ਦਿੱਲੀ ਦਿਆ ਹਾਕਮਾਂ (ਕਵਿਤਾ)

ਮਲਕੀਅਤ "ਸੁਹਲ"   

Email: malkiatsohal42@yahoo.in
Cell: +91 98728 48610
Address: ਪਿੰਡ- ਨੋਸ਼ਹਿਰਾ ਬਹਾਦੁਰ ਪੁਲ ਤਿਬੜੀ
ਗੁਰਦਾਸਪੁਰ India
ਮਲਕੀਅਤ "ਸੁਹਲ" ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦਿੱਲੀ ਦਿਆ ਹਾਕਮਾਂ ਤੂੰ  ਸੋਚ ਤੇ ਵੀਚਾਰ ਵੇ।
   ਕਿੱਰਤੀ ਕਿਸਾਨਾਂ ਤਾਈਂ  ਐਵੇਂ ਨਾ ਵੰਗਾਰ ਵੇ। 

   ਇਹ ਧਰਤੀ ਦੇ ਮਾਲਕ ਤੇ ਧਰਤੀ ਦੇ ਜਾਏ ਨੇ।
   ਕਾਲਿਆਂ ਕਨੂੰਨਾਂ ਦੇ ਤੂੰ, ਕਿਉਂ ਫਾਹੇ ਪਾਏ ਨੇ।
   ਮਜਦੂਰ ਤੇ ਕਿਸਾਨ ਤੈਨੂੰ, ਰਿਹਾ  ਲਲਕਾਰ ਵੇ,
   ਦਿੱਲੀ ਦਿਆ ਹਾਕਮਾਂ ਤੂੰ  ਸੋਚ ਤੇ ਵੀਚਾਰ ਵੇ।
   ਕਿੱਰਤੀ ਕਿਸਾਨਾਂ ਤਾਈਂ  ਐਵੇਂ ਨਾ ਵੰਗਾਰ ਵੇ। 

   ਕੁਰਸੀ ਤੇ ਬਹਿਕੇ ਸਦਾ, ਰਾਜ ਨਹੀਉਂ ਕਰਨਾ।
   ਖੇਤਾਂ ਦਿਆਂ ਰਾਜਿਆਂ ਨੇ,ਤੈਥੋਂ ਨਹੀਉਂ ਡਰਨਾ।
   ਲਾਅਨਤਾਂ ਹੈ  ਪਾਉਂਦਾ ਤੈਨੂੰ, ਸਾਰਾ ਸੰਸਾਰ ਵੇ, 
     ਦਿੱਲੀ ਦਿਆ ਹਾਕਮਾਂ ਤੂੰ  ਸੋਚ ਤੇ ਵੀਚਾਰ ਵੇ।
   ਕਿੱਰਤੀ ਕਿਸਾਨਾਂ ਤਾਈਂ  ਐਵੇਂ ਨਾ ਵੰਗਾਰ ਵੇ।

   ਉਹ ਆਪਣੇ ਹੀ ਤੇਰੇ ਤੈਨੂੰ, ਵੇਖੀਂ ਮਾਰ ਦੇਣਗੇ।
   ਹੱਕਾਂ ਲਈ ਜੋ ਲੜਦੇ, ਉਹ ਸੀਸ ਵਾਰ ਦੇਣਗੇ।
   ਤੈਨੂੰ ਮਗ਼ਰੂਰੀ ਦਾ ਕਿਉਂ, ਚੜ੍ਹਿਆ  ਬੁਖ਼ਾਰ ਵੇ,
   ਦਿੱਲੀ ਦਿਆ ਹਾਕਮਾਂ ਤੂੰ  ਸੋਚ ਤੇ ਵੀਚਾਰ ਵੇ।
   ਕਿੱਰਤੀ ਕਿਸਾਨਾਂ ਤਾਈਂ  ਐਵੇਂ ਨਾ ਵੰਗਾਰ ਵੇ।

   ਸ਼ਹੀਦ ਜਿਹੜੇ ਹੋਏ ਉਨ੍ਹਾਂ,ਤੈਨੂੰ ਨਹੀਉਂ ਛੱਡਣਾ।
   ਤਿੱਖੇ ਕਿੱਲਾਂ ਨਾਲ ਉਹਨਾਂ,ਖਾਈ ਵਿਚ ਗੱਡਣਾ।
   “ਧਰਤਿ ਵੰਗਾਰੇ” ਹੁਣ, ਮੱਚੀ ਹਾਹਾ-ਕਾਰ ਵੇ,
   ਦਿੱਲੀ ਦਿਆ ਹਾਕਮਾਂ ਤੂੰ  ਸੋਚ ਤੇ ਵੀਚਾਰ ਵੇ।
   ਕਿੱਰਤੀ ਕਿਸਾਨਾਂ ਤਾਈਂ  ਐਵੇਂ ਨਾ ਵੰਗਾਰ ਵੇ।

   ਮੋਰਚੇ ਤੇ ਬੈਠੀਆਂ ਨੇ, ਝਾਂਸੀ ਦੀਆਂ ਰਾਣੀਆਂ।
   ਭਾਗੋ ਜਿਹੀਆਂ ਮਾਵਾਂ ਨੇ,ਬੜੀਆਂ ਸਿਆਣੀਆਂ
   ਭਗਤ- ਸਰਾਭੇ ਦੇ ਨਹੀਂ, ਝੱਲੇ ਜਾਣੇ  ਵਾਰ ਵੇ,
   ਦਿੱਲੀ ਦਿਆ ਹਾਕਮਾਂ ਤੂੰ  ਸੋਚ ਤੇ ਵੀਚਾਰ ਵੇ।
   ਕਿੱਰਤੀ ਕਿਸਾਨਾਂ ਤਾਈਂ  ਐਵੇਂ ਨਾ ਵੰਗਾਰ ਵੇ।

  ਇਹ ਅੰਨਦਾਤੇ ਜੱਗ ਦੇ, ਜੋ ਖ਼ੈਰ ਨਹੀਉਂ ਮੰਗਦੇ।
  ਆਪਣਿਆਂ ਹੱਕਾਂ ਲਈ,ਇਹ ਜਾਨ ਸੂਲੀ ਟੰਗਦੇ।
  ‘ਸੁਹਲ’ ਸਾਡੇ ਖੇਤਾਂ ਦੀ, ਨਾ ਸਾੜ ਗੁਲਜ਼ਾਰ ਵੇ,
  ਦਿੱਲੀ ਦਿਆ ਹਾਕਮਾਂ ਤੂੰ  ਸੋਚ ਤੇ  ਵੀਚਾਰ ਵੇ।
  ਕਿੱਰਤੀ  ਕਿਸਾਨਾਂ ਤਾਈਂ  ਐਵੇਂ ਨਾ ਵੰਗਾਰ ਵੇ।