ਪਹਿਲੀ ਵਾਰ (ਮਿੰਨੀ ਕਹਾਣੀ)

ਹਰਜੀਤ ਸਿੰਘ ਝੋਰੜਾਂ   

Email: harjitsinghgill01@gmail.com
Address:
India
ਹਰਜੀਤ ਸਿੰਘ ਝੋਰੜਾਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਿੰਦਰ ਅਤੇ ਵਿੰਦਰ ਦੋਵੇਂ ਸਕੇ ਭਰਾ ਹਨ।ਜਿੰਦਰ ਦੀ ਉਮਰ ਕਰੀਬ ਚਾਲੀ ਸਾਲ ਹੈ ਤੇ ਉਹ ਇਕ ਸਿੱਧਾ-ਸਾਦਾ ਖੇਤ ਬੰਨ੍ਹੇ ਤੇ ਮਾਲ-ਟਾਡਿਆਂ ਨੂੰ ਸਾਂਭਣ ਦਾ ਕੰਮ ਕਰਨ ਵਾਲਾ ਮਿਹਨਤੀ ਇਨਸਾਨ ਹੈ।ਉਹ ਆਪਣੇ ਕੋਲ ਇਕ ਦੇਸੀ ਫੋਨ ਰੱਖਦਾ ਹੈ। ਦੂਜੇ ਪਾਸੇ ਵਿੰਦਰ ਦੀ ਉਮਰ ਤੀਹ ਸਾਲ ਹੈ। ਉਹ ਸ਼ਹਿਰ ਬੰਨ੍ਹੇ ਜਾਣ ਵਾਲਾ ਤੇ ਫੇਰੇ -ਤੋਰੇ ਦੇ ਕੰਮ ਕਰਦਾ ਹੈ।ਉਹ ਨਵੀਂ ਪੀੜ੍ਹੀ ਵਾਂਗ ਬਣ-ਠਣ ਕੇ ਰਹਿੰਦਾ ਹੈ। ਇਨ੍ਹਾਂ ਦਾ ਬਾਪੂ ਗੁਰਦਿਆਲ ਸਿੰਘ ਬੀਮਾਰ ਹੋਣ ਕਰਕੇ ਮੰਜੇ ਉਪਰ ਬੈਠਾ ਹੈ ਤੇ ਉਹ ਅਖ਼ਬਾਰ ਪੜ੍ਹਦਾ ਰਹਿੰਦਾ ਹੈ।
          ਵਿੰਦਰ ਨੂੰ ਉਸਦਾ ਬਾਪੂ ਕਈ ਵਾਰ ਆਖ ਚੁੱਕਾ ਹੈ, ਤੂੰ ਸ਼ਹਿਰ ਬਹੁਤ ਘੁੰਮ ਆਉਨਾ, ਕਿਸਾਨ-ਅੰਦੋਲਨ ਲਈ ਜਾਹ, ਦਿੱਲੀ ਚਲਿਆ ਜਾਹ ! ਉਹ ਬਾਪੂ ਨੂੰ ਟਾਲ-ਮਟੋਲ ਕਰ ਛੱਡਦਾ ਹੈ।ਪਰ ਉਹ ਪਹਿਲਾਂ ਕਈ ਵਾਰ ਦਿੱਲੀ ਰਿਸ਼ਤੇ-ਨਾਤਿਆਂ ਨੂੰ ਲੈਣ ਆਉਂਦਾ-ਜਾਂਦਾ ਰਹਿੰਦਾ ਸੀ।
                        ਇਕ ਦਿਨ ਜਿੰਦਰ ਖੇਤੋਂ ਮੁੜ ਰਿਹਾ ਸੀ, ਤਾਂ ਉਸ ਨੂੰ ਗੁਆਂਢੀ ਸ਼ੇਰਾ ਟੱਕਰਿਆ ! ਸ਼ੇਰਾ ਦਿੱਲੀ ਜਾ ਕੇ ਹਲੇ ਆਇਆ ਹੀ ਸੀ।ਉਸ ਨੇ ਕਿਹਾ, "ਜਿੰਦਰਾ ! ਤਕੜੇ ਹੋ ਜੋ। ਆਪਣੀਆਂ ਫ਼ਸਲਾਂ ਦੇ ਇਨ੍ਹਾਂ ਭਾਅ ਤੋੜ ਦਿੱਤੇ ਆ।ਜਿਹੜਾ ਕਣਕ-ਝੋਨਾ ਵਿਕਦਾ ਸੀ, ਹੁਣ ਨੀ ਪਤਾ ਫਸਲ ਕਿਵੇਂ ਵਿਕੂ ?" ਸਾਰੀ ਕਿਸਾਨੀ ਦਾ ਮਾਰੂ ਬਿੱਲ ਰੱਦ ਕਰਾਉਣ ਲਈ ਦਿੱਲੀ ਬਾਡਰਾਂ 'ਤੇ ਜ਼ੋਰ ਲੱਗਾ ਹੋਇਆ ਹੈ। ਤੁਹਾਡੇ ਪਰਿਵਾਰ 'ਚੋਂ ਨੀ ਕੋਈ ਗਿਆ ? ਯਾਰ ! ਸਾਰੇ ਕਿਸਾਨ ਹਾਂ, ਫਾਇਦਾ ਸਾਰਿਆਂ ਨੂੰ ਹੋਣਾ ਹੈ।ਇਸ ਲਈ ਸਭ ਦਾ ਯੋਗਦਾਨ ਬਣਦਾ ਹੈ।ਉਹ ਯਾਰ, ਬਾਪੂ ਵਿੰਦਰ ਨੂੰ ਕਈ ਵਾਰ ਆਖ ਚੁੱਕਾ ਆ, ਪਰ ਉਹ ਦਿੱਲੀ ਜਾਣ ਵਾਲੀ ਗੱਲ 'ਤੇ ਈ ਨੀ ਆਉਂਦਾ। ਲੱਗਦਾ ! ਮੈਨੂੰ ਹੀ ਜਾਣਾ ਪਊ।
                  ਜਿੰਦਰ ਘਰੇ ਪਹੁੰਚਦਾ ਹੀ,ਬਾਪੂ ਕੋਲ ਦਿੱਲੀ ਜਾਣ ਦੀ ਗੱਲ ਕਰਦਾ ਹੈ।ਉਹ ਕਹਿੰਦਾ, ਬਾਪੂ ! ਉਹ ਤੇਰੇ ਪਰਿਵਾਰ ਦੀ ਲਾਜ ਰੱਖਣ ਲਈ ਦਿੱਲੀ ਚੱਲਿਆ ਹੈ। ਬਾਪੂ ਕਹਿੰਦਾ,ਜੀਅ ਸਦਕੇ ਜਾਹ, ਪੁੱਤਰਾ ! ਨਾਲੇ ਉਨ੍ਹਾਂ ਨੂੰ ਆਖੀਂ, ਹੁਣ ਤਾਂ ਬਾਪੂ ਕਿਸਾਨ ਟਾਈਮਜ਼ ਪੜ੍ਹਦਾ ਰਹਿੰਦਾ ਹੈ, ਪਰ ਕਿਸਾਨ ਟਾਈਮਜ਼ ਤਾਂ ਹਮੇਸ਼ਾਂ ਹੀ ਚੱਲਣਾ ਚਾਹੀਦਾ ਹੈ। ਕਿਉਂਕਿ ਸਾਰਾ ਧੁਰਾ ਹੀ ਕਿਸਾਨੀ 'ਤੇ ਖੜ੍ਹਾ ਹੈ। ਜਿੰਦਰ ਬੱਸ 'ਤੇ ਚੜ੍ਹ ਕੇ ਹੀ ਦਿੱਲੀ ਪਹੁੰਚ ਜਾਂਦਾ ਹੈ। ਉਥੇ ਉਸ ਨੂੰ ਉਸਦਾ ਇਕ ਬੇਲੀ ਵੀ ਮਿਲ ਜਾਂਦਾ ਹੈ।
        ਜਿੰਦਰ ਫਿਰ ਆਪਣੇ ਬਾਪੂ ਨੂੰ ਦੇਸੀ ਫੋਨ ਤੋਂ ਫੋਨ ਕਰਦਾ ਹੈ, ਬਾਪੂ ! ਉਹ ਇਥੇ ਠੀਕ-ਠਾਕ ਹੈ। ਹੁਣ ਉਹ ਬਾਕੀ ਕਿਸਾਨਾਂ ਨਾਲ ਮੋਰਚਾ ਫਤਹਿ ਕਰ ਕੇ ਹੀ ਮੁੜੇਗਾ।ਉਸਦਾ ਬਾਪੂ ਖੁਸ਼ਕਿਸਮਤ ਸਮਝਦਾ ਹੋਇਆ, ਰੱਬ ਦਾ ਸ਼ੁਕਰਾਨਾ ਕਰਦਾ ਹੈ, ਕਿ ਦਾਤੇ ਨੇ ਉਸਦੇ ਪਰਿਵਾਰ ਦੀ ਵੀ ਕਿਸਾਨ-ਅੰਦੋਲਨ ਵਿਚ ਹਾਜ਼ਰੀ ਲੁਆ ਲਈ ਹੈ।
                  ਜਦ ਸ਼ਾਮ ਨੂੰ ਵਿੰਦਰ ਘਰੇ ਪਰਤਦਾ ਹੈ, ਤਾਂ ਉਸ ਦਾ ਬਾਪੂ "ਉਸ ਨੂੰ ਡੰਗਰਾਂ ਨੂੰ ਪੱਠੇ ਪਾਉਣ ਤੇ ਪਾਣੀ ਪਿਲਾਉਣ ਲਈ ਆਖਦਾ ਹੈ।" ਉਹ ਕਹਿੰਦਾ, ਜਿੰਦਰ ਕਿੱਥੇ ਹੈ ? ਬਾਪੂ ਕਹਿੰਦਾ, "ਜਿੰਦਰ ਤਾਂ ਕਿਸਾਨੀ ਹੱਕਾਂ ਲਈ ਦਿੱਲੀ ਜਾ ਬੈਠਾ ਹੈ। ਹੁਣ ਤੂੰ ਸਾਂਭ ਆਪੇ ਮਾਲ-ਡੰਗਰ !" ਉਹ ਸੋਚਦਾ ਏਦੂ ਤਾਂ, ਯਾਰ ! ਆਪ -----! 
             ਉਹ ਤੇਰੇ ਵਰਗਾ ਨਹੀਂ ਆ, "ਤੂੰ ਹਵਾਈ-ਅੱਡੇ 'ਤੇ ਰਿਸ਼ਤੇਦਾਰਾਂ ਨੂੰ ਲੈਣ ਲਈ ਉਦੋਂ ਤਾਂ ਦਿੱਲੀ ਬਥੇਰਾ ਉੱਡ ਕੇ ਜਾਂਦਾ ਰਿਹਾ ਸੀ। ਆਏ ਈ ਕਹਿੰਦਾ ਰਿਹਾ, ਵੀ ਦਿੱਲੀ ਲੈਣ ਉਨ੍ਹਾਂ ਨੂੰ ਵਿੰਦਰ ਜਾਊ, ਵਿੰਦਰ ! ਹੋਰ ਨੀ ਕੋਈ। ਪਰ ਜਦ ਆਪਾਂ ਸਾਰਿਆਂ ਨੇ ਕਿਸਾਨੀ ਹੱਕ ਲੈਣੇ ਸੀ, ਉਦੋਂ ਤੈਥੋਂ ਜਾ ਨੀ ਹੋਇਆ। ਦੂਜੇ ਪੁੱਤ ਨੇ ਤਾਂ ਬਾਪੂ ਦੀ ਲਾਜ ਰੱਖ ਲਈ ਆ‌ ! ਓ ਜਿਹੜਾ ਜਿੰਦਰ ਕਦੇ ਪਿੰਡ ਦੀ (ਜਗਰਾਉਂ) ਤਹਿਸੀਲ ਨੀ ਸੀ ਟੱਪਿਆ, ਉਹ ਅੱਜ ਦਿੱਲੀ ਦੇ ਸਿੰਘੂ ਬਾਡਰ 'ਤੇ ਕੁੰਡਲੀ ਮਾਰੀ ਬੈਠਾ ਆ।"
                         ਉਸ ਦਾ ਨਾਂ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਣਾ,ਜਿਸ ਨੇ ਇਥੇ ਅਤੇ ਪਿਛੇ ਵੀ ਤਨ,ਮਨ,ਧਨ ਨਾਲ ਸੇਵਾ ਕੀਤੀ ਆ। ਜਿਹੜਾ ਵੀ ਵੀਰ ਦਿੱਲੀ ਗਿਆ ਅਤੇ ਜਿਹੜਾ ਦਿੱਲੀ ਪਹਿਲੀ ਵਾਰ ਗਿਆ ਹੈ। ਵੀ ਉਹ ਵਿੰਦਰ ਨੀ, ਜੋ ਪਹਿਲਾਂ ਦਿੱਲੀ ਦੇ ਹਵਾਈ-ਅੱਡੇ 'ਤੇ ਤਾਂ ਬਹੁਤ ਜਾਂਦਾ ਰਿਹਾ। ਹਾਂ ਸਗੋਂ, ਜੇ ਪਹਿਲੀ ਵਾਰ ਜਿੰਦਰ ਦਿੱਲੀ ਗਿਆ ਹੈ ਤਾਂ ਉਹ ਸਿਰਫ਼ ਤੇ ਸਿਰਫ਼ ਕਿਸਾਨ-ਅੰਦੋਲਨ ਲਈ ਦਿੱਲੀ ਗਿਆ ਹੈ।