ਚੜ੍ਹਿਆ ਸੋਧਣ ਧਰਤਿ ਲੁਕਾਈ
(ਕਵਿਤਾ)
ਜਗਤ ਜਲੰਦਾ ਵੇਖਿਆ ਸਭ ਕੂੜ ਪਾਸਾਰਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸਭ ਕੂੜ ਆਧਾਰਾ
ਜ਼ੋਰ ਜ਼ੁਲਮ ਦੀ ਅੱਤ ਸੀ
ਕੋਈ ਚਲੇ ਨਾਂ ਚਾਰਾ
ਕੂੜ ਕਪਟ ਦੀਆਂ ਹੱਟੀਆਂ
ਸੌਦਾ ਕਾਸਾਰਾ
ਸ਼ਬਦ ਦਾ ਹੋਕਾ ਦੇਣ ਲਈ
ਉਸ ਟੁੱਭੀ ਲਾਈ ।
ਚੜਿ੍ਹਆ ਸੋਧਣ ..............
ਕੌਡੇ ਵਰਗੇ ਰਾਖਸ਼ਾਂ ਨੂੰ
ਜਦ ਸਮਝਾਇਆ
ਭੂਮੀਏ ਵਰਗੇ ਚੋਰਾਂ ਵੀ
ਬਾਣੀ ਅਪਣਾਇਆ
ਸੱਜਣ ਠੱਗ ਨੂੰ ਬਖ਼ਸ਼ਿਆ
ਸਭ ਧਨ ਲੁਟਾਇਆ
ਨਾਉੰ ਧਰੀਕ ਸਿੱਖ ਹੋ
ਧਰਮਸਾਲ਼ ਬਣਾਇਆ
ਸੱਜਣ ਠੱਗ ਉਹ ਬਣ ਗਿਆ
ਜਦ ਭੁੱਲ ਬਖ਼ਸ਼ਾਈ ।
ਚੜਿ੍ਹਆ ਸੋਧਣ ..............
ਬਹਿਲੋਲ ਵਰਗੇ ਪੀਰ ਵੀ
ਜਦ ਦੇਣ ਦੁਹਾਈ
ਚਤਰ ਵਰਗੇ ਪੰਡਤਾਂ
ਪੌਣਾ ਜ਼ਹਿਰ ਮਿਲਾਈ
ਭੰਗਰ ਵਰਗੇ ਨਾਥਾਂ ਨੂੰ
ਕੀਤੀ ਰੁਸ਼ਨਾਈ
ਲਾਲੋ ਵਰਗੇ ਕਿਰਤੀਆਂ
ਦੁੱਧ ਨਹਿਰ ਵਗਾਈ
ਮਲਕ ਭਾਗੋ ਦੀਆਂ ਪੂਰੀਆਂ
ਜਦ ਰੱਤ ਵਹਾਈ ।
ਚੜਿ੍ਹਆ ਸੋਧਣ.............
ਰਿੱਧਾਂ ਸਿੱਧਾਂ ਵਾਲ਼ਿਆਂ
ਜਦ ਮੱਥਾ ਲਾਇਆ
ਨਾਨਕ ਪੰਥ ਸੁਮੇਰ ਦਾ
ਸਿਧਿ ਜਾਲ ਵਿਛਾਇਆ
ਨਿੱਕਲੀ ਸੁਰ ਰਬਾਬ ਚੋਂ
ਸ਼ਬਦ ਇਲਾਹੀ ਆਇਆ
ਸਿੱਧਾਂ ਮਨ ਵਿਚਾਰਿਆ
ਨਾਨਕ ਨਾਮ ਧਿਆਇਆ
ਐਸਾ ਜੋਗੀ ਕਲਿ ਮਹਿ
ਸਿੱਧਾਂ ਮੁਕਤੀ ਪਾਈ
ਚੜਿ੍ਹਆ ਸੋਧਣ ਧਰਤਿ.........
ਪਿੰਡ ਪਿੰਡ ਤੇ ਸ਼ਹਿਰ ਸ਼ਹਿਰ
ਅੱਗ ਤੁਰ ਪਈ ਬਾਬਾ
ਲਟ ਲਟ ਬਲਣ ਗਰੰਥ ਹੁਣ
ਗੱਲ ਸੁਣ ਲਈੰ ਬਾਬਾ
ਸਾਧਾਂ ਸੰਤਾਂ ਡੇਰਿਆਂ
ਹੱਟ ਚੁਣ ਲਈ ਬਾਬਾ
ਬ੍ਰਹਮ ਗਿਆਨੀ ਬਣੇ ਉਹ
ਕੋਈ ਗੁਣ ਨਹੀਂ ਬਾਬਾ
ਮਲਕ ਭਾਂਗੋਆਂ ਲਾਲੋਆਂ
ਘਰ ਅੱਗ ਮਚਾਈ ।
ਚੜਿ੍ਹਆ ਸੋਧਣ ਧਰਤਿ ਲੁਕਾਈ