ਤੈਨੂੰ ਤੇ ਮੈਨੂੰ ਲੜਾਉਣ ਵਾਲਾ ਇੱਕੋ ਹੈ
ਬਲਦੀ ਤੇ ਤੇਲ ਪਾਉਣ ਵਾਲਾ ਇੱਕੋ ਹੈ
ਪਾਕ ਰਿਸ਼ਤਿਆਂ ਵਾਲੀ ਮੁਹੱਬਤ ਹੈ ਸਾਡੀ
ਨਫ਼ਰਤਾਂ ਦੀ ਲੂਤੀ ਲਾਉਣ ਵਾਲਾ ਇੱਕੋ ਹੈ
ਘੁੱਗ ਵਸਦੇ ਹਾਂ ਅਸੀਂ ਹਰ ਸ਼ਹਿਰ ਵਿੱਚ
ਮਜ਼ਹਬੀ ਦੰਗੇ ਭੜਕਾਉਣ ਵਾਲਾ ਇੱਕੋ ਹੈ
ਹਰ ਮੰਜਿਰ ਤੇ ਫੁੱਲ ਵਿਛਾਉੰਦੇ ਹਾਂ ਅਸੀਂ
ਹਰ ਰਾਹ ਕੰਡੇ ਵਿਛਾਉਣ ਵਾਲਾ ਇੱਕੋ ਹੈ
ਪੀਂਦੇ ਹਾਂ ਭਰ ਭਰ ਜਾਮ ਸਜਾਉੰਦੇ ਮਹਿਫ਼ਲਾਂ
ਜ਼ਹਿਰ ਪਿਆਲੇ ਉਹ ਪਿਲਾਉਣ ਵਾਲਾ ਇੱਕੋ ਹੈ
ਸੁਪਨੇ ਹਾਂ ਜੇ ਸਿਰਜਦੇ ਅਸੀਂ ਮਹਿਲਾਂ ਦੇ
ਝੁੱਗੀਆਂ ਨੂੰ ਅੱਗ ਲਾਉਣ ਵਾਲਾ ਇੱਕੋ ਹੈ
ਕਿਰਤ ਕਰਕੇ ਮਾਣ ਰਹੇ ਹਾਂ ਜ਼ਿੰਦਗੀ
ਮੌਤ ਦਾ ਤਾਂਡਵ ਰਚਾਉਣ ਵਾਲਾ ਇੱਕੋ ਹੈ
ਜਗਦੇ ਰੱਖਾਂਗੇ ਤੂਫ਼ਾਨਾਂ ਚ ਦੀਵੇ ਅਸੀਂ
ਨੇਰਿ੍ਹਆਂ ਨੂੰ ਗਲੇ ਲਗਾਉਣ ਵਾਲਾ ਇੱਕੋ ਹੈ
ਨਾਮ ਜਪਕੇ ਵੰਡ ਛਕਦੇ ਹਾਂ ਅਸੀਂ
“ ਕਾਉੰਕੇ”ਹੀ ਉਸਨੂੰ ਸਮਝਾਉਣ ਵਾਲਾ ਇੱਕੋ ਹੈ ।