ਚਟਨੀ ਵੀ ਖਾਣੀਂ ਹੋਗੀ ਔਖੀ (ਕਾਵਿ ਵਿਅੰਗ )

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੀ ਫ਼ਖਰ ਹਾਕਮਾਂ ਦਾ, ਇੱਕੋ ਥੈਲੀ ਦੇ ਚੱਟੇ ਵੱਟੇ
ਛੇਤੀ ਹਰੇ ਨਹੀ ਹੋਣਾਂ, ਜਿਹੜੇ ਗਏ ਇੰਨ੍ਹਾਂ ਦੇ ਚੱਟੇ
ਲੋਕ ਤੌਬਾ ਕਰਦੇ ਨੇ, ਮਹਿੰਗਾਈ ਕਰਕੇ ਰੱਖਤੀ ਚੌਖੀ
ਤੇਰੇ ਰਾਜ 'ਚ ਪੀ.ਐਮ ਜੀ, ਚਟਨੀ ਵੀ ਖਾਣੀ ਹੋਗੀ ਔਖੀ

ਆਲੂ-ਗੰਡੇ, ਟਮਾਟਰ ਜੀ, ਪੰਜਾਹ ਦੇ ਉੱਪਰ ਚੱਲੇ
ਲੱਕ ਟੁੱਟਗੇ ਜਨਤਾ ਦੇ, ਰਿਹਾ ਖੋਟਾ ਪੈਸਾ ਨਾਂ ਪੱਲੇ
ਭਿੰਡੀ-ਤੋਰੀ, ਅਰਬੀ ਜੀ, ਸੱਠ ਰੁਪਾਈਏ ਕੱਦੂ-ਲੌਕੀ
ਤੇਰੇ ਰਾਜ 'ਚ ਪੀ.ਐਮ ਜੀ, ਚਟਨੀ ਵੀ ਖਾਣੀ ਹੋਗੀ ਔਖੀ

ਨੋਟਬੰਦੀ ਮਾਰ ਗਈ, ਕਾਲਾ ਧੰਨ ਨਸ਼ਰ ਨਾ ਹੋਇਆ
ਹੱਸਦੇ ਵੱਸਦੇ ਲੋਕਾਂ ਦਾ , ਅੰਦਰੋਂ ਚੈਨ ਗਿਆ ਸੀ ਖੋਇਆ
ਨਵੇਂ ਸਿਆਪੇ ਆ ਖੜਦੇ, ਪਲ-ਪਲ ਜ਼ਿੰਦਗੀ ਕੱਟਣੀ ਔਖੀ
ਤੇਰੇ ਰਾਜ 'ਚ ਪੀ.ਐਮ ਜੀ, ਚਟਨੀ ਵੀ ਖਾਣੀ ਹੋਗੀ ਔਖੀ

ਬਲਾਤਕਾਰ, ਤੇਜ਼ਾਬਾਂ ਨੇ, ਚਿੱਟੇ ਦਿਨ ਧੀਆਂ ਨੂੰ ਖਾ ਲਿਆ
ਕਰਜ਼ੇ ਝੰਬੇ ਅੰਨਦਾਤੇ, ਆਖਰ ਫਾਹਾ ਗਲ ਵਿੱਚ ਪਾ ਲਿਆ
ਸਲਾਹਕਾਰ ਤੇਰੇ ਹੁਕਮਾਂ ਤੇ, ਜਾਂਦੇ ਨਵੇਂ ਕਾਨੂੰਨ ਹੀ ਠੋਕੀ
ਤੇਰੇ ਰਾਜ 'ਚ ਪੀ.ਐਮ ਜੀ, ਚਟਨੀ ਵੀ ਖਾਣੀ ਹੋਗੀ ਔਖੀ

ਬਿੱਲ ਲਾਗੂ ਕਰਨੇ ਸੀ, ਕੋਰੋਨਾ ਸਿਰ ਚੜ੍ਹ-ਚੜ੍ਹ ਕੇ ਬੋਲੇ
ਸਿੱਖਿਆ ਕੇਂਦਰ ਬੰਦ ਹੋਏ, ਨੰਨ੍ਹੇ ਪਏ ਮੋਬਾਈਲੀਂ ਰੋਲੇ
ਜੱਟ ਸੂਲੀ ਚਾੜ ਦਿੱਤਾ, ਜਵਾਨੀ ਪਈ ਭੱਠੀ ਵਿੱਚ ਝੋਕੀ
ਤੇਰੇ ਰਾਜ 'ਚ ਪੀ.ਐਮ ਜੀ, ਚਟਨੀ ਵੀ ਖਾਣੀ ਹੋਗੀ ਔਖੀ

ਠੇਕੇ ਖੁੱਲ੍ਹੇ ਸ਼ਰਾਬਾਂ ਦੇ, ਸੈਨੀਟਾਈਜ਼ਰ ਨਾਂ ਮਾਸਕ ਚੱਲੇ
ਕਿਰਤੀ ਅਰਸ਼ ਤੇ ਬੈਠਾ ਸੀ, ਮੂਧੇ ਮੂੰਹ ਡਿੱਗ ਪਿਆ ਥੱਲੇ
ਰਾਹ ਰੁਕੇ ਤਰੱਕੀਆਂ ਦੇ, ਬੈਠੇ ਕੁਰਸੀਆਂ ਨੂੰ ਤੁਸੀਂ ਰੋਕੀ
ਤੇਰੇ ਰਾਜ 'ਚ ਪੀ.ਐਮ ਜੀ, ਚਟਨੀ ਵੀ ਖਾਣੀ ਹੋਗੀ ਔਖੀ

ਅੱਜ ਨਾਨਕ ਦੇ ਪੁੱਤਰਾਂ ਨੇ,ਆ ਕੇ ਦਿੱਲੀ ਤੇਰੀ ਘੇਰੀ
ਲਾਠੀਚਾਰਜ ਸਹਿੰਦਿਆਂ ਦੀ, ਅੱਖੀਂ ਦੇਖ ਲੈ ਆਪ ਦਲੇਰੀ
ਬਾਤਾਂ ਮਨ ਦੀਆਂ ਤੇਰੀਆਂ ਨੂੰ ,ਨਹੀਂਓਂ ਗੈਰ ਛੁਡਾਉਣੀਂ ਸੌਖੀ
ਤੇਰੇ ਰਾਜ ਚ ਪੀ,ਐਮ ਜੀ ਚਟਨੀ ਵੀ ਖਾਣੀਂ ਹੋਗੀ ਔਖੀ

ਸਾਧੂ ਤੇ ਭੋਲੇ ਨੇ ਥੋਨੂੰ ਦਿਲ ਦੀ ਗੱਲ ਸੁਣਾਈ
ਮੰਨ ਲੈ ਅੰਨਦਾਤੇ ਦੀ, ਮਗਰੋਂ ਜਾਵੀਂ ਨਾ ਪਛਤਾਈ
ਲੰਗੇਆਣਾ ਹਰ ਗੱਲ ਤੇ, ਨਹੀਂਓਂ ਕਰਦਾ ਟੋਕਾ ਟੋਕੀ
ਤੇਰੇ ਰਾਜ ਚ ਪੀ,ਐਮ ਜੀ, ਚਟਨੀ ਵੀ ਖਾਣੀਂ ਹੋਗੀ ਔਖੀ