ਕਨੇਡਾ ਵਾਲੇ ਬਲਜਿੰਦਰ ਦੇ ਪਿੰਡ “ਸੇਖਾ “ਦੀ ਫੇਰੀ
(ਲੇਖ )
ਕਨੇਡਾ ਵਾਲਾ ਬਲਜਿੰਦਰ ਸੇਖਾ ਜੋ ਗੁਣਾ ਦੀ ਗੁੱਥਲੀ ਦੇ ਸਰਨਾਵੇਂ ਦੇ ਨਾਮ ਨਾਲ ਜਾਣੇ ਜਾਂਦੇ ਹਨ ।ਆਪ ਨਾਲ ਮੁਲਾਕਾਤ ਦਾ ਸਿਲਸਿਲਾ ਉਸ ਸਮੇ ਸ਼ੁਰੂ ਹੋਇਆ ਜਦੋ ਉਹਨਾ ਨੂੰ ਮੇਰੇ ਬਚਪਨ ਦੇ ਸਾਥੀ ਸਤਿੰਦਰ ਸਿੱਧੂ ਅਮਰੀਕਾ ਅਤੇ ਜਸਦੀਪ ਬਾਜਵਾ ਕਨੇਡਾ ਦੇ ਨਾਲ ਫੇਸਬੁੱਕ ਦੀਆਂ ਪੋਸਟਾਂ ਤੇ ਦੇਖਿਆ ਜੋ ਅਮਰੀਕਾ ਅਤੇ ਕੈਨੇਡਾ ਵਿੱਚ ਚਿਰਾਂ ਤੋਂ ਸੈਟਲ ਹਨ । ਸੇਖਾ ਪਿੰਡ ਦਾ ਨਾਮ ਦੇਖਿਆ ਹੀ ਮੇਰੇ ਮਨ ਅੰਦਰ ਮੇਰੇ ਨਾਨਕੇ ਪਿੰਡ ਦੇ ਮਹਾਨ ਕਵਿਸ਼ਰ ਬਾਬੂ ਰਜਬ ਅਲੀ ਖਾਨ ਸਾਬ ਦੀਆਂ ਮਾਲਵੇ ਦੇ ਪਿੰਡਾਂ ਦੇ ਨਾਮ ਅਤੇ ਗੁਣਾਂ ਤੇ ਲਿਖੀ ਮਿੱਠੀ ਸ਼ਾਇਰੀ ਯਾਦ ਆਉਦੀਂ ਹੈ । ਜੋ ਕਦੀ ਕਦੀ ਮੈਨੂੰ ਮੇਰੇ ਦੋਸਤਾਂ ਦੀਆਂ ਪੋਸਟਾਂ ਤੇ ਤੁਕਬੰਦੀ ਕਰਨ ਲਈ ਮਜਬੂਰ ਕਰ ਦਿੰਦੀ ਹੈ । ਇਹ ਹੀ ਸਿਲਿਸਲਾ ਬਲਜਿੰਦਰ ਸੇਖਾ ਦੇ ਕੀਤੇ ਕੰਮਾਂ ਤੇ ਉਹਨਾਂ ਦੀਆ ਅਪਲੋਡ ਪੋਸਟਾਂ ਤੇ ਹੁੰਦਾ ਰਿਹਾ । ਇਸ ਤਰਾਂ ਅਸੀ ਇੱਕ ਦੂਸਰੇ ਦੇ ਸੰਪਰਕ ਵਿੱਚ ਆਏ । ਬਲਜਿੰਦਰ ਸਿੰਘ ਸੇਖਾ ਦਾ ਜਨਮ ਸ:ਗੁਰਦੇਵ ਸਿੰਘ ਸਰਾਂ ਦੇ ਘਰ ਮਾਤਾ ਸਵ.ਚਰਨਜੀਤ ਕੌਰ ਦੀ ਕੁੱਖੋਂ ਜਿਲ੍ਹਾ ਮੋਗਾ ਦੇ ਪਿੰਡ ਸੇਖਾ ਕਲਾਂ ਦੇ ਵਿੱਚ ਹੋਇਆ । ਆਪ ਦੇ ਦਾਦਾ ਸ: ਮਹਿੰਦਰ ਸਿੰਘ ਸਰਾਂ ਅਣਥੱਕ ਮਿਹਨਤੀ ਅਤੇ ਦਾਦੀ ਪ੍ਰਤਾਪ ਕੌਰ ਪਿੰਡ ਦੀ ਨਾਮਵਿਰ ਸ਼ਖ਼ਸੀਅਤਾਂ ਸਨ।ਸ: ਬਲਜਿੰਦਰ ਸਿੰਘ ਸੇਖਾ ਬੁਹਪੱਖੀ ਸਖਸ਼ੀਅਤ ਦੇ ਮਾਲਿਕ ਹਨ ਅੱਜ ਤੱਕ ਅਸੀ ਕਦੇ ਮਿਲੇ ਨਹੀ ਇਹਨਾ ਦੇ ਜੀਵਨ ਤੇ ਝਾਤ ਮਾਰਨ ਦੀ ਨਿਮਾਣੀ ਜੇਹੀ ਕੋਸ਼ਿਸ ਕਰਦਾ ਹਾਂ । ਮੇਰੇ ਤੋ ਪਹਿਲਾ ਵੀ ਬਹੁਤ ਵੱਡੀਆਂ ਸਖਸ਼ੀਅਤਾ ਨੇ ਆਪਣੀ ਕਲਮ ਤੋਂ ਇਹਨਾਂ ਦੀ ਸੁਰੂਆਤੀ ਜਿੰਦਗੀ ਦਾ ਸੇਖੇ ਤੋਂ ਕਨੇਡਾ ਤੱਕ ਦਾ ਸਫਰ ਬਹੁਤ ਹੀ ਵਿਸਥਾਰ ਨਾਲ ਲਿਖਿਆ ਹੈ । ਬਚਪਨ ਤੋ ਹੀ ਆਪ ਬੜੇ ਉੱਦਮੀ ਸੁਭਾਅ ਦੇ ਮਾਲਕ ਸਨ । ਅਮ੍ਰਿਤ ਵੇਲੇ ਉੱਠਣਾ ਅਤੇ ਨਾਲ ਹੀ ਆਪਣੇ ਸਾਥੀਆਂ ਨੂੰ ਘਰੇ ਜਾ ਕੇ ਉਠਾਉਣਾ ਅਤੇ ਜੋ ਅੱਗੇ ਚੱਲਕੇ ਕਬੱਡੀ ਜਗਤ ਦੇ ਸਿਤਾਰੇ ਬਣੇ ਦੋਸਤ ਕੇਵਲ ਸੇਖਾ ਜੋ ਕਿ ਅੱਜ ਆਪਣੇ ਵਿੱਚ ਨਹੀ ਰਹੇ ਪਰ ਕਦੇ ਇਹੋ ਜਿਹੇ ਮਹਾਨ ਖਿਡਾਰੀਆਂ ਦਾ ਸਾਥ ਰਿਹਾ , ਬੇਸੱਕ ਉਮਰ ਦਾ ਪ੍ਰਭਾਵ ਹਰ ਇੱਕ ਬੰਦੇ ਤੇ ਪੈਂਦਾ ਹੈ ਪਰ ਆਪਣੇ ਉੱਦਮੀ ਅਤੇ ਕਲਾਕਾਰੀ ਸੁਭਾਅ ਦੇ ਮਾਲਿਕ ਸ: ਬਲਜਿੰਦਰ ਸੇਖਾ ਹੁਣ ਵੀ ਆਏ ਦਿਨ ਕੋਈ ਨਾ ਕੋਈ ਵਿਲੱਖਣ ਚੀਜ ਆਪਣਾ ਚਾਉਣ ਵਾਲਿਆ ਲਈ ਜਰੂਰ ਲੈ ਕੇ ਆਉਦੇ ਹੁੰਦੇ ਹਨ । ਪੜ੍ਹਾਈ ਦੇ ਸਫਰ ਦੋਰਾਨ ਹੀ ਮੱਲਕੇ ਪਿੰਡ ਚ, ਆਪ ਗਾਇਕ ਸਵ.ਰਾਜ ਬਰਾੜ ਬਹੁਤ ਕਰੀਬੀ ਦੋਸਤ ਬਣੇ । ਆਪ ਦੀ ਕਲਾ ਦੇ ਪੁੰਗਰ ਦੇ ਫੁੱਲ ਨੂੰ ਵੀ ਮਹਿਕਣ ਦਾ ਸਮਾਂ ਤੇ ਕਾਰਨ ਵੀ ਇਹ ਪਵਿੱਤਰ ਦੋਸਤੀ ਬਣੀ । ਜੋ ਆਪ ਨੇ ਓਹਨਾ ਦੀ ਪਲੇਠੀ ਕਾਮੇਡੀ ਕੈਸਟ ਛਿੱਤਰੋ ਛਿੱਤਰੀ ਦਾ ਕੰਮ ਬਿਨਾ ਕਿਸੇ ਸਵਾਰਥ ਦੇ ਆਪਣੀ ਦੇਖ ਰੇਖ ਵਿੱਚ ਕੀਤਾ ਜੋ ਇੱਕ ਦੋਸਤੀ ਦੇ ਪਿਆਰ ਦੀ ਜਿੰਦਾ ਮਿਸਾਲ ਸੀ ।
ਵਿਆਹਾਂ ਤੇ ਕਦੇ ਜਦੇ ਮੇਲਿਆ ਤੇ ਆਪ ਨੇ ਵੱਖ-ਵੱਖ ਕਲਾਕਾਰਾਂ ਨਾਲ ਕੰਮ ਕਰਕੇ ਆਪਣੀਆਂ ਫੀਸਾਂ ਅਤੇ ਖਰਚੇ ਪੂਰੇ ਕੀਤੇ । ਪਰ ਕੋਈ ਵੀ ਮਜਬੂਰੀ ਸ: ਬਲਜਿੰਦਰ ਸੇਖਾ ਨੂੰ ਆਪਣੀ ਮੰਜਿਲ ਵੱਲ ਜਾਣ ਤੋ ਨਹੀ ਰੋਕ ਸਕੀ । ਆਪ ਜੀ ਦੇ ਹੀ ਸਲਾਘਾਯੋਗ ਯਤਨਾ ਕਰਕੇ 13 ਅਪ੍ਰੈਲ 2013 ਨੂੰ ਸਿੱਖ ਹੇਰੀਟੇਜ ਬਟਨ( SIKH HERITAGE Button ) ਨੂੰ ਉਨਟਾਰੀਓ ( ONTARIO ) ਸਰਕਾਰ ਵੱਲੋਂ ਮਾਨਤਾ ਦਿੱਤੀ । ਇਸ ਮੌਕੇ ਤੇ ਆਪ ਜੀ ਦੀ ਟੀਮ ਵੱਲੋਂ ਸਿੱਖ ਹੇਰੀਟੇਜ ਬਟਨ ਤਿਆਰ ਕੀਤਾ ਗਿਆ । ਜਿਸ ਦੇ ਡਿਜਾਇਨ ਦੀ ਕਨੇਡਾ ਅਮਰੀਕਾ ਅਤੇ ਸਾਰੀ ਦੁਨੀਆ ਵੱਲੋਂ ਡਿਜਾਇਨ ਦੀ ਭਰਪੂਰ ਸਲਾਘਾ ਕੀਤੀ ਗਈ । ਆਪ ਨੇ ਹੀ ਕਾਮਾਗਾਟਾ ਮਾਰੂ ਤ੍ਰਾਸਦੀ ਦਾ ਪ੍ਰੋਟਰੇਟ (Portrait )ਤਿਆਰ ਕੀਤਾ । ਆਪ ਜੀ ਦੇ ਦੁਆਰਾ 2018 ਨੂੰ ਕਨੇਡਾ ਡੇਅ ਮੌਕੇ ਤੇ ਕਨੇਡਾ ਦੀ ਡਾਕ ਟਿਕਟ ਤਿਆਰ ਕੀਤੀ । ਇਸ ਤੋ ਪਹਿਲਾ ਕਨੇਡਾ ਡੇਅ ਤੇ 2017 ਨੂੰ ਗੋ ਕਨੇਡਾ (GO CANADA ) ਗੀਤ ਗਾ ਕੇ ਸਾਰੀ ਦੁਨੀਆ ਵਿੱਚ ਬੱਲੇ ਬੱਲੇ ਕਰਵਾਈ । ਇਸ ਗੀਤ ਨੂੰ ਰਿਕਾਰਡ ਤੋੜ ਸਫਲਤਾ ਪ੍ਰਾਪਤ ਹੋਈ , ਇੰਡੀਆ ਅਤੇ ਕਨੇਡਾ ਦੇ ਵੱਖ-ਵੱਖ ਨਿਊਜ (NEWS) ਚੈਨਲਾਂ ਨੇ ਲਗਾਤਾਰ ਦਿਖਾਇਆ ਗਿਆ । 11 ਨਵੰਬਰ 2018 ਨੂੰ 100ਵੇਂ ਰੈਮੈਮਬਰਸ ਡੇਅ ਤੇ ਸੰਸਾਰ ਯੁੱਧ ਦੇ ਸਹੀਦਾਂ ਦੀ ਯਾਦ ਨੂੰ ਸਮਰਪਿਤ ਬਹੁਤ ਹੀ ਵਧੀਆ ਚਿੱਤਰ ਤਿਆਰ ਕੀਤਾ । ਗੁਰੂ ਨਾਨਕ ਦੇਵ ਜੀ ਦੇ 550ਵੇ ਜਨਮ ਦਿਨ ਤੇ ਬਹੁਤ ਹੀ ਖੂਬਸੁਰਤ ਚਿੱਤਰ ਡਿਜਾਇਨ ਕੀਤਾ , ਅਤੇ ਆਪ ਜੀ ਨੇ ਕਨੇਡਾ ਦਾ ਝੰਡਾ ਮੋਤੀਆਂ ਨਾਲ ਤਿਆਰ ਕੀਤਾ ਜਿਸ ਨੂੰ ਤਿਆਰ ਕਰਨ ਵਿੱਚ 6500 ਮੋਤੀ ਅਤੇ 28 ਦਿਨ ਦਾ ਸਮਾਂ ਲੱਗਾ । ਸ: ਬਲਜਿੰਦਰ ਸਿੰਘ ਸੇਖਾ ਵੱਲੋਂ ਗਾਇਕੀ ਦੇ ਖੇਤਰ ਵਿੱਚ ਵੀ ਪ੍ਰਸੰਸਾ ਯੋਗ ਮੱਲਾਂ ਮਾਰੀਆਂ ਅਤੇ ਮਹਾਨ ਸ਼ਾਇਰ ਬਾਬੂ ਰਜਬ ਅਲੀ ਖਾਨ ਜਿੰਨਾ ਦੀ ਸ਼ਾਇਰੀ ਪੜ੍ਹਣੀ ਸੁਖਾਲੀ ਅਤੇ ਗਾਉਣੀ ਬੜੀ ਔਖੀ ਹੈ (ਵਤਨ ਦੀਆਂ ਤਾਂਘਾਂ ਅਤੇ ਮੇਰੇ ਦਸ਼ਮੇਸ਼ ਗੁਰ ) ਅਤੇ ਮਹਾਨ ਕਵੀ ਸੰਤਰਾਮ ਉਦਾਸੀ ਦੀ ਕਵਿਤਾ ( ਚਮਕੌਰ ਦੀ ਗੜੀ ਦਾ ਦ੍ਰਿਸਟਾਂਤ ਨੂੰ ਸਿੰਘਾ ਦਾ ਜੇਰਾ ) ਗੀਤ ਵਿੱਚ ਗਾ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ ਅਤੇ ਗੋ ਕਨੇਡਾ ( GO CANADA )ਅਤੇ ਹੈਪੀ ਨਿਊ ਇਅਰ (HAPPY NEW YEAR ) ਗੀਤ ਜੀ ਦਾ ਕੈਰੀਅਰ ਦੇ ਸੁਨਹਿਰੀ ਗੀਤ ਹਨ । ਆਪ ਜੀ ਨੇ ਜਿੰਦਗੀ ਦੇ ਵੱਖ-ਵੱਖ ਖੇਤਰ ਵਿੱਚ ਬਹੁਤ ਨਮਾਣਾ ਖੱਟਿਆ । ਇਸ ਦੇ ਨਾਲ ਹੀ ਆਪ ਜੀ ਨੇ ਮਾਤਾ ਚਰਨਜੀਤ ਕੌਰ ਜੀ ਦੀਆ ਅੱਖਾਂ ਦਾਨ ਕਰਕੇ ਸਲਾਘਾ ਯੋਗ ਕੰਮ ਕੀਤਾ ।ਅਸੀ ਚੁਰਾਸ਼ੀ ਦੰਗਿਆਂ ਸਮੇ ਦਿੱਲੀ ਤੋ ਉੱਜੜਕੇ ਬਾਘਾਪੁਰਾਨਾ ਕਸਬੇ ਵਿੱਚ ਆ ਵੱਸੇ ।ਬਾਅਦ ਵਿੱਚ ਮੇਰੇ ਮਾਤਾ ਪਿਤਾ ਦੋਨੋ ਚੱਲ ਵੱਸੇ ।ਪਿਛਲੇ ਵਰ੍ਹੇ ਜਦ ਮੈਂ ਭਾਰਤ ਗਿਆਂ ਤੇ ਮੈ ਪਤਨੀ ਨਾਲ ਆਪਣੇ ਪਿੰਡ ਬਾਘੇਪੁਰਾਣੇ ਤੋ ਆਪਣੇ ਨਾਨਕੇ ਪਿੰਡ ਸਾਹੋਕੇ ਮਿਲਣ ਗਿਆ ਜੋ ਬਾਬੂ ਰਜਬ ਅਲੀ ਜੀ ਦੀ ਜਨਮ ਭੂਮੀ ਹੈ । ਸਾਹੋਕੇ ਤੋ ਮੁੜਦੇ ਹੋਏ ਮੈਂ ਬਲਜਿੰਦਰ ਸੇਖਾ ਦੇ ਵੱਖਰੇ ਅੰਦਾਜ ਵਿੱਚ ਗਾਏ ਵਤਨ ਦੀਆਂ ਤਾਂਘਾਂ ਸੁਣਦਾ ਆ ਰਿਹਾ ਸੀ ਉਹਨਾਂ ਦੇ ਬੋਲ ਮੇਰੇ ਕੰਨਾ ਅੰਦਰ ਇੱਕ ਅਲੋਕਿਕ ਮਿਠਾਸ ਘੋਲ ਰਹੇ ਸਨ ।
“ਮੈਨੂੰ ਰੱਖਲੋ ਗਾਮ ਮੇ ਜੀ, ਨਗਰ ਦੇ ਲੋਕੋ ਹੱਥਾਂ ਦੀਆਂ ਵਾਹੋ । ਬਾਬੂ ਜਾਣ ਦੇਵਣਾ ਨਾ , ਦਾਸ ਦੀ ਕਬਰ ਬਣਾ ਲੋ ਸਾਹੋ “
ਸਾਹੋਕੇ ਪਿੰਡ ਦੀ ਜੂਹ ਪਾਰ ਕਰਦਿਆ ਹੀ ਮੱਲਕਿਆ ਪਿੰਡ ਦੇ ਬਾਗ ਸ਼ੁਰੂ ਹੋ ਗਏ ਬਸ ਪਲਕ ਝਪਕ ਦਿਆਂ ਹੀ ਮੱਲਕਿਆ ਦੇ ਸਕੂਲ ਦੇ ਕੋਲ ਸੀ ।ਜਿਸ ਨੇ ਮੈਨੂੰ ਸਕੂਲ ਦੇ ਅੱਗੇ ਰੁਕਣ ਵਾਸਤੇ ਮਜਬੂਰ ਕਰ ਦਿੱਤਾ । ਐਤਵਾਰ ਹੋਣ ਕਰਕੇ ਸਕੂਲ ਭਾਂਵੇ ਬੰਦ ਸੀ ਪਰ ਮਾਸਟਰ ਸ: ਨਿਹਾਲ ਸਿੰਘ ਦੇ ਨਾਲ ਜੁੜੀਆਂ ਯਾਦਾਂ ਖੁਲੀਆਂ ਸਨ ਜਿੰਨ੍ਹਾਂ ਤੋ ਮੇਰੇ ਜੀ ਮਾਤਾ ਜੀ ਅਤੇ ਸ: ਬਲਜਿੰਦਰ ਸੇਖਾ ਨੇ ਬਚਪਨ ਵਿੱਚ ਸਿੱਖਿਆ ਪ੍ਹਾਪਤ ਕੀਤੀ ਸੀ ਮੱਲਕੇ ਦੇ ਸਕੂਲ ਨੂੰ ਸ਼ਿਜਦਾ ਕਰ ਦਿਆਂ ਹੁਣ ਮੈਂ ਅੱਗੇ ਜਾ ਰਿਹਾ ਸੀ ਪਿੰਡ ਸੇਖਾ ਕਲਾਂ ਦੇ ਲੱਗੇ ਬੋਰਡ ਨੂੰ ਦੇਖਦਿਆਂ ਮੈਂ ਪਿੰਡ ਸੇਖੇ ਵੱਲ ਨੂੰ ਮੁੜ ਪਿਆ ਅਤੇ ਬਾਬੂ ਜੀ ਦੀ ਸ਼ਾਇਰੀ ਫਿਰ ਕੰਨਾ ਵਿੱਚ ਗੂੰਜ ਰਹੀ ਸੀ ।
ਬਲਜਿੰਦਰ ਸਿੰਘ ਸੇਖਾ
“ ਵੇਖਣ ਤੁਰ ਪਿਆ ਪਿੰਡ ਦੀਆਂ ਗਲੀਆਂ,
ਪਿੰਡ ਦੀ ਮਿੱਟੀ ਖੰਡ ਦੀ ਡਲੀਆਂ “
ਪਿੰਡ ਵੜਣ ਸਾਰ ਹੀ ਛੋਟੇ ਸਕੂਲ ਕੋਲ ਸੱਥ ਵਿੱਚ ਬੈਠੇ ਬਜੁਰਗਾਂ ਤੋ ਪੁੱਛਿਆ ਕਿ ਸ: ਬਲਜਿੰਦਰ ਸੇਖਾ ਦੇ ਘਰ ਜਾਣਾ ਹੈ
ਉਹਨਾ ਕਿਹਾ ਬੇਟਾ ਟਾਵਰ ਵਾਲੀ ਗਲੀ ਚਲੇ ਜਾਵੋ
ਅੱਗੇ ਜਾਂਦਿਆ ਹੀ ਵੀਰ ਗੁਰਪ੍ਹੀਤ ਗੋਪੀ ਜੋ ਬਹੁਤ ਹੀ ਹੱਸਮੁੱਖ ਸੁਭਾਅ ਦੇ ਮਾਲਿਕ ਹਨ ਅਤੇ ਉਹਨਾਂ ਦੇ ਪਿਤਾ ਜੀ ਸਰਦਾਰ ਕਰਨੈਲ ਸਿੰਘ ਵੀ ਘਰ ਹੀ ਸਨ ਅਤੇ ਘਰ ਜਾਦਿਆਂ ਪਰਿਵਾਰ ਨੇ ਬੜ੍ਹਾ ਨਿੱਘਾ ਸਵਾਗਤ ਕੀਤਾ ਅਤੇ ਬਲਜਿੰਦਰ ਸੇਖਾ ਦੇ ਬਚਪਨ ਅਤੇ ਜਵਾਨੀ ਦੇ ਕਿੱਸੇ ਬੜੇ ਚਾਅ ਨਾਲ ਸਾਂਝੇ ਕੀਤੇ । ਹੱਸਦੇ ਖੇਡਦਿਆਂ ਦੋ ਘੰਟੇ ਦਾ ਸਮਾਂ ਕਿਸ ਤਰਾਂ ਬਤੀਤ ਹੋ ਗਿਆ ਪਤਾ ਹੀ ਨਹੀ ਚੱਲਿਆ । ਇਹ ਸੁਣਦਿਆਂ ਹੀ ਮੇਰੀਆਂ ਅੱਖਾਂ ਖੁਸ਼ੀ ਨਾਲ ਝਲਕ ਪਈਆਂ ਜਦੋਂ ਬੁਜਰਗਾਂ ਨੇ ਕਿਹਾ ਕਿ ਇੰਝ ਲੱਗਦਾ ਜਿੱਦਾ ਸੱਚਮੁੱਚ ਹੀ ਕਨੇਡਾ ਤੋ “ਟੀਟੂ “ਹੀ ਘਰ ਆ ਗਿਆ ਹੋਵੇ । ਜਿਸ ਸੇਖੇ ਪਿੰਡ ਦੀਆਂ ਵਿੱਚ ਬਲਜਿੰਦਰ ਸੇਖੇ ਨੇ ਤੁਰਨਾ ਸਿੱਖਿਆ ਅਤੇ ਬਾਬੂ ਰਜਬ ਅਲੀ ਨੇ ਪਿੰਡ ਦੀ ਝਿੜੀ ਵਿੱਚ ਛਲਾਗਾਂ ਲਾਈਆਂ
“ ਕਦੇ ਮੈਂ ਤੇ ਅਰਜਨ ਨੇ , ਮਾਰੀਆਂ ਸੇਖੇ ਝਿੜੀ ਛਲਾਗਾਂ ।
ਮੈਨੂੰ ਉੱਠਦੇ ਬੈਠਦੇ ਨੂੰ , ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।
ਅੱਜ ਮੈਂ ਵੀ ਉਸੇ ਪਿੰਡ ਦੀਆਂ ਸੱਥਾਂ ਅਤੇ ਗਲੀਆਂ ਵਿੱਚੋ ਲੰਘਦਾ ਹੋਇਆ ਵਾਪਿਸ ਘਰ ਪਰਤ ਰਿਹਾ ਸੀ ਜੋ ਕਿ ਮੇਰੀ ਜਿੰਦਗੀ ਦੀ ਮੇਰੀ ਇੱਕ ਅਭੁੱਲ ਯਾਦ ਹੈ ।