ਗੁਰੂ ਤੇਗ ਬਹਾਦਰ ਬਾਣੀ ਦਾ ਵਿਚਾਰਧਾਰਕ ਪੱਖ
(ਲੇਖ )
ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਮ ਜਿਹਨ ਵਿੱਚ ਆਉਂਦਿਆਂ ਹੀ ਇੱਕ ਤਪੱਸਵੀ, ਬੈਰਾਗੀ, ਸ਼ਾਂਤੀ ਅਤੇ ਭਗਤੀ ਕਰਨ ਵਾਲੀ ਸ਼ਖਸ਼ੀਅਤ ਦੀ ਤਸਵੀਰ ਸਾਹਮਣੇ ਆਉਂਦੀ ਹੈ, ਜਿਸ ਨੇ ਮਨੁੱਖੀ ਅਧਿਕਾਰਾਂ ਦੀ ਖਾਤਰ ਆਪਣੀ ਕੁਰਬਾਨੀ ਦਿੱਤੀ ਸੀ।ਉਹਨਾਂ ਦੇ ਵਿਅਕਤੀਤਵ ਵਿੱਚ ਜਿੱਥੇ ਭਗਤ,ਸਾਧੂ ਸੁਭਾਅ,ਧਾਰਮਿਕ ਖੁਲ੍ਹਦਿਲੀ,ਖਿਮਾਸ਼ੀਲ,ਦਾਰਸ਼ਨਿਕ ਵੇਤਾ ਸ਼ਾਂਤੀ ਦੇ ਦੂਤ ਵਾਲੇ ਸੰਤ ਦੇ ਗੁਣ ਸ਼ਾਮਿਲ ਸਨ, ਉਥੇ ਬਹਾਦਰ ਯੋਧਾ,ਦ੍ਰਿੜ ਨਿਸ਼ਚੇ ਵਾਲੇ,ਨਿਡਰ ਨਿਰਭਉ, ਕਰਾਂਤੀਕਾਰੀ ,ਬਾਗੀ ਆਦਿ ਵਰਗੇ ਇੱਕ ਸਿਪਾਹੀ ਦੇ ਗੁਣ ਵੀ ਭਰਪੂਰ ਮਾਤਰਾ ਵਿੱਚ ਮਿਲਦੇ ਹਨ ਅਤੇ ਇਹ ਗੁਣ ਆਪਸ ਵਿੱਚ ਇੰਝ ਓਤ-ਪਰੋਤ ਹੋਏ ਹੋਏ ਹਨ ਕਿ ਇੱਕ ਨੂੰ ਦੂਜੇ ਤੋਂ ਨਿਖੇੜਨਾ ਆਸਾਨ ਨਹੀਂ ।
ਕੋਈ ਵੀ ਕਿਰਤ ਆਪਣੇ ਕਰਤੇ ਦੇ ਅਨੁਭਵ ਤੋਂ ਬਾਹਰ ਨਹੀਂ ਹੋ ਸਕਦੀ। ਹਰ ਕਿਰਤ ਵਿੱਚ ਕਰਤਾ ਆਪ ਸਮਾਇਆ ਹੋਇਆ ਹੁੰਦਾ ਹੈ।ਖਾਸ ਕਰਕੇ ਸੰਤ ਭਗਤ ਤਾਂ ਸਿਰਫ ਓਹੀ ਆਖਦੇ ਹਨ, ਜੋ ਉਹਨਾਂ ਦੇਖਿਆ,ਪਰਖਿਆ,ਜਾਣਿਆ ਅਤੇ ਬੁਝਿਆ ਹੁੰਦਾ ਹੈ।“ਸੋ ਬੋਲਹਿ ਜੋ ਪੇਖਹਿ ਆਖੀ”(ਪੰਨਾ894) ਗੁਰਬਾਣੀ ਫੁਰਮਾਨ ਹੈ। ਗੁਰਮਤਿ ਦੇ ਇਸੇ ਸਿਧਾਂਤ ਤੇ ਪੂਰੇ ਉਤੱਰ ਰਹੇ ਗੁਰੂ ਤੇਗ ਬਹਾਦਰ ਜੀ ਬਾਰੇ ਪੂਰੇ ਵਿਸ਼ਵਾਸ ਨਾਲ ਅਤੇ ਪ੍ਰਮਾਣਿਕਤਾ ਨਾਲ ਇਹ ਆਖ ਸਕਦੇ ਹਾਂ ਕਿ ਜੋ ਉਹਨਾਂ ਆਪਣੀ ਬਾਣੀ ਵਿੱਚ ਲਿਖਿਆ, ੳਸ ਦਾ ਅੱਖਰ ਅੱਖਰ ਉਹਨਾਂ ਆਪਣੇ ਜੀਵਨ ਵਿੱਚ ਕਮਾਇਆ ਵੀ ।ਇਸ ਲਈ ਉਹਨਾਂ ਦੀ ਬਾਣੀ ਤੇ ਵਿਚਾਰ ਕਰਨ ਤੋਂ ਪਹਿਲਾਂ ਉਹਨਾਂ ਦੀ ਜੀਵਨ-ਸ਼ੈਲੀ,ਜੀਵਨ ਪ੍ਰਤੀ ਦ੍ਰਿਸ਼ਟੀਕੋਣ, ਆਦਰਸ਼,ਪ੍ਰੇਰਨਾ,ਉਹਨਾਂ ਦਾ ਸਮਕਾਲੀ ਸਮਾਜ ਪ੍ਰਤੀ ਨਜਰੀਆ ਦੇਖਣਾ ਵੀ ਜਰੂਰੀ ਹੈ,ਜਿਸਨੇ ਉਹਨਾਂ ਦੀ ਬਾਣੀ ਤੇ ਪ੍ਰਭਾਵ ਪਾਇਆ ।ਗੁਰੂ ਜੀ ਤੇ ਆਪਣੇ ਤੋਂ ਪਹਿਲਾਂ ਹੋਏ ਗੁਰੂ ਸਾਹਿਬਾਨ ਅਤੇ ਭਗਤ ਜਨ ਸਭਨਾਂ ਦਾ ਬਹੁਤ ਡੂੰਘਾ ਅਸਰ ਸੀ। ਗੁਰਬਾਣੀ ਨੂੰ ਸ਼ਬਦ-ਰੂਪ ਵਿੱਚ ਪੂਰਨ ਸਤਿਕਾਰ ਮਿਲ ਚੁੱਕਿਆ ਸੀ। ਇਸ ਲਈ ਉਹਨਾਂ ਦੇ ਬਾਣੀ ਰਚਣ ਸਮੇਂ ਦੇ ਵਿਚਾਰ ਮਹਿਜ ਖਿਆਲੀ ਉਡਾਰੀਆਂ ਨਹੀਂ ਹੋ ਸਕਦੇ ਕਿਉਂਕਿ ਉਹ ਪਹਿਲੇ ਗੁਰੂ ਸਾਹਿਬਾਨ ਵਾਂਗ ਹੀ ਇਸ ਗੱਲ ਤੋਂ ਭਲੀ ਭਾਂਤ ਵਾਕਿਫ ਸਨ ਕਿ ੳਹਨਾਂ ਦੁਆਰਾ ਰਚਿਆ ਇੱਕ ਇੱਕ ਸ਼ਬਦ ਸਿੱਖਾਂ ਦੀ ਜੀਵਨ-ਜਾਚ ਦਾ ਹਿੱਸਾ ਬਣਨਾ ਏ।ਉਹਨਾਂ ਦੇ ਜੀਵਨ ਦੇ ਸਿਰਫ ਉਹ ਪੱਖ ਬਹੁਤ ਹੀ ਸੰਖੇਪ ਵਿੱਚ ਵਿਚਾਰਦੇ ਹਾਂ ਜਿਹਨਾਂ ਦਾ ਜਿਕਰ ਉਹਨਾਂ ਦੀ ਬਾਣੀ ਵਿੱਚ ਉੱਘੜ ਕੇ ਸਾਹਮਣੇ ਆਉਂਦਾ ਹੈ।
ਬਚਪਨ ਵਿੱਚ ਹੀ ਆਪਣਾ ਕੋਟ ਆਪਣੇ ਤਨ ਤੋਂ ਉਤਾਰ ਕੇ ਇੱਕ ਲੋੜਵੰਦ ਨੂੰ ਦੇਣਾ ਸਬੂਤ ਹੈ ਇਸ ਗੱਲ ਦਾ ਕਿ ਉਹਨਾਂ ਨੂੰ ਦੁਨਿਆਵੀ ਪਦਾਰਥਾਂ ਦੀ ਕੋਈ ਪਕੜ ਨਹੀਂ ਸੀ।
ਬਾਬਾ ਬਕਾਲੇ ਵਿਖੇ 22 ਮੰਜੀਆਂ ਲੱਗਣ ਸਮੇਂ ਆਪ ਜੀ ਦਾ ਇਕਾਂਤ ਵਿੱਚ ਸਿਮਰਨ ਕਰਦੇ ਰਹਿਣਾ ਉਹਨਾਂ ਦੀ ਦੁਨਿਆਵੀ ਮਾਣ ਤੋਂ ਦੂਰ ਹੋਣ ਅਤੇ ਵਿਵਾਦ ਤੋਂ ਬਚਣ ਦੀ ਕੋਸ਼ਿਸ਼ ਦਰਸਾਉਂਦਾ ਹੈ।
ਕਸ਼ਮੀਰੀ ਪੰਡਤਾਂ ਨੂੰ ਦਿੱਤਾ ਦਿਲਾਸਾ ਅਤੇ ਬਾਂਹ ਫੜਨ ਦਾ ਕਾਰਜ ਉਹਨਾਂ ਦੀ ਸਮਦ੍ਰਿਸ਼ਟੀ ਦਿਖਾਉਂਦਾ ਹੈ ਅਤੇ ਉਹਨਾਂ ਦੀ ਪਰਉਪਕਾਰੀ ਬਿਰਤੀ ਦੀ ਝਲਕ ਦਿਖਾਉਂਦਾ ਹੈ।
ਜਿਸ ਜਨੇਊ ਤੇ ਉਹਨਾਂ ਦਾ ਆਪਣਾ ਵਿਸ਼ਵਾਸ ਹੀ ਨਹੀਂ ਸੀ,ਜਿਸ ਦਾ ਗੁਰੂ ਨਾਨਕ ਜੀ ਨੇ ਖੰਡਨ ਕੀਤਾ ਸੀ,ਉਸੇ ਜਨੇਊ ਦੀ ਰਖਵਾਲੀ ਲਈ ਆਪਣੀ ਜਾਨ ਕੁਰਬਾਨ ਕਰ ਦੇਣੀ ਜਿੱਥੇ ਇੱਕ ਪਾਸੇ ਉਹਨਾਂ ਦੀ ਧਾਰਮਿਕ ਖੁੱਲ੍ਹ ਦੀ ਲਖਾਇਕ ਹੈ,ਉੱਥੇ ਉਹਨਾਂ ਦੀ ਮਨੁੱਖੀ ਅਧਿਕਾਰਾਂ ਦੀ ਆਜਾਦੀ ਪ੍ਰਤੀ ਬਚਨਵੱਧਤਾ ਦਾ ਸਬੂਤ ਵੀ ਹੈ॥
ਬਾਣੀ ਦਾ ਵਿਚਾਰਧਾਰਕ ਪੱਖ- ਗੁਰੂ ਤੇਗ ਬਹਾਦਰ ਜੀ ਦੀ ਲਿਖੀ ਸਾਰੀ ਬਾਣੀ ਹੀ ਗੁਰੂ ਗਰੰਥ ਸਾਹਿਬ ਜੀ ਵਿੱਚ ਸ਼ਾਮਲ ਹੈ।ਇਸ ਵਿੱਚ ਰਾਗਾਂ ਵਿੱਚ ਲਿਖੀ ਬਾਣੀ ਵੀ ਅਤੇ ਰਾਗ-ਮੁਕਤ ਬਾਣੀ ਵੀ ਦੋਵੇਂ ਆ ਜਾਂਦੀਆਂ ਹਨ । ਰਾਗ ਵਿੱਚ ਲਿਖੀ ਬਾਣੀ ਦੇ ਕੁੱਲ 59 ਪਦੇ ਹਨ, ਜਿਹੜੇ 15 ਰਾਗਾਂਂ ਵਿੱਚ ਲਿਖੇ ਗਏ ਹਨ ।ਰਾਗ-ਰਹਿਤ ਬਾਣੀ ਵਿੱਚ ਉਹ ਬੈਰਾਗਮਈ 57 ਸਲੋਕ ਆਉਂਦੇ ਹਨ, ਜਿਨਾਂ ਨੂੰ ਅਖੰਡ ਪਾਠ ਜਾਂ ਸਹਿਜ ਪਾਠ ਦੀ ਸਮਾਪਤੀ ਤੇ ਪੜ੍ਹਿਆ ਜਾਂਦਾ ਹੈ।ਇਹ ਸਾਰੀ ਬਾਣੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਤਰਤੀਬ ਵਿੱਚ ਸ਼ਾਮਲ ਕੀਤੀ ਸੀ,ਜਿਹੜੀ ਤਰਤੀਬ ਗੁਰੂ ਅਰਜਨ ਦੇਵ ਜੀ ਨੇ ਨਿਸ਼ਚਿਤ ਕੀਤੀ ਸੀ।
ਗੁਰੂ ਜੀ ਦੀ ਬਾਣੀ ਦਾ ਵਿਸ਼ਾ ਪੱਖ ਮੁੱਖ ਰੂਪ ਵਿੱਚ ਮਨੁੱਖ ਨੂੰ ਸੰਸਾਰਕ ਮੋਹ ਤਿਆਗ ਕੇ ਪ੍ਰਭੂ ਭਗਤੀ ਵੱਲ ਲਗਾਉਣਾ ਹੈ।ਸਾਰੀ ਬਾਣੀ ਵਿੱਚ ਇਸੇ ਵਿਸ਼ੇ ਦਾ ਵਿਸਥਾਰ ਕੀਤਾ ਗਿਆ ਹੈ। ਪ੍ਰਭੂ ਦੇ ਮਿਲਾਪ ਲਈ ਉਸ ਦੀ ਬੰਦਗੀ ਅਤੇ ਸਿਮਰਨ ਕਰਨਾ ਚਾਹੀਦਾ ਹੈ।
“ਰੇ ਮਨ ਰਾਮ ਸਿਉ ਕਰਿ ਪ੍ਰੀਤਿ।
ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ॥”
(ਸੋਰਠਿ ਮਹਲਾ 9 ਪੰਨਾ 631)
“ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ।
ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ॥”
(ਤਿਲੰਗ ਮਹਲਾ 9 ਪੰਨਾ 726)
“ਰੇ ਮਨ ਓਟਿ ਲੇਹੁ ਹਰਿ ਨਾਮਾ।
ਜਾ ਕੈ ਸਿਮਰਨਿ ਦੁਰਮਤਿ ਨਾਸੇ ਪਾਹਿ ਪਦੁ ਨਿਰਬਾਨਾ॥”
(ਰਾਗੁ ਰਾਮਕਲੀ ਮਹਲਾ 9 ਪੰਨਾ 901)
ਉਸ ਦੀ ਪ੍ਰਾਪਤੀ ਲਈ ਬਾਹਰਲੇ ਦਿਖਾਵੇ ਅਤੇ ਕਰਮ-ਕਾਂਡਾਂ ਦੀ ਜਰੂਰਤ ਨਹੀ,ਸਗੋਂ ਉਸ ਨੂੰ ਤਾਂ ਆਪਣੇ ਅੰਦਰੋਂ ਹੀ ਪਾਇਆ ਜਾ ਸਕਦਾ ਹੈ।ਉਹ ਨਿਰਗੁਣ ਪ੍ਰਭੁ ਜੋ ਸਭ ਕੁਝ ਤੋਂ ਨਿਰਲੇਪ ਹੇ, ਉਹ ਤਾਂ ਸਦਾ ਹੀ ਇਨਸਾਨ ਦੇ ਨਾਲ ਰਹਿੰਦਾ ਹੈ। ਲੋੜ ਉਸ ਨੂੰ ਖੋਜਣ ਦੀ ਹੈ ਅਤੇ ਆਪਣੀ ਅੰਦਰੂਨੀ ਯਾਤਰਾ ਕਰਨ ਨਾਲ ਹੀ ਉਸ ਤੱਕ ਪੁੱਜਿਆ ਜਾ ਸਕਦਾ ਹੈ।
“ਕਾਹੇ ਰੇ ਬਨ ਖੋਜਨ ਜਾਈ।
ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗਿ ਸਮਾਈ॥”
(ਰਾਗ ਧਨਾਸਰੀ ਮਹਲਾ 9,ਪੰਨਾ 684)
ਉਸ ਪ੍ਰਭੂ ਦੀ ਬੇਅੰਤਤਾ,ਸਰਬ-ਸ਼ਕਤੀਮਾਨਤਾ ਦੱਸਦੇ ਹੋਏ ਉਸ ਦਾ ਹੁਕਮ ਪਛਾਨਣਾ,ਉਸ ਦੀ ਰਜਾ ਵਿੱਚ ਰਹਿਣਾ ਅਤੇ ਉਸ ਤੇ ਵਿਸ਼ਵਾਸ਼ ਲਿਆਉਣਾ ਹਰ ਮਨੁੱਖ ਦਾ ਮੁਢੱਲਾ ਕਰਮ ਹੈ।ਸਾਰੇ ਸੁੱਖਾਂ ਦਾ ਦਾਤਾ ਕੇਵਲ ਪ੍ਰਭੂ ਹੀ ਹੈ ।“ਸਭ ਸੁਖ ਦਾਤਾ ਰਾਮ ਹੈ,ਦੂਸਰ ਨਾਹਿਨ ਕੋਇ”(ਸਲੋਕ ਮਹਲਾ 9 ਪੰਨਾ 1426) ਮਨੁੱਖ ਦਾ ਆਪਣਾ ਬਲ ਇੰਨਾ ਨਹੀ ਕਿ ਉਹ ਆਪ ਦੁੱਖਾਂ ਨੂੰ ਦੂਰ ਕਰ ਸਕੇ ਅਤੇ ਸੁੱਖਾਂ ਦੀ ਪ੍ਰਾਪਤੀ ਕਰ ਸਕੇ, ਭਾਵੇਂ ਉਹ “ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ॥(ਸਲੋਕ ਮਹਲਾ 9 ਪੰਨਾ 1427)” ਅਨੁਸਾਰ ਲਗਾਤਾਰ ਸੁੱਖ ਲਈ ਯਤਨ ਕਰਦਾ ਹੈ।
ਨਾਸ਼ਮਾਨਤਾ ਨੂੰ ਜਿੰਨਾ ਜੋਰ ਦੇ ਕੇ ਗੁਰੂ ਤੇਗ ਬਹਾਦਰ ਜੀ ਨੇ ਦਰਸਾਇਆ ਹੈ, ਸ਼ਾਇਦ ਹੋਰ ਕਿਸੇ ਵੀ ਗੁਰੂ ਜਾਂ ਭਗਤ ਨੇ ਨਹੀਂ ਲਿਖਿਆ।ਗੁਰਮਤਿ ਸਿਧਾਂਤ ਜਲ ਮਹਿ ਕਮਲ ਦੀ ਨਿਆਈਨ ਰਹਿਣ ਦਾ ਹੈ,ਗੁਰੁ ਤੇਗ ਬਹਾਦਰ ਜੀ ਵੀ ਘਰ ਗ੍ਰਹਿਸਥੀ ਵਿੱਚ ਵਿਚਰਦੇ ਹੋਏ ਇਸ ਤੋਂ ਨਿਰਲੇਪ ਰਹੇ। ੁਹਨਾਂ ਨੂੰ ਜੱਗ ਦੀ ਨਾਸ਼ਮਾਨਤਾ ਦਾ ਜੋ ਅਨੁਭਵ ਅਤੇ ਸੋਝੀ ਸੀ,ਉਸੇ ਨੂੰ ਉਹ ਆਪਣੀ ਰਚਨਾ ਵਿੱਚ ਵਿਅਕਤ ਕਰਦੇ ਹਨ ਅਤੇ ਲੋਕਾਈ ਨੂੰ ਸੁਚੇਤ ਕਰਦੇ ਹਨ ਕਿ ਉਹ ਜੱਗ ਦੀ,ਪਰਵਿਾਰ ਦੀ,ਧਨ ਸੰਪਤ ਦੀ ਅਤੇ ਨਿਜ ਦੀ ਪਕੜ ਤੋਂ ੳੁੱਚਾ ਉਠੇ।
ਨਾਸ਼ਮਾਨਤਾ ਕਈ ਪ੍ਰਕਾਰ ਦੀ ਹੈ-
ਵਸਤੂ ਪੂਰਨ ਸੰਸਾਰ ਦੀ ਨਾਸ਼ਮਾਨਤਾ ਵਿੱਚ ਇਹ ਦਿਸਦਾ ਜਗਤ ਅਤੇ ਇਸ ਦੀਆਂ ਸਾਰੀਆਂ ਵਸਤੂਆਂ ਆ ਜਾਂਦੀਆਂ ਹਨ । ਗੁਰੂ ਜੀ ਅਨੁਸਾਰ ਜੋ ਵੀ ਪੈਦਾ ਹੋਇਆ ਹੈ,ਉਸ ਨੇ ਖਤਮ ਵੀ ਜਰੂਰ ਹੋਣਾ ਹੈ ਫਿਰ ਉਸ ਨਾਲ ਮੋਹ ਕਿਉਂ ਪਾਇਆ ਜਾਵੇ।
“ਜੋ ਉਪਜਿਓ ਸੋ ਬਿਨਸ ਹੈ,ਪਰੋ ਆਜੁ ਕੇ ਕਾਲ ॥
ਨਾਨਕ ਹਰਿ ਗੁਨ ਗਾਇ ਲੈ ਛਾਡਿ ਸਗਲ ਜੰਜਾਲ॥”
(ਸਲੋਕ ਮਹਲਾ 9, ਪੰਨਾ 1428)
“ਕਾ ਕੋ ਤਨੁ ਧਨੁ ਸੰਪਤਿ ਕਾਕੀ ਕਾ ਸਿਉ ਨੇਹੁ ਲਗਾਈ ॥
ਜੋ ਦੀਸੈ ਸੋ ਸਗਲ ਬਿਨਾਸੈ,ਜਿਉ ਬਾਦਰ ਕੀ ਛਾਈ॥”
(ਰਾਗੁ ਸਾਰੰਗ ਮਹਲਾ 9 ਪੰਨਾ 1231)
ਇਸ ਥੋੜ-ਚਿਰੇ ਸੰਸਾਰ ਨੂੰ ਸਿਰਫ ਨਾਸ਼ਮਾਨ ਹੀ ਨਹੀਂ ਕਿਹਾ, ਸਗੋਂ ਇਸ ਨੂੰ ਮਿਥਿਆ ਵੀ ਕਿਹਾ ਹੈ।ਮਿਥਿਆ ਉਤਨੀ ਦੇਰ ਹੈ, ਜiੰਨੀ ਦੇਰ ਇਸ ਜਗਤ ਵਿੱਚ ਰਮੇ ਹੋਏ ਪ੍ਰਭੂ ਨੂੰ ਮਹਿਸੂਸ ਨਹੀਂ ਕੀਤਾ ਜਾਂਦਾ।ਸਿਰਫ ਅਕਾਲ-ਪੁਰਖ ਹੀ ਸੱਚ ਹੈ,ਉਸ ਤੋਂ ਬਿਨਾਂ ਸਭ ਝੂਠ ਦਾ ੀ ਪਸਾਰਾ ਹੈ,ਪਰ ਇਸ ਨੂੰ ਇਨਸਾਨ ਸੱਚ ਸਮਝੀ ਬੈਠਾ ਹੈ।
“ਇਹ ਸੰਸਾਰ ਸਗਲ ਹੈ ਸੁਪਨੋ ਦੇਖਿ ਕਹਾ ਲੋਭਾਵੈ॥”
(ਸਾਰੰਗ ਮਹਲਾ 9 ਪੰਨਾ 1231)
“ਜਿਉ ਸੁਪਨਾ ਅਰ ਪੇਖਨਾ ਐਸੇ ਜਗੁ ਕੋ ਜਾਨਿ ॥
ਇਨਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ॥”
(ਸਲੋਕ ਮਹਲਾ 9 ਪੰਨਾ 1427)
ਵਸਤੂ ਸੰਸਾਰ ਦੇ ਦੋ ਪੱਖ ਹਨ-ਬਾਹਰੀ ਅਤੇ ਅੰਦਰੂਨੀ।ਬਾਹਰੀ ਉਹ ਜੋ ਨਾਸਮਾਨ ਹੈ ਅਤੇ ਮਿਥਿਆ ਹੈ।ਅੰਦਰੂਨੀ ਉਹ ਜਿਸ ਵਿੱਚ ਰਮਿਆ ਰਾਮ ਨਜਰ ਆਉਂਦਾ ਹੈ-
“ਸਾਧੋ ਰਚਨਾ ਰਾਮ ਬਨਾਈ॥
ਇਕਿ ਬਿਨਸੈ ਇੱਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ॥
”(ਗਉੜੀ ਮਹਲਾ 9 ਪੰਨਾ 219)
ਨਾਸ਼ਮਾਨਤਾ ਨੂੰ ਜਿਉ ਜਿਉ ਮਨੁੱਖੀ ਮਨ ਸਮਝਣ ਲੱਗਦਾ ਹੈ,ਤਿਉ ਤਿਉ ਉਸ ਵਿੱਚ ਬੈਰਾਗ ਪੈਦਾ ਹੁੰਦਾ ਹੈ। ਪਰ ਗੁਰੂ ਜੀ ਜੋਗੀਆਂ ਸੰਨਿਆਸੀਆਂ ਦੇ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਜਾਣ ਨੂੰ ਕੋਈ ਮਾਣਤਾ ਨਹੀਂ ਦਿੰਦੇ, ਅਜਿਹੇ ਕਰਮ-ਕਾਂਡ ਜੋ ਵੀ ਪ੍ਰਭੂ ਨੂੰ ਮਿਲਣ ਲਈ ਕੀਤੇ ਜਾਂਦੇ ਸਨ, ਆਪ ਨੇ ਸਭ ਦਾ ਖੰਡਨ ਕੀਤਾ ਹੈ। ਜਾਗਿਆ ਬੈਰਾਗ ਇਸ ਜਗਤ ਵਿੱਚ ਰਹਿੰਦੇ ਹੋਏ ਹੀ ਇਸ ਵਿੱਚ ਖਚਿਤ ਹੋਣ ਤੋਂ ਬਚ ਸਕਦਾ ਹੈ। ਇਹੀ ਅੱਗੇ ਚੱਲ ਕੇ ਉਸ ਪਰਮਾਤਮਾ ਨਾਲ ਪ੍ਰੇਮ ਕਰਨ ਲਈ ਵੀ ਸਹਾਇਕ ਬਣਦਾ ਹੈ।ਪਰ ਕਰਮ ਕਾਂਡਾਂ ਵਿੱਚ ਫਸ ਕੇ ਉਸ ਸੱਚਾਈ ਤੋਂ ਕੋਹਾਂ ਦੂਰ ਹੋ ਕੇ ਹਉਮੈ ਦੀ ਮੈਲ ਲਗਾ ਬੈਠਦਾ ਹੈ।
“ਕਾਹੇ ਰੇ ਬਨ ਖੋਜਨ ਜਾਈ।
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥”
(ਧਨਾਸਰੀ ਮਹਲਾ 9 ਪੰਨਾ 684)
“ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ॥
ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ॥”
(ਸਲੋਕ ਮਹਲਾ 9 ਪੰਨਾ 1428)
“ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਰਹੇ ਗੁਨ ਗਾਈ।
ਜਨ ਨਾਨਕ ਹਰਿ ਭਏ ਦਇਆਲਾ ਤਉ ਸਬ ਬਿਧਿ ਬਨਿਆਈ॥”
(ਗਉੜੀ ਮਹਲਾ 9 ਪੰਨਾ 219)
ਉਸ ਪ੍ਰਭੂ ਨੂ ਇਸ ਸੰਸਾਰ ਵਿੱਚ ਰਹਿੰਦੇ ਹੋਏ ਹੀ ,ਜੱਰੇ ਜੱਰੇ ਵਿੱਚੋਂ ਪਹਿਚਾਨਣਾ ਹੈ।
“ਪੁਹਪ ਮਧਿ ਜਿਉ ਬਾਸੁ ਬਸਤੁ ਹੈ,ਮੁਕਰ ਮਾਹਿ ਜੈਸੇ ਛਾਈ॥
ਤੈਸੇ ਹੀ ਹਰਿ ਬਸੇ ਨਿਰੰਤਰ ਘਟ ਹੀ ਖੋਜਹੁ ਭਾਈ॥”
(ਧਨਾਸਰੀ ਮਹਲਾ 9 ਪੰਨਾ 684)
ਮਨੁੱਖ ਆਪਣੇ ਪਰਵਿਾਰ ਨਾਲ ਬਹੁਤ ਮੋਹ ਰੱਖਦਾ ਹੈ ੳਤੇ ਅਪਣੇ ਮਾਤਾ ਪਿਤਾ, ਭੈਣ, ਭਰਾ, ਪਤਨੀ, ਪੁੱਤ, ਧੀਆਂ ਅਤੇ ਸਾਕ ਸੰਬੰਧੀਆਂ ਦੀ ਪਿਆਰ ਖਿੱਚ ਵਿੱਚ ਪ੍ਰਭੂ ਨੂੰ ਵਿਸਾਰ ਦਿੰਦਾ ਹੈ।ਗੁਰੂ ਜੀ ਅਨੁਸਾਰ ਇਹਨਾਂ ਸਭਨਾਂ ਦੀ ਪ੍ਰੀਤ ਸਵਾਰਥ ਭਰੀ ਹੈ, ਕਾਰਨ ਮਾਇਆ ਹੈ ਅਤੇ ਅੰਤ ਨਹੀਂ ਨਿਭਣੀ-
“ਦਾਰਾ ਮੀਤ ਪੂਤ ਸਨਬੰਧੀ ਸਗਰੈ ਧਨ ਸਿਉ ਲਾਗੇ॥
ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ॥”
(ਸੋਰਠਿ ਮਹਲਾ 9 ਪੰਨਾ 634)
“ਘਰਿ ਕੀ ਨਾਰਿ ਬਹੁਤੁ ਹਿਤੁ ਜਾਸਿਉ ਸਦਾ ਰਹਿਤ ਸੰਗ ਲਾਗੀ॥
ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰਿ ਭਾਗੀ॥”
(ਸੋਰਠਿ ਮਹਲਾ 9 ਪੰਨਾ 631)
ਇਨਸਾਨ ਦੀ ਅਗਲੀ ਖਿੱਚ ਉਸਦੀ ਧਨ ਸੰਪਤੀ,ਮਹਿਲ ਮਾੜੀਆਂ, ਜਾਇਦਾਦ ਹੈ,ਉਹ ਇਹਨਾਂ ਦੀ ਪ੍ਰਾਪਤੀ ਲਈ ਵਿਕਾਰਾਂ ਵਿੱਚ ਵੀ ਫਸਿਆ ਰਹਿੰਦਾ ਹੈ ਅਤੇ ਇਹਨਾਂ ਤੇ ਗਰੂਰ ਵੀ ਕਰਦਾ ਹੈ।ਸਾਰੀ ਜਿੰਦਗੀ ਧਨ ਜੋੜਦਾ ਰਹਿੰਦਾ ਹੈ ਅਤੇ ਜਾਇਦਾਦ ਬਣਾਉਂਦਾ ਰਹਿੰਦਾ ਹੈ।ਆਪਣਾ ਕੀਮਤੀ ਸਮਾਂ ਇਹਨਾਂ ਨਾਸਮਾਨ ਅਤੇ ਨਾਲ ਨਾ ਜਾਣ ਵਾਲੀਆਂ ਵਸਤਾਂ ਨੂੰ ਇਕੱਠਾ ਕਰਨ ਵਿੱਚ ਲੱਗਿਆ ਰਹਿੰਦਾ ਹੈ।
“ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥
ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ॥”
(ਸਲੋਕ ਮਹਲਾ 9 ਪੰਨਾ 1426)
“ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ॥
ਕਾਲ ਫਾਸ ਜਬ ਗਲਿ ਪਰੀ ਸਭ ਭਇਓ ਪਰਾਇਓ॥”
(ਤਿਲੰਗ ਮਹਲਾ 9 ਪੰਨਾ 727)
ਅਪਣੀ ਦੇਹ ਦਾ ਹੰਕਾਰ ਵੀ ਮਨੁੱਖ ਦੇ ਰਸਤੇ ਵਿੱਚ ਬਹੁਤ ਵੱਡੀ ਰੁਕਾਵਟ ਹੈ।ਉਹ ਸਦਾ ਇਸ ਤਨ ਨੂੰ ਸਵਾਰਨ ਸ਼ਿੰਗਾਰਨ ਅਤੇ ਇਸ ਤੇ ਮਾਣ ਕਰਨ ਵਿੱਚ ਹੀ ਖੁਭਿਆ ਰਹਿੰਦਾ ਹੈ। ਗੁਰੁ ਜੀ ਇਸ ਮੋਹ ਤੋਂ ਵੀ ਵੈਰਾਗ ਉਪਜਾਉਣ ਦੀ ਪ੍ਰੇਰਨਾ ਦਿੰਦੇ ਹਨ।
“ਗਰਬੁ ਕਰਤੁ ਹੈ ਦੇਹ ਕੋ ਬਿਨਸੈ ਛਿਨ ਮਹਿ ਮੀਤ॥
ਜਿਹ ਪ੍ਰਾਨੀ ਹਰਿ ਜਸੁ ਕਹਿਓ ਨਾਨਕ ਤਿਹਿ ਜਗੁ ਜੀਤੁ॥”
(ਸਲੋਕ ਮਹਲਾ 9 ਪੰਨਾ 1427)
“ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ॥
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ॥”
(ਗਉੜੀ ਮਹਲਾ 9 ਪੰਨਾ 219)
ਮਨੁੱਖ ਇਹਨਾਂ ਬੰਧਨਾਂ ਵਿੱਚ ਜਕੜਿਆ ਵਿਕਾਰੀ ਹੋ ਜਾਂਦਾ ਹੈ। ਕਾਮ ਕਰੋਧ, ਲੋਭ, ਮੋਹ, ਹੰਕਾਰ, ਉਸਤਤਿ, ਨਿੰਦਾ, ਮਾਣ, ਅਪਮਾਨ, ਦੁਬਿਧਾ ਅਗਿਆਨਤਾ ਆਦਿ ਉਸ ਦੇ ਅਧਿਆਤਮਕ ਮਾਰਗ ਤੋਂ ਭਟਕਾਉਂਦੇ ਹਨ। ਗੁਰੁ ਜੀ ਇਹਨਾਂ ਤੋਂ ਬਚਣ ਦੀ ਪ੍ਰੁਰਨਾ ਕਰਦੇ ਹਨ।
“ਕਾਮੁ ਕ੍ਰੋਧ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸ ਭਾਗਉ॥”
(ਗਉੜੀ ਮਹਲਾ 9 ਪੰਨਾ 219)
“ਝੂਠੈ ਲਾਲਚਿ ਲਾਗਿ ਕੈ ਨਹਿ ਮਰਨੁ ਪਛਾਨਾ ॥”
(ਤਿਲੰਗ ਮਹਲਾ 9 ਪੰਨਾ 726)
ਇਹਨਾਂ ਸਭ ਤੋਂ ਬਚਣ ਦਾ ਇੱਕੋ ਇੱਕ ਉਪਾਅ ਪ੍ਰਭੂ ਦੀ ਭਗਤੀ ਅਤੇ ਸਿਮਰਨ ਹੈ। ਇਸੇ ਸਿਮਰਨ ਕਰਕੇ ਅਜਾਮਲ ਅਤੇ ਗਨਿਕਾ, ਵਰਗੇ ਵੀ ਤਰ ਗਏ। ਪਰਮਾਤਮਾ ਬਹੁਤ ਦਿਆਲੂ ਹੈ ਅਤੇ ਉਹ ਸ਼ਰਨ ਪਏ ਦੀ ਲਾਜ ਰੱਖਦਾ ਹੈ।
ਤੇਗ ਬਹਾਦਰ ਜੀ ਨੇ ਦਾਰਸ਼ਨਿਕ ਪੱਖ ਵੀ ਆਪਣੀ ਬਾਣੀ ਵਿੱਚ ਲਿਖਿਆ ਹੈ,ਪਰ ਉਸਨੂੰ ਅਪਣੀ ਰਚਨਾ ਤੇ ਕਿਤੇ ਵੀ ਭਾਰੂ ਨਹੀਂ ਹੋਣ ਦਿੱਤਾ।ਬ੍ਰਹਮ, ਜਗਤ, ਜੀਵ, ਮਾਇਆ, ਮੁਕਤੀ ਆਦਿ ਵਰਗੇ ਦਾਰਸ਼ਨਿਕ ਵਿਸ਼ਿਆਂ ਤੇ ਕਲਮ ਚਲਾਉਂਦੇ ਹੋਏ ਵੀ ਸਹਿਜਤਾ ਅਤੇ ਸਰਲਤਾ ਨੂੰ ਆਂਚ ਨਹੀਂ ਆਉਣ ਦਿੱਤੀ।ਇਨਾਂ ਸ਼ਬਦਾਂ ਦੀ ਵਿਆਖਿਆ ਵੀ ਇੰਨੀ ਸਰਲ ਹੈ ਕਿ ਆਮ ਪਾਠਕ ਵੀ ਸਮਝ ਲੈਂਦਾ ਹੈ।
ਗੁਰੂ ਜੀ ਦਾ ਮਨੁੱਖ ਨੂੰ ਇਹੋ ਸੰਦੇਸ਼ ਹੈ ਕਿ ਉਹ ਅਪਣੇ ਜੀਵਨ ਦਾ ਮਕਸਦ ਪਛਾਣੇ। ਜਗਤ ਦੀ, ਧਨ-ਜਾਇਦਾਦ ਦੀ,ਪਰਿਵਾਰ ਦੀ ਅਤੇ ਆਪਣੇ ਤਨ ਦੀ ਹਰ ਖਿੱਚ ਤੋਂ ਆਜਾਦ ਹੋ ਕੇ ਵਿਚਰੇ। ਪ੍ਰਭੂ ਪ੍ਰਾਪਤੀ ਦੇ ਰਸਤੇ ਦੀਆਂ ਰੁਕਾਵਟਾਂ ਜੌ ਮਨ ਦੇ ਵਿਕਾਰ ਹਨ, ਉਹਨਾਂ ਤੋਂ ਬਚੇ।ਸੂਖਮ ਵਿਕਾਰ ਮਾਣ ਹੈ,ਜਿਸ ਨੂੰ ਆਮ ਇਨਸਾਨ ਵਿਕਾਰ ਹੀ ਨਹੀਂ ਮਂਂਦਾ। ਪਰ ਤੇਗ ਬਹਾਦਰ ਜੀ ਨੇ ਇਸ ਮਾਣ ਨੂੰ ਕਰੜੇ ਹੱਥੀਂ ਲਿਆ ਹੈ । “ਮਾਨ ਮੋਹ ਦੋਨੋਂ ਕਉ ਪਰਹਰਿ” ਆਖਿਆ ਹੈ ਕਿਉਕਿ ਇਹ ਮਾਣ ਇਨਸਾਨ ਦੀ ਰੂਹਾਨੀਅਤ ਤਰੱਕੀ ਵਿੱਚ ਮਜਬੂਤ ਕੰਧ ਬਣ ਕੇ ਖਲੋ ਜਾਂਦਾ ਹੈ।ਪ੍ਰਭੂ ਦੀ ਭਗਤੀ ਵੱਲ ਲੱਗਣ ਲਈ ਪਰੇਰਿਆ ਹੈ । ਭਗਤੀ ਪ੍ਰੇਮ ਨਾਲ ਹੁੰਦੀ ਹੈ,ਇਹ ਹਮੇਸ਼ਾ ਸਥਿਰ ਹੈ,ਗਿਆਨ ਪੈਦਾ ਕਰਦੀ ਹੈ,ਫਲ ਦਾਤੀ ਹੈ,ਮੁਕਤੀ ਦਿਵਾਉਂਦੀ ਹੈ,ਸ਼ੰਕਾ ਦੂਰ ਕਰਦੀ ਹੈ,ਲੋਭ ਮੋਹ ਜਿਹੇ ਔਗਣਾਂ ਨੂੰ ਭਜਾਉਂਦੀ ਹ,ੈ ਭੈ ਦੂਰ ਕਰਦੀ ਹੈ, ਨਿਰਭਉ ਅਤੇ ਨਿਰਵੈਰ ਬਣਨ ਵਿੱਚ ਮੱਦਦ ਕਰਦੀ ਹੈ। ਗੁਰੂ ਜੀ ਨੇ ਉਹਨਾਂ ਦੇ ਗੁਣ ਗਾਏ ਹਨ ,ਜਿਨਾਂ ਨੇ ਬਗਤੀ ਕੀਤੀ ਹੈ ਅਤੇ ਭਗਤੀ-ਵਿਹੂਣ ਮਨੁੱਖ ਦੀ ਭਟਕਣ ਅਤੇ ਅਗਿਆਨਤਾ ਦਾ ਜਿਕਰ ਵੀ ਕੀਤਾ ਹੈ।ਗੁਰੂ ਜੀ ਦੀ ਬਾਣੀ ਵਿੱਚ ਚਿਤਰਿਆ ਹੋਇਆ ਮਨੁੱਖ ਨਾ ਕਿਸੇ ਨੂੰ ਭੈ ਦਿੰਦਾ ਹੈ ਅਤੇ ਨਾ ਕਿਸੇ ਦਾ ਭੈ ਮਂੰਨਦਾ ਹੈ। ਉਸ ਦੀ ਇੱਕੋ ਟੇਕ ਪ੍ਰਭੂ ਤੇ ਹੈ, ਜਦੋਂ ਉਸ ਦੀ ਸ਼ਰਨ ਵਿੱਚ ਜਾਂਦਾ ਹੈ ਤਾਂ ਸਾਰੇ ਬੰਧਨ ਟੁੱਟ ਜਾਂਦੇ ਹਨ ਅਤੇ ਇਹ ਮਨੁੱਖ ਬਲਸ਼ਾਲੀ ਬਣ ਜਾਂਦਾ ਹੈ-
“ਬਲ ਹੋਆ ਬੰਧਨ ਛੁਟੇ, ਸਭ ਕਿਛੁ ਹੋਤ ਉਪਾਇ॥
ਨਾਨਕ ਸਭ ਕਿਛੁ ਤੁਮਰੈ ਹਾਥ ਮੈ, ਤੁਮਹੀ ਹੋਤ ਸਹਾਇ॥”
(ਸਲੋਕ ਮਹਲਾ 9 ਪੰਨਾ 1428)
ਇਸ ਤਰਾਂ ਇਹ ਬਾਣੀ ਮਨੁੱਖ ਨੂੰ ਵਿਕਾਰਾਂ ਵੱਲੋਂ ਮੋੜ ਕੇ ਪ੍ਰਭੂ ਨਾਲ ਜੋੜਨ ਦਾ ਕਾਰਜ ਬਹੁਤ ਹੀ ਸਰਲਤਾ ਨਾਲ ਕਰਦੀ ਹੈ।
------------------------0000-----------------
ਸ਼ਹਾਇਕ ਪੁਸਤਕਾਂ :-
ਤੇਗ ਬਹਾਦਰ ਸੀ ਕ੍ਰਿਆ- ਡਾ.ਜੋਗਿੰਦਰ ਸਿੰਘ
ਗੁਰੂ ਤੇਗ ਬਹਾਦਰ ਜੀ ਦਾ ਭਗਤੀ ਦਰਸ਼ਨ-ਡਾ.ਮਨਮੋਹਨ ਸਿੰਘ
ਗੁਰੂ ਤੇਗ ਬਹਾਦਰ ਜੀਵਨ,ਸਮਾਂ ਅਤੇ ਰਚਨਾ-ਡਾ.ਸੁਰਿੰਦਰ ਸਿੰਘ ਕੋਹਲੀ
ਸ਼੍ਰੀ ਗੁਰੂ ਤੇਗ ਬਹਾਦਰ ਜੀਵਨ ਤੇ ਰਚਨਾ-ਫੌਜਾ ਸਿੰਘ ਤਾਰਨ ਸਿੰਘ
ਗੁਰੂ ਗ੍ਰੰਥ ਵਿਚਾਰ ਕੋਸ਼-ਸੰ.ਪਿਆਰਾ ਸਿੰਘ ਪਦਮ