ਦੂਰ-ਦੂਰ ਨਾ ਜਾਉ ਮੇਰੇ ਆਪਣਿਓ!
ਮੁੜ ਕੇ ਘਰ ਨੂੰ ਆਓ ਮੇਰੇ ਆਪਣਿਓ!
ਇੱਕ ਦੂਜੇ ਲਈ ਜੀਵੋ ਨਾਲੇ ਪਿਆਰ ਕਰੋ,
ਰੁਸ-ਰੁਸ ਕੇ ਨਾ ਹੱਦਾਂ ਬੰਨੇ ਪਾਰ ਕਰੋ,
ਵੱਟ ਮਰੋੜ ਨਾ ਖਾਓ ਮੇਰੇ ਆਪਣਿਓ.....!
ਪਾਲ਼ੇ ਪੋਸੇ ਐਡੇ ਵੱਡੇ ਕਰ ਦਿੱਤੇ,
ਚਿੱਤਾਂ ਦੇ ਵਿੱਚ ਰੋਸੇ ਕੀਹਨੇ ਭਰ ਦਿੱਤੇ?
ਮਨਾਂ ਚ ਭਰਮ ਨਾ ਪਾਓ ਮੇਰੇ ਆਪਣਿਓ.....!
ਜ਼ਿੰਦਗੀ ਦੇ ਹਨ ਚਾਰ ਦਿਹਾੜੇ ਜੀ ਲਈਏ,
ਜੀ ਕਹਾਈਏ ਇੱਕ ਦੂਜੇ ਨੂੰ ਤੇ ਜੀ ਕਹੀਏ,
ਰੋਸਾ ਮਨੋਂ ਭੁਲਾਓ ਮੇਰੇ ਆਪਣਿਓ.....!
ਕਾਵਾਂ ਰੌਲੀ ਕਾਵਾਂ ਨੇ ਤਾਂ ਪਾਉਣੀ ਹੈ,
ਰਿਸ਼ਤੇਦਾਰਾਂ ਆਪਣੀ ਅਕਲ ਵਿਖਾਉਣੀ ਹੈ,
ਚੁੱਕਾਂ ਵਿੱਚ ਨਾ ਆਓ ਮੇਰੇ ਆਪਣਿਓ.....!
ਪੀੜ ਮਨਾਂ ਦੀ ਆਵੋ ਸਾਂਝੀ ਕਰ ਲਈਏ,
ਇੱਕ ਦੂਜੇ ਦੇ ਮੋਢੇ ਧੌਣਾ ਧਰ ਲਈਏ,
ਸਾਂਝੀ ਰੋਟੀ ਖਾਓ ਮੇਰੇ ਆਪਣਿਓ.....!
ਏਕੇ ਦੇ ਵਿੱਚ ਬਰਕਤ ਹੁੰਦੀ ਸਭ ਕਹਿੰਦੇ,
ਰਲ ਕੇ ਚੱਲਣ ਜਿਹੜੇ ਨਾ ਉਹ ਦੁੱਖ ਸਹਿੰਦੇ,
ਜ਼ਿੰਦਗੀ ਸਹਿਜ ਬਣਾਓ ਮੇਰੇ ਆਪਣਿਓ.....!
ਸੋਹਣਾ ਰੱਬ ਬਣਾਵੇ ਸਾਡਾ ਮਨ ਸੁਹਣਾ,
ਸਾਡੇ ਜਿਹਾ ਨਾ ਕੋਈ ਦੁਨੀਆਂ ਵਿੱਚ ਹੋਣਾ,
ਨਫ਼ਰਤ ਮਾਰ ਮੁਕਾਓ ਮੇਰੇ ਆਪਣਿਓ.....!
ਪ੍ਰੀਤਾਂ ਦੀ ਇੱਕ ਰੀਤ ਚਲਾ ਦੇਣੀ ਆਪਾਂ,
ਤੂੰ-ਤੂੰ,ਮੈਂ-ਮੈਂ ਦਿਲੋਂ ਮੁਕਾ ਦੇਣੀ ਆਪਾਂ,
ਆਵੋ ਘਰ ਮੁੜ ਆਓ ਮੇਰੇ ਆਪਣਿਓ.....!
ਆਹਲਣਿਆਂ ਨੂੰ ਛੱਡ ਕੇ ਕਿੱਥੇ ਜਾਣਾ ਹੈ,
ਆਪਣੇ ਘਰ ਵਿੱਚ ਬਹਿ ਕੇ ਜਸ਼ਨ ਮਨਾਣਾ ਹੈ,
ਮੁੜ ਕੇ ਮਹਿਫ਼ਲ ਲਾਓ ਮੇਰੇ ਆਪਣਿਓ.....!
ਨਹੁੰਆ ਨਾਲੋਂ ਮਾਸ ਕਦੇ ਵੱਖ ਹੁੰਦਾ ਨਹੀਂ,
ਆਪਣਿਆਂ ਦੇ ਬਾਝ ਗੁਜ਼ਾਰਾ ਹੁੰਦਾ ਨਹੀਂ,
ਗੀਤ ਪਿਆਰ ਦਾ ਗਾਓ ਮੇਰੇ ਆਪਣਿਓ.....!
ਪਿੰਡ ਬਹੋਨੇ ਜਾ ਕੇ ਮਹਿਫ਼ਲ ਲਾਉਣੀ ਹੈ,
ਆਪਣੇ ਦਿਲ ਦੀ ਸਾਰੀ ਪੀੜ ਮੁਕਾਉਣੀ ਹੈ,
ਹੁਣ ਨਾ ਦੇਰੀ ਲਾਓ ਮੇਰੇ ਆਪਣਿਓ.....!