ਕੀ ਸਮੇਂ ਆ ਗੲੇ ਨੇ ਵੀਰੋ ਅੱਜ ਹੱਥ ਨੂੰ ਹੱਥ ਈ ਖਾਈ ਜਾਂਦਾ ਹੈ।ਐਸੀ ਬਹੁਤ ਹੀ ਭਿਆਨਕ,ਨਾਮੁਰਾਦ ਤੇ ਲਾ ਇਲਾਜ ਬੀਮਾਰੀ ਵਿੱਚ ਕੁੱਲ ਦੁਨੀਆਂ ਗ੍ਰਿਸਤ ਹੋਈ ਪਈ ਹੈ ਜਿਸ ਨੂੰ ਕਰੋਨਾ ਮਹਾਂਮਾਰੀ ਦਾ ਨਾਮ ਦਿੱਤਾ ਗਿਆ ਹੈ।ਇਸ ਨਾਜ਼ੁਕ ਦੌਰ ਵਿੱਚ ਚਾਹੀਦਾ ਤਾਂ ਇਹ ਸੀ ਕਿ ਇਨਸਾਨ, ਇਨਸਾਨ ਦੇ ਕੰਮ ਆਵੇ।ਇਹੀ ਓਸ ਅਕਾਲਪੁਰਖ ਵੱਲੋਂ ਹੋ ਸਕਦਾ ਹੈ ਪਰਖ ਦੀ ਘੜੀ ਵੀ ਹੋਵੇ?ਆਮ ਕਹਾਵਤ ਵੀ ਹੈ ਕਿ ਓਹਦੀਆਂ ਓਹ ਆਪੇ ਹੀ ਜਾਣਦਾ ਹੈਂ।ਪਰ ਹੋ ਕੀ ਰਿਹਾ ਹੈ ਇਹ ਵੀ ਆਪਾਂ ਸਾਰਿਆਂ ਤੋਂ ਗੁੱਝਾ ਨਹੀਂ ਹੈ। ਇੰਟਰਨੈੱਟ ਤੇ ਮੀਡੀਆ ਦੇ ਇਸ ਯੁੱਗ ਵਿੱਚ ਇਕ ਪਲ ਲਈ ਵੀ ਗੱਲ ਕਿਸੇ ਤੋਂ ਗੁੱਝੀ ਨਹੀਂ ਰਹਿੰਦੀ।ਸੀ ਸੀ ਟੀ ਵੀ ਕੈਮਰੇ ਵੀ ਥਾਂ ਥਾਂ ਲੱਗੇ ਹੋਏ ਨੇ,ਬਾਕੀ ਹਰ ਇੱਕ ਇਨਸਾਨ ਕੋਲ ਇੱਕ ਇੱਕ ਨਹੀਂ ਬਲਕਿ ਦੋ ਦੋ ਮਹਿੰਗੇ ਮੁੱਲ ਦੇ ਮੋਬਾਇਲ ਜੇਬ੍ਹ ਵਿੱਚ ਹਨ।ਨਾਲ ਦੀ ਨਾਲ ਹੀ ਵੀਡੀਓ ਬਣਾ ਕੇ ਫੇਸਬੁੱਕ, ਵਟਸਐਪ ਇੰਸਟਾਗ੍ਰਾਮ ਤੇ ਹੋਰ ਪਤਾ ਨਹੀਂ ਕਿਥੇ ਕਿਥੇ ਪਾ ਕੇ ਸਾਰੀ ਦੁਨੀਆਂ ਵਿੱਚ ਘੁੰਮ ਜਾਂਦੀ ਹੈ।
ਅੱਜ ਦੇ ਇਸ ਭਿਅੰਕਰ ਦੌਰ ਵਿੱਚ ਆਪਣੇ ਹੀ ਆਪਣਿਆਂ ਤੋਂ ਮੁੱਖ ਮੋੜ ਰਹੇ ਹਨ।ਲਹੂ ਚਪੇਤ ਹੋ ਗੲੇ ਹਨ।ਜੋ ਇਸ ਕਰੋਨਾ ਮਹਾਂਮਾਰੀ ਦੀ ਲਪੇਟ ਵਿੱਚ ਆ ਗਿਆ ਹੈ ਉਸ ਦੇ ਆਪਣਿਆਂ ਨੇ ਹੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਇਹ ਗੱਲਾਂ ਮੀਡੀਆ ਰਾਹੀਂ ਹੀ ਕੁੱਲ ਆਲਮ ਕੋਲ ਪਹੁੰਚਦੀਆਂ ਹਨ। ਹੁਣ ਇੱਕ ਵਾਰ ਮੱਠੀ ਪੈ ਕੇ ਦੂਜੀ ਵਾਰ ਇਸ ਬੀਮਾਰੀ ਨੇ ਪੂਰੀ ਤਾਕਤ ਨਾਲ ਫਿਰ ਸਭਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।ਇਸ ਵਾਰ ਬਹੁਤ ਥਾਈਂ ਡਾਕਟਰ ਸਾਹਿਬ ਅਸਤੀਫ਼ੇ ਦੇ ਰਹੇ ਹਨ,ਇਸ ਵਿੱਚ ਕੀ ਰਾਜ ਹੈ,ਇਹ ਤਾਂ ਓਹ ਖੁਦ ਹੀ ਦੱਸ ਸਕਦੇ ਹਨ,ਪਰ ਜੇਕਰ ਇਨਸਾਨੀਅਤ ਦੇ ਨਾਤੇ ਸੋਚੀਏ ਤਾਂ ਬਿਲਕੁਲ ਵੀ ਇਸ ਨਾਜ਼ੁਕ ਸਥਿਤੀ ਵਿਚ ਅਸਤੀਫਿਆਂ ਦੀ ਕੋਈ ਤੁੱਕ ਨਹੀਂ ਸੀ ਬਣਦੀ। ਇਸੇ ਤਰ੍ਹਾਂ ਇੱਕ ਹੋਰ ਨਵੀਂ ਗੱਲ ਵੀ ਸੁਨਣ ਲਈ ਮਿਲ ਰਹੀ ਹੈ ਕਿ ਇੱਕ ਟੈਕਸੀ ਨੇ ਗੁਰੂਗ੍ਰਾਮ (ਗੁੜਗਾਓਂ) ਤੋਂ ਲੁਧਿਆਣੇ ਤੱਕ ਦਾ ਇੱਕ ਮਰੀਜ ਲਿਆਉਣ ਦਾ ਕਿਰਾਇਆ ਇੱਕ ਲੱਖ ਰੁਪਏ ਲੲੇ,ਓਹ ਗੱਲ ਵੱਖਰੀ ਹੈ ਕਿ ਬਾਅਦ ਵਿੱਚ ਮੀਡੀਆ ਵਿੱਚ ਇਹ ਖ਼ਬਰ ਆਉਣ ਤੇ ਪੈਸੇ ਵਾਪਸ ਵੀ ਕਰ ਦਿੱਤੇ।ਪਰ ਸੋਚਣ ਵਾਲੀ ਗੱਲ ਹੈ ਕਿ ਇਨਸਾਨੀਅਤ ਨਾਂਅ ਦੀ ਕੋਈ ਚੀਜ਼ ਕਿਧਰੇ ਵਿਖਾਈ ਨਹੀਂ ਦਿੰਦੀ।
ਖਾਣ ਪੀਣ ਵਾਲੀਆਂ ਸਬਜ਼ੀਆਂ ਫਰੂਟ ਦੇ ਭਾਅ ਵੀ ਇਸ ਦੌਰਾਨ ਅਸਮਾਨ ਨੂੰ ਛੂਹ ਰਹੇ ਹਨ, ਇਨੀਂ ਮਹਿੰਗਾਈ ਨਹੀਂ ਹੈ ਜਿੰਨੀ ਅਜੋਕੇ ਮਨੁੱਖ ਨੇ ਇਸ ਨਾਜ਼ੁਕ ਸਮੇਂ ਦਾ ਲਾਹਾ ਲੈਂਦਿਆਂ ਲੁਕਾਈ ਦਾ ਚੰਮ ਉਧੇੜਨ ਦੀ ਗੱਲ ਕਰ ਰਹੇ ਹਨ।ਜਦ ਕਿ ਚਾਹੀਦਾ ਇਹ ਹੈ ਕਿ ਇਸ ਸਮੇਂ ਦੌਰਾਨ ਇਨਸਾਨ ਇਨਸਾਨ ਦੇ ਕੰਮ ਆਵੇ।ਇਸ ਸਮੇਂ ਇਸ ਨਾਮੁਰਾਦ ਬੀਮਾਰੀ ਵਿੱਚ ਗ੍ਰਿਸਤ ਲੋਕਾਂ ਨੂੰ ਪਿਆਰ ਮੁਹੱਬਤ ਅਪਣੱਤ ਦੀ ਅਤਿਅੰਤ ਜ਼ਰੂਰਤ ਹੈ ।ਇਹ ਤਾਂ ਹਰ ਇੱਕ ਇਨਸਾਨ ਨੂੰ ਪਤਾ ਹੈ ਕਿ ਜੋ ਵੀ ਜੀਵ ਜੰਤੂ ਇਨਸਾਨ ਬਣਸਪਤੀ ਇਸ ਧਰਤੀ ਤੇ ਆਇਆ ਹੈ ਉਸ ਨੇ ਇੱਕ ਨਾ ਇੱਕ ਦਿਨ ਇਥੋਂ ਆਪਣੇ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਜਾਣਾ ਹੈ। ਫਿਰ ਕਿਉਂ ਨਾ ਸੱਚੀ ਇਨਸਾਨੀਅਤ ਤੇ ਪਹਿਰਾ ਦਿੰਦੇ ਹੋਏ ਦੁੱਖੀ ਲਾਚਾਰਾਂ ਨਾਲ ਹਮਦਰਦੀ ਜਿਤਾਉਂਦੇ ਹੋਏ ਓਨਾਂ ਦੀ ਆਪਣੀ ਹੈਸੀਅਤ ਮੁਤਾਬਿਕ ਸੇਵਾ ਕਰੀਏ। ਮਾਇਆ ਜੋ ਇਨਸਾਨ ਇਸ ਨਾਜ਼ੁਕ ਦੌਰ ਵਿੱਚ ਦੁਖੀ ਲੋਕਾਂ ਨੂੰ ਹੋਰ ਦੁਖੀ ਕਰਕੇ ਕਮਾ ਰਿਹਾ ਹੈ ਓਹ ਸੱਚਮੁੱਚ ਕਿਸੇ ਮਾੜੇ ਥਾਂ ਤੇ ਹੀ ਲੱਗੇਗੀ ਇਹ ਗੱਲ ਪੱਕੇ ਯਕੀਨ ਨਾਲ ਕਹੀ ਜਾ ਸਕਦੀ ਹੈ ਤੇ ਇਸ ਤਰਾਂ ਦੀਆਂ ਅਨੇਕਾਂ ਹੀ ਉਦਾਹਰਣਾਂ ਵੀ ਮੌਜੂਦ ਹਨ।
ਇਸੇ ਤਰ੍ਹਾਂ ਸਰਕਾਰਾਂ ਵੱਲੋਂ, ਸ਼ਹਿਰਾਂ ਦੇ ਪ੍ਰਸ਼ਾਸਨ ਵੱਲੋਂ ਕਰੋਨਾ ਦੇ ਮੱਦੇਨਜ਼ਰ ਹਰ ਰੋਜ਼ ਸਖਤੀ ਕੀਤੀ ਜਾਂਦੀ ਹੈ। ਓਨਾਂ ਦਾ ਕੰਮ ਲੁਕਾਈ ਨੂੰ ਇਸ ਭਿਅੰਕਰ ਦੌਰ ਵਿੱਚ ਬਚਾਉਣ ਲਈ ਜੋ ਉਪਰਾਲੇ ਕੀਤੇ ਜਾਂਦੇ ਹਨ ਆਪਾਂ ਸਭਨਾਂ ਨੂੰ ਓਨਾਂ ਦਾ ਸਾਥ ਦੇਣਾ ਚਾਹੀਦਾ ਹੈ।ਪਰ ਇਸ ਦੇ ਇਵਜ ਵਿੱਚ ਪੁਲਿਸ ਵਿਭਾਗ ਵੱਲੋਂ ਕੲੀ ਥਾੲੀਂ ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਣ ਵਾਲਿਆਂ ਨਾਲ ਸ਼ਰੇਆਮ ਧੱਕਾ ਕਰਦਿਆਂ ਦੀਆਂ ਵੀਡੀਓਜ਼ ਵੀ ਵਾਇਰਲ ਹੋਈਆਂ ਹਨ। ਫਗਵਾੜੇ ਦੀ ਤਾਜ਼ਾ ਘਟਨਾ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ।ਆਓ ਆਪਾਂ ਸਾਰੇ ਰਲਮਿਲ ਕੇ ਜੋ ਜੋ ਵੀਰ ਤੰਦਰੁਸਤ ਨੇ ਇਨ੍ਹਾਂ ਬੀਮਾਰੀ ਵਿੱਚ ਗ੍ਰਿਸਤ ਇਨਸਾਨਾਂ ਦੀ ਮਦਦ ਕਰੀਏ, ਇਨ੍ਹਾਂ ਨੂੰ ਪਿਆਰ ਮੁਹੱਬਤ ਅਪਣੱਤ ਦੀ ਅਤਿਅੰਤ ਲੋੜ ਹੈ ਆਮ ਕਹਾਵਤ ਵੀ ਹੈ ਕਿ ਇੱਕ ਸਿਆਣਾ ਸਮਝਦਾਰ ਡਾਕਟਰ ਜਾ ਕੋਈ ਵਧੀਆ ਇਨਸਾਨ ਮਰੀਜ਼ ਨੂੰ ਆਪਣੀ ਪਿਆਰ ਭਰੀਆਂ ਗੱਲਾਂ ਨਾਲ ਅੱਧਾ ਤੰਦਰੁਸਤ ਕਰ ਦਿੰਦਾ ਹੈ।ਪਰ ਇਸ ਦੇ ਉਲਟ ਜੇਕਰ ਕੋਈ ਅੜੀਅਲ ਭਾਵ ਰੁੱਖੇ ਵਤੀਰੇ ਵਾਲਾ ਡਾਕਟਰ ਜਾਂ ਕੁਰੱਖਤ ਸੁਭਾਅ ਵਾਲਾ ਇਨਸਾਨ ਹੋਵੇ ਤਾਂ ਓਹ ਤੰਦਰੁਸਤ ਨੂੰ ਵੀ ਬੀਮਾਰ ਕਰ ਦਿੰਦਾ ਹੈ।ਇਸ ਕਰਕੇ ਰੱਬ ਦਿਓ ਬੰਦਿਓ ਰੱਬ ਦਾ ਹੀ ਵਾਸਤਾ ਅੱਜ ਬੀਮਾਰੀ ਵਿੱਚ ਗ੍ਰਿਸਤ ਇਨਸਾਨਾਂ ਨੂੰ ਤੁਹਾਡੀ ਅਤਿਅੰਤ ਲੋੜ ਹੈ ਓਨਾ ਦੇ ਕੰਮ ਆਈਏ ਅਤੇ ਸੱਚੀ ਇਨਸਾਨੀਅਤ ਦਾ ਫਰਜ਼ ਨਿਭਾਈਏ।