ਕਿਵੇਂ ਤੂੰ ਰੋਕ ਲਵੇਗਾ ਪੰਛੀ ਦੀ ਉਡਾਨ ਨੂੰ।
ਜਿੰਦਰੇ ਕਿੰਜ ਮਾਰੇਗਾ ਸ਼ੂਕਦੇ ਤੂਫਾਨ ਨੂੰ। ।
ਲਾਕੇ ਞੇਖ ਤੂੰ ਜੋਰ ਜਿੰਨਾਂ ਮਰਜੀ ਆਪਣਾ।
ਸੋਚ ਨਾ ਮਰਦੀ ਚਾਹੇ ਮਾਰ ਦੇ ਇਨਸਾਨ ਨੂੰ। ।
ਤੁਰਦੇ ਜਿਹੜੇ ਮੰਜਲਾਂ ਵੀ ਉਹੀ ਪਾਉਂਦੇ।
ਜਾਗਦੀਆ ਅੱਖਾਂ ਚ ਸੁਪਨੇ ਸਜਾਉਦੇ।।
ਜਿੱਥੇ ਵੇਖੋ ਲੋਕ ਰੋਂਦੇ ਦੁੱਖੜੇ ਆਪਣੇ।
ਕਈ ਦੁੱਖਾਂ ਵਿੱਚ ਵੀ ਗੀਤ ਖੁਸ਼ੀ ਦੇ ਗਾਉਂਦੇ।।
ਯਾਦ ਰਹਿੰਦੇ ਸਦਾ ਨਵੀ ਰੀਤ ਚਲਾਉਣ ਵਾਲੇ।
ਦੁਨੀਆ ਨੂੰ ਨਵੇਂ ਰਾਹ ਤੇ ਪਾਉਣ ਵਾਲੇ।
ਕਈ ਲਕੀਰਾਂ ਹੀ ਪਿੱਟਦੇ ਰਹੇ ਉਮਰ ਸਾਰੀ।
ਥੱਕ ਹਾਰ ਬਹਿ ਗਏ ਸਾਰੇ ਸਮਝਾਉਣ ਵਾਲੇ।।
ਤੋੜ ਨਾ ਹੌਂਸਲੇ ਦਿਆ ਕਰ ਹੱਲਾਸ਼ੇਰੀ।
ਬਣ ਸਕਦੀ ਹੈ ਸੋਨਾ ਮਿੱਟੀ ਦੀ ਢੇਰੀ। ।
ਹਾਂ ਪੱਖੀ ਬਣਾ ਲੈ ਸੋਚ ਦਾ ਦਾਇਰਾ ।
ਸੋਨ ਸਵੇਰਾ ਬਣ ਜਾਵੇਗੀ ਰਾਤ ਹਨੇਰੀ।।
ਜੇ ਨਦੀ ਤੇ ਸਾਗਰ ਮਿਲ ਸਕਦੇ ਨੇ।
ਫੁੱਲ ਪੱਥਰਾਂ ਵਿੱਚ ਵੀ ਖਿੜ ਸਕਦੇ ਨੈ।।
ਉਠ ਦੋਸਤਾਂ ਜਰਾ ਵਿਖਾ ਹਿੰਮਤ
ਗਮਾਂ ਦੇ ਪਰਬਤ ਵੀ ਹਿੱਲ ਸਕਦੇ ਨੇ।।