ਮਾਫੀਆ (ਕਵਿਤਾ)

ਗੁਰਪ੍ਰੀਤ ਕੌਰ ਧਾਲੀਵਾਲ   

Email: dhaliwalgurpreet409@gmail.com
Cell: +91 98780 02110
Address:
India
ਗੁਰਪ੍ਰੀਤ ਕੌਰ ਧਾਲੀਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਰ ਘਰ ਅੰਦਰ ,
ਕੰਮ ਵਾਲੀ ਥਾਂ
ਕਰਦਾ ਕੰਮ
ਇੱਕ ਮਾਫੀਆ ।
ਕੁਝ ਅਲੱਗ ਜੋ,
ਸੋਚਣ ਵਾਲਿਆਂ ਨੂੰ ,
ਕਰਨ ਵਾਲਿਆਂ ਨੂੰ
ਕੁਝ ਅਲੱਗ
ਕਰਦਾ ਨਹੀਂ ਮਨਜ਼ੂਰ।
ਜੋ ਸੋਚ ,
ਕੰਮ ਜੋ ,
ਜੋ ਸਪਨੇ
ਹੁੰਦੇ ਨਹੀਂ ਉਸ ਮੁਤਾਬਕ
ਉਹ ਲਾ ਦਿੰਦਾ ਰੋਕ
ਅੱਗੇ ਵਧਣ ਤੋਂ
ਉਹਨਾਂ ਨੂੰ ਰੋਕਣ ਲਈ।
ਕਰਦਾ ਸੀਂਦ ਜਾਂ ਚੋਰੀ
ਹਥੌੜੇ ਦਾ ਵਾਰ
ਜੀ ਹਜ਼ੂਰੀ ਦਾ ਕਿੱਲ
ਪਿੱਠ ਉਹਨਾਂ ਦੀ ਠੋਕਣ ਲਈ ।
ਇਹ ਸੋਚ,
ਸੁਪਨੇ ਇਹ ,
ਨਾ ਪਾ ਕੇ ਕਿਧਰੇ ਨਿਕਾਸ
ਰੋਕ ਲੈਂਦੇ,
ਆਪਣਾ ਵਿਕਾਸ ।
ਰੁਕੇ ਇਸ ਵਿਕਾਸ ਵਿੱਚ
ਗਲ ਸੜ ਜਾਂਦੇ ਉਹ
ਉਪਜਦੀ ਬਦਬੂ ਜੋ
ਚੜ੍ਹਦੀ ਰਹਿੰਦੀ
ਜ਼ਹਿਰ ਵਾਂਗ ਦਿਮਾਗ ਨੂੰ
ਫੁੱਟਦੀ ਫਿਰ
ਕਦੇ ਬੋਲਾਂ ਰਾਹੀਂ
ਕੰਮਾਂ ਰਾਹੀਂ ਕਦੇ
ਤੇਰੇ ਮੇਰੇ ਵਰਗਿਆਂ ਤੋਂ ਬਿਹਤਰ
ਕੌਣ ਜਾਣ ਸਕਦਾ ਇਹ ?
ਕਿ ਮਾਫੀਆ ..
ਕੋਈ ਵੀ ਹੋਵੇ
ਜਦੋਂ-ਜਦੋਂ ਕੱਸਦਾ
ਆਪਣੀ ਹੋਂਦ ਦੇ
ਅਣਦਿਸਦੇ ਸੰਗਲ
ਕਿਸੇ ਰੂਹ ਦੁਆਲੇ
ਕਰ ਦਿੰਦਾ ਉਸ ਨੂੰ ਮਜ਼ਬੂਰ
ਖ਼ੁਦਕੁਸ਼ੀ ਕਰਨ ਲਈ
ਜਾਂ ਘੁੱਟ ਘੁੱਟ ਮਰਨ ਲਈ।
ਮਾਫੀਆ ਕੋਈ ਵੀ ਹੋਵੇ
ਹੁੰਦਾ ਨਹੀਂ ਚੰਗਾ
ਚੰਗਾ ਨਹੀਂ ਹੁੰਦਾ
ਮਾਫੀਆ.....
ਸੋਚਾਂ ਦੇ ਵਿਕਾਸ ਲਈ
ਸੁਪਨਿਆਂ ਦੀ ਪਰਵਾਜ਼ ਲਈ ।
ਸੁਤੰਤਰਤਾ ਚਾਹੀਦੀ ਏ
ਨਵਾਂ ਕੁਝ ਸੋਚਣ ਲਈ ।
ਖੁੱਲ੍ਹੇ ਚਾਹੀਦੇ ਨੇ ਹੱਥ
ਆਪਣੇ ਆਪ 'ਚੋਂ ਕਿਰਦਾ
ਆਪਣਾ ਆਪ ਬੋਚਣ ਲਈ ।