ਪਿਉ ਦੀ ਬੜੀ ਲੋੜ ਹੁੰਦੀ ਏ (ਲੇਖ )

ਸ਼ੰਕਰ ਮਹਿਰਾ   

Email: mehrashankar777@gmail.com
Cell: +91 98884 05411
Address:
India
ਸ਼ੰਕਰ ਮਹਿਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਸਮਾਜ ਵਿਚ ਵਿਚਰਦਿਆਂ ਹੋਇਆ ਉਹ ਕਈ ਰਿਸ਼ਤੇ ਨਿਭਾਉਂਦਾ ਹੈ । ਇਹਨਾਂ ਵਿੱਚੋਂ ਪਿਉ- ਪੁੱਤ ਦਾ ਰਿਸ਼ਤਾ ਆਪਣੀ ਜਗਾ ਤੇ ਬੜਾ ਅਹਿਮ  ਸਥਾਨ ਰੱਖਦਾ ਹੈ। ਜਿੱਥੇ ਮਾਂ ਦੀ ਬੱਚੇ ਨੂੰ ਰੱਬ ਵਰਗੀ ਦੇਣ ਹੁੰਦੀ ਹੈ, ਉੱਥੇ ਪਿਤਾ ਦਾ ਵੀ ਬੱਚੇ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਰੋਲ ਹੁੰਦਾ ਹੈ । ਜਿੱਥੇ ਮਾਂ ਬੱਚੇ ਨੂੰ ਨੌਂ ਮਹੀਨੇ ਆਪਣੇ ਪੇਟ ਵਿੱਚ ਰੱਖ ਕੇ ਆਪਣੇ ਲਹੂ ਨਾਲ ਸਿੰਜਦੀ ਹੈ, ਓਥੇ ਪਿਤਾ ਬੱਚੇ ਨੂੰ ਦਿਮਾਗ ਵਿੱਚ ਪਾਲਦਾ ਹੈ । ਮਾਂ ਸਾਨੂੰ ਜੀਵਨ ਦਿੰਦੀ ਹੈ ਅਤੇ ਪਿਤਾ ਸਾਡਾ ਜੀਵਨ ਸੰਵਾਰਦਾ ਹੈ । ਮਾਂ ਬੱਚੇ ਦੀ ਜਾਨ ਦੀ ਫਿਕਰ ਕਰਦੀ ਹੈ । ਪਿਤਾ ਉਸਦੇ ਭਵਿੱਖ ਪ੍ਰਤੀ ਫ਼ਿਕਰਮੰਦ ਹੁੰਦਾ ਹੈ । ਪਿਤਾ ਸਿਰਫ਼ ਬੱਚੇ ਨੂੰ ਜਨਮ ਹੀ ਨਹੀਂ ਦਿੰਦਾ ਸਗੋਂ ਉਸ ਦਾ ਪਾਲਣ ਪੋਸ਼ਣ ਵਧੀਆ ਤੋਂ ਵਧੀਆ ਤਰੀਕੇ ਨਾਲ ਕਰਨ ਲਈ ਸਾਰੀ ਉਮਰ ਸਖ਼ਤ ਮਿਹਨਤ ਕਰਦਾ ਹੈ ਤਾਂ ਜੋ ਬੱਚਿਆਂ ਨੂੰ ਦੁਨੀਆਂ ਦੀ ਹਰ ਸੁਖ ਸਹੂਲਤ ਦੇ ਸਕੇ। ਉਨ੍ਹਾਂ ਨੂੰ ਚੰਗੀ ਸਿੱਖਿਆ ਦਿੰਦਾ ਹੈ । ਉਨ੍ਹਾਂ ਦੀ ਸੁਖ ਸਹੂਲਤ ਲਈ ਅਤੇ ਉਨ੍ਹਾਂ ਦਾ ਭਵਿੱਖ ਸੰਵਾਰਨ ਲਈ ਉਹ ਹਰ ਤਰ੍ਹਾਂ ਦਾ ਤਿਆਗ ਕਰਦਾ ਹੈ। ਆਪਣੇ ਬੱਚੇ ਦਾ ਭਵਿੱਖ ਸੰਵਾਰਨ ਲਈ ਆਪਣਾ ਵਰਤਮਾਨ ਕੁਰਬਾਨ ਕਰ ਦਿੰਦਾ ਹੈ। ਬੱਚੇ ਦੇ ਜਨਮ ਤੋਂ ਹੀ ਪਿਤਾ ਉਸ ਦੇ ਵੱਡੇ ਹੋਣ, ਸਿੱਖਿਆ, ਨੌਕਰੀ, ਵਿਆਹ ਤਕ ਦੇ ਸੁਪਨੇ ਦੇਖ ਲੈਂਦਾ ਹੈ। ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਧਿਆਨ 'ਚ ਰੱਖਦਾ ਹੈ। ਉਹ ਆਪਣੇ ਬੱਚੇ ਨੂੰ ਚੰਗੇ-ਮਾੜੇ ਦੀ ਪਰਖ ਕਰਨਾ, ਮੁਸੀਬਤਾਂ ਦਾ ਸਾਹਮਣਾ ਕਰਨਾ ਸਿਖਾਉਂਦਾ ਹੈ। ਇਕ ਪਿਤਾ ਰਾਹ ਦਸੇਰਾ ਜਾ ਮਾਰਗਦਰਸ਼ਕ  ਬਣ ਕੇ ਆਪਣੇ ਬੱਚਿਆਂ ਨੂੰ ਦੁਨੀਆ ਨਾਲ ਜਾਣੂ ਕਰਵਾਉਂਦਾ ਹੈ,  ਗੁਰੂ ਬਣ ਕੇ ਗਿਆਨ ਦਿੰਦਾ ਹੈ, ਮਿੱਤਰ ਬਣ ਕੇ ਮੁਸੀਬਤ 'ਚ ਚੱਟਾਨ ਵਾਂਗ ਖੜ੍ਹਾ ਹੁੰਦਾ ਹੈ, ਲੋੜ ਪੈਣ 'ਤੇ ਹਨੇਰੇ 'ਚ ਪ੍ਰਕਾਸ਼ ਥੰਮ੍ਹ ਬਣ ਜਾਂਦਾ ਹੈ ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਸਭ ਮੁਸੀਬਤਾਂ ਤੇ ਕਮਜ਼ੋਰੀਆਂ ਤੋਂ ਦੂਰ ਰੱਖਣਾ ਚਾਹੁੰਦਾ ਹੈ, ਜਿਸ ਨੂੰ ਉਹ ਆਪਣੇ ਬਚਪਨ 'ਚ ਝੱਲ ਚੁੱਕਾ ਹੁੰਦਾ ਹੈ। ਹਰ ਬਾਪ ਆਪਣੇ ਬੱਚਿਆਂ ਪ੍ਰਤੀ ਫ਼ਿਕਰਮੰਦ ਹੁੰਦਾ ਹੈ ਤੇ ਉਨ੍ਹਾਂ ਨੂੰ ਹਰ ਖ਼ੁਸ਼ੀ ਦੇਣ ਦੀ ਕੋਸ਼ਿਸ਼ ਕਰਦਾ ਹੈ। ਉਸ ਦੇ ਜਿਹੜੇ ਸੁਪਨੇ ਆਪਣੇ ਜੀਵਨ 'ਚ ਅਧੂਰੇ ਰਹਿ ਗਏ ਸਨ, ਉਹ ਆਪਣੇ ਬੱਚਿਆਂ ਦੁਆਰਾ ਪੂਰੇ ਹੁੰਦੇ ਦੇਖਣਾ ਚਾਹੁੰਦਾ ਹੈ। 
ਜਦੋਂ ਬੱਚਾ ਆਪਣੇ ਪਿਤਾ ਦੀ ਉਂਗਲੀ ਫੜ ਕੇ ਤੁਰਨਾ ਸਿੱਖਦਾ ਹੈ ਤਾਂ ਅਜਿਹੇ ਪਲਾਂ ਵਿੱਚ ਪਿਤਾ ਦੀ ਖੁਸ਼ੀ ਦੂਣ ਸਵਾਈ ਹੋ ਜਾਂਦੀ ਹੈ। ਪਿਤਾ ਬੱਚੇ ਨੂੰ ਉਸਦੀਆਂ ਕੀਤੀਆਂ ਗ਼ਲਤੀਆਂ ਲਈ ਦੁਤਕਾਰਦਾ ਹੈ ਤਾਂ ਜੋ ਬੱਚਾ ਜਿੰਦਗੀ ਦੀਆਂ ਕੁਰਾਹਾਂ ਤੋਂ ਬਚਿਆ ਰਹੇ । ਪਿਤਾ ਦੀ ਘੁਰਕੀ ਵਿੱਚ ਵੀ ਲਾਡ ਦੀ ਮਹਿਕ ਹੁੰਦੀ ਹੈ, ਜਿਹੜੀ ਜ਼ਿੰਦਗੀ ਦੀਆਂ ਮੁਸੀਬਤਾਂ ਝੱਲਣ ਦੇ ਸਮਰੱਥ ਬਣਾਉਂਦੀ ਹੈ। ਬੱਚੇ ਦੁਆਰਾ ਕੀਤੀਆਂ ਗ਼ਲਤੀਆਂ ਨੂੰ ਪਿਤਾ ਭੁਲਾ ਕੇ ਉਸਨੂੰ ਫਿਰ ਪਿਆਰ ਭਰੀ ਗਲਵਕੜੀ ਵਿੱਚ ਲੈ ਲੈਂਦਾ ਹੈ ਅਤੇ ਭਵਿੱਖ ਵਿੱਚ ਆਪਣੀ ਭੁੱਲ ਸੁਧਾਰਣ ਲਈ ਵਰਜਦਾ ਹੈ ।
ਗੁਰਬਾਣੀ ਵਿਚ ਵੀ ਇਸਦਾ ਹਵਾਲਾ ਦਿੰਦੇ ਹੋਏ ਸਤਿਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ-
ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ।।
ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ।।
ਪਿਤਾ ਦੀ ਦੁਤਕਾਰ ਵਿੱਚ ਵੀ ਉਸਦਾ ਪਿਆਰ ਛਿਪਿਆ ਹੁੰਦਾ ਹੈ । ਸਿਆਣੇ ਕਹਿੰਦੇ ਹਨ : ਮਾਪਿਆਂ ਦੀਆਂ ਗਾਲਾਂ, ਘਿਓ ਦੀਆਂ ਨਾਲਾ ।
ਮਾਂ ਦੇ ਦੁਲਾਰ  ਅਤੇ ਪਿਤਾ ਦੀ ਡਾਂਟ ਫਟਕਾਰ ਰੂਪੀ ਪਿਆਰ ਨਾਲ ਬੱਚਾ ਵੱਡਾ ਹੁੰਦਾ ਹੈ ।  ਸ਼ਾਇਦ ਇਸੇ ਕਰਕੇ ਬੱਚਾ ਵਧੇਰੇ ਆਪਣੀ ਮਾਂ ਦੇ ਨੇੜੇ ਹੁੰਦਾ ਹੈ ਪਿਤਾ ਦਾ ਸੁਭਾਹ ਨਾਰੀਅਲ ਦੀ ਤਰਾਂ ਹੁੰਦਾ ਹੈ ਬਾਹਰੋਂ ਸਖ਼ਤ ਅਤੇ ਅੰਦਰੋਂ ਨਰਮ ।  ਸ਼ਾਇਦ ਇਸੇ ਕਰਕੇ ਕਿ ਪਿਤਾ ਨੂੰ ਮਾਂ ਨਾਲੋਂ ਜਿਆਦਾ ਜਿੰਦਗੀ ਦੇ ਕੌੜੇ ਯਥਾਰਥਾਂ ਦਾ ਗਿਆਨ ਹੁੰਦਾ ਹੈ। ਪਿਤਾ ਦੀ ਡਾਂਟ ਘੁਮਿਆਰ ਦੀ ਉਸ ਚੋਟ ਦੀ ਤਰਾਂ ਹੁੰਦੀ ਹੈ ਜੋ ਉਹ ਆਪਣੇ ਭਾਂਡੇ ਨੂੰ ਇਸਲਈ ਦਿੰਦਾ ਹੈ ਤਾਂ ਜੋ ਉਹ ਕਿਸੇ ਘਰ ਦਾ ਸ਼ਿੰਗਾਰ ਬਣ ਸਕੇ । ਇਸ ਪਿਛੇ ਪਿਤਾ ਦਾ ਇੱਕੋ ਇੱਕ ਮਕਸਦ ਇਹ ਹੁੰਦਾ ਹੈ ਕਿ ਉਸਦਾ ਬੱਚਾ ਜਿੰਦਗੀ ਵਿੱਚ ਕੋਈ ਚੰਗਾ ਮੁਕਾਮ ਹਾਸਿਲ ਕਰ ਸਕੇ ਪਰ ਔਲੇ ਦਾ ਖਾਧਾ ਅਤੇ ਸਿਆਣੇ ਦਾ ਕਿਹਾ ਬਾਅਦ ਵਿੱਚ ਸਮਝ ਆਉਂਦਾ ਹੈ , ਪਰ ਉਸ ਸਮੇਂ ਬਹੁਤ ਦੇਰ ਹੋ ਚੁਕੀ ਹੁੰਦੀ ਹੈ ਕਿਸੇ ਨੇ ਸੱਚ ਹੀ ਕਿਹਾ ਹੈ:
ਬਾਪੂ ਬਾਪੂ ਕਹਿੰਦੇ ਸੀ , ਬੜੇ ਸੁਖਾਲੇ ਰਹਿੰਦੇ ਸੀ 
ਬਾਪੂ ਕਹਾਇਆ, ਬੜਾ ਦੁੱਖ ਪਾਇਆ 
ਜ਼ਿੰਦਗੀ ਦੀਆਂ ਜੋ ਮੌਜਾਂ, ਬਹਾਰਾਂ, ਬੇਫਿਕਰੀ, ਲਾਪ੍ਰਵਾਹੀ ਭਰੀ ਜ਼ਿੰਦਗੀ ਦੇ ਪਲ ਬੱਚਾ ਆਪਣੇ ਮਾਤਾ ਪਿਤਾ ਦੇ ਸਿਰ ਤੇ ਗੁਜ਼ਾਰ ਲੈਂਦਾ ਹੈ, ਉਹ ਮੌਜ ਬਹਾਰਾਂ ਮੁੜ ਕੇ ਨਹੀਂ ਮਿਲ ਸਕਦੀਆਂ। ਕਿਸੇ ਨੇ ਸੱਚ ਹੀ ਕਿਹਾ ਹੈ, “ਉਹ ਮੌਜਾਂ ਭੁੱਲਣੀਆਂ ਨੀ , ਜੋ ਬਾਪੂ ਦੇ ਸਿਰ ਤੇ ਕਰੀਆਂ।”
ਕਹਿੰਦੇ ਹਨ ਜਦੋਂ ਪਿਉ ਦੀ ਜੁੱਤੀ ਪੁੱਤ ਦੇ ਪੈਰ ਵਿੱਚ ਆਉਣ ਲੱਗ ਜਾਵੇ ਤਾਂ ਉਹ ਨਹੀ ਰਹਿ ਜਾਦਾ ਦੋਸਤ ਵਾਂਗ ਬਣ ਜਾਦਾ ਹੈ। ਉਹਨਾਂ ਵਿਚ ਦੋਸਤੀ ਦੀ ਯਾਰੀ ਬਣ ਜਾਂਦੀ ਹੈ। ਪੁੱਤ ਚਾਹੇ ਜਿੰਨਾ ਮਰਜੀ ਵੱਡਾ ਅਫ਼ਸਰ ਹੋਵੇ ਪਰ ਪਿਉ ਦੀ ਥਾਂ ਕਦੇ ਨਹੀਂ ਲੈ  ਸਕਦਾ । ਪਿਉ ਨਾ ਹੋਣ ਦਾ ਦੁੱਖ ਤਾਂ ਉਹੀ ਦੱਸ ਸਕਦਾ ਹੈ, ਜਿਸਦੇ ਸਿਰ ਤੋ ਪਿਉ ਦਾ ਹੱਥ ਉਠ ਜਾਦਾ ਹੈ । ਪਿਉ ਦੇ ਬਾਰੇ ਇੱਕ ਗੀਤਕਾਰ ਨੇ ਵੀ ਬੜੀਆਂ ਵਧੀਆਂ ਲਾਈਨਾਂ ਕਹੀਆਂ ਹਨ:-
‘ਰੁੱਖਾ ਦੀਆ ਜੜਾ ਨਾਲ ਪੰਛੀ ਦੀ ਪਰਾਂ ਨਾਲ 
ਗੱਲ ਗੂੜੇ ਰਿਸ਼ਤੇ ਦੀ ਜੋੜ ਹੁੰਦੀ ਏ 
ਪੁੱਤਾ ਨੂੰ ਪਿਉ ਦੀ ਬੜੀ ਲੋੜ ਹੁੰਦੀ ਏ।
ਪਿਉ ਦੇ ਚਲੇ ਜਾਣ ਤੋਂ ਬਾਅਦ ਹੀ ਉਸ ਦੀਆਂ ਕਮੀਆਂ ਮਹਿਸੂਸ ਹੁੰਦੀਆਂ ਹਨ ।  ਸੱਚ ਤਾਂ ਇਹ ਹੈ ਕਿ ਜੋ ਇੱਕ ਪਿਤਾ ਪਰਿਵਾਰ ਲਈ ਕਰਦਾ ਹੈ ਉਹ ਹੋਰ ਕੋਈ ਪਰਿਵਾਰ ਦੀ ਜੀਅ ਨਹੀਂ ਕਰ ਸਕਦਾ। ਦੀਪ ਸਿੰਘ ਲੁਧਿਆਣਵੀਂ ਨੇ ਇੱਕ ਕਵਿਤਾ ਵਿੱਚ ਪਿਤਾ ਦੀ ਵਡਿਆਈ ਇਵੇਂ ਕੀਤੀ ਹੈ ਕਿ,
“ਧੰਨ ਭਾਗ ਨੇ ਮੇਰੇ  ਜੋ, ਦੇਵਤੇ ਘਰ ਜਨਮ ਲਿਆ, ਇੱਕੋ ਕੰਮ ਨੇਕ ਰਿਹਾ ।
ਉਸ ਰੱਬ ਦੇ ਹੀ ਵਾਂਗੂੰ, ਨਿਰਸਵਾਰਥ ਇਹ ਦਾਤਾ, ਦਾਤਾਂ ਦੇ ਅਨੇਕ ਰਿਹਾ ।
ਜੰਮਦਿਆਂ ਛੱਤ ਦਿੱਤੀ, ਲੀੜ੍ਹਾ-ਲੱਤਾ, ਅੰਨ੍ਹ ਦਿੱਤਾ, ਸਿਰ 'ਤੇ ਸਦਾ ਟੇਕ ਰਿਹਾ ।
ਹੌਂਸਲੇ ਨੇ ਖੰਭ ਦਿੱਤੇ, ਗਿਆਨ ਦੇ ਨੇਤਰ ਦਿੱਤੇ, ਜਿਨ੍ਹਾਂ 'ਨਾ ਜਗ ਵੇਖ ਰਿਹਾ ।”
ਹਰ ਪਿਤਾ ਆਪਣੇ ਬੱਚਿਆਂ ਲਈ ਚੰਗਾ ਘਰ, ਚੰਗਾ ਪਹਿਰਾਵਾ, ਚੰਗੇ ਰਹਿਣ-ਸਹਿਣ ਲਈ ਸੁਖ-ਸਹੂਲਤਾਂ ਦਾ ਉੱਚਿਤ ਪ੍ਰਬੰਧ ਕਰਨ ਲਈ ਆਪਣੀ ਪੂਰੀ ਵਾਹ ਲਾ ਦਿੰਦਾ ਹੈ । ਆਪ ਉਹ ਸਾਈਕਲ ਉੱਤੇ ਸਾਰੀ ਉਮਰ ਕੱਟ ਲੈਂਦਾ ਹੈ ਪਰ ਬੱਚਿਆਂ ਲਈ ਸੁਖ ਦੇਣ ਵਾਲੇ ਸਾਧਨਾਂ ਲਈ ਪੂਰੀ ਮਿਹਨਤ ਕਰਦਾ ਹੈ । ਉਹ ਆਪਣੇ ਬੱਚਿਆਂ ਲਈ ਆਪਣੀਆਂ ਭਾਵਨਾਵਾਂ, ਆਪਣੇ ਸੁਪਨੇ ਤੱਕ ਤਿਆਗ ਦਿੰਦਾ ਹੈ । ਉਹ ਬੱਚਿਆਂ ਦੇ ਵੇਖੇ ਸੁਪਨੇ ਵੀ ਬਿਨਾਂ ਦੱਸੇ ਹੀ ਪੂਰੇ ਕਰਨ ਲਈ ਜ਼ੋਰ ਲਾ ਦਿੰਦਾ ਹੈ । ਦਰਅਸਲ ਉਹ ਆਪਣੇ ਲਈ ਨਹੀਂ ਬਲਕਿ ਸੁਪਨੇ ਵੀ ਆਪਣੇ ਬੱਚਿਆਂ ਲਈ ਹੀ ਵੇਖਦਾ ਹੈ  । ਬਲਜੀਤ ਮਾਲਵੇ ਦਾ ਗਾਇਆ ਗੀਤ ਵੀ ਗਵਾਹੀ ਭਰਦਾ ਹੈ:
“ਬਾਬਲ ਸਾਡਾ ਜਾਨ ਤੋੜ ਕੇ, ਕਰਦਾ ਰਿਹਾ ਕਮਾਈਆਂ ਜੀ,
ਬਈ ਸਾਡਾ ਕੰਮ ਸੀ ਬੁੱਲ੍ਹੇ ਵੱਢਣਾ, ਐਸ਼ਾਂ ਖੂਬ ਉਡਾਈਆਂ ਸੀ,
ਅਲਬੇਲੀ ਉਮਰ ਦੀਆਂ ਖੇਡਾਂ ਚੇਤੇ ਆਉਂਦੀਆਂ ਬੜ੍ਹੀਆਂ ।
ਉਹ ਮੌਜ਼ਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ 'ਤੇ ਕਰੀਆਂ ।”
ਧੀਆਂ ਵੀ ਆਪਣੇ ਬਾਪ ਦੇ ਹੁੰਦਿਆਂ ਆਪਣੇ-ਆਪ ਨੂੰ ਸਭ ਤੋਂ ਵੱਧ ਸੁਰੱਖਿਅਤ ਸਮਝਦੀਆਂ ਹਨ । ਬਾਪ ਨਾਲ ਵੀ ਧੀਆਂ ਦੀ ਦੁੱਖ-ਸੁੱਖ ਦੀ ਸਾਂਝ ਹੁੰਦੀ ਹੈ ।” ਅਜਿਹੀ ਹੀ ਇੱਕ ਭਾਵਨਾ ਨੂੰ ਦਰਸਾਉਂਦੀ ਗੁਰਦੀਸ਼ ਕੌਰ ਗਰੇਵਾਲ ਦੀ ਕਵਿਤਾ ਹੈ ਕਿ,
“ਸਿਰ ਉੱਤੇ ਹੱਥ ਧਰ, ਸੀਨੇ ਨਾਲ ਲਾਂਵਦਾ,
ਅਸੀਸ ਉਹਦੀ ਸੁਣ ਕੇ, ਕਲੇਜਾ ਠਰ ਜਾਂਵਦਾ,
ਦੁੱਖ-ਸੁੱਖ ਪੁੱਛਦਾ ਤੇ ਆਪਣਾ ਸੁਣਾਏ ਨੀਂ ।
ਅੱਜ ਮੈਨੂੰ ਯਾਦ ਬੜ੍ਹੀ ਬਾਪ ਦੀ ਸਤਾਏ ਨੀਂ ।”
ਸੱਚ ਹੈ ਕਿ ਪਿਤਾ ਆਪਣੇ ਬੱਚਿਆਂ ਲਈ, ਪਰਿਵਾਰ ਲਈ ਮਿਹਨਤ ਕਰਦਾ ਦਿਨ-ਰਾਤ ਇੱਕ ਕਰ ਦਿੰਦਾ ਹੈ । ਉਹ ਕਰਜ਼ੇ ਚੁੱਕ ਕੇ , ਜ਼ਮੀਨਾਂ ਵੇਚ ਕੇ ,ਔਲਾਦ ਦੇ ਸੁਪਨੇ ਪੂਰੇ ਕਰਨ ਲਈ ਆਪ ਕਿਸੇ ਦੇ ਘਰੇ ਦਿਹਾੜੀ ਤੱਕ ਲਾਉਣੋਂ ਵੀ ਗੁਰੇਜ਼ ਨਹੀਂ ਕਰਦਾ, ਪਰ ਬੱਚਿਆਂ ਨੂੰ ਮੰਜਿਲ ਤੱਕ ਪਹੁੰਚਾ ਦਿੰਦਾ ਹੈ । ਲਵਲੀ ਨੂਰ ਦਾ ਗਾਇਆ ਗੀਤ ਇਸੇ ਸੱਚ ਨੂੰ ਦਰਸਾਉਂਦਾ ਹੈ:
“ਦਿਨ ਰਾਤ ਕੀਤਾ ਜਿਹਨੇ ਇੱਕ ਮੇਰੇ ਲਈ, 
ਪਲ ਵੀ ਨਹੀਂ ਬੈਠਾ ਜਿਹੜਾ ਟਿਕ ਮੇਰੇ ਲਈ,
ਕਿੰਨੇ ਅਹਿਸਾਨ ਮੇਰੇ ਸਿਰ 'ਤੇ ਸੋਚ-ਸੋਚ ਅੱਖੋਂ ਹੰਝੂ ਚੋ ਗਿਆ ।
ਬਾਪੂ ਤੇਰੇ ਕਰਕੇ ਮੈਂ ਪੈਰਾਂ 'ਤੇ ਖਲ੍ਹੋ ਗਿਆ । 
ਤੂੰ ਸਾਈਕਲਾਂ 'ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ।”
ਪੁਰਾਤਨ ਕਾਲ ਤੋਂ ਹੀ ਮਾਪਿਆਂ ਦੇ ਹੁਕਮ ਨੂੰ ਸਿਰ ਮੱਥੇ ਮੰਨਣਾ, ਉਸ ਉੱਤੇ ਅਮਲ ਕਰਨਾ ਅਤੇ ਜਿੱਥੋਂ ਤਕ ਹੋ ਸਕੇ ਉਨ੍ਹਾਂ ਦੀ  ਸੇਵਾ ਕਰਨਾ ਭਾਰਤੀ ਸਭਿਅਤਾ ਦਾ ਇੱਕ ਖ਼ੂਬਸੂਰਤ ਅੰਗ ਰਿਹਾ ਹੈ । 
ਪਿਤਾ ਦੇ ਆਦੇਸ਼ ਦਾ ਸਤਿਕਾਰ ਕਰਨ ਲਈ ਹੀ ਸ੍ਰੀ ਰਾਮ ਚੰਦਰ ਰਾਜ ਸਿੰਘਾਸਣ ਤਿਆਗ ਕੇ   ਬਾਰਾਂ ਸਾਲ ਬਨਵਾਸ ਦੇ ਕਸ਼ਟ ਸਹਾਰਦੇ ਰਹੇ। 
ਪਿਤਾ ਦਾ ਸਤਿਕਾਰ ਕਰਦਿਆਂ ਹੀ ਸਰਵਣ ਆਪਣੇ ਅੰਨ੍ਹੇ ਮਾਪਿਆਂ ਨੂੰ ਤੀਰਥਾਂ ’ਤੇ ਘੁਮਾਉਂਦਾ ਫਿਰਿਆ ਅਤੇ ਇਸੇ ਦੌਰਾਨ ਹੀ ਆਪਣੀ ਜਾਨ ਵੀ ਗੁਆ ਬੈਠਿਆ।
ਉਸਨੇ ਆਪਣੀ ਸਾਰੀ ਉਮਰ ਹੀ ਆਪਣੇ ਬੱਚਿਆਂ ਲਈ ਲਾਈ ਹੁੰਦੀ ਹੈ । ਬਹੁਤ ਸਾਰੇ ਬਲੀਦਾਨ ਕਰਕੇ ਆਪਣੇ ਬੱਚਿਆਂ ਨੂੰ ਮੰਜਿਲ ਤੱਕ ਪਹੁੰਚਾਇਆ ਹੁੰਦਾ ਹੈ । ਉਸਨੂੰ ਬੁਢਾਪੇ ਵਿੱਚ ਵੱਧ ਤੋਂ ਵੱਧ ਸੁਖ-ਸਹੂਲਤਾਂ ਪ੍ਰਦਾਨ ਕਰਕੇ ਆਪਣਾ ਫਰਜ਼ ਅਦਾ ਕਰਨਾ ਚਾਹੀਦਾ ਹੈ । ਉਸਨੇ ਜਿਹੜੀਆਂ ਰੀਝਾਂ ਸਾਡੇ ਲਈ ਆਪਣੇ ਮਨ ਵਿੱਚ ਹੀ ਦਬਾ ਲਈਆਂ ਸਨ ਸਾਨੂੰ ਉਸਦੀਆਂ ਉਹ ਰੀਝਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ । ਪਿਤਾ ਦਾ ਅਸਲੀ ਸਤਿਕਾਰ ਤਾਂ ਲਗਾਤਾਰ ਉਸ ਦੀ ਆਗਿਆ ਦਾ ਪਾਲਣ ਕਰਕੇ, ਬੁਢਾਪੇ ਵਿੱਚ ਉਸ ਦੀ ਸੇਵਾ ਕਰਕੇ, ਉਸ ਪ੍ਰਤੀ ਹਮੇਸ਼ਾਂ ਪਿਆਰ ਅਤੇ ਸਤਿਕਾਰ ਭਰੀ ਭਾਸ਼ਾ ਦਾ ਪ੍ਰਯੋਗ ਕਰਕੇ, ਬਜ਼ੁਰਗ ਅਵਸਥਾਂ ਵਿੱਚ ਉਸ ਦੀਆਂ ਲੋੜਾਂ ਦਾ ਧਿਆਨ ਰੱਖ ਕੇ ਅਤੇ ਆਪਣਾ ਵੱਧ ਤੋਂ ਵੱਧ ਸਮਾਂ ਉਸ ਨੂੰ ਦੇ ਕੇ ਹੀ ਕੀਤਾ ਜਾ ਸਕਦਾ ਹੈ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਮਾਂ-ਬਾਪ ਪ੍ਰਤੀ ਹਮੇਸ਼ਾ ਅਹਿਸਾਨਮੰਦ ਰਹੀਏ ਅਤੇ ਉਹਨਾਂ ਪ੍ਰਤੀ ਕੋਈ ਵੀ ਐਸਾ ਵਤੀਰਾ ਨਾ ਅਪਣਾਈਏ ਜਿਸ ਕਾਰਣ ਉਹਨਾਂ ਨੂੰ ਦੁਖੀ ਹੋਣਾ ਪਵੇ। 
ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਕੋਈ ਮਨੁੱਖ ਜਿੰਨਾਂ ਮਰਜ਼ੀ ਧਰਮੀ ਹੋਣ ਦਾ ਦਾਅਵੇਦਾਰ ਬਣਦਾ ਫਿਰੇ, ਬਹੁਤ ਵੱਡਾ ਤੀਰਥ ਇਸ਼ਨਾਨੀ, ਬੜਾ ਵੱਡਾ ਦਾਨੀ ਬਣਦਾ ਫਿਰੇ ਆਪਣੇ ਆਪ ਵਿਚ। ਭਾਈ ਸਾਹਿਬ ਲਿਖਦੇ ਹਨ-
ਮਾਂ ਪਿਉ ਪਰਹਰਿ ਸੁਣੈ ਵੇਦੁ ਭੇਦੁ ਨ ਜਾਣੈ ਕਹਾਣੀ।
ਮਾਂ ਪਿਉ ਪਰਹਰਿ ਕਰੈ ਤਪੁ ਵਣਖੰਡਿ ਭੁਲਾ ਫਿਰੈ ਬਿਬਾਣੀ।
ਮਾਂ ਪਿਉ ਪਰਹਰਿ ਕਰੈ ਪੂਜੁ ਦੇਵੀ ਦੇਵ ਨ ਸੇਵ ਸਮਾਣੀ।
ਮਾਂ ਪਿਉ ਪਰਹਰਿ ਨ੍ਹਾਵਣਾ ਅਠਸਠਿ ਤੀਰਥ ਘੁੰਮਣ ਵਾਣੀ।
ਮਾਂ ਪਿਉ ਪਰਹਰਿ ਵਰਤ ਕਰਿ ਮਰਿ ਮਰਿ ਜੰਮੈ ਭਰਮਿ ਭੁਲਾਣੀ।
ਮਾਂ ਪਿਉ ਪਰਹਰਿ ਕਰੈ ਦਾਨ ਬੇਈਮਾਨ ਅਗਿਆਨ ਪਰਾਣੀ।
ਗੁਰ ਪਰਮੇਸਰੁ ਸਾਰੁ ਨ ਜਾਣੀ।। ੧੩।।
(ਭਾਈ ਗੁਰਦਾਸ ਜੀ -ਵਾਰ ੩੭ ਪਉੜੀ ੧੩)
ਭਾਈ ਗੁਰਦਾਸ ਜੀ ਕਹਿ ਰਹੇ ਹਨ ਕਿ ਜੋ ਮਾਂ-ਪਿਉ ਨੂੰ ਛੱਡ ਕੇ ਬਹੁਤ ਵੱਡਾ ਧਰਮੀ ਹੋਣ ਦਾ ਦਾਅਵਾ ਕਰਦਾ ਫਿਰੇ, ਉਹ ਸਭ ਤੋਂ ਵੱਡਾ ਬੇਈਮਾਨ ਮਨੁੱਖ ਹੈ, ਜੋ ਮਾਂ-ਬਾਪ ਪ੍ਰਤੀ ਆਪਣੇ ਫ਼ਰਜਾਂ ਨੂੰ ਭੁੱਲ ਕੇ ਹੋਰ ਫੋਕੇ ਕਰਮਕਾਂਡਾਂ ਦਾ ਦਿਖਾਵਾ ਕਰਦਾ ਹੈ। ਜ਼ਰਾ ਆਪਣੇ ਅੰਦਰ ਝਾਤੀ ਮਾਰੀਏ। 
ਮਾਂ ਬਾਪ ਦਾ ਸਾਡੀ ਜਿੰਦਗੀ ਵਿਚ ਅਹਿਮ ਸਥਾਨ ਹੈ ਇਹ ਪ੍ਰਮਾਤਮਾ ਦੀ ਦਿੱਤੀ ਉਹ ਅਨਮੋਲ ਦਾਤ ਹੈ ਜੋ ਕਿਤਿਓਂ ਵੀ ਲੱਭਿਆ ਨਹੀਂ ਲੱਭਦੀ ਕਿਸੇ ਨੇ ਠੀਕ ਹੀ ਕਿਹਾ ਹੈ : ਤਿੰਨ ਰੰਗ ਨਹੀਂ ਲੱਭਣੇ -ਹੁਸਨ , ਜਵਾਨੀ ਤੇ ਮਾਪੇ ਮਾਂ ਬਾਪ ਦਾ ਕਰਜਾ ਅਸੀਂ ਸਾਰੀ ਉਮਰ ਨਹੀਂ ਲਾਹ ਸਕਦੇ ਸਾਨੂੰ ਆਪਣੇ ਘਰਾਂ ਅੰਦਰ ਆਪਣੇ ਬਜ਼ੁਰਗਾਂ ਦਾ ਹਰ ਹਾਲਤ ਵਿੱਚ ਮਾਣ ਸਤਿਕਾਰ ਕਾਇਮ ਰੱਖਣਾ ਸਾਡਾ ਪੂਰਨ ਫਰਜ਼ ਬਣਦਾ ਹੈ। ਮਰਣ ਉਪੰਰਤ ਬਜ਼ੁਰਗਾਂ ਨਮਿਤ ਕੀਤੇ ਗਏ ਦਿਖਾਵੇ ਵਾਲੇ ਆਡੰਬਰਾਂ ਕੋਈ ਲਾਭ ਨਹੀਂ । ਬਜ਼ੁਰਗ ਘਰ ਦੇ ਤਾਲੇ ਹੁੰਦੇ ਹਨ ਇਹਨਾਂ ਨੂੰ ਬਣਦਾ ਮਾਣ- ਸਤਿਕਾਰ ਦੇਣਾ ਬਹੁਤ ਜ਼ਰੂਰੀ ਹੈ। ਜੇਕਰ ਇਹਨਾਂ ਦੀ ਸੇਵਾ ਨਹੀ ਕਰਨੀ ਤਾਂ ਧਾਰਮਿਕ ਸਥਾਨਾਂ ਤੇ ਮੱਥਾ ਟੇਕਣ ਦਾ ਕੋਈ ਫਾਇਦਾ ਨਹੀ।