ਕਲਪਨਾ ਕਿਉਂ ਲਿਖਾਂ ਝੂਠ ਮੈਂ,
ਦੁੱਧ ਦਾ ਦੁੱਧ, ਪਾਣੀ ਲਿਖਾਂਗਾ
ਮੈਂ ਜਦੋਂ ਵੀ ਲਿਖੀ ਅਣ-ਕਹੀ
ਜਿੰਦਗ਼ੀ ਦੀ ਕਹਾਣੀ ਲਿਖਾਂਗਾ
ਲੋਕ ਕਿਉਂ ਧਾਰਦੇ ਚੁੱਪ ਨੇ
ਬਾਜ਼ ਦੀ ਮੌਤ ਨੂੰ ਦੇਖ ਅਕਸਰ
ਜਿਸ ਮਸੂਮ ਕਰੇ ਕਤਲ ਨੇ
ਮੈਂ ਉਹੋ ਅੱਖ ਕਾਣੀ ਲਿਖਾਂਗਾ
ਸ਼ਿਕਰਿਆਂ ਨੋਚ ਕੇ ਬੁਲਬਲਾਂ
ਕੋਹਿਆ ਨਹੁੰਦਰਾਂ ਨਾਲ਼ ਤਨ ਨੂੰ
ਕੀ ਦਿਆਂ ਗਾਲ਼ ਉਸ ਨੂੰ ਜੁਬਾਂ
ਦੱਲਿਆਂ ਦੀ ਮਾਂ ਰਾਣੀ ਲਿਖਾਂਗਾ
ਜਖਮ ਜੋ ਦੇ ਗਿਆ ਯਾਰ ਸੀ
ਐ ਦਿਲਾ ਤੇਰਾ ਇਤਵਾਰ ਸੀ ਪਰ
ਸਾਂ ਗੁਲਾਮੀ 'ਚ ਮੈਂ ਜਕੜਿਆ
ਬੇ-ਵਫ਼ਾ ਕਹਿ ---ਮੈਂ ਹਾਣੀ ਲਿਖਾਂਗਾ
ਆਪਣੀ ਪੱਗ ਸੰਭਾਲ਼ ਲੈ
ਕਮਰਕਸ ਨੂੰ ਲਵੀਂ ਦੋਸਤਾ ਕਸ
ਤਖਤ ਲੈ ਆ ਉਠਾ ਦਿੱਲੀਓ ਫਿਰ
ਮੈਂ ਇਬਾਰਤ ਪੁਰਾਣੀ ਲਿਖਾਂਗਾ
ਦਿੱਖ ,ਪਹਿਚਾਣ ਹੈ ਰੜਕਦੀ
ਸ਼ਾਨ ਦਸਤਾਰ ਦੀ ਜ਼ਰ ਸਕੇ ਓਹ
ਮੇਟਦੇ ਰਹਿਣ ਇਤਿਹਾਸ ਜੋ
ਸੋਚ ਉਸਦੀ ਨਿਮਾਣੀ ਲਿਖਾਂਗਾ
ਵੇਚ ਕੇ ਜਿਸਮ ਨੂੰ ਪਾਲਦੀ
ਬੋਟ ਜੋ ਆਪਣੀ ਕੁੱਖ ਦੇ ਮਾਂ
ਵੇਸਵਾ ਆਖ ਨਾ ਪਾਪ ਕਰ
ਰੱਬ ਓਹ ਮੈਂ ਸੁਆਣੀ ਲਿਖਾਂਗਾ
ਘੁੰਗਰੂ ਬੰਨ ਕੇ ਨੱਚਦੀ
ਪੱਤ ਓਹ ਵੀ ਕਿਸੇ ਬਾਪ ਦੀ ਧੀ
ਕੰਜ਼ਰੀ ਆਖ ਨਾ ਹੱਸਿਓ
ਮੈਂ ਦਿਲੋਂ ਧੀ-ਧਿਆਣੀ ਲਿਖਾਂਗਾ
ਮਾਂ -ਪਿਓ ਤੁਰ ਗਈ ਮਾਰ ਕੇ
ਵੀਰ ਦੀ ਅਣਖ ਵੰਗ਼ਾਰ ਕੇ ਜੋ
ਕੂੰਜ ਸੀ ਆਖਦੈਂ ਤੂੰ ਸਹਿਬਾਂ
ਮੈਂ ਉਹੋ ਧੀ ਨਿਆਣੀ ਲਿਖਾਂਗਾ
ਕਿੰਝ ਫੁਰਮਾਨ ਏ ਮੌਤ ਦਾ
ਕਲਮ ਲਿਖਦੀ ਖੁਦਾ ਤੂੰ ਜਿਵੇਂ ਹੈਂ
"ਰੇਤਗੜੵ " ਕਰ ਨਿਆਂ ਜੱਜ ਹੋ
ਮੈਂ ਨਿਆਂ ਖੋਜ ਵਾਹਣੀ ਲਿਖਾਂਗਾ