਗਿਆ
ਜ਼ੁਲਮ ਜਾਲਮਾਂ ਢਾਹ ਤੈਨੂੰ ਕੀ ਮਿਲ ਗਿਆ
ਗਹਿਣੇ ਰੱਖ ਜ਼ਮੀਰ ਆਪ ਹੀ ਆਪਣੀ
ਧਰਮ ਨੂੰ ਲਾਈ ਢਾਹ ਤੈਨੂੰ ਕੀ ਮਿਲ ਗਿਆ
ਹਰ ਸਮੇਂ ਅੱਗ ਲਾ ਤੂੰ ਚੜਿ੍ਹਆ ਕੰਧ ਤੇ
ਅੰਬਰ ਨੂੰ ਟਾਕੀ ਲਾ ਤੈਨੂੰ ਕੀ ਮਿਲ ਗਿਆ
ਮਿਹਨਤਕਸ਼ਾਂ ਦੀ ਰੱਤ ਚੋਂਦੀ ਕਿਰਤ ਚੋਂ
ਝੁੱਗੀਆਂ ਨੂੰ ਢਾਹ ਤੈਨੂੰ ਕੀ ਮਿਲ ਗਿਆ
ਦਰਦ, ਬਿਰਹਾ, ਪੀੜ, ਤਨਹਾਈ ਤੋਂ ਬੇਖ਼ਬਰ
ਲਾਸ਼ਾਂ ਤੋਂ ਕਫ਼ਨ ਲਾਹ ਤੈਨੂੰ ਕੀ ਮਿਲ ਗਿਆ
ਸਮਾਜ ਸੇਵੀ ਦਿਨੇ ਤੇ ਰਾਤੀਂ ਚੋਰ ਤੂੰ
ਕਰਕੇ ਇਹ ਗੁਨਾਹ ਤੈਨੂੰ ਕੀ ਮਿਲ ਗਿਆ
ਆਪਣੇ ਉੱਤੇ ਪਾਪ ਦੀ ਕੁੰਜ ਤੂੰ ਸਜਾਈ ਏ
ਸੱਪ ਦੀ ਜੂਨ ਹੰਢਾਅ ਤੈਨੂੰ ਕੀ ਮਿਲ ਗਿਆ
ਮੈਨੂੰ ਹਰਦਮ ਆਖ ਰਿਹਾ ਸੀ ਬੁਜਦਿਲ ਤੂੰ
ਪਰ ਪਿੱਠ ਚ ਛੁਰਾ ਵਗਾਹ ਤੈਨੂੰ ਕੀ ਮਿਲ ਗਿਆ
ਬਾਹਾਂ ਮੈਥੋਂ ਮੂੰਹ ਭਵਾ ਕੇ ਮੁੜ ਗਈਆਂ
ਝੂਠੀ ਬਣ ਅਫ਼ਵਾਹ ਤੈਨੂੰ ਕੀ ਮਿਲ ਗਿਆ