ਹਨੇਰੇ ਦੂਰ ਭਜਾਵਣ ਦੇ ਲਈ
(ਕਵਿਤਾ)
ਹਨੇਰੇ ਦੂਰ ਭਜਾਵਣ ਦੇ ਲਈ, ਆਇਆ ਸੀ ਗੁਰੂ ਨਾਨਕ
ਸੁੱਤੇ ਲੋਕ ਜਗਾਵਣ ਦੇ ਲਈ, ਆਇਆ ਸੀ ਗੁਰੂ ਨਾਨਕ
ਵਹਿਮਾਂ ਭਰਮਾਂ ਦੇ ਵਿਚ ਪੈ ਕੇ, ਲੋਕੀ ਸੀ ਜੋ ਭੁੱਲੇ,
ਸੱਚ ਦਾ ਰਾਹ ਵਖਾਵਣ ਦੇ ਲਈ, ਆਇਆ ਸੀ ਗੁਰੂ ਨਾਨਕ
ਕਿਰਤ ਕਰਨ ਤੇ ਵੰਡ ਛਕਣ ਦਾ,ਅਦੇਸ਼ ਉਨਾਂ ਨੇ ਦਿੱਤਾ ,
ਹੱਥੀਂ ਹਲ ਚਲਾਵਣ ਦੇ ਲਈ ਆਇਆ ਸੀ ਗੁਰੂ ਨਾਨਕ
ਭੋਲੇ ਲੋਕਾ ਨੂੰ ਸੀ ਲੁਟਦੇ, ਜੋ ਸੱਜਣ ਠੱਗ ਵਰਗੇ ,
ਸਿੱਧੇ ਰਸਤੇ ਪਾਵਣ ਦੇ ਲਈ, ਆਇਆ ਸੀ ਗੁਰੂ ਨਾਨਕ
ਵੀਹ ਰੁਪਏ ਉਨਾਂ ਭੁੱਖੇ ਸਾਧੂਆਂ ਨੂੰ ਖਵਾਏ,
ਲੰਗਰ ਆਪ ਚਲਾਵਣ ਦੇ ਲਈ, ਆਇਆ ਸੀ ਗੁਰੂ ਨਾਨਕ
ਪੈਸੇ ਖਾਤਰ ਜਿਹੜੇ ਸੀਗੇ ,ਗਲਤ ਪੜਾਉਂਦੇ ਪਾਡੇ,
ਉਨਾਂ ਤਾਈ ਪੜਾਵਣ ਦੇ ਲਈ, ਆਇਆ ਸੀ ਗੁਰੂ ਨਾਨਕ
ਮਰਦਾਨੇ ਨੂੰ ਨਾਲ ਰਲਾਇਆ ਸੀ ਜੋ ਡੂਮ ਮਰਾਸ਼ੀ,
ਜਾਤ ਦਾ ਭੇਤ ਮਿਟਾਵਣ ਦੇ ਲਈ, ਆਇਆ ਸੀ ਗੁਰੂ ਨਾਨਕ
ਦੁਨੀਆਂ ਦੇ ਵਿਚ ਫੈਲ ਚੁੱਕੀ ਸੀ, ਝੂਠਿਆਂ ਦੀ ਵਡਿਆਈ,
ਸੱਚ ਦਾ ਹੋਕਾ ਲਾਵਣ ਦੇ ਲਈ ,ਆਇਆ ਸੀ ਗੁਰੂ ਨਾਨਕ
ਨਨਕਾਣੇ ਦੀ ਧਰਤੀ ਉੱਤੇ ਐਸਾ ਸੂਰਜ ਚੜਿਆ,
ਸਭ ਜਗ ਨੂੰ ਰੁਸ਼ਨਾਵਣ ਦੇ ਲਈ ,ਆਇਆ ਸੀ ਗੁਰੂ ਨਾਨਕ
ਗੁਲਾਮੀ ਵਾਲਿਆ ਦੁਨੀਆਂ ਉਨਾਂ ਸਿੱਧੇ ਰਸਤੇ ਪਾਈ,
ਗੁਰਬਾਣੀ ਤਾਈਂ ਪੜਾਵਣ ਦੇ ਲਈ, ਆਇਆ ਸੀ ਗੁਰੂ ਨਾਨਕ