ਵਿਪਸਾ ਦੀ ਮਾਸਿਕ ਮਿਲਣੀ ਜ਼ੂਮ ਲਿੰਕ ਰਾਹੀਂ ਹੋਈ (ਖ਼ਬਰਸਾਰ)


ਬੀਤੇ ਦਿਨੀਂ ਡਾ. ਸੁਖਵਿੰਦਰ ਕੰਬੋਜ ਦੀ ਪ੍ਰਧਾਨਗੀ ਹੇਠ ਹੋਈ  ਵਿਪਸਾ ਦੀ ਮਾਸਿਕ ਮਿਲਣੀ ਜ਼ੂਮ ਲਿੰਕ ਰਾਹੀਂ ਹੋਈ। ਜਨਰਲ ਸਕੱਤਰ ਕੁਲਵਿੰਦਰ ਨੇ ਜੀ ਆਇਆਂ ਕਹਿੰਦੇ ਹੋਏ,  ਡਾ. ਸੁਖਵਿੰਦਰ ਕੰਬੋਜ ਨੂੰ ਪ੍ਰੋਗਰਾਮ ਦੀ ਰੂਪ-ਰੇਖਾ ਦੱਸਣ ਲਈ ਸੱਦਾ ਦਿੱਤਾ।ਡਾ.ਕੰਬੋਜ ਨੇ ਹਾਜ਼ਰ ਸਾਹਿਤਕਾਰਾਂ ਦਾ ਸਵਾਗਤ ਕਰਦੇ ਹੋਏ ਮਹਿੰਦਰ ਸਾਥੀ, ਜਨਮੇਜਾ ਸਿੰਘ ਜੌਹਲ ਜੀ ਦੀ ਧਰਮਾ ਪਤਨੀ ਪਿੰਕੀ, ਜਰਨੈਲ ਸਿੰਘ ਐਮ.ਐਲ.ਏ, ਪਿ੍ਰੰੰਸੀਪਲ ਸੁਲੱਖਣ ਮੀਤ, ਸੁਰਿੰਦਰ ਸੀਰਤ ਦੀ ਸੱਸ ਗੁਣਵੰਤ ਕੌਰ ਅਤੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੀਆਂ ਵਿਛੜੀਆਂ ਰੂਹਾਂ ਨੂੰ ਸ਼ਰਧਾਜਲੀ ਭੇਂਟ ਕੀਤੀ।
ਦੂਜੇ ਸੈਸ਼ਨ ਵਿਚ ਲਾਜ ਨੀਲਮ ਸੈਣੀ ਨੇ ਤਾਰਾ ਸਾਗਰ ਦੀ ਜਾਣ-ਪਛਾਣ ਕਰਵਾਉਂਦੇ  ਦੱਸਿਆ ਕਿ ਤਾਰਾ ਸਾਗਰ 1995 ਤੋਂ ਲੈ ਕੇ ਹੁਣ ਤੱਕ ਸਾਹਿਤਕ ਅਤੇ ਸਭਿਆਚਾਰਕ ਜਥੇਬੰਦਕ ਕਾਰਜਾਂ ਵਿਚ ਸਰਗਰਮ ਰਹੇ। ਸਾਗਰ ਨੇ ਹਰ ਸੰਸਥਾ ਵਿਚ ਆਪਣੀ ਭੂਮਿਕਾ ਸੁਹਿਰਦਤਾ ਅਤੇ ਦਿਆਨਤਦਾਰੀ ਨਾਲ ਨਿਭਾਈ ਹੈ।ਸਿਰਜਣਾ ਦਾ ਕੰਮ ਘੱਟ ਪਰ ਨਿਰੰਤਰ ਕੀਤਾ ਹੈ। ਉਹ ਇਕ ਸ਼ਾਇਰ ਅਤੇ ਕਹਾਣੀਕਾਰ ਹੋਣ ਦੇ ਨਾਲ-ਨਾਲ਼ ਚੰਗੇ ਕਲਾਕਰ ਵੀ ਹਨ। ਉਨ੍ਹਾਂ ਨੇ ‘ਕਲਾਕਾਰ ਮੰਚ’ ਵਲੋਂ ਖੇਡੇ ਵੱਖ-ਵੱਖ ਨਾਟਕਾਂ ਵਿਚ ਵਧੀਆ ਕਿਰਦਾਰ  ਨਿਭਾਏ ਹਨ। ਚਰਚਿਤ ਪੰਜਾਬੀ ਮੂਵੀ ‘ਧੀਆਂ ਮਰ ਜਾਣੀਆਂ’ ਵਿਚ ਉਨ੍ਹਾਂ ਵਲੋਂ ਨਿਭਾਈ ਅਮਲੀ ਦੀ ਭੂਮਿਕਾ ਦਰਸ਼ਕਾਂ ਦੇ ਚੇਤਿਆਂ ਵਿਚ ਵਸੀ ਹੋਈ ਹੈ।ਉਨ੍ਹਾਂ ਦਾ ਪਲੇਠਾ ਕਾਵਿ ਸੰਗ੍ਰਹਿ‘ਰੇਤ ਮਹਿਲ’2012 ਵਿਚ ਪ੍ਰਕਾਸ਼ਿਤ ਹੋਇਆ।ਇਸ ਤੋਂ ਇਲਾਵਾ ਅਮਰੀਕੀ ਪੰਜਾਬੀ ਕਾਵਿ ਸੰਗ੍ਰਹਿ ‘ਉਧਾਰ ਲਏ ਪਰਾਂ ਦੀ ਦਾਸਤਾਨ’ ਦੀ ਸਹਿ ਸੰਪਾਦਨਾ ਵੀ ਕੀਤੀ ਅਤੇ ਕੁਝ ਕਹਾਣੀਆਂ ਵੀ ਸਿਰਜੀਆਂ ਹਨ।
ਇਸ ਉਪਰੰਤ ‘ਤਾਰਾ ਸਾਗਰ ਦਾ ਕਾਵਿ ਸੰਸਾਰ’- ਡਾ. ਉਮਿੰਦਰ ਜੌਹਲ ਵਲੋਂ ਅਲੋਚਨਾਤਮਿਕ ਪੇਪਰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਿਆ ਗਿਆ। ਉਨ੍ਹਾਂ ਕਿਹਾ ਕਿ ਤਾਰਾ ਸਾਗਰ ਦੀ ਜੀਵਨ ਸਾਧਨਾ ਲੰਮੀ ਹੈ ਅਤੇ ਇਹੋ ਕਾਰਣ ਹੈ ਕਿ ਉਨ੍ਹਾਂ ਇਸਨੂੰ ਤਾਰਾ ਸਾਗਰ ਦੇ ਕਾਵਿ-ਸੰਸਾਰ ਦਾ ਨਾਮ ਦਿੱਤਾ ਹੈ। ਤਾਰਾ ਸਾਗਰ ਦੀ ਕਵਿਤਾ ਅਮਰੀਕੀ ਧਰਤੀ ਤੇ ਵਸਦੇ ਪੰਜਾਬੀ ਬੰਦੇ ਦੀ ਸੰਵੇਦਨਾ ਦਾ, ਉਹ ਦਸਤਾਵੇਜ਼ ਹੈ, ਜਿਸ ਵਿਚ ਸਮਾਜਿਕ ਵਿਵਸਥਾ ਦੀਆਂ ਗੁੰਝਲਾਂ ਦਾ ਤਲਿੱਸਮ ਬੰਦੇ ਲਈ ਸੂਝ ਬਾਹਰਾ ਵਰਤਾਰਾ ਬਣ ਕੇ ਬੰਦੇ ਦੀ ਹੋਣੀ ਬਣਿਆ ਹੋਇਆ ਹੈ।ਇਸ ਨੂੰ ਭੋਗਦੀ ਸਧਾਰਨ ਮਾਨਸਿਕਤਾ ਬੇਵੱਸੀ ਦੇ ਆਲਮ ਨੂੰ ਹੰਢਾਉਂਦੀ ਹੈ।‘ਰੇਤ ਮਹਿਲ’ ਨੂੰ ਚਿੰਤਨ ਅਤੇ ਜੀਵਨ ਮੁੱਲਾਂ ਦੀ ਪ੍ਰਤੀਬੱਧਤਾ ਦੀ ਕਵਿਤਾ ਕਹਿ ਸਕਦੇ ਹਾਂ।ਪਰਚੇ ਬਾਰੇ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਡਾ. ਸੁਹਿੰਦਰਬੀਰ ਨੇ ਕਿਹਾ ਕਿ ਉਮਿੰਦਰ ਜੌਹਲ ਦੇ ਪੇਪਰ ਦੀ ਵਿਸ਼ਸ਼ੇਤਾ ਪੇਪਰ ਦੀ ਜਟਿਲਤਾ ਸੀ।ਉਹਨਾਂ ਨੇ ਕਵਿਤਾ ਦੀ ਗਹਿਰਾਈ ਵਿਚ ਜਾ ਕੇ ਇਸਦੇ ਜਲਿਟ ਵਰਤਾਰੇ ਨੂੰ ਸਾਡੇ ਨਾਲ਼ ਸਾਂਝਾ ਕੀਤਾ ਹੈ।ਉਨ੍ਹਾਂ ਕਿਹਾ ਕਿ ਤਾਰਾ ਸਾਗਰ ਇਕ ਸੁਚੇਤ ਸ਼ਾਇਰ ਹੈ ਜੋ ਇਨਸਾਨੀ ਕਦਰਾਂ ਕੀਮਤਾਂ ਨੂੰ ਉਚੇਰੀਆਂ ਕਦਰਾਂ-ਕੀਮਤਾਂ ਨਾਲ਼ ਜੋੜ ਕੇ ਬੇਗਮਪੁਰੇ ਦੇ ਰਾਹ ਵੱਲ ਤੋਰਦਾ ਹੈ:
ਜਿਹਨ ਵਿਚ ਬਿਖਰੇ ਪਏ ਨੇ
ਅੱਖਰ, ਸ਼ਬਦ, ਵਾਕ
ਲੜੀਬੱਧ ਨਹੀਂ ਹੋ ਰਹੇ
ਕਿਸੇ ਕਵਿਤਾ ਖਾਤਿਰ
ਕਵੀ ਉਸਲਵੱਟੇ ਲੈਂਦਾ ਹੈ
ਨਹੀਂ ਅਹੁੜ ਰਹੀ ਕਵਿਤਾ
ਸਮਾਧੀ ਲਗਾਉਂਦਾ ਹੈ
ਆਮਦ ਦੀ ਉਡੀਕ ਕਰਦਾ ਹੈ…
ਡਾ. ਸੁਖਵਿੰਦਰ ਕੰਬੋਜ ਨੇ ਕਿਹਾ ਕਿ ਉਹ ਡਾ. ਉਮਿੰਦਰ ਜੌਹਲ ਅਤੇ ਡਾ. ਸੁਹਿੰਦਰਬੀਰ ਦੇ ਅਤਿ ਧੰਨਵਾਦੀ ਹਨ। ਉਨ੍ਹਾਂ ਵਲੋਂ ਵਿਪਸਾ ਨੂੰ ਲਗਾਤਾਰ ਦਿੱਤਾ ਜਾ ਰਿਹਾ ਸਹਿਯੋਗ ਕਾਬਿਲੇ-ਤਾਰੀਫ਼ ਹੈ।ਤਾਰਾ ਸਾਗਰ ਪਰਵਾਸੀ ਪੰਜਾਬੀ ਕਵਿਤਾ ਦਾ ਮਾਣਯੋਗ ਹਸਤਾਖ਼ਰ ਹੈ, ਜਿਸਨੇ ਜੀਵਨ ਦੇ ਸਥਾਈ ਮੁੱਲਾਂ ਨੂੰ ਆਪਣੀ ਕਵਿਤਾ ਵਿਚ ਪੇਸ਼ ਕੀਤਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਵਿਪਸਾ ਦੀ ਮਾਸਿਕ ਮਿਲਣੀ ਵਿਚ ਹਰ ਮਹੀਨੇ ਪੇਸ਼ ਕੀਤੇ ਜਾਣ ਵਾਲੇ ਅਲੋਚਨਾਤਮਿਕ ਪੇਪਰਾਂ ਨੂੰ ਪੁਸਤਕ ਦਾ ਰੁਪ ਦਿੱਤਾ ਜਾਵੇਗਾ।ਇਸ ਉਪਰੰਤ ਡਾ. ਗੁਰਪ੍ਰੀਤ ਧੁੱਗਾ, ਗੁਲਸ਼ਨ ਦਿਆਲ, ਚਰਨਜੀਤ ਪੰਨੂ, ਅਮਰਜੀਤ ਪੰਨੂੰ, ਸੁਰਜੀਤ ਸਖੀ  ਅਤੇ ਕੁਲਵਿੰਦਰ ਨੇ ਇਸ ਪੇਪਰ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਤਾਰਾ ਸਾਗਰ ਨੂੰ ਉਨ੍ਹਾਂ ਦੇ ਕਾਵਿ-ਸੰਸਾਰ ਬਾਰੇ ਭਾਵ-ਪੂਰਤ ਸਵਾਲ ਵੀ ਪੁੱਛੇ।
ਇਸ ਉਪਰੰਤ ਕਵੀ ਦਰਬਾਰ ਵਿਚ ਤਾਰਾ ਸਾਗਰ, ਗੁਲਸ਼ਨ ਦਿਆਲ, ਸੁਖਪਾਲ ਸੰਘੇੜਾ, ਅਮਰਜੀਤ ਪੰਨੂੰ, ਸੇਵਾ ਸਿੰਘ ਨੂਰਪੁਰੀ, ਮਹਿੰਦਰ ਸਿੰਘ ਸੰਘੇੜਾ, ਡਾ. ਗੁਰਪ੍ਰੀਤ ਧੁੱਗਾ, ਐਸ਼ ਕਮ ਐਸ਼, ਚਰਨਜੀਤ ਸਿੰਘ ਪੰਨੂੰ, ਸੁਰਜੀਤ ਸਖੀ, ਲਾਜ ਨੀਲਮ ਸੈਣੀ, ਕੁਲਵਿੰਦਰ ਅਤੇ ਡਾ. ਸੁਖਵਿੰਦਰ ਕੰਬੋਜ ਨੇ ਹਿੱਸਾ ਲਿਆ। ਲਾਜ ਨੀਲਮ ਸੈਣੀ ਅਤੇ ਕੁਲਵਿੰਦਰ ਨੇ ਮੰਚ-ਸੰਚਾਲਨ ਬਾਖ਼ੂਬੀ ਨਿਭਾਇਆ।