ਡਿਉਢਾਂ ਜਗਦੀਪ ਕੀਆਂ
(ਪੁਸਤਕ ਪੜਚੋਲ )
ਪੁਸਤਕ -----ਡਿਉਢਾਂ ਜਗਦੀਪ ਕੀਆਂ
ਲੇਖਕ ----ਡਾ ਜਗਦੀਪ ਕੌਰ ਅਹੂਜਾ
ਪ੍ਰਕਾਸ਼ਕ ----ਲੋਕ ਗੀਤ ਪ੍ਰਕਾਸ਼ਨ ਮੁਹਾਲੀ
ਪੰਨੇ ---112 ਮੁੱਲ ---250 ਰੁਪਏ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਉਢਾਂ ਦੀ ਇਸ ਕਿਤਾਬ ਵਿਚ 113 ਡਿਉਢਾਂ ਹਨ । ਹਰੇਕ ਡਿਉਢ ਦਾ ਸਿਰਲੇਖ ਹੈ ।ਪੰਜਾਬੀ ਕਵਿਤਾ ਵਿਚ ਡਿਉਢਾਂ ਦਾ ਇਤਿਹਾਸ ਬਾਬਾ ਫਰੀਦ ਨਾਲ ਜੁੜਦਾ ਹੈ ।ਢਾਡੀ ਸਿੰਘ ਡਿਉਢਾਂ ਦਾ ਗਾਇਨ ਕਰਕੇ ਸਿਖ ਇਤਿਹਾਸ ਸੰਗਤਾਂ ਵਿਚ ਪੇਸ਼ ਕਰਦੇ ਆ ਰਹੇ ਹਨ ।ਗਿਆਨੀ ਸੋਹਨ ਸਿੰਘ ਸੀਤਲ ਤੇ ਹੋਰ ਕਈ ਲੋਕ ਗਾਇਕਾਂ ਨੇ ਡਿਉਂਢਾਂ ਗਾਈਆਂ ਹਨ ।ਪੁਸਤਕ ਦੀ ਭੂਮਿਕਾ ਡਾ ਬਲਵਿੰਦਰ ਸਿੰਘ ਸੰਪਾਦਕ ਸਾਡਾ ਵਿਰਸਾ ਸਾਡਾ ਗੌਰਵ ਨੇ ਲਿਖੀ ਹੈ ਜਿਸ ਵਿਚ ਡਿਉਢਾਂ ਦੇ ਇਤਿਹਾਸ ਦਾ ਜ਼ਿਕਰ ਕੀਤਾ ਹੈ । ਲਿਖਦੇ ਹਨ ਕਿ ਡਿਉਂਢਾਂ ਵਿਚ ਠੁਮਕ ਜਿਹੀ ਤੋਰ ਹੁੰਦੀ ਹੈ ਜੋ ਪਿਆਰੀ ਲਗਦੀ ਹੈ ।ਜੇ ਇਸ ਨੂੰ ਗਾਇਆ ਜਾਵੇ ਤਾੰ ਮਨ ਵਿਚ ਟੁੰਭਣਾ ਜਿਹੀ ਪੈਦਾ ਹੁੰਦੀ ਹੈ । ਢੱਡ ਸਾਰੰਗੀ ਨਾਲ ਡਿਉਢ ਦਾ ਉਚਾਰਨ ਮਨ ਵਿਚ ਤਰੰਗ ਪੈਦਾ ਕਰਦਾ ਹੈ । ਕੁਝ ਚਿੰਤਕ ਡਿਉਂਢਾਂ ਨੂੰ ਲੋਕ ਸਾਹਿਤ ਵਿਚ ਵੀ ਸ਼ਾਮਲ ਕਰਦੇ ਹਨ । ਪੁਸਤਕ ਦੀਆਂ ਡਿਉਂਢਾਂ ਵਿਚ ਜੀਵਨ ਦੇ ਅਨੇਕਾਂ ਰੰਗ ਹਨ ।ਸਮਾਜਿਕ ,ਸਿਆਸੀ ,ਆਰਥਿਕ ,ਪਰਿਵਾਰਕ ਤੇ ਵਿਰਾਸਤੀ ਵਿਸ਼ਿਆਂ ਦੀ ਭਰਮਾਰ ਡਿਉਂਢਾਂ ਵਿੱਚ ਹੈ । ਡਿਉਂਢਾਂ ਦਾ ਸਭ ਤੋਂ ਵਡਾ ਗੁਣ ਸੰਖੇਪਤਾ ਹੈ । ਇਕ ਪੂਰੀ ਤੁਕ ਪਿਛੋਂ ਅਧੀ ਤੁਕ ਮਿਲ ਕੇ ਡਿਉਢ ਬਣਦੀ ਹੈ । ਪਰ ਡਿਉਢ ਸਿਰਜਕ ਕੋਲ ਐਨੀ ਪ੍ਰਬੀਨਤਾ ਹੈ ਕਿ ਉਹ ਸ਼ਬਦਾਂ ਦਾ ਤੋਲ ਬਰਕਰਾਰ ਰਖਦੀ ਹੈ । ਸ਼ਾਇਰਾ ਪੰਜਾਬੀ ਆਲੋਚਕ ਹੈ। ਉਸਦੀਆਂ ਨੌਂ ਕਿਤਾਬਾਂ ਛਪ ਚੁਕੀਆਂ ਹਨ । ਇਕ ਗਜ਼ਲ ਸੰਗ੍ਰਹਿ ਉਰਦੂ ਹਿੰਦੀ ਦਾ ਹੈ । ਪੰਜ ਕਾਵਿ ਪੁਸਤਕਾਂ ਦੀ ਸਿਰਜਨਾ ਦੇ ਨਾਲ ਪੰਜਾਬੀ ਕਵੀ ਕਿਰਪਾਲ ਸਿੰਘ ਈਸ਼ਰ ਬਾਰੇ ਇਕ ਖੋਜ ਪੁਸਤਕ ਦੀ ਰਚੇਤਾ ਵੀ ਹੈ ।ਡਿਉਢਾਂ ਵਿਚ ਨੋਟਬੰਦੀ ,ਵਕਤ ,ਗਭਰੂ ,ਮਾਂ ਬੋਲੀ ਪੰਜਾਬੀ ,ਲੋਭ ਲਾਲਚ ਪਤਝੜ ,ਬਸੰਤ ,ਯੁਵਕ ਮੇਲੇ ,ਵਿਰਾਸਤੀ ਮੇਲੇ , ਗੁਰਪੁਰਬ ,ਕਲਯੁਗੀ ਸਾਧ ,ਪਖੰਡੀ ਬਾਬੇ ,ਨਸ਼ੇਖੋਰੀ ,ਹਿਮੰਤ , ਹਰਮੰਦਰ ਸਾਹਿਬ ,ਪਰਦੇਸਣ ਧੀਆਂ ,ਧੀਆਂ ਦੇ ਦੁਖ, ਧੀਆਂ ਦੀ ਸਮਾਜਿਕ ਸਥਿਤੀ ,ਕਿੱਸਿਆਂ ਦੇ ਰੂਬਰੂ ਤੇ ਹੋਰ ਬਹੁਤ ਕੁਝ ਹੈ । ਕੁਝ ਵੰਨਗੀਆਂ ਹਨ –
----ਗੁਰਸਿੱਖੀ ਬਰੀਕ ਹੈ ਬੰਦਿਆ /ਖੰਡੇ ਧਾਂਰੋਂ ਤਿੱਖੀ /ਵਾਲੋਂ ਨਿੱਕੀ ।
-----ਵੇਚ ਵਟਾ ਸਭ ਬਾਪੂ ਪੁਤ ਨੂੰ /ਬਾਹਰ ਬਦੇਸ਼ੀ ਘੱਲੇ /ਝਾੜ ਕੇ ਪੱਲੇ।
-----ਹਰਮੰਦਰ ਨੂੰ ਢਾਂਹੁਣ ਵਾਲੇ /ਤੁਰ ਗਏ ਕਈ ਨੇ ਆ ਕੇ/ਪਤ ਲੁਹਾ ਕੇ ।
------ਹਰਿਮੰਦਰ ਨੂੰ ਚਾੜ੍ਹ ਕੇ ਫੌਜਾਂ /ਕੀਤੀ ਮਾਨਹਾਨੀ /ਤੇ ਨਾਦਾਨੀ ।
ਪੁਸਤਕ ਪੜ੍ਹ ਕੇ ਹੋਰ ਡਿਉਂਢਾਂ ਦਾ ਅਨੰਦ ਵੀ ਲਿਆ ਜਾ ਸਕਦਾ ਹੈ । ਸ਼ਾਇਰਾ ਦੇ ਨਾਂ ਸਮੇਤ ਢੁਕਵੇਂ ਸਿਰਲੇਖ ਵਾਲੀ ਪੁਸਤਕ ਦਾ ਸਵਾਗਤ ਹੈ ।