ਆਸਥਾ ਕੋਈ ਦਿਖਾਈ ਦੇਣ ਵਾਲੀ ਵਸਤੂ ਨਹੀਂ, ਪਰ ਇਸਦਾ ਜਿੰਦਗੀ ਵਿੱਚ ਬਹੁਤ ਵੱਡਾ ਮਹੱਤਵ ਹੈ। ਅਸਲ 'ਚ ਆਸਥਾ ਵਿਸਵਾਸ ਦਾ ਹੀ ਦੂਜਾ ਨਾਂ ਹੈ, ਜਿਸਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਹਰ ਇਨਸਾਨ ਦਾ ਆਸਥਾ ਦਾ ਆਪਣਾ ਆਪਣਾ ਦਾਇਰਾ ਹੈ। ਕਿਸੇ ਵਿਅਕਤੀ ਦੀ ਰੱਬ 'ਚ ਆਸਥਾ ਹੈ, ਉਹ ਉਸਨੂੰ ਨਾ ਕਦੇ ਮਿਲਿਆ ਹੈ ਅਤੇ ਨਾ ਹੀ ਮਿਲ ਸਕਦਾ ਹੈ, ਪਰ ਉਹ ਆਪਣੇ ਜੀਵਨ 'ਚ ਵਾਪਰਨ ਵਾਲੀ ਹਰ ਘਟਣਾ ਨੂੰ ਰੱਬ ਨਾਲ ਜੋੜ ਕੇ ਵੇਖਦਾ ਹੈ।ਚੰਗੀ ਪ੍ਰਾਪਤੀ ਨੂੰ ਤਾਂ ਰੱਬ ਦੀ ਦੇਣ ਮੰਨਦਾ ਹੀ ਹੈ, ਦੁੱਖ ਦੀ ਘੜੀ ਨੂੰ ਵੀ ਇਹੋ ਕਹਿ ਕੇ ਜਰ ਲੈਂਦਾ ਹੈ, 'ਰੱਬ ਜੋ ਕਰਦਾ ਹੈ ਠੀਕ ਹੀ ਕਰਦਾ ਹੈ।'
ਆਸਥਾ ਕੇਵਲ ਰੱਬ ਵਿੱਚ ਹੀ ਨਹੀਂ ਹੋ ਸਕਦੀ, ਕਿਸੇ ਦੀ ਡੇਰੇ 'ਚ ਆਸਥਾ ਹੈ, ਕਿਸੇ ਦੀ ਸਾਧ ਬਾਬੇ 'ਚ, ਕਿਸੇ ਦੀ ਮਟੀ ਮਸਾਣੀ 'ਚ, ਕਿਸੇ ਦੀ ਜੰਡ
ਕਰੀਰ 'ਚ ਅਤੇ ਕਿਸੇ ਦੀ ਟੂਣੇ ਨਿਮਾਣੇ 'ਚ। ਬਹੁਤੇ ਅੰਧ ਵਿਸ਼ਵਾਸੀ ਲੋਕਾਂ ਦੇ ਸਿਰਾਂ ਤੇ ਆਸਥਾ ਇਸ ਕਦਰ ਭਾਰੂ ਪੈ ਜਾਂਦੀ ਹੈ, ਕਿ ਉਹ ਬੇਗਾਨੇ ਤਾਂ ਕੀ ਆਪਣੇ ਬੱਚੇ ਦੀ ਬਲੀ ਦੇਣ ਤੱਕ ਵੀ ਚਲੇ ਜਾਂਦੇ ਹਨ।ਅਖੌਤੀ ਸਾਧਾਂ ਬਾਬਿਆਂ ਕੋਲੋਂ ਕੁਆਰੀਆਂ ਬੱਚੀਆਂ ਦੀਆਂ ਇੱਜਤਾਂ ਲੁਟਾ ਬੈਠਦੇ ਹਨ, ਪਰ ਫੇਰ ਵੀ ਅਜਿਹੇ ਵਹਿਸੀ ਦਰਿੰਦਿਆਂ ਨੂੰ ਬੁਰਾ ਕਹਿਣ ਦੀ ਹਿੰਮਤ ਨਹੀਂ ਕਰ ਸਕਦੇ। ਇਹੋ ਬੱਸ ਵਿਸਵਾਸ ਹੈ, ਜਿਸਨੂੰ ਆਸਤਕ ਲੋਕ ਆਸਥਾ ਕਹਿੰਦੇ ਹਨ।
ਮੇਰੀ ਕਿਸੇ ਰੱਬ 'ਚ ਆਸਥਾ ਨਹੀਂ ਹੈ ਅਤੇ ਨਾ ਹੀ ਕਿਸੇ ਡੇਰੇ ਜਾਂ ਸਾਧ ਬਾਬੇ 'ਚ। ਆਸਥਾ ਮੇਰੀ ਵੀ ਹੈ ਭਾਵ ਵਿਸਵਾਸ ਹੈ, ਉਹ ਵਿਗਿਆਨ ਵਿੱਚ ਹੈ। ਦੁਨੀਆਂ ਵਿੱਚ ਵਾਪਰਨ ਵਾਲੀ ਹਰ ਘਟਨਾ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ।ਗਰਮੀ ਸਰਦੀ ਵਾਤਾਵਰਨ ਪੌਣ ਪਾਣੀ ਆਦਿ ਕਿਰਿਆਵਾਂ ਕਾਰਨ ਵਾਪਰਦੀਆਂ ਹਨ, ਉਹ ਚੰਗੀਆਂ ਵੀ ਹੋ ਸਕਦੀਆਂ ਹਨ ਮਾੜੀਆਂ ਵੀ।ਮਿਸਾਲ ਦੇ ਤੌਰ ਤੇ ਜੰਮਣਾ ਮਰਨਾ, ਮੌਸਮ ਬਦਲਣਾ, ਮੀਂਹ ਗੜੇ ਪੈਣੇ, ਤੱਤਾ ਠੰਢਾ ਆਦਿ ਕਿਰਿਆਵਾਂ ਕਾਰਨ ਹੁੰਦਾ ਹੈ, ਇਹ ਕੋਈ ਰੱਬ ਜਾਂ ਡੇਰਾ ਨਹੀਂ ਕਰਦਾ। ਪਰ ਜੋ ਹੁੰਦਾ ਹੈ ਉਹ ਇੱਕ ਵਿਸਵਾਸ ਹੈ, ਪ੍ਰਤੱਖ ਹੈ ਤੇ ਵਾਪਰ ਰਿਹਾ ਹੈ। ਸੋ ਆਸਥਾ ਵਿਸਵਾਸ ਦਾ ਦੂਜਾ ਨਾਂ ਹੈ, ਜੋ ਤਰਕ ਤੇ ਵਿਗਿਆਨ ਵਿੱਚ ਹੋਣੀ ਚਾਹੀਦੀ ਹੈ।