ਰੋਕਣਾ ਜੇ ਕਿਰਤੀਆਂ ਦਾ ਕਾਫ਼ਲਾ ਤੂੰ ਹਾਕਮਾਂ
ਛੱਡ ਹਉਮੈ ਆਪਣੀ ਤੇ ਹੱਕ ਅਸਾਡੇ ਮੋੜਦੇ
ਚੱਲ ਪਿਆ ਏ ਹੜ੍ਹ ਅਜੇਹਾ ਠੱਲ੍ਹ ਹੁਣ ਸਕਦਾ ਨਹੀਂ
ਠਿੱਲ੍ਹ ਪਏ ਦਰਿਆ ਨੂੰ ਵੇਖੀੰ ਸਾਗਰਾਂ ਨਾਲ ਜੋੜਦੇ
ਗੱਲਾਂ ਬਾਤਾਂ ਤੇਰੀਆਂ ਹੁਣ ਰਾਈ ਦੇ ਪਹਾੜ ਨੇ
ਵੇਖ ਬੈਰੀਕੇਡ ਤੇਰੇ ਕਿਸ ਤਰ੍ਹਾਂ ਹੁਣ ਤੋੜਦੇ
ਦਹਾੜੇੰ ਬਿਗਾਨੀ ਸ਼ਹਿ ਤੇ ਤੂੰ ਕਾਗ਼ਜ਼ਾਂ ਦਾ ਸ਼ੇਰ ਹੈੰ
ਅਸੀਂ ਧਰਤੀ ਪੁੱਤ ਹਾਂ ਪੱਥਰ ਦਾ ਸੀਨਾ ਫੋੜਦੇ
ਸੀਸ ਰੱਖਦੇ ਤਲੀ ਪਰ ਅਮਨਾਂ ਦੇ ਪਹਿਰੇਦਾਰ ਹਾਂ
ਲੋਹਾ ਜੋ ਲੈਂਦਾ ਨਾਲ ਸਾਡੇ ਰੱਤ ਹਾਂ ਨਿਚੋੜਦੇ
ਗੁੜ੍ਹਤੀ ਹੈ ਸਾਨੂੰ ਪਿਆਰ ਦੀ ਪਰ ਖ਼ੂਨ ਵੀ ਹੈ ਖੌਲਦਾ
ਡਾਕਾ ਜੋ ਮਾਰੇ ਕਿਰਤ ਤੇ ਪਲ ਵਿੱਚ ਹਾਂ ਫੜ ਮਰੋੜਦੇ
ਪਵਣ ਗੁਰੂ ਪਾਣੀ ਪਿਤਾ ਤੇ ਧਰਤ ਸਾਡੀ ਮਾਂ ਹੈ
ਜੋ ਅੱਖ ਕੈਰੀ ਰੱਖਦਾ ਤਖਤਾਂ ਦੇ ਰੇੜ੍ਹੂ ਰੋੜ੍ਹਦੇ
ਪੋਹ ਦੀਆਂ ਰਾਤਾਂ ਚ ਠਰਦੇ ਸ਼ੌਕ ਨਹੀਂ ਹਾਂ ਪਾਲਦੇ
ਯਾਦ ਕਰ ਗੋਬਿੰਦ ਨੂੰ ਜੰਗਲ਼ਾਂ ਦੀ ਅੱਗ ਧੁਖੌੜਦੇ
ਭਾਂਬੜ ਜਵਾਲਾ ਬਣ ਰਹੀ ਹੁਣ ਵਿਸ਼ਵ ਵਿੱਚ ਵੀ ਮੱਘ੍ਹ ਪਈ
ਵੇਖਾਂਗੇ ਤੇਰੇ ਮਿਹਰਬਾਂ ਕਦੋਂ ਤੱਕ ਨੇ ਬਹੁੜਦੇ
ਤਖਤ ਤੋਂ ਤਖ਼ਤੇ ਤੱਕ ਦਾ ਇਤਿਹਾਸ ਸਿਰਜਾਂਗੇ ਅਸੀਂ
ਫੜ ਲਈ ਤਲਵਾਰ “ ਕਾਉੰਕੇ” ਤਰਲਿਆਂ ਨੂੰ ਛੋੜਕੇ।