ਅਜਬ ਪਤਾਲ (ਕਵਿਤਾ)

ਗੁਰਪ੍ਰੀਤ ਕੌਰ ਗੈਦੂ    

Email: rightangleindia@gmail.com
Address:
Greece
ਗੁਰਪ੍ਰੀਤ ਕੌਰ ਗੈਦੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਾਰਿਆਂ ਨੂੰ ਹੱਥ ਜੋੜ ਬੁਲਾਈਏ 

ਸਤਿ ਸ਼੍ਰੀ ਅਕਾਲ ਜੀ 

ਆਓ ਕਰਦੇ ਆਂ ਗੱਲਾਂ 

ਅਜਬ ਜਿਹੇ ਪਤਾਲ ਦੀਆਂ,

ਜਿੱਥੇ ਜਾਵਣ ਰੋਂਦੇ 

ਤੇ ਆਵਣ ਹੱਸਦੇ,

ਜਿੱਥੇ ਰਹੇ ਹੁੰਦੀ 

ਖਿੜ-ਖਿੜ ,ਕੁੜ-ਕੁੜ

ਬੁੜ-ਬੁੜ ਤੇ ਰੁੜ-ਪੁੜ,

ਚਲੋ ਗੱਲਾਂ ਕਰੀਏ

ਨਗਰੀ ਹਸਪਤਾਲ ਦੀਆਂ।

 

ਜਿੱਥੇ ਭੱਜੀਆਂ ਫਿਰਨ ਨਰਸਾਂ

ਬੜੀਆਂ ਨੇ ਸੁੱਘੜ ਸਿਆਣੀਆਂ

ਮਰੀਜ਼ਾਂ ਦੀ ਸੇਵਾ ਵਾਲਾ

 ਸਦਾ ਸੁੱਖ ਮਾਣਦੀਆਂ।

 

ਡਾਕਟਰ ਦੇ ਨਾਲ ਰਹਿਣ ਰਲ ਕੇ 

ਬੀਮਾਰੀਆਂ ਬਾਰੇ ਘੋਰ-ਗੰਭੀਰ 
ਮਸਲਿਆਂ ਦੇ ਬਾਰੇ ਕਰਨ ਚਰਚੇ

ਦੁੱਧੋਂ ਪਾਣੀ ਰਹਿੰਦੀਆਂ ਛਾਣਦੀਆਂ।

 

ਡਾਕਟਰਾਂ ਨੇ ਵੀ ਹੱਦ ਕਰ ਛੱਡੀ ਏ

ਪੱਖਿਆਂ ਦੇ ਨਾਲ-ਨਾਲ 

ਏ ਸੀ ਵਾਲੀ ਵੀ ਕਾਰ ਕਰ ਛੱਡੀ ਏ

ਸੰਗਤਾਂ ਬੀਮਾਰੀ ਤੋਂ ਠੀਕ ਹੋਵਣ ਦਾ

ਆਨੰਦ ਪਈਆਂ ਮਾਣਦੀਆਂ।

 

ਪਿੰਡਾਂ ਵਾਲੇ ਭੋਲੇ ਲੋਕ 

ਆਮ ਜਿਹੇ ਪੱਖਿਆਂ ਵਾਲੇ,

ਏ ਸੀ ਕਮਰਿਆਂ ਨੂੰ 

ਫਰਿੱਜਾਂ ਪਏ ਆਖਦੇ, 

ਨਾ ਕੋਈ ਰਹੇ ਭੁੱਖਾ ਨਾ ਕੋਈ ਮਸਲਾ 

ਚੀਜਾਂ ਮਿਲਣ ਹਜ਼ਾਰਾਂ ਵਿੱਚ ਕੰਟੀਨ ਦੇ 
ਪੀਣ ਦੀਆਂ ਤੇ ਖਾਣ ਦੀਆਂ।

 

ਘਰ ਨਾਲੋਂ ਵੀ ਮੌਜ਼ ਬਣਾ 'ਤੀ ਏ

ਠੰਢੇ ਪਾਣੀ ਵਾਲੀ ਟੂਟੀ ਵੀ ਲਗਵਾ 'ਤੀ ਏ

ਪਾਣੀ ਜੋ ਕਹਾਵੇ ਪਿਤਾ 

ਨਾ ਕਰੇ ਕਦੇ ਗੱਲਾਂ ਓਹੋ ਕਿਸੇ ਕਾਣ ਦੀਆਂ ।

 

ਬਈ ਇੱਧਰੋਂ ਡਾਕਟਰ 

ਓਧਰੋਂ ਨਰਸਾਂ ਤੇ ਕੰਪਾਊਡਰ 

ਤੁਰੇ ਈ ਰਹਿੰਦੇ ਦੇਖਣ ਮਰੀਜ਼ਾਂ ਨੂੰ 

ਨਾ ਕਰਨ ਫ਼ਿਕਰਾਂ ਸਵੇਰ ਦੀਆਂ ਤੇ ਸ਼ਾਮ ਦੀਆਂ।

 

ਸੱਚੀਂ! ਆਖਣ ਨੂੰ ਤਾਂ ਕੀ ਆਖਾਂ ਹੁਣ 

ਡਾਕਟਰ ਵੀ ਰੱਬ ਤੋਂ ਘੱਟ ਨਹੀਂ 

ਕਰ ਸਕਦੇ ਨੇ 'ਬਹੁ ਕੁੱਝ ਬੀਮਾਰਾਂ ਤੇ ਲਾਚਾਰਾਂ  ਦੇ ਲਈ 

ਪਰ ਹੱਥ ਵਿੱਚ ਜੇ ਇਹ ਵੀ ਰੱਖ ਲੈਂਦੇ

ਤਾਂ ਕਿੰਨਾਂ ਚੰਗਾ ਹੋਣਾ ਸੀ

ਨਾ ਕੋਈ ਰੌਲਾ ਤੇ ਨਾ ਰੋਣਾ ਸੀ,

ਜੇ ਕਿੱਧਰੇ ਕੋਈ 

ਹੱਟ ਈ ਪਾ ਲੈਂਦੇ   

ਮੁੱਲ ਵਿਕਦੀ ਹੁੰਦੀ ਕਿੱਧਰੇ ਮੌਤ ਤੇ 

ਬੋਲੀਆਂ ਲੱਗਦੀਆਂ ਕਿੱਧਰੇ ਜਾਨ ਦੀਆਂ।

ਨਾ ਫ਼ਿਰ ਗੱਲਾਂ ਹੋਣੀਆਂ ਸੀ

ਚਿਤਰ ਗੁਪਤ ਦੀਆਂ ਤੇ ਨਾ ਕਿਸੇ ਕਾਲ ਦੀਆਂ

 

ਆਓ ਅੱਜ ਗੱਲਾਂ ਕਰੀਏ 

ਅਜਬ ਜਿਹੇ ਪਤਾਲ ਦੀਆਂ 

ਜਿੱਥੇ ਜਾਵਣ ਰੋਂਦੇ 

ਤੇ ਆਵਣ ਹੱਸਦੇ 

ਜਿੱਥੇ ਰਹੇ ਹੁੰਦੀ 

ਖਿੜ-ਖਿੜ ਤੇ ਕੁੜ-ਕੁੜ

ਬੁੜ-ਬੁੜ ਤੇ ਰੁੜ-ਪੁੜ

ਆਓ ਗੱਲਾਂ ਕਰੀਏ 

ਨਗਰੀ ਹਸਪਤਾਲ ਦੀਆਂ 

ਨਗਰੀ ਹਸਪਤਾਲ ਦੀਆਂ।