ਅਮਰਜੀਤ ਕੌਰ ਪੰਨੂੰ ਦੀ ਕਹਾਣੀ ਪ੍ਰਕਿਰਿਆ ’ਤੇ ਸਾਰਥਕ ਚਰਚਾ
(ਖ਼ਬਰਸਾਰ)
ਬੀਤੇ ਦਿਨੀਂ ਡਾ. ਸੁਖਵਿੰਦਰ ਕੰਬੋਜ ਦੀ ਪ੍ਰਧਾਨਗੀ ਹੇਠ ਹੋਈ ਵਿਪਸਾ ਦੀ ਮਾਸਿਕ ਮਿਲਣੀ ਆਪਣੇ ਪਿੱਛੇ ਅਮਿੱਟ ਸਾਹਿਤਕ ਪੈੜ ਛੱਡ ਗਈ।ਇਸ ਮਿਲਣੀ ਦੇ ਆਰੰਭ ਵਿਚ ਜਨਰਲ ਸਕੱਤਰ ਕੁਲਵਿੰਦਰ ਨੇ ਡਾ. ਸੁਖਵਿੰਦਰ ਕੰਬੋਜ ਨੂੰ ਸਵਾਗਤੀ ਭਾਸ਼ਣ ਲਈ ਸੱਦਾ ਦਿੱਤਾ।ਕੰਬੋਜ ਨੇ ਊਰਜਾ ਭਰਪੂਰ ਸਵਾਗਤੀ ਸ਼ਬਦਾਂ ਦੇ ਨਾਲ ਆਪਣੀ ਕਾਰਜ ਕਾਰਨੀ ਦੀ ਜਾਣ-ਪਛਾਣ ਕਰਵਾਈ।ਚਰਨਜੀਤ ਪੰਨੂ ਨੇ ਪਿਛਲੀ ਮਿਲਣੀ ਬਾਰੇ ਅਖ਼ਬਾਰਾਂ ਦੀਆਂ ਖ਼ਬਰਾਂ ਦਾ ਤਬਸਰਾ ਕੀਤਾ।ਉਨ੍ਹਾਂ ਚੜ੍ਹਦੀ ਕਲਾ ਟਾਈਮ ਟੀ.ਵੀ ਤੇ ਅਖ਼ਬਾਰ ਦੇ ਡਾਇਰੈਕਟਰ ਸਤਬੀਰ ਸਿੰਘ ਦਰਦੀ, ਕਿਸਾਨ ਸੰਘਰਸ਼ ਵਿਚ ਸ਼ਹੀਦ ਹੋਏ 250 ਦੇ ਕਰੀਬ ਕਿਸਾਨਾਂ, ਸਾਕਾ ਨਨਕਾਣਾ ਦੇ ਸ਼ਹੀਦਾਂ, ਤਿੰਨ ਸਾਲ ਪਹਿਲਾਂ ਵਿਪਸਾ ਦੀ ਸਰਗਰਮ ਵਿਛੜੀ ਰੂਹ ਲਾਜ ਸੈਣੀ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸਰਗਰਮ ਆਗੂ ਦਾਤਾਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਸਮੂਹ ਸਾਹਿਤਕਾਰਾਂ ਨੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਨ ਕੀਤਾ।
ਇਸ ਮਿਲਣੀ ਦੇ ਦੂਜੇ ਸੈਸ਼ਨ ‘ਲਾਜ ਸੈਣੀ ਦੀਆਂ ਯਾਦਾਂ ਦੇ ਅੰਗ-ਸੰਗ’ ਦਾ ਸੰਚਾਲਨ ਹਰਜਿੰਦਰ ਕੰਗ ਨੇ ਪ੍ਰਭਾਵਸ਼ਾਲੀ ਢੰਗ ਨਾਲ ਕਰਦੇ ਕਿਹਾ ਕਿ ਸਾਡੇ ਸਮਾਜ ਵਿਚ ਅਕਸਰ ਹੁੰਦਾ ਹੈ ਕਿ ਇਨਸਾਨ ਜੀਵਤ ਹੁੰਦੇ ਹਨ ਤੇ ਰਿਸ਼ਤੇ ਮਰ ਜਾਂਦੇ ਹਨ। ਅਸੀਂ ਉਸ ਰਿਸ਼ਤੇ ਦੀ ਗੱਲ ਕਰਨ ਜਾ ਰਹੇ ਹਾਂ ਜੋ ਜਾਣ ਤੋਂ ਬਾਅਦ ਵੀ ਜਿਊਂਦਾ ਹੈ।ਇਸ ਮੌਕੇ ਰਾਠੇਸ਼ਵਰ ਸਿੰਘ ਸੂਰਾਪੁਰੀ ਨੇ ਦੱਸਿਆ ਕਿ ਲਾਜ ਸੈਣੀ ਨੇ ਨੀਲਮ ਸੈਣੀ ਦੀ ਸਾਹਿਤਕ ਸ਼ਖ਼ਸੀਅਤ ਉਸਾਰੀ ਵਿਚ ਭਰਪੂਰ ਯੋਗਦਾਨ ਪਾਇਆ ਹੈ।ਉਹ ਵਧੀਆ ਪਾਠਕ, ਸਰੋਤਾ ਅਤੇ ਅਲੋਚਕ ਸੀ।ਤਾਰਾ ਸਿੰਘ ਸਾਗਰ ਦੱਸਿਆ ਕਿ ਉਨ੍ਹਾਂ ਦੇ ਕਾਰਜ-ਕਾਲ ਦੌਰਾਨ ਲਾਜ ਸੈਣੀ ਨੇ ਪ੍ਰਬੰਧਕੀ ਕਾਰਜਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ।ਅਮਰਜੀਤ ਪੰਨੂੰ ਨੇ ਕਿਹਾ ਕਿ ਉਨ੍ਹਾਂ ਨੂੰ ਤਿੰਨ ਸਾਲ ਪਹਿਲਾਂ ਆਈ ਉਹ ਤੂਫ਼ਾਨੀ ਰਾਤ ਯਾਦ ਹੈ ਜੋ ਲਾਜ ਨੂੰ ਸਾਡੇ ਕੋਲੋਂ ਸਦਾ ਲਈ ਲੈ ਗਈ ਸੀ ਪਰ ਤਸੱਲੀ ਹੈ ਕਿ ਨੀਲਮ ਨੇ ਮੁੜ ਆਪਣੇ ਆਪ ਨੂੰ ਸਾਹਿਤ ਨਾਲ ਜੋੜਿਆ ਹੈ।ਸੁਰਜੀਤ ਕੈਨੇਡਾ ਨੇ ਕਿਹਾ ਕਿ ਲਾਜ ਸੈਣੀ ਇਕ ਗਹਿਰ-ਗੰਭੀਰ ਸ਼ਖ਼ਸੀਅਤ ਸੀ ਅਤੇ ਜਿਸ ਤਰ੍ਹਾਂ ਲਾਜ ਨੇ ਨੀਲਮ ਨੂੰ ਸਾਹਿਤਕ ਸਹਿਯੋਗ ਦਿੱਤਾ, ਉਹ ਆਪਣੇ ਆਪ ਵਿਚ ਮਿਸਾਲ ਹੈ।ਹੁਣ ਨੀਲਮ ਨੇ ਆਪਣੇ ਸਾਹਿਤਕ ਨਾਮ ਦੇ ਨਾਲ ਆਪਣੇ ਤੋਂ ਪਹਿਲਾਂ ਲਾਜ ਦਾ ਨਾਮ ਜੋੜ ਕੇ ਉਸਨੂੰ ਆਪਣੇ ਤੋਂ ਅੱਗੇ ਕਰ ਦਿੱਤਾ ਹੈ।ਲਾਜ ਨੀਲਮ ਸੈਣੀ ਨੇ ਕਿਹਾ ਕਿ ਵਿਪਸਾ ਉਸਦਾ ਸਾਹਿਤਕ ਪਰਿਵਾਰ ਹੈ।ਲਾਜ ਦੇ ਸਰੀਰਕ ਵਿਛੋੜੇ ਤੋਂ ਬਾਅਦ ਵਿਪਸਾ ਵਲੋਂ ਮਿਲੇ ਸਹਿਯੋਗ ਨੇ ਹੀ ਉਸਦੀ ਕਲਮ ਨੂੰ ਨਿਰੰਤਰ ਤੋਰੀ ਰੱਖਿਆ ਹੈ।ਲਾਜ ਦੀਆਂ ਨਿੱਘੀਆਂ ਯਾਦਾਂ ਉਸਦੀ ਊਰਜਾ ਹਨ। ਸੁਖਵਿੰਦਰ ਕੰਬੋਜ ਨੇ ਕਿਹਾ, “ਸਾਡੀਆਂ ਸਭਾਵਾਂ ਵਿਚ ਸਾਹਿਤਕਾਰ ਹਮੇਸ਼ਾਂ ਆਪਣੀਆਂ ਪਤਨੀਆਂ ਨੂੰ ਲਿਆਉਣ ਤੋਂ ਗੁਰੇਜ਼ ਕਰਦੇ ਹਨ ਪਰ ਜਿਸ ਤਰ੍ਹਾਂ ਲਾਜ ਸੈਣੀ, ਨੀਲਮ ਸੈਣੀ ਨੂੰ ਵਿਪਸਾ ਦੀ ਮਿਲਣੀ ਵਿਚ ਪਹਿਲੀ ਵਾਰੀ ਲੈ ਕੇ ਆਇਆ ਸੀ, ਮੈਂ ਸੱਚਮੁਣ ਉਸ ਨੂੰ ਆਪਣਾ ਪ੍ਰਾਹੁਣਾ ਮੰਨਿਆਂ ਹੈ।”
ਤੀਜਾ ਸੈਸ਼ਨ ‘ਅਮਰਜੀਤ ਪੰਨੂੰ ਦੀ ਕਹਾਣੀ ਪ੍ਰਕਿਰਿਆ ਬਾਰੇ ਸੀ।ਇਸਦਾ ਸੰਚਾਲਨ ਗੁਲਸ਼ਨ ਦਿਆਲ ਨੇ ਬਚਪਨ ਵਿਚ ਸੁਣੀਆਂ ਬਾਤਾਂ ਦਾ ਜ਼ਿਕਰ ਕਰਦੇ ਹੋਏ ਰੌਚਿਕ ਢੰਗ ਨਾਲ ਕੀਤਾ। ਡਾ. ਰਜਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਨੇ ਅਮਰਜੀਤ ਪੰਨੂੰ ਦੀ ਕਹਾਣੀ ਪ੍ਰਕਿਰਿਆ ਬਾਰੇ ਲਿਖਿਆ ਪੇਪਰ ‘ਅਮਰਜੀਤ ਕੌਰ ਪੰਨੂੰ ਦੀ ਕਥਾ ਦ੍ਰਿਸ਼ਟੀ’ ਭਾਵਪੂਰਤ ਢੰਗ ਨਾਲ ਪੜ੍ਹਿਆ।ਉਨ੍ਹਾਂ ਅੰਗ਼ਰੇਜ਼ੀ ਤੇ ਪੰਜਾਬੀ ਦੋਵਾਂ ਭਾਸ਼ਾਵਾਂ ਦੀ ਲੇਖਕ ਅਮਰਜੀਤ ਪੰਨੂੰ ਦੀਆਂ ਚੋਣਵੀਆਂ ਕਹਾਣੀਆਂ ਦਾ ਵਿਸ਼ਲੇਸ਼ਣ ਕਰਦੇ ਕਿਹਾ ਕਿ ਅਮਰਜੀਤ ਪੰਨੂੰ ਦੀਆਂ ਕਹਾਣੀਆਂ ਯਥਾਰਥ ਦੇ ਨੇੜੇ ਹਨ। ਕਹਾਣੀਆਂ ਦੇ ਨਾਮ ਢੁੱਕਵੇਂ ਤੇ ਪ੍ਰਤੀਕਾਤਮਕ ਹਨ। ਅਮਰਜੀਤ ਪੰਨੂੰ ਦੀਆਂ ਇਹ ਕਹਾਣੀਆਂ ਪੰਜਾਬੀ ਸਾਹਿਤ ਵਿਚ ਵਿਲੱਖਣ ਸਥਾਨ ਪ੍ਰਾਪਤ ਕਰ ਗਈਆਂ ਹਨ। ਉਨ੍ਹਾਂ ਲਿਖਣ-ਸ਼ੈਲੀ ਦੀ ਗੱਲ ਕਰਦਿਆਂ ਪੰਨੂੰ ਵਲੋਂ ਨਵੇਂ ਘੜੇ ਸ਼ਬਦਾਂ ‘ਮਨੋਰੰਜਨ-ਕੰਧ ਅਤੇ ਭਸਮ ਭੱਠੀ’ਦਾ ਜ਼ਿਕਰ ਵੀ ਕੀਤਾ।ਪੰਨੂੰ ਦੀਆਂ ਕਹਾਣੀਆਂ ਦਾ ਵਿਗਿਆਨਕ ਪੱਖ ਵੀ ਕਹਾਣੀਆਂ ਨੂੰ ਵਿਸ਼ੇਸ਼ਤਾ ਪ੍ਰਦਾਨ ਕਰਦਾ ਹੈ ਅਤੇ ਪੰਨੂੰ ਕੋਲ ਕਹਾਣੀ ਕਹਿਣ ਦਾ ਢੰਗ ਹੈ। ਡਾ. ਸੁਹੰਦਰਬੀਰ ਨੇ ਕਿਹਾ ਕਿ ਅਮਰਜੀਤ ਪੰਨੂੰ ਦੀ ਕਥਾਕਾਰੀ ਵਿਚ ਬਿੰਬਾਵਲੀ ਉਨ੍ਹਾਂ ਦੀਆਂ ਕਹਾਣੀਆਂ ਨੂੰ ਵਿਸ਼ੇਸ਼ ਦਿੱਖ ਪ੍ਰਦਾਨ ਕਰਦੀ ਹੈ। ਸੁਰਿੰਦਰ ਸੋਹਲ ਨੇ ਕਿਹਾ ਕਿ ਉਹ ਅਮਰਜੀਤ ਪੰਨੂੰ ਦੀਆਂ ਕਹਾਣੀਆਂ ਵਿਚ ਸਿਰਜੇ ਦ੍ਰਿਸ਼ਟਾਂਤ ਤੋਂ ਪ੍ਰਭਾਵਿਤ ਹਨ। ਇਸ ਮੌਕੇ ਹਾਜ਼ਰ ਸਾਹਿਤਕਾਰਾਂ ਚਰਨਜੀਤ ਸਿੰਘ ਪੰਨੂੰ, ਸੁਰਿੰਦਰ ਸੀਰਤ, ਰਵਿੰਦਰ ਸਹਿਰਾਅ ਅਤੇ ਲਾਜ ਨੀਲਮ ਸੈਣੀ ਨੇ ਡਾ. ਰਜਿੰਦਰ ਸਿੰਘ ਵਲੋਂ ਲਿਖੇ ਪੇਪਰ ਦੀ ਸ਼ਲਾਘਾ ਕੀਤੀ ਅਤੇ ਪੇਪਰ ਨਾਲ ਸੰਬੰਧਿਤ ਸਵਾਲ ਵੀ ਪੁੱਛੇ।ਅਮਰਜੀਤ ਪੰਨੂੰ ਨੇ ਵਿਪਸਾ ਦਾ ਅਤੇ ਡਾ. ਰਜਿੰਦਰ ਸਿੰਘ ਦਾ ਧੰਨਵਾਦ ਕਰਦੇ ਦੱਸਿਆ ਕਿ ਉਨ੍ਹਾਂ ਦਾ ਨਾਵਲ ‘ਸਪਲਿੰਟਡ ਵਾਟਰਜ਼’ ਅਜ਼ਾਦੀ ਸੰਘਰਸ਼ ਨਾਲ ਸੰਬੰਧਿਤ (ਪੰਜ ਪਾਣੀਆਂ ਦੀ ਵੰਡ ਦੀ ਵੇਦਨਾ), ਮਾਰਚ 21 ਨੂੰ ਨਿਊਯਾਰਕ ਵਿਚ ਲੋਕ ਅਰਪਣ ਕੀਤਾ ਜਾ ਰਿਹਾ ਹੈ ਅਤੇ ਉਹ ਪੰਜਾਬੀ ਅਤੇ ਅੰਜ਼ਰੇਜ਼ੀ ਵਿਚ ਲਿਖਣਾ ਜਾਰੀ ਰੱਖਾਂਗੀ।
ਤੀਜਾ ਸੈਸ਼ਨ ਕਵੀ ਦਰਬਾਰ ਸੀ।ਇਸ ਸੈਸ਼ਨ ਦਾ ਮੰਚ ਸੰਚਾਲਨ ਲਾਜ ਨੀਲਮ ਸੈਣੀ ਨੇ ਕੀਤਾ।ਮਹਿੰਦਰ ਸਿੰਘ ਸੰਘੇੜਾ, ਐਸ਼ਕਮ ਐਸ਼, ਸੁਖਪਾਲ ਸੰਘੇੜਾ, ਤਾਰਾ ਸਿੰਘ ਸਾਗਰ, ਬੀਬੀ ਸੁਰਜੀਤ ਕੌਰ ਸੈਕਰਾਮੈਂਟੋ, ਸੁਰਜੀਤ ਕੈਨੇਡਾ. ਪਿਆਰਾ ਸਿੰਘ ਕੁੱਦੋਵਾਲ, ਚਰਨਜੀਤ ਸਿੰਘ ਪੰਨੂੰ, ਰਵਿੰਦਰ ਸਹਿਰਾਅ, ਡਾ. ਗੁਰਪ੍ਰੀਤ ਧੁੱਗਾ,ਸੁਰਿੰਦਰ ਸੀਰਤ, ਸੁਰਿੰਦਰ ਸੋਹਲ, ਸੁਰਜੀਤ ਸਖੀ ਅਤੇ ਕੁਲਿਵੰਦਰ ਨੇ ਸ਼ਾਮ ਵਿਚ ਕਾਵਿਕ ਤਰੰਗਾਂ ਭਰੀਆਂ।ਇਸ ਮਿਲਣੀ ਵਿਚ ਹਰਪ੍ਰੀਤ ਧੂਤ ਅਤੇ ਪ੍ਰੋ. ਬਲਜਿੰਦਰ ਸਿੰਘ ਸਵੈਚ ਨੇ ਉਚੇਚੀ ਸ਼ਿਰਕਤ ਕੀਤੀ।ਅੰਤ ਵਿਚ ਡਾ. ਸੁਖਵਿੰਦਰ ਕੰਬੋਜ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ।