ਕਰਨੀ ਤੇ ਕਥਨੀ
(ਮਿੰਨੀ ਕਹਾਣੀ)
ਆਪਣੇ ਬੈਂਕ ਦੇ ਕੰਮ ਦੇ ਸਿਲਸਲੇ ਵਿੱਚ ਮੈਂ ਤੇ ਮੇਰੇ ਦੋਸਤ ਹਰਵਿੰਦਰ ਅਲੱਗ ਅਲੱਗ ਰਸਤੇ ਤੋਂ ਆਏ ਸੀ, ਤੇ ਅੱਗੇ ਇੱਕੋ ਰਸਤੇ ਜਾਣਾ ਸੀ,ਇਸ ਲਈ ਮੈਨੂੰ ਹਰਵਿੰਦਰ ਕਹਿਣ ਲੱਗਾ ਕਿ ਆਪਾਂ ਦੋਵੇਂ ਮੋਟਰਸਾਈਕਲ ਕੀ ਕਰਨੇ,ਅੱਗੇ ਇੱਕ ਤੇ ਹੀ ਚੱਲਦੇ ਹਾਂ,ਇਸ ਲਈ ਆਪਣਾ ਮੋਟਰਸਾਈਕਲ ਖੜਾਉਣ ਲਈ ਮੈਂ ਇੱਕ ਧਾਰਮਿਕ ਸਥਾਨ ਦੇ ਗੇਟ ਦੇ ਨਜ਼ਦੀਕ ਸਹੀ ਜਗ੍ਹਾ ਸਮਝੀ, ਜਦੋਂ ਮੈਂ ਮੋਟਰਸਾਈਕਲ ਖੜਾ ਰਿਹਾ ਸੀ ਤਾਂ ਵੀ ਓਥੇ ਦੇ ਗੇਟ ਤੇ ਖੜੇ ਸੇਵਾਦਾਰ ਦੇਖ ਰਹੇ ਸੀ ,ਪਰ ਸਾਨੂੰ ਜਲਦੀ ਸੀ ਇਸ ਲਈ ਜਲਦੀ ਜਲਦੀ ਮੋਟਰਸਾਈਕਲ ਖੜਾਕੇ ਇੱਕੋ ਮੋਟਰਸਾਈਕਲ ਤੇ ਗਏ ,ਵਾਪਸ ਕੰਮ ਨਬੇੜ ਕੇ ਆਏ ਤਾਂ ਹਰਵਿੰਦਰ ਜਲਦੀ ਹੀ ਉਤਾਰ ਕੇ ਚਲਾ ਗਿਆ ,ਮੈਂ ਇੱਕੋ ਦਮ ਆਪਣਾ ਮੋਟਰਸਾਈਕਲ ਚੁੱਕਿਆ ,ਤੇ ਵਾਪਸ ਆਉਣ ਲੱਗਿਆ ,ਉਸ ਸਮੇਂ ਵੀ ਸੇਵਾਦਾਰ ਓਵੇਂ ਹੀ ਦੇਖ ਰਹੇ ਸੀ ,ਜਦੋਂ ਮੈਂ ਥੋੜੀ ਅੱਗੇ ਆਇਆ ਤਾਂ ਇੱਕੋ ਦਮ ਹੈਰਾਨ ਹੋਗਿਆ ਕਿ ,ਅਗਲੇ ਟਾਇਰ ਵਿਚ ਹਵਾ ਨਹੀਂ ਏ , ਮੈਂ ਇੱਕੋ ਦਮ ਸਮਝ ਗਿਆ ਫਿਰ ਵੀ ਆਪਣੀ ਤਸੱਲੀ ਲਈ ਅੱਗੇ ਪੈਂਚਰ ਚੈੱਕ ਕਰਵਾਇਆ ,ਟਾਇਰ ਬਿੱਲਕੁਲ ਠੀਕ ਸੀ ,ਮੇਰੇ ਮੋਟਰਸਾਈਕਲ ਦੀ ਹਵਾ ਕੱਢ ਦਿੱਤੀ ਗਈ ਸੀ ,ਦਿਲ ਬੜਾ ਦੁੱਖ ਰਿਹਾ ਸੀ ,ਇੱਕ ਦੋ ਦਿਨ ਪਹਿਲਾਂ ਓਸੇ ਧਰਮਸਥਾਨ ਤੇ ਪ੍ਰਚਾਰ ਹੁੰਦਾਂ ਸੁਣਿਆ ਸੀ ,ਕਿ ਸਾਨੂੰ ਹਰ ਇੱਕ ਦੀ ਮੱਦਦ ਕਰਨੀ ਚਾਹੀਦੀ ਹੈ, ਮੈਨੂੰ ਉਹਨਾਂ ਦੀ ਕਥਨੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਲੱਗਿਆ |