ਵੇਲਾਂ-ਬੂਟੇ (ਕਵਿਤਾ)

ਓਮਕਾਰ ਸੂਦ ਬਹੋਨਾ   

Email: omkarsood4@gmail.com
Cell: +91 96540 36080
Address: 2467,ਐੱਸ.ਜੀ.ਐੱਮ.-ਨਗਰ
ਫ਼ਰੀਦਾਬਾਦ Haryana India 121001
ਓਮਕਾਰ ਸੂਦ ਬਹੋਨਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਾਡੇ ਘਰ ਵਿੱਚ ਵੇਲਾਂ-ਬੂਟੇ!
ਮਨ ਸਾਡੇ ਨੂੰ ਦਿੰਦੇ ਝੂਟੇ!
ਬਣੇ ਬਗੀਚੀ ਦੀ ਇਹ ਸ਼ਾਨ,
ਵੇਲਾਂ-ਬੂਟੇ ਕਈ ਮਹਾਨ।
ਸਰਸੋਂ ਪੀਲਿਆਂ ਫੁੱਲਾਂ ਵਾਲੀ,
ਦਿੱਖ ਏਸਦੀ ਬੜੀ ਨਿਰਾਲੀ।
ਖਿੜ ਪੈਂਦਾ ਕਿਧਰੇ ਗੁਲਾਬ,
ਖੁਸ਼ਬੂ ਇਹਦੀ ਬੇ-ਹਿਸਾਬ।
ਗੇਂਦਾ ਵੀ ਲੈ ਕੇ ਫੁੱਲ ਆਉਂਦਾ,
ਫੁੱਲਾਂ ਦੇ ਸੰਗ ਮਹਿਕ ਖਿਡਾਉਂਦਾ।
ਖਿੜ ਆਉਂਦੀ ਕਿਧਰੇ ਚਮੇਲੀ,
ਕਰਦੀ ਰਹਿੰਦੀ ਇਹ ਅਠਖੇਲੀ।
ਚੰਪਾ ਵੀ ਨਾ ਕਿਸੇ ਤੋਂ ਘੱਟ,
ਰੰਗ ਜਮਾਉਂਦੀ ਆਪਣਾ ਝੱਟ।
ੳੁੱਪਰ ਚੜ੍ਹਦੀ ਜਾਏ ਗਿਲੋ,
ਲੰਮੀ-ਚੌੜੀ ਵੱਡੀ ਹੋ।
ਧਰਤੀ ’ਤੇ ਕੱਦੂ ਦੀਆਂ ਵੇਲਾਂ,
ਵਧਦੀਆਂ ਜਾਵਣ ਬਣਕੇ ਰੇਲਾਂ।
ਤੋਰੀਆਂ ਦੀ ਵੀ ਵੱਖਰੀ ਸ਼ਾਨ,
ਜਿਵੇਂ ਬਗੀਚੀ ਦੀ ਇਹ ਜਾਨ।
ਤੋਰੀਆਂ ਦੀ ਸਬਜੀ ਸਵਾਦ,
ਖਾ ਕੇ ਕਰਦੀ ਦੁਨੀਆਂ ਯਾਦ।
ਗਮਲੇ ਦੇ ਵਿੱਚ ਮਨੀਪਲਾਂਟ,
ਆਖੇ ਵੀਰਿਆ ਮੈਨੂੰ ਛਾਂਟ।
ਬਹੁਤਾ ਭਾਰਾ ਹੋਈ ਜਾਵਾਂ,
ਭਾਰਾ ਹੋ ਕੇ ਲੁੜਕੀ ਜਾਵਾਂ।
ਛਟ ਗਿਆ ਤਾਂ ਮੈਂ ਬਹੁਤਾ ਮੌਲੂੰ,
ਮਨੀ ਆਉਣ ਦਾ ਰਸਤਾ ਖੋਹਲੂੰ।
ਭਿੰਡੀ ਦੇ ਬੂਟੇ ਵੱਖ ਹੱਸਣ,
ਅਸੀਂ ਵੀ ਇੱਧਰ ਵਾਜਾਂ ਕੱਸਣ!
ਲਵੀਆਂ ਭਿੰਡੀਆਂ ਤੋੜ ਬਣਾਓ,
ਬਣੀ ਸਵਾਦੀ ਸਬਜੀ ਖਾਓ।
ਚਿੱਬੜ ਵੀ ਘਾਹ ਵਿੱਚੋਂ ਝਾਕੇ,
ਕੋਈ ਤਾਂ ਮੈਨੂੰ ਵੇਖੋ ਆ ਕੇ!
ਮੈਂ ਵੀ ਥੋਡੀ ਬਗੀਆ ਅੰਦਰ,
ਖੱਟਾ-ਮਿੱਠਾ ਬੜਾ ਹੀ ਸੁੰਦਰ।
ਧਨੀਆਂ ਅਤੇ ਪੁਦੀਨਾ ਵੀ ਹੈ,
ਚਟਣੀ ਵਾਲਾ ਮਰੂਆ ਵੀ ਹੈ।
ਕਿੰਨੇ ਸਾਰੇ ਹੋਰ ਵੀ ਬੂਟੇ,
ਹਰ ਦਿਨ ਸਾਡੀ ਲੋੜ ਵੀ ਬੂਟੇ।
ਕਈ ਤਿੱਤਲੀਆਂ ਗੇੜੇ ਕੱਢਣ।
ਸਾਡੀ ਬਗੀਆ ਦੇ ਵਿੱਚ ਫੱਬਣ।
ਖਾਦਾਂ ਪਾ-ਪਾ ਸਿੰਜੇ ਬੂਟੇ,
ਹਰੇ ਰਹਿਣ ਬੱਸ ਇੰਜੇ ਬੂਟੇ।
ਸਾਨੂੰ ਖੁਸ਼ੀਆਂ ਵੰਡਦੇ ਰਹਿਣ,
ਸਾਡੇ ਦਿਲ ਮੰਦਰ ਵਿੱਚ ਰਹਿਣ।
ਭਰੀ ਬਗੀਚੀ ਸੁਹਣੀ ਕਿੰਨੀ,
ਖੁਸ਼ਬੂਆਂ ਦੇ ਨਾਲ ਭਰੀ-ਭਕੁੰਨੀ।
ਹਰਿਆਲੀ ਦਾ ਵਾਸਾ ਇੱਥੇ,
ਸੁੰਦਰ ਹੈ ਹਰ ਪਾਸਾ ਇੱਥੇ।
ਵੱਖਰੀ ਹੀ ਮਿੱਟੀ ਦੀ ਮਹਿਕ,
ਮਨ ਨੂੰ ਦਿੰਦੀ ਹਰਦਮ ਟਹਿਕ।
ਸਾਰੇ ਰਲਕੇ ਰਹਿੰਦੇ ਬੂਟੇ,
ਨਫ਼ਰਤ ਨਾ ਮਨ ਸਹਿੰਦੇ ਬੂਟੇ।
ਸਾਡੇ ਲਈ ਅਮੁੱਲ ਖਜ਼ਾਨਾ,
ਸਾਨੂੰ ਸੋਨੇ ਤੁੱਲ ਖਜ਼ਾਨਾ।
ਫੁੱਲਾਂ-ਫਲਾਂ ਤੇ ਸਬਜੀਆਂ ਵਾਲੇ,
ਸਾਡੇ ਜੀਵਨ ਦੇ ਰਖਵਾਲੇ।
ਵੇਲਾਂ-ਬੂਟੇ ਲਾਵਾਂਗੇ,
ਬਗੀਆ ਨੂੰ ਹੋਰ ਵਧਾਵਾਂਗੇ,