ਅਸੀਂ ਪਾਕ ਪਵਿੱਤਰ ਰੂਹਾਂ ਹਾਂ,
ਨਾ ਵਾਰ ਕਿਸੇ 'ਤੇ ਕਰਦੇ ਹਾਂ।
ਜੇ ਕਰ ਜਾਵੇ ਕੋਈ ਜਰਵਾਣਾ
ਤਾਂ ਡਟ ਜਾਂਦੇ ਨਹੀਂ ਡਰਦੇ ਹਾਂ।
ਅਸੀਂ ਪਾਕ ਪਵਿੱਤਰ- - -।
ਸਾਨੂੰ ਗੁੜ੍ਹਤੀ ਮਿਲੀ ਸ਼ਹੀਦੀ ਦੀ,
ਹਾਂ ਤਵੀਆਂ ਤੇ ਵੀ ਬਹਿ ਜਾਂਦੇ।
ਜ਼ਾਲਮ ਤਖਤਾਂ ਦੇ ਕਿੰਗਰੇ ਵੀ,
ਫਿਰ ਢਹਿੰਦੇ-ਢਹਿੰਦੇ ਢਹਿ ਜਾਂਦੇ।
ਗਹਿਣੇ ਨੇ ਆਰੇ ਚਰਖੜੀਆਂ,
ਸਦ ਮਾਣ ਇਨ੍ਹਾਂ ਤੇ ਕਰਦੇ ਹਾਂ।
ਅਸੀਂ ਪਾਕ ਪਵਿੱਤਰ- - -।
ਤੂੰ ਕਦੇ ਆਪਣਾ ਮੰਨਿਆਂ ਨਾ,
ਰਿਹਾ ਇੱਟ ਘੜੇ ਦਾ ਵੈਰ ਕੁੜੇ ।
ਕਦੇ ਸਿਰ ਤੇਰਾ ਨਾ ਝੁਕਣ ਦਿੱਤਾ,
ਫਿਰ ਵੀ ਹੈ ਮੰਗੀ ਖੈਰ ਕੁੜੇ ।
ਘਾਟੀ ਗਲਵਾਨ ਚ ਵੇਖ ਲਿਆ,
ਨਾ ਮੌਤ ਕੋਲੋਂ ਵੀ ਡਰਦੇ ਹਾਂ।
ਅਸੀਂ ਪਾਕ ਪਵਿੱਤਰ- - - ।
ਬਣ ਵਾਰਸ ਭਾਈ ਘਨੱਈਏ ਦੇ,
ਅਸੀਂ ਮੋਹ ਦੇ ਦੀਪ ਜਗਾਉਂਦੇ ਹਾਂ।
ਇੱਕ ਰੂਪ ਲੋਕਾਈ ਨੂੰ ਮੰਨਦੇ ,
ਸਾਰੇ ਮੱਤ-ਭੇਦ ਮਿਟਾਉਂਦੇ ਹਾਂ।
ਦਸ਼ਮੇਸ਼ ਦੇ ਸੰਤ ਸਿਪਾਹੀ ਹਾਂਂ,
ਨਾ ਕਦੇ ਹੌਂਸਲੇ ਹਰਦੇ ਹਾਂ।
ਅਸੀਂ ਪਾਕਿ ਪਵਿੱਤਰ- - - ।
ਅਸੀਂ ਰੱਖਿਆ ਅਮਨ-ਅਮਾਨ ਨਾਲ ,
ਤੇਰੇ ਅੱਗੇ ਇੱਕ ਸਵਾਲ ਕੁੜੇ ।
ਤੂੰ ਪੱਥਰ ਚਿੱਤ ਕਿਉਂ ਸੁਣਦੀ ਨਹੀਂ,
ਅੰਨਦਾਤਿਆਂ ਵਾਲਾ ਹਾਲ ਕੁੜੇ ।
ਅੱਤਵਾਦੀ, ਜ਼ਾਲਮ ਕਹਿੰਦੀ ਏਂ,
ਇਹ ਨਹੀਂ ਵਧੀਕੀ ਜਰਦੇ ਹਾਂ।
ਅਸੀਂ ਪਾਕ ਪਵਿੱਤਰ- - -
ਬਣ ਹਿੰਦ ਦੀ ਚਾਦਰ ਗੁਰ ਅੱਜ ਵੀ,
ਵਿੱਚ ਚੌਕ ਚਾਂਦਨੀ ਵੱਸਦੇ ਨੇ।
ਭੁੱਲੇ ਤੇ ਭਟਕੇ ਰਾਹੀਂਆਂ ਨੂੰ,
ਉਹ ਪੰਧ ਇਲਾਹੀ ਦੱਸਦੇ ਨੇ।
ਮਨਜੀਤ ਕਹੇ ਸੁਣ ਦਿੱਲੀਏ ਨੀ
ਅਸੀਂ ਸੱਚ ਦੀ ਹਾਮੀਂ ਹਾਂ ਭਰਦੇ।
ਅਸੀਂ ਪਾਕਿ ਪਵਿੱਤਰ- - -।