ਨਵਰਾਹੀ ਘੁਗਿਆਣਵੀ ਉਰਫ਼ ਫ਼ੌਜਾ ਸਿੰਘ ਬਰਾੜ ਦੀ ਲੱਗ ਭੱਗ 60 ਵਰ੍ਹਿਆਂ ਦੀ ਕਾਵਿਨਿਰੰਤਰਤਾ ਦੀ ਖ਼ਾਸੀਅਤ ਇਹ ਹੈ ਕਿ ਇਹ ਆਪਣੇ ਆਧੁਨਿਕ ਪਰਿਪੇਖ ਵਜੋਂ ਜਾਂ ਸਮਕਾਲੀ ਇਤਿਹਾਸਕ ਪ੍ਰਸਥਿਤੀਆਂ ਦੇ ਸੰਦਰਭ ਵਿੱਚ ਆਪਣੇ ਪਾਠਕਾਂ ਦੀ ਬਿਰਤੀ-ਪ੍ਰਕਿਰਤੀ ਅਨੁਸਾਰ ਆਪਣੇ ਫ਼ੈਸਲਾਕੁਨ ਨਿਰਣੇ
ਦੇਣ ਦੇ ਸਮਰੱਥ ਰਹੀ ਹੈ। ਉਸ ਦੇ ਕਾਵਿ-ਅਨੁਭਵ ਦੀ ਤਾਜ਼ਗੀ ਤੇ ਕਾਵਿ-ਚੇਤਨਾ ਦੀ ਪਾਕੀਜ਼ਗੀ ਦੀ ਇਹੋ ਅੰਤਰਮੁਖੀ ਲੋਕ-ਪੱਖੀ ਰਮਜ਼ ਹੈ, ਜਿਸ ਕਾਰਨ ਉਸ ਦਾ ਕਾਵਿ-ਆਵੇਸ਼ ਤੇ ਕਾਵਿ-ਪ੍ਰਯੋਜਨ ਦੋਨੋਂ ਹੀ ਬੜੇ ਸੰਤੁਲਨ ਵਿਚ ਰਹਿ ਕੇ ਆਪਣਾ ਸਾਮਾਨਾਂਤਰ ਪ੍ਰਭਾਵ ਸਿਰਜਦੇ ਹਨ। ਇਹ ਸਮਝੋ ਉਸ ਦੇ ਕਾਵਿ-ਸਿਧਾਂਤ
ਦੀ ਕ੍ਰਾਂਤੀਕਾਰੀ ਕਾਵਿ-ਸ਼ਖ਼ਸੀਅਤ ਦਾ ਮੂਲ ਪ੍ਰਮਾਣ ਹੈ। ਉਸ ਦਾ ‘ਗੁਲੇਲ’ ਕਾਵਿ-ਸੰਗ੍ਰਹਿ ਜੋ 2014 ਵਿੱਚ ਪ੍ਰਕਾਸ਼ਿਤ ਹੋਇਆ ਸੀ, ਉਸ ਦੇ ਪੰਨਾ 55 ’ਤੇ ਅੰਕਿਤ ਇੱਕ ਕਵਿਤਾ ‘ਅੱਖ਼ਰ-ਝੋਲ’ ਦਾ ਜ਼ਿਕਰ ਕਰਨਾ ਵੀ ਇਥੇ ਲਾਜ਼ਮੀ ਪ੍ਰਤੀਤ ਹੁੰਦਾ ਹੈ ਜੋ ਸਹੀ ਮਾਅਨਿਆਂ ਵਿੱਚ ਉਸ ਦੀ ਕਾਵਿ ਸਿਰਜਣ-ਪ੍ਰਕਿਰਿਆ ਦੀ ਨਿਸ਼ਾਨਦੇਹੀ ਕਰਦੀ ਹੈ; ਕਵਿਤਾ ਦੇ ਬੋਲ ਹਨ:
ਜ਼ਿੰਦਗੀ ਦੇ ਮੈਦਾਨ ਵਿੱਚ/ਲੱਖਾਂ ਖਿਲਾੜੀ ਖੇਲ੍ਹਦੇ ।
ਲਿਖ! ਇਨ੍ਹਾਂ ਦੀ ਜ਼ਿੰਦਗੀ ਦਾ ਹਾਲ ਲਿਖ! ……
ਜੋਸ਼ ਬਿਨ ਤਾਂ ਲਿਖਣ ਦਾ,/ਅਹਿਸਾਸ ਹੀ ਨਹੀਂ ਉਪਜਦਾ।
ਜਿਉਂਣ ਚਾਅ ਦੀ ਧਰਤ ’ਚੋਂ, /ਸਾਹਿਤ ਦਾ ਬੂਟਾ ਉੱਗਮਦਾ ……
ਲਿਖ!/ ਜੋ ਲਿਖਣਾ ਏ ਲਿਖ! / ‘ਨਵਰਾਹੀ’ ਸਵਤੰਤਰ ਹੋ ਕੇ,
ਦਿਲ ਦੀ ਵਿਥਿਆ, ਠੋਸ ਹਕੀਕਤ,/ਅੱਖਰਾਂ ਦੀ ਝੋਲੀ ਵਿੱਚ ਪਾ ਦੇ।
ਹਥਲੇ ਕਾਵਿ-ਸੰਗ੍ਰਹਿ ਵਿੱਚ ਵੀ ਉਸ ਦੇ ਕਾਵਿ-ਸਿਧਾਂਤ ਦੇ ਕੁਝ ਅਹਿਮ ਪਹਿਲੂ ਮੂਰਤੀਮਾਨ ਹੋਏ ਹਨ ਜੋ ਸ਼ਬਦ ਸੱਭਿਆਚਾਰ ਦੇ ਸੰਦਰਭ ਵਿੱਚ ਕਿਸੇ ਵੀ ਸੂਝਵਾਨ ਕਵੀ ਦੇ ਮੂਲ ਪਛਾਣ-ਚਿੰਨ੍ਹ ਬਣਨ ਦੀ ਸਮਰੱਥਾ ਰੱਖਦੇ ਹਨ। ਨਵਰਾਹੀ ਘੁਗਿਆਣਵੀ ਮੂਲ ਰੂਪ ਵਿੱਚ ਅਨੁਭਵ, ਭਾਵਨਾ ਤੇ ਖ਼ਿਆਲ ਦੀ ਤ੍ਰਿਕੜੀ ਨੂੰ
ਸ਼ਾਇਰੀ ਦੀ ਮੁੱਢਲੀ ਸ਼ਰਤ ਮੰਨਦਾ ਹੈ, ਇਸ ਦੇ ਨਾਲ-ਨਾਲ ਉਸ ਦਾ ਵਿਚਾਰ ਹੈ ਕਿ ਸੱਚ ’ਤੇ ਪਹਿਰਾ ਦੇਣਾ ਵੀ ਸ਼ਾਇਰ ਦਾ ਕਾਵਿ-ਧਰਮ ਹੋਣਾ ਚਾਹੀਦਾ ਹੈ:
- ਅਨੁਭਵ, ਭਾਵਨਾ ਅਤੇ ਖ਼ਿਆਲ ਰਲ ਕੇ,
ਕਾਵਿ ਕਲਾ ਨੂੰ ਖੂ਼ਬ ਨਿਖ਼ਾਰ ਦੇਂਦੇ।(ਪੰਨਾ 66)
- ਧਨ ਦੌਲਤ ਜਾਂ ਸ਼ੁਹਰਤ ਲਈ ਲਿਖਣ ਜਿਹੜੇ,
ਸਹੀ ਲੇਖਕ ਨਹੀਂ ਅਖਵਾ ਸਕਦੇ।
ਝੋਲ਼ੀ-ਚੁੱਕ, ਖੁਸ਼ਾਮਦੀ, ਗ਼ਰਜ਼ਖੋ਼ਰੇ,
ਸੱਚੀ ਗੱਲ ਨ ਆਖ ਸੁਣਾ ਸਕਦੇ। (ਪੰਨਾ 30)
ਭਾਵਨਾਤਮਿਕ ਪੱਧਰ ’ਤੇ ਵਿਚਰਦੇ ਸ਼ਾਇਰ ਭਾਵੇਂ ਸਮੁੱਚੀ ਮਨੁੱਖਤਾ ਦਾ ਸਰਬਸਾਂਝਾ ਸਰਮਾਇਆ ਹੁੰਦੇ ਹਨ, ਉਹ ਕਿਸੇ ਵੀ ਤਥਾ-ਕਥਿਤ/ਵਿਸ਼ੇਸ਼ ਜਾਤ, ਧਰਮ, ਕੌਮ ਅਤੇ ਇਲਾਕੇ ਦੀ ਵਲਗਣ ਤੋਂ ਮੁਕਤ ਹੁੰਦੇ ਹਨ ਪਰੰਤੂ ਇਹ ਵੀ ਸੱਚ ਹੈ ਕਿ ਉਨ੍ਹਾਂ ਦੀ ਮਾਤ-ਭਾਸ਼ਾ ਤੇ ਖੇਤਰੀ ਸੱਭਿਆਚਾਰ ਆਪਣੀ ਨਿਵੇਕਲੀ
ਆਭਾ ਨਾਲ ਉਨ੍ਹਾਂ ਨੂੰ ਵੱਖਰੇ-ਵੱਖਰੇ ਪਛਾਣ-ਚਿੰਨ੍ਹਾਂ ਦੇ ਧਾਰਨੀ ਬਣਾ ਦਿੰਦੇ ਹਨ। ਉਨ੍ਹਾਂ ਦਾ ਸਥਾਨਕ ਸਹਿਜਭਾਵੀ ਭਾਸ਼ਾਈ-ਵੇਗ ਕਾਵਿ-ਆਵੇਸ਼ ਨੂੰ ਹੀ ਪ੍ਰਬਲਤਾ ਨਹੀਂ ਦਿੰਦਾ ਸਗੋਂ ਵਿਚਾਰਧਾਰਾਈ ਪਰਿਪੇਖ ਨੂੰ ਵੀ ਪੁਖ਼ਤਗੀ ਪ੍ਰਦਾਨ ਕਰਦਾ ਹੈ। ਇਤਿਹਾਸਕ ਚੇਤਨਾ ਤੇ ਚਿੰਤਨ ਤੋਂ ਇਲਾਵਾ ਅਮੀਰ ਕੌਮੀ ਵਿਰਸਾ ਵੀ
ਇਸ ਮੰਤਵ ਲਈ ਸੋਨੇ ਤੇ ਸੁਹਾਗੇ ਵਾਲਾ ਕਾਰਜ ਕਰਦਾ ਹੈ। ਬਤੌਰ ਸ਼ਾਇਰ ਨਵਰਾਹੀ ਘੁਗਿਆਣਵੀ ਦੀ ਮਕਬੂਲੀਅਤ ਦਾ ਵੀ ਇਹੋ ਕਾਰਨ ਪ੍ਰਤੀਤ ਹੁੰਦਾ ਹੈ ਕਿ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮੁੱਦਈ ਬਣ ਕੇ ਸੁਖੈਨ ਸੰਚਾਰ-ਜੁਗਤਾਂ ਨੂੰ ਵਿਸ਼ੇਸ਼ ਮਹੱਤਵ ਦਿੰਦਾ ਹੈ। ਇਹ ਤਦ ਹੀ ਸੰਭਵ ਹੋਇਆ ਹੈ ਕਿਉਂਕਿ
ਉਹ ਪੰਜਾਬੀ ਮਾਂ-ਬੋਲੀ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ; ਉਸ ਦੇ ਇਨ੍ਹਾਂ ਨਿਮਨਅੰਕਿਤ ਕਾਵਿ ਬੋਲਾਂ ਤੋਂ ਵੀ ਸਪੱਸ਼ਟ ਹੈ:
- ਓਸ ਕੌਮ ਦਾ ਹੋਵੇਗਾ ਹਸ਼ਰ ਭੈੜਾ,
ਜਿਸ ਦੀ ਆਪਣੀ ਮਾਤ-ਜ਼ੁਬਾਂ ਕੋਈ ਨਈਂ।(ਪੰਨਾ 61)
- ਮਾਂ-ਬੋਲੀ ਤੇ ਬੜਾ ਹੈ ਮਾਣ ਸਾਨੂੰ,
ਹਰ ਬੋਲੀ ਦਾ ਉਂਞ ਸਤਿਕਾਰ ਕਰੀਏ।
ਆਓ ਦੋਸਤੋ ਸਾਰੇ ਭਾਈਵਾਲ ਬਣ ਕੇ,
ਹਰ ਆਦਮੀ ਤਾਈਂ ਪਿਆਰ ਕਰੀਏ। … (ਪੰਨਾ 35)
- ਮਾਂ-ਬੋਲੀ ਨੂੰ ਛੱਡ ਕੇ ਲੋਕ ਜਿਹੜੇ,
ਹੋਰ ਬੋਲੀਆਂ ਤਾਈਂ ਅਪਣਾਂਵਦੇ ਨੇ।
ਇਹ ਨਹੀਂ ਸੋਚਦੇ, ਇਸ ਦਾ ਹਰਜ਼ ਭਾਰੀ,
ਘਰ ਛੱਡ ਕੇ ਗੁਆਂਢੀਂ ਦੇ ਜਾਂਵਦੇ ਨੇ ।
ਭੋਲੇ-ਭਾਅ ਨਾ ਉਨ੍ਹਾਂ ਨੂੰ ਸਮਝ ਆਵੇ,
ਅੰਮ੍ਰਿਤ ਛੱਡ ਕੇ ਜ਼ਹਿਰ ਪਏ ਖਾਂਵਦੇ ਨੇ। (ਪੰਨਾ22)
ਪੰਜਾਬ ਦੀਆਂ ਵਰਤਮਾਨ ਪ੍ਰਸਥਿਤੀਆਂ ਅਤੇ ਪੁਸਤਕ ਦੇ ਸਿਰਲੇਖ ਅਨੁਸਾਰ ‘ਜਬੈ ਬਾਣ ਲਾਗ੍ਯੋ’ ਦੇ ਮਦਹਨਜ਼ਰ ਵਿਚਾਰ ਕੀਤੀ ਜਾਵੇ ਤਾਂ ਕੇਵਲ ਪੰਜਾਬ ਜਾਂ ਹਿੰਦੁਸਤਾਨ ਤੱਕ ਨਹੀਂ ਸਗੋਂ ਕੌਮਾਂਤਰੀ ਪੱਧਰ ’ਤੇ ਵੀ ਕਿਸਾਨੀ ਅੰਦੋਲਨ ਦੀ ਚਰਚਾ ਛਿੜੀ ਹੋਈ ਹੈ। ਵਿਸ਼ੇਸ਼ ਕਰਕੇ ਪੰਜਾਬ ਤੇ ਹਰਿਆਣਾ ਇਨ੍ਹਾਂ ਦੋਹਾਂ ਗੁਆਂਢੀ ਸੂਬਿਆਂ ਲਈ ਕੇਂਦਰ ਸਰਕਾਰ ਦਾ ਰਵੱਈਆ ਬੜਾ ਚੁਣੌਤੀ ਭਰਪੂਰ ਬਣ ਗਿਆ ਹੈ। ਰਾਜਨੀਤੀ ਆਪਣੇ ਪ੍ਰਬੰਧਕੀ ਢਾਂਚੇ ਤਹਿਤ ਅਤੇ ਇਥੋਂ ਤੱਕ ਕਿ ਉੱਚ ਨਿਆਂ-ਪ੍ਰਣਾਲੀ ਵੀ ਕੇਂਦਰ ਸਰਕਾਰ ਦੀ ਨੇੜਲੀ ਧਿਰ ਬਣ ਕੇ, ਆਪਣੇ ਕਾਨੂੰਨੀ ਨੁਕਤਿਆਂ ਦੇ ਸਹਾਰੇ, ਉਨ੍ਹਾਂ ਖੇਤੀ ਕਾਨੂੰਨਾਂ ਦੇ ਮੈਦਾਨ-ਇ-ਜੰਗ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ’ਤੇ ਠੋਸੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨੀ ਤੇ ਕਿਰਤੀ ਜੱਥੇਬੰਦੀਆਂ ਅਤੇ ਸਮਾਜ ਦੇ ਸਾਰੇ ਵਰਗਾਂ ਵੱਲੋਂ ਦਿੱਲੀ ਦੀਆਂ ਬਰੂਹਾਂ ’ਤੇ ਸਮੂਹਿਕ ਰੂਪ ਵਿੱਚ ਬੜਾ ਤਿੱਖਾ ਸੰਘਰਸ਼ ਕੀਤਾ ਜਾ ਰਿਹਾ ਹੈ। ਇਹ ਦੋ-ਧਿਰੀ ਟਕਰਾਓ ਅੱਜ ਦੀ ਤਾਰੀਖ਼ ਤੱਕ ਕਿਸੇ ਫ਼ੈਸਲਾਕੁਨ ਨਿਰਣੇ ’ਤੇ ਨਹੀਂ ਪਹੁੰਚ ਰਿਹਾ। ਇਹ ਵੀ ਸੱਚ ਹੈ ਕਿ ਹਿੰਦੁਸਤਾਨ ਦੇ ਮੰਨੇ-ਪ੍ਰਮੰਨੇ ਕਾਰਪੋਰੇਟ ਘਰਾਣਿਆਂ ਦੀ ਇਸ ਵਿੱਚ ਸਿੱਧੀ ਦਖ਼ਲਅੰਦਾਜ਼ੀ ਹੈ; ਜੋ ਅੰਦੋਲਨਕਾਰੀਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਿਤੇ ਕਾਬਿਲ ਨਹੀਂ। ਮੌਕੇ ਦੀ ਹਕੂਮਤ ਵੱਲੋਂ ਉਨ੍ਹਾਂ ਸ਼ਾਂਤਮਈ ਅੰਦੋਲਨਕਾਰੀਆਂ ਜਾਂ ਇਉਂ ਕਹੀਏ ਭਾਰਤੀ ਨਾਗਰਿਕਾਂ ’ਤੇ, ਜਿਨ੍ਹਾਂ ਵਿੱਚ ਬਜ਼ੁਰਗ ਔਰਤਾਂ/ਬੱਚੇ ਵੀ ਸ਼ਾਮਲ ਸਨ/ਹਨ, ਜਿਸ ਤਰ੍ਹਾਂ ਦੇ ਜ਼ੁਲਮ ਤੇ ਘਿਨਾਉਣੇ ਅੱਤਿਆਚਾਰ ਕੀਤੇ ਗਏ, ਸੰਵੇਦਨਸ਼ੀਲ ਸੋਚ ਰੱਖਣ ਵਾਲੇ ਵਿਅਕਤੀਆਂ ਲਈ ਉਨ੍ਹਾਂ ਬਾਰੇ ਸੁਣਨਾ ਤੇ ਅੱਖੀਂ ਦੇਖਣਾ ਭਾਰਤ-ਪਾਕਿ ਦੀ ਸਰਹੱਦੀ ਕੰਡਿਆਲੀ ਤਾਰ ਦੇ ਤ੍ਰਾਸਦਿਕ ਅਨੁਭਵ ਨਾਲੋਂ ਕਤੱਈ ਘੱਟ ਨਹੀਂ। ਅਜਿਹੇ ਮਾਨਵ ਵਿਰੋਧੀ ਹਾਲਾਤਾਂ ਵਿੱਚ ਜਦੋਂ ਗ਼ੁਲਾਮੀ ਦੇ ਅਜਿਹੇ ਦੁਖਦ ਮੰਜ਼ਰ ਦਾ ਧੁਰ-ਅੰਦਰੋਂ ਅਹਿਸਾਸ ਹੁੰਦਾ ਹੈ ਤਾਂ ਸ਼ਾਇਰ ਤਾਂ ਕੀ ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਆਮ ਆਦਮੀ ਦਾ ਵੀ ਦਿਲ ਕੰਬ ਉੱਠਦਾ ਹੈ। ਮੇਰੀ ਜਾਚੇ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਕੋਈ ਵੀ ਸੂਖਮਭਾਵੀ ਵਿਅਕਤੀ, ਆਪਣੇ ਅਜਿਹੇ ਸਮਕਾਲੀ ਇਤਿਹਾਸ ਤੋਂ ਅਭਿੱਜ ਨਹੀਂ ਰਹਿ ਸਕਦਾ। ਇਸੇ ਇਤਿਹਾਸਕ ਚੇਤਨਾ ਦਾ ਹੀ ਪ੍ਰਤਿਕਰਮ ਹੈ, ਇਸ ਹਥਲੀ ਪੁਸਤਕ ਦਾ ਸਿਰਲੇਖ ‘ਜਬੈ ਬਾਣ ਲਾਗ੍ਯੋ’ ਜੋ ਮੱਧਕਾਲੀ ਚਿੰਤਨ ਦੀ ਸਦੀਵੀ ਚੇਤਨਾ ਦਾ ਲਖਾਇਕ ਹੈ। ਇਹ ਸਿਰਲੇਖ ਸਿੱਖੀ ਚੇਤਨਾ ਦੇ ਪ੍ਰਸੰਗ ਵਿੱਚ ਦਸ਼ਮੇਸ਼ ਪਿਤਾ ਜੀ ਦੀ ਲਿਖਤ ‘ਜ਼ਫ਼ਰਨਾਮਾ’ ਭਾਵ ਫ਼ਤਹਿ ਦੀ ਚਿੱਠੀ ਦੀ ਯਾਦ ਵੀ ਦਿਵਾਉਂਦਾ ਹੈ ਤੇ ਉਹਨਾਂ ਦੇ ਜੀਵਨ-ਸਿਧਾਤਾਂ ਦੀ ਉਚੇਰੀ ਅਵਸਥਾ ਦੀ ਤਰਜਮਾਨੀ ਵੀ ਕਰਦਾ ਹੈ। ਦੂਜੇ ਸ਼ਬਦਾਂ ਵਿੱਚ ਇਹ ਗੁਰੂ ਜੀ ਦਾ ‘ਜਬੈ ਬਾਣ ਲਾਗ੍ਯੋ’ ਤੋਂ ‘ਤਬੈ ਰੋਸ ਜਾਗ੍ਯੋ’ ਦਾ ਸਿਧਾਂਤਕ ਸਫ਼ਰ ਹੈ। ਗੁਰੂ ਸਾਹਿਬ ਦੀ ਇਸੇ ਸ਼ਬਦ-ਸ਼ਕਤੀ ਦਾ ਜੀ ਕਮਾਲ ਸੀ ਕਿ ‘ਜ਼ਫ਼ਰਨਾਮਾ’ ਪੜ੍ਹਨ ਉਪਰੰਤ ਔਰੰਗਜ਼ੇਬ ਨੂੰ ਸਿੱਖ ਕੌਮ ’ਤੇ ਕੀਤੇ ਜ਼ੁਲਮ ਅਤੇ ਅੱਤਿਆਚਾਰਾਂ ਦਾ ਪਛਤਾਵਾ ਹੋਇਆ ਤੇ ਉਹ ਪਾਗਲਪਣ ਦੀ ਅਵਸਥਾ ਵਿੱਚ ਪਹੁੰਚ ਗਿਆ। ਨਵਰਾਹੀ-ਕਾਵਿ ਦਾ ਇਹੋ ਮੂਲ ਗੁਣ ਹੈ ਜੋ ਬਦਲਦੀਆਂ ਵਿਦਰੋਹੀ ਪ੍ਰਸਥਿਤੀਆਂ ਦੀ ਲੋਅ ਵਿੱਚ, ਪਾਠਕਾਂ ਨੂੰ ਕਾਵਿ-ਰੂਪਾਂਤਰਣ ਪੱਖੋਂ ਕਾਵਿ- ਸ਼ਾਸਤ੍ਰ ਤੋਂ ਕਾਵਿ-ਸ਼ਸਤ੍ਰ ਤੱਕ ਦੀ ਯਾਤਰਾ ਦਾ ਅਹਿਸਾਸ ਕਰਵਾਉਂਦਾ ਹੈ।
ਨਵਰਾਹੀ ਘੁਗਿਆਣਵੀ ਕਿਸਾਨੀ ਸ਼੍ਰੇਣੀ ਨਾਲ ਸੰਬੰਧਿਤ ਹੈ, ਇਸ ਲਈ ਉਹ ਕਿਸਾਨੀ ਸਮੱਸਿਆਵਾਂ/ਆਕਾਖਿਆਵਾਂ, ਸੀਮਾਵਾਂ/ਸੰਭਾਵਨਾਵਾਂ, ਭਾਵਨਾਵਾਂ/ਮਾਨਤਾਵਾਂ ਦੇ ਸਿਧਾਂਤਿਕ ਤੇ ਵਿਵਹਾਰਿਕ ਪਰਿਪੇਖ ਤੋਂ ਭਲੀ-ਭਾਂਤ ਵਾਕਿਫ਼ ਹੈ। ਇਹੋ ਕਾਰਨ ਹੈ ਕਿ ਕਿਸਾਨੀ ਅੰਦੋਲਨ ਦੇ ਆਦਿ-ਬਿੰਦੂ ਦੇ ਮੂਲ ਸਰੋਕਾਰਾਂ ਨੂੰ ਭਾਵ ਕਿਸਾਨੀ ਜੀਵਨ ਦੇ ਬੁਨਿਆਦੀ ਹੱਕਾਂ-ਹਕੂਕਾਂ/ਮਸਲਿਆਂ ਨੂੰ ਵੀ ਉਹ ਬਹੁਤ ਨੇੜਿਓਂ ਹੋ ਕੇ ਵਿਸ਼ਲੇਸ਼ਿਤ ਕਰਦਾ ਹੈ ਬਤੌਰ ਸਾਹਿਤਕਾਰ ਹੀ ਨਹੀਂ ਸਗੋਂ ਬਤੌਰ ਬਹੁ-ਦਿਸ਼ਾਵੀ ਖੇਤੀ ਮਾਹਿਰ ਵੀ। ਕਿਸਾਨੀ ਹਿੱਤਾਂ ਦੀ ਅਜਿਹੀ ਭਾਵਪੂਰਤ ਤੇ ਤਕਨੀਕੀ ਵਕਾਲਤ ਸ਼ਾਇਦ ਨਵਰਾਹੀ ਹੀ ਕਰ ਸਕਦਾ ਹੈ, ਕੋਈ ਗੂੜ੍ਹ
ਗਿਆਨ ਵਾਲਾ ਸ਼ਬਦ ਵਣਜਾਰਾ ਨਹੀਂ; ਦੇਖੋ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ:
ਨਾਲ ਖ਼ੁਸ਼ੀ ਦੇ ਲਾਉਂਦੇ ਸਨ ਜੱਟ ਗੰਨਾ,
ਜਾਣ ਬੁੱਝ ਕੇ ਸਰਕਾਰਾਂ ਨੇ ਫੇ਼ਲ੍ਹ ਕੀਤਾ।
ਸਾਲਾਂ-ਬੱਧੀ ਨਾ ਫ਼ਸਲ ਦਾ ਮੁੱਲ ਦਿੱਤਾ,
ਉਸ ਨੂੰ ਬਿਪਤਾ ਦੀ ਸੁਰੰਗ ਧਕੇਲ ਦਿੱਤਾ।
ਉਂਝ ਆਖਦੇ ਰਹੇ, ਤੋੜੋ ਫ਼ਸਲ ਚੱਕਰ,
ਪਰ ਨਾ ਸਾਥ ਸਹਿਯੋਗ ਸੁਹੇਲ ਦਿੱਤਾ। (ਪੰਨਾ 80)
ਪੂੰਜੀਵਾਦੀ ਕਦਰਾਂ ਕੀਮਤਾਂ ਦੇ ਪ੍ਰਤਿਕਰਮ ਵਜੋਂ ਕਿਸਾਨੀ ਸੱਭਿਆਚਾਰ ਵਿੱਚ ਆਇਆ ਨਿਘਾਰ ਵੀ ਨਵਰਾਹੀ-ਕਾਵਿ ਦਾ ਕੇਂਦਰ-ਬਿੰਦੂ ਬਣਦਾ ਹੈ। ਸ਼ਾਇਰ ਕਾਰਪੋਰੇਟ ਘਰਾਣਿਆਂ ਵੱਲੋਂ ਪੈਦਾ ਕੀਤੀ ਚਕਾਚੌਂਧ ਵਾਲੀ ਪੂੰਜੀਵਾਦੀ ਵਿਵਸਥਾ/ਵਾਤਾਵਰਨ ਦਾ ਹਾਮੀ ਨਹੀਂ ਤੇ ਨਾ ਹੀ ਬੇਲੋੜੀ ਸਮਾਜਿਕ-ਹਉਂ ਦੇ ਪ੍ਰਗਟਾਵੇ ਦਾ ਪੱਖ ਪੂਰਦਾ ਹੈ ਸਗੋਂ ਆਪਣੀ ਚਾਦਰ ਦੇਖ ਕੇ ਪੈਰ ਪਸਾਰਨ ਦੀ ਸਲਾਹ ਦਿੰਦਾ ਹੈ ਤਾਂ ਕਿ ਆਰਥਿਕ ਵਸੀਲਿਆਂ ਦੀ ਘਾਟ ਕਾਰਨ ਭਵਿੱਖ ਵਿੱਚ ਖ਼ੁਦਕੁਸ਼ੀਆਂ/ਆਤਮ-ਹੱਤਿਆਵਾਂ ਦੇ ਰਾਹ ਨਾ ਪੈਣਾ ਪੈ ਜਾਵੇ। ਉਸ ਦੀਆਂ ਇਹ ਕਾਵਿ-ਸਤਰਾਂ ਵਿਸ਼ੇਸ਼ ਤੌਰ ਤੇ ਵਰਨਣਯੋਗ ਹਨ:
- ਆਤਮ-ਘਾਤ ਹੈ, ਬੁਜ਼ਦਿਲੀ ਬਹੁਤ ਵੱਡੀ,
ਦੁਖ ਸਹਿਣ ਦੀ ਘਾਟ ਦਾ ਸਾਰ ਜਾਣੋ! (ਪੰਨਾ 49)
- ਜੀਵਨ ਰਾਹ ਵਿੱਚ ਮੁਸ਼ਕਿਲਾਂ ਆਉਂਦੀਆਂ ਨੇ,
ਖ਼ੁਦਕੁਸ਼ੀ ਨਾ ਇਨ੍ਹਾਂ ਦਾ ਹੱਲ ਕੋਈ।
ਪੜ੍ਹ-ਪੜ੍ਹ ਪੁਸਤਕਾਂ ਲਾ ਦਿਓ ਢੇਰ ਭਾਵੇਂ,
ਜੀਵਨ ਜੀਣ ਦਾ ਜਾਣਦਾ ਵੱਲ ਕੋਈ।
ਕੋਈ ਸੰਖ ਦੀ ਕੱਢਦਾ ’ਵਾਜ਼ ਲੰਮੀ,
ਦੂਜਾ ਫਿਰੇ ਖੜਕਾਂਵਦਾ ਟੱਲ ਕੋਈ।(ਪੰਨਾ 58)
- ਕਰਜ਼ਾ ਲੈਣ ਦੀ ਪੈ ਗਈ ਬਾਣ ਭੈੜੀ,
ਬਿਨਾਂ ਵਜ੍ਹਾ ਹੀ ਬੋਝ ਵਧਾਈ ਜਾਂਦੇ।
ਖੇਤੀਬਾੜੀ ਜਾਂ ਸਨਅਤ ਦਾ ਨਾਂਅ ਲੈ ਕੇ,
ਧੀਆਂ ਪੁੱਤਾਂ ਦੇ ਕਾਜ ਰਚਾਈ ਜਾਂਦੇ।
ਖਾ ਪੀ ਕੇ ਢਿੱਡ ’ਤੇ ਹੱਥ ਫੇਰਨ,
ਵਾਪਸ ਕਰਨ ਦਾ ਫ਼ਰਜ਼ ਭੁਲਾਈ ਜਾਂਦੇ।
ਹਾੜ੍ਹੇ ਕੱਢਦੇ ਕਰ ਦਿਓ ਮਾਫ਼ ਛੇਤੀ,
ਬੇਵੱਸ, ਮੌਤ ਨੂੰ ਗਲੇ ਲਗਾਈ ਜਾਂਦੇ। (ਪੰਨਾ 66)
ਕਿਸਾਨੀ ਦੇ ਕੇਵਲ ਮੌਜੂਦਾ ਹਾਲਾਤ ਨਹੀਂ ਸਗੋਂ ਪੰਜਾਬ ਤੇ ਹਰਿਆਣਾ ਦੇ ਦਰਿਆਈ ਪਾਣੀਆਂ ਦੀ ਵੰਡ/ਫ਼ਿਕਰਮੰਦੀ ਵੀ ਨਵਰਾਹੀ-ਕਾਵਿ ਦਾ ਅੰਗ ਬਣੀ ਹੈ। ਚਿਰਾਂ ਤੋਂ ਲਟਕਦੇ ਮਸਲੇ ਦਾ ਸਮਾਧਾਨ ਤਾਂ ਕੀ ਹੋਣਾ ਸੀ, ਦੇਸ਼ ਦੀ ਉੱਚ ਨਿਆਂ-ਪ੍ਰਣਾਲੀ ਦੀਆਂ ਹਦਾਇਤਾਂ ਵੀ ਸਿਆਸਤ ਦੀ ਭੇਂਟ ਚੜ੍ਹ ਗਈਆਂ।
ਦੇਖਿਆ ਜਾਵੇ ਤਾਂ ਸਿਆਸੀ ਖਿਚੋਤਾਣ/ਟਕਰਾਓ ਦੇ ਆਧਾਰ `ਤੇ ਇਹ ਸਤਲੁਜ-ਯਮੁਨਾ-ਲਿੰਕ ਨਹਿਰ ਦੋਹਾਂ ਸੂਬਿਆਂ ਲਈ ਗਲੇ ਦੀ ਹੱਡੀ ਬਣ ਗਈ। ਸ਼ਾਇਰ ਨਵਰਾਹੀ ਦੀ ਖ਼ੂਬੀ ਤਾਂ ਇਹ ਹੈ ਕਿ ਉਹ ਪੰਜਾਬੀ ਕਿਸਾਨੀ ਦੇ ਹਿੱਤਾਂ/ਭਾਵਨਾਵਾਂ ਪ੍ਰਤਿ ਪੂਰੀ ਤਰ੍ਹਾਂ ਸਮਰਪਿਤ ਹੈ; ਸਮੁੱਚੇ ਪੰਜਾਬੀਆਂ ਦੇ ਕੁਰਬਾਨੀਆਂ ਭਰੇ
ਇਤਿਹਾਸ ਦੀ ਉਹ ਧੁਰ ਅੰਦਰੋਂ ਵਕਾਲਤ ਕਰਦਾ ਹੈ:
ਭਲਿਓਮਾਨਸੋ, ਅਕਲ ਨੂੰ ਹੱਥ ਮਾਰੋ,
ਪਾਣੀ ਕਿਉਂ ਪੰਜਾਬ ਦਾ ਲੁੱਟਦੇ ਹੋ ?
ਐਵੇਂ ਈਰਖਾ ਵਿੱਚ ਗਲਤਾਨ ਹੋ ਕੇ,
ਸੁੱਤੇ ਪਏ ਦਰਵੇਸ਼ ਨੂੰ ਕੁੱਟਦੇ ਹੋ। …
ਸਿਲਾ ਕੁਝ ਤਾਂ ਦਿਉ ਕੁਰਬਾਨੀਆਂ ਦਾ,
ਟੁੱਟੇ ਰੁੱਖ ਦੇ ਪੱਤ ਪਏ ਮੁੱਛਦੇ ਹੋ। (ਪੰਨਾ19)
ਨਵਰਾਹੀ ਘੁਗਿਆਣਵੀ ਦੀ ਸੰਵੇਦਨਸ਼ੀਲਤਾ ਪ੍ਰਤੱਖ ਹੈ, ਉਹ ਕੇਂਦਰ ਸਰਕਾਰ ਦੀ ਕਿਸਾਨ ਜੱਥੇਬੰਦੀਆਂ ਨਾਲ ਵਿਚਾਰ-ਵਟਾਂਦਰੇ ਦੀ ਮਾਰੂ ਨੀਤੀ ’ਤੇ ਵਿਅੰਗਮਈ ਨਸ਼ਤਰ ਮਾਰਦਿਆਂ, ਦੁਵੱਲੇ ਰੂਪ ਵਿੱਚ ਹੋਣ ਵਾਲੇ ਸਾਂਝੇ ਯਤਨਾਂ ਨੂੰ ਹੀ ਪ੍ਰਵਾਨਗੀ ਦੇਣ ਦਾ ਹਾਮੀ ਹੈ :
ਕੋਈ ਲਾਭ ਨਾ ਬਹਿਸ ਮੁਬਾਹਸਿਆਂ ਦਾ,
ਪਾਣੀ ਰਿੜਕਿਆਂ ਮੱਖਣ ਨਹੀਂ ਆ ਸਕਦਾ।
ਖੱਟੇ ਆਖ ਕੇ ਬਹਿ ਗਿਆ ਚੁੱਪ ਕਰ ਕੇ,
ਲੂੰਬੜ ਏਦਾਂ ਹੀ ਦਿਲ ਬਹਿਲਾਅ ਸਕਦਾ।…
ਮਸਲਾ ਬਹੁਤ ਉਲਝਾਅ ਤਾ ਅਹਿਮਕਾਂ ਨੇ,
ਸਾਂਝਾ ਯਤਨ ਹੀ ਸਿਰਫ਼ ਸੁਲਝਾਅ ਸਕਦਾ। (ਪੰਨਾ 17)
ਇਸੇ ਲਈ ਪ੍ਰਬੰਧਕੀ ਢਾਂਚੇ ਨਾਲ ਜੁੜੇ ‘ਹਾਕਿਮ ਦੀ ਪਛਾਣ’ ਭਾਵ ਉਸ ਦੀ ਪਰਿਭਾਸ਼ਾ ਕੀ ਹੋਣੀ ਚਾਹੀਦੀ ਹੈ? ਮੌਕੇ ਦੇ ਹਾਕਮਿ ਤੋਂ ਕੀ ਉਮੀਦਾਂ ਹੋ ਸਕਦੀਆਂ ਹਨ, ਇਸ ਬਾਰੇ ਵੀ ਉਹ ਬੜਾ ਸੁਚੇਤ ਹੈ:
ਹਾਕਿਮ ਸਹੀ, ਜੋ ਮੁਸ਼ਕਿਲ ਦਾ ਹੱਲ ਲੱਭੇ,
ਨਾ ਕਿ ਮੁਸ਼ਕਿਲਾਂ ਹੋਰ ਉਭਾਰੀ ਜਾਵੇ।
ਗੱਲ ਸੁਣੇ ਹਮਦਰਦੀ ਦੇ ਨਾਲ ਪੂਰੀ,
ਨਾ ਕਿ ਐਵੇਂ ਹੀ ਯਭਲੀਆਂ ਮਾਰੀ ਜਾਵੇ।
ਮੱਲ੍ਹਮ ਜ਼ਖਮਾਂ `ਤੇ ਲਾਏ ਤੇ ਕਰੇ ਪੱਟੀ,
ਦੁਖੀ ਲੋਕਾਂ ਦਾ ਦਰਦ ਨਿਵਾਰੀ ਜਾਵੇ।
ਇਹ ਨਾ ਹੋਵੇ ਕਿ ਮਿੱਤਰ ਦੇ ਭੇਸ ਅੰਦਰ,
ਹਰ ਥਾਂ ਨਫ਼ਰਤ ਦੇ ਬੀਜ ਖਿਲਾਰੀ ਜਾਵੇ। (ਪੰਨਾ 20)
ਕਿਸਾਨ ਅੰਦੋਲਨ ਦੀ ਇਸੇ ਲੜੀ ਵਿੱਚ ਨਵਰਾਹੀ-ਕਾਵਿ ਦਾ ਵਿਸ਼ੇਸ਼ ਗੁਣ ਇਹ ਵੀ ਹੈ ਕਿ ਇਹ ਕੇਵਲ ‘ਜੈ ਕਿਸਾਨ’ ਤੱਕ ਸੀਮਿਤ ਨਹੀਂ ਰਹਿੰਦਾ ਸਗੋਂ ਸਰਹੱਦੀ ਕੰਡਿਆਲੀਆਂ ਤਾਰਾਂ ਦੇ ਇਰਦ-ਗਿਰਦ ਰਹਿਣ ਵਾਲੇ ਤੇ ਕੁਰਬਾਨੀਆਂ/ਸ਼ਹੀਦੀਆਂ ਪਾਉਣ ਵਾਲੇ ਮਰਜੀਵੜਿਆਂ ‘ਜੈ ਜਵਾਨ’ ਦੇ ਮਹੱਤਵਪੂਰਨ ਮੁੱਦੇ ਪ੍ਰਤਿ ਵੀ ਬੜੀ ਸੁਹਿਰਦਤਾ ਤੇ ਸ਼ਿੱਦਤ ਦਾ ਇਜ਼ਹਾਰ ਕਰਦਾ ਹੈ।ਇਸ ਸੰਦਰਭ ਵਿੱਚ ਉਹ ਸ਼ਹੀਦੀ ਦੀ ਅਸਲ ਪਰਿਭਾਸ਼ਾ ’ਤੇ ਵੀ ਕੇਂਦ੍ਰਿਤ ਹੁੰਦਾ ਹੈ, ਸਾਡੇ ਗੁਆਂਢੀ ਦੇਸ਼ ਨਾਲ ਵੰਡੀਆਂ ਕਿਉਂ ਪਈਆਂ? ਇਹ ਸਾਰਾ ਕੁਝ ਉਹ ਧੁਰ-ਅੰਦਰੋਂ ਮਹਿਸੂਸ ਕਰਦਾ ਹੈ। ਉਸ ਦੇ ਨਿਮਨਲਿਖਤ ਕਾਵਿ-ਬੋਲ ਬੜੇ ਅਰਥ ਭਰਪੂਰ ਹਨ :
- ਹਰ ਰੋਜ਼ ਸਰਹੱਦਾਂ `ਤੇ ਮਰਨ ਯੋਧੇ,
ਚਿੰਤਾ ਜ਼ਰਾ ਨਾ ਦਿੱਲੀ ਲਾਹੌਰ ਤਾਈਂ ।
ਅੱਜ ਸਤਲੁਜ `ਤੇ ਆ ਕੇ ਰੁਕ ਗਏ ਹਾਂ,
ਕਦੇ ਹੁੰਦੇ ਸਾਂ ਅਸੀਂ ਪਸ਼ੌਰ ਤਾਈਂ। …
ਸਾਡੀ ਦਾਸਤਾਂ ਦਿੱਲੀ ਤੋਂ ਸ਼ੁਰੂ ਹੋ ਕੇ,
ਫੈਲੀ ਹੋਈ ਹੈ ਗੜ੍ਹੀ ਚਮਕੌਰ ਤਾਈਂ। (ਪੰਨਾ 15)
- ਸੁਹਣੇ, ਲਾਡਲੇ ਪੁੱਤ ਮਾਵਾਂ ਭੋਲ਼ੀਆਂ ਦੇ,
ਹੱਦ `ਤੇ ਮਰਨ ਬੜਾ ਅਫ਼ਸੋਸ ਹੋਵੇ। ( ਪੰਨਾ 54 )
ਉਹ ਤਥਾ-ਕਥਿਤ ਮਾਡਰਨ ਸ਼ਹੀਦਾਂ `ਤੇ ਬੜੇ ਤਿੱਖੇ ਵਿਅੰਗਮਈ ਅੰਦਾਜ਼ ਵਿੱਚ, ਆਪਣੀ ਸਰਬਸਾਂਝੀ ਧਰਮਗਤ ਨੀਤੀ ਦਾ ਇਜ਼ਹਾਰ ਕਰਦਿਆਂ ਦੋਹਾਂ ਗੁਆਂਢੀ ਦੇਸ਼ਾਂ ਨਾਲ ਸੰਬੰਧਿਤ ਸਰਬਸਾਂਝੇ ਬਾਬਿਆਂ ‘ਬਾਬਾ ਨਾਨਕ’ ਤੇ ‘ਬਾਬਾ ਫ਼ਰੀਦ’ ਨੂੰ ਯਾਦ ਕਰਦਾ ਹੈ:
ਚੀਚੀ ਲਹੂ ਦੇ ਨਾਲ ਲਬੇੜ ਜਿਹੜੇ,
ਆਖਣ "ਦੋਸਤੋ ਕਹੋ ਸ਼ਹੀਦ ਸਾਨੂੰ"।
ਜਿਹੜੇ ਨੱਚਦੇ ਫ਼ਿਰਨ ਸਵਾਰਥਾਂ ਹਿੱਤ,
ਨਹੀਂ ਉਨ੍ਹਾਂ ਤੋ ਕੋਈ ਉਮੀਦ ਸਾਨੂੰ,
ਬਾਬੇ ਨਾਨਕ ਨੂੰ ਰਹਿਨੁਮਾ ਮੰਨਦੇ ਹਾਂ,
ਲੱਗੇ ਆਪਣਾ ਸ਼ੇਖ਼ ਫ਼ਰੀਦ ਸਾਨੂੰ,
ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰੀਏ,
ਇਕੋ ਜਿਹੀ ਦੀਵਾਲੀ ਤੇ ਈਦ ਸਾਨੂੰ।( ਪੰਨਾ 44)
ਇਸੇ ਤਰ੍ਹਾਂ ਮੌਕੇ ਦੀ ਹਕੂਮਤ ਦਾ ਮਨੁੱਖ ਵਿਰੋਧੀ ਕਿਰਦਾਰ ਜਦੋਂ ਉਸ ਦੇ ਕਾਵਿ-ਵਿਸ਼ੇ ਦਾ ਅੰਗ ਬਣਦਾ ਹੈ ਤਾਂ ਉਹ ਭਾਂਜਵਾਦੀ ਰੁਖ਼ ਨਹੀਂ ਅਖ਼ਤਿਆਰ ਕਰਦਾ ਸਗੋਂ ਬਤੌਰ ਕ੍ਰਾਂਤੀਕਾਰੀ ਸ਼ਾਇਰ ਬੋਲ ਉੱਠਦਾ ਹੈ:
ਜਿੱਧਰ ਦੇਖੀਏ ਅਸੀਂ, ਹਨੇਰਗਰਦੀ,
ਹੇਰਾਫੇਰੀਆਂ, ਚੁਸਤ ਚਲਾਕੀਆਂ ਨੇ।
ਗੱਪੀ ਸਿਰੇ ਦੇ, ਮਾਰਦੇ ਝੂਠ ਹਰਦਮ,
ਲਾਈਆਂ ਜਿਨ੍ਹਾਂ ਅਸਮਾਨ ਨੂੰ ਟਾਕੀਆਂ ਨੇ।( ਪੰਨਾ 46)
ਪ੍ਰਬੰਧਕੀ ਢਾਂਚੇ ਦੀ ਅਜਿਹੀ ਤਸਵੀਰਕਸ਼ੀ ਕਰਨ ਦੇ ਨਾਲ-ਨਾਲ ਉਹ ਇਸ ਦੇ ਮੂਲ ਕਾਰਣਾਂ ਵਲ਼ ਵੀ ਸੰਕੇਤ ਕਰਦਾ ਹੈ ਕਿ ਰਾਜਨੀਤੀ ਸਹੀ ਮਾਅਨਿਆਂ ਵਿੱਚ ਰਾਜਨੀਤੀ ਨਹੀਂ ਰਹੀ, ਵੋਟਾਂ ਦੀ ਰਾਜਨੀਤੀ ਬਣ ਕੇ ਇਸ ਨੇ ਮਨੁੱਖੀ ਮੁਹੱਬਤ ਨੂੰ ਮੂਲੋਂ ਹੀ ਨਕਾਰ/ਮਨਫੀ਼ ਕਰ ਦਿੱਤਾ ਹੈ। ਇਥੋਂ ਤੱਕ ਕਿ ਰਾਜਨੀਤੀ ਦੇ ਦਾਓਪੇਚਾਂ ਵਾਲੇ ਮਾਰੂ ਪ੍ਰਭਾਵ ਕਾਰਨ ਮਨੁੱਖੀ ਜੀਵਨ-ਸਿਧਾਂਤ ਵੀ ਦੁਜੈਲਾ ਰੂਪ ਧਾਰਨ ਕਰ ਚੁੱਕੇ ਹਨ।
ਨਵਰਾਹੀ ਘੁਗਿਆਣਵੀ ਇਸ ਨੂੰ ਮਨੁੱਖੀ ਸਮੱਸਿਆਵਾਂ ਦੀ ਮੂਲ ਜੜ੍ਹ ਮੰਨਦਾ ਹੈ।ਇਹੋ ਕਾਰਨ ਹੈ ਹਥਲੇ ਕਾਵਿ-ਸੰਗ੍ਰਹਿ ਦਾ ਆਰੰਭ ਹੀ ਉਹ ਇਨ੍ਹਾਂ ਦੋਹਾਂ (ਸਿਆਸਤ ਤੇ ਮੁਹੱਬਤ) ਦੇ ਟਕਰਾਓਗਤ ਤੇ ਬੜੇ ਹੀ ਪ੍ਰਭਾਵਸ਼ਾਲੀ ਸੰਵਾਦਮਈ ਰਿਸ਼ਤੇ ਨਾਲ ਬੰਨ੍ਹਦਾ ਹੈ। ਦੋ ਵਿਰੋਧੀ ਜੁੱਟਾਂ ਦਾ ਇਹ ਪਰਸਪਰ ਤਕਰਾਰ ਤੇ ਹਿੱਤ ਤਾਂ ਇੱਥੇ ਮੂਰਤੀਮਾਨ ਹੋਏ ਹੀ ਹਨ, ਸੰਬੋਧਨੀ ਸ਼ੈਲੀ ਦੇ ਸ਼ਬਦ ‘ਅੜੀਏ’ ਦਾ ਹੋਇਆ ਪ੍ਰਯੋਗ ਦੁਵੱਲੇ ਰੂਪ ਵਿੱਚ ਆਪਣਾ ਪ੍ਰਭਾਵ ਸਿਰਜਦਾ ਹੈ; ਹਮਦਰਦੀ ਦਾ ਇਜ਼ਹਾਰ ਵੀ ਹੈ ਤੇ ਸਵਾਰਥੀ ਹਿੱਤਾਂ ਦਾ ਪ੍ਰਤੀਕ ਵੀ:
ਸਿਆਸਤ ਕਹੇ ਮੁਹੱਬਤੇ, ਸੌਂਕਣੇ ਨੀ,
ਮੇਰੇ ਕੰਮ ਵਿੱਚ ਵਿਘਨ ਨਾ ਪਾ ਅੜੀਏ।
ਮੇਰਾ ਕੰਮ ਹੈ ਲੋਕਾਂ ਵਿੱਚ ਫੁੱਟ ਪਾਉਣਾ,
ਐਵੇਂ ਵਿੱਚ ਨ ਟੰਗ ਅੜਾ ਅੜੀਏ।
ਲਾਰੇ, ਵਾਅਦੇ ਅਤੇ ਹੁਸੀਨ ਸੁਫ਼ਨੇ,
ਦਿੰਦੇ ਲੋਕਾਂ ਦੇ ਨੈਣ ਚੁੰਧਿਆ ਅੜੀਏ।
ਮੇਰਾ ਸਾਥ ਦੇ, ਲੁਟਾਂਗੇ ਐਸ਼ ਆਪਾਂ,
ਮੌਕਾ ਲੱਭਿਆ ਲਾਭ ਉਠਾ ਅੜੀਏ। (ਪੰਨਾ15)
ਇਹੋ ਕਾਰਨ ਹੈ ਐਨੀ ਵਡੇਰੀ ਵਰੇਸ ਵਿੱਚ ਵੀ ਉਹ ਇਹ ਕਹਿਣ ਲਈ ਮਜਬੂਰ ਹੋ ਜਾਂਦਾ ਹੈ: "ਗ੍ਰਹਿਸਥੀ ਜੀਵਨ ਵਿੱਚ ਪੂਰੀ ਤਰ੍ਹਾਂ ਸੰਤੁਸ਼ਟ ਹੁੰਦਾ ਹੋਇਆ ਵੀ ਰਾਜਨੀਤਿਕ ਮਾਹੌਲ ਵਿੱਚ ਆਈ ਗਿਰਾਵਟ ਕਾਰਨ ਚਿੰਤਤ ਹਾਂ।ਇਸ ਦਾ ਇਕੋ ਇੱਕ ਇਲਾਜ ਲੋਕ ਚੇਤਨਾ ਹੈ ਜੋ ਨਰੋਈ ਸਿੱਖਿਆ ਅਤੇ ਸਾਹਿਤ ਕਲਾ ਰਾਹੀਂ ਸੰਭਵ ਹੈ।" (ਪੰਨਾ 12)
ਕੋਈ ਵੀ ਸੰਵੇਦਨਸ਼ੀਲ ਸ਼ਾਇਰ ਆਪਣੇ ਸਮਕਾਲੀ ਇਤਿਹਾਸ ਤੋਂ ਅਭਿੱਜ ਨਹੀਂ ਰਹਿ ਸਕਦਾ। ਜਦੋਂ 2019 ਦੇ ਅਖ਼ੀਰ ਵਿੱਚ ਕੌਮਾਂਤਰੀ ਪੱਧਰ ’ਤੇ, ਚੀਨ ਦੇ ਸ਼ਹਿਰ ‘ਵੁਹਾਨ’ ਤੋਂ ਇਸ ਮਹਾਂਮਾਰੀ ਕਰੋਨਾਵਾਇਰਸ ਦਾ ਆਗ਼ਾਜ਼ ਹੋਇਆ ਤਾਂ ਸਾਰੀ ਦੁਨੀਆਂ ਕੰਬ ਉੱਠੀ। ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਆਪਣੀਆਂ ਜ਼ਿੰਦਗੀਆਂ ਤੋਂ ਹੱਥ ਧੋਣੇ ਪੈ ਗਏ। ਵੱਖ-ਵੱਖ ਦੇਸ਼ਾਂ ਵਿੱਚ ਹੋਏ ਲੌਕਡਾਊਨ ਤੇ ਕੌਮਾਂਤਰੀ ਹਵਾਈ ਉਡਾਣਾਂ ਦੀ ਰੋਕਾਂ ਦੇ ਪ੍ਰਤਿਕਰਮ ਵਜੋਂ ਇਉਂ ਪ੍ਰਤੀਤ ਹੋ ਰਿਹਾ ਸੀ; ਜਿਵੇਂ ਅਸਮਾਨ ਤਾਂ ਕੀ, ਧਰਤੀ ਵੀ ਇੱਕ ਥਾਂ ਥੰਮ੍ਹ ਗਈ ਹੋਵੇ। ਇਨ੍ਹਾਂ ਸਤਰਾਂ ਨੂੰ ਲਿਖਣ ਤੱਕ, ਅਜੇ ਵੀ ਉਸ ਕੁਦਰਤੀ ਕਹਿਰ ਤੇ ਮਨੁੱਖ ਦਰਮਿਆਨ ਇਹ ਜੰਗ ਜਾਰੀ ਹੈ। ਹਿੰਦੁਸਤਾਨ ਦੀ ਧਰਤੀ ’ਤੇ ਵੀ ਇਸ ਕੁਦਰਤੀ ਆਫ਼ਤ ਨੇ ਬੜਾ ਕਹਿਰ ਵਰਤਾਇਆ। ਪੰਜਾਬੀਆਂ ਤੇ ਪ੍ਰਵਾਸੀ ਮਜ਼ਦੂਰਾਂ ਦੇ ਵਿਕਾਸ ਕਾਰਜਾਂ ਵਿੱਚ ਵੀ ਬੜੀ ਵੱਡੀ ਰੁਕਾਵਟ ਆਈ। ਮਨੁੱਖੀ ਇਤਿਹਾਸ ਦਾ ਇਹ ਵਿਸ਼ਵ ਵਿਆਪੀ ਦੁਖਾਂਤ, ਪ੍ਰਭਾਵਿਤ ਪਰਿਵਾਰਾਂ ਵਲੋਂ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਕੁਦਰਤੀ ਆਫ਼ਤ ਦੌਰਾਨ ਸਰਕਾਰੀ, ਗ਼ੈਰ-ਸਰਕਾਰੀ ਅਦਾਰਿਆਂ/ ਅਵਸਰਵਾਦੀਆਂ ਵੱਲੋਂ ਜਾਇਜ਼-ਨਜਾਇਜ਼ ਹਰਕਤਾਂ ਵੀ ਹੋਈਆਂ ਜਿਸ ਦੇ ਸਿੱਟੇ ਵਜੋਂ ਸੂਬਿਆਂ ਦੀਆਂ ਸਰਕਾਰਾਂ ਤੇ ਕੇਂਦਰ ਸਰਕਾਰ ’ਤੇ ਸਵਾਲੀਆ ਚਿੰਨ੍ਹ ਵੀ ਲੱਗੇ। ਨਵਰਾਹੀ ਘੁਗਿਆਣਵੀ ਨੇ ਵੀ ਉਸ ਤ੍ਰਾਸਦਿਕ ਦੌਰ ਦੇ ਹਾਲਾਤਾਂ ਭਾਵ ਉਸ ਕਰੋਨਾ ਵਾਇਰਸ ਦੇ ਮਾਰੂ ਪ੍ਰਭਾਵ ਨੂੰ, ਆਪਣੇ ਕਾਵਿ-ਅਨੁਭਵ ਦੇ ਮਾਧਿਅਮ ਰਾਹੀਂ, ਬੜੇ ਕਲਾਤਮਿਕ ਸੁਹਜ ਨਾਲ ਮੂਰਤੀਮਾਨ ਕਰਨ ਦਾ ਯਤਨ ਕੀਤਾ ਹੈ; ਇਹ ਵੱਖਰੀ ਗੱਲ ਹੈ ਕਿ ਉਸ ਨੇ ਪੰਜਾਬ ਦੇ ਪ੍ਰਵਾਸੀ ਮਜ਼ਦੂਰਾਂ ਦੇ ਸੰਕਟਾਂ/ਦੁਸ਼ਵਾਰੀਆਂ ਨੂੰ ਪੂਰੀ ਸੰਜੀਦਗੀ ਨਾਲ ਆਪਣੀ ਕਲਮ ਦਾ ਵਿਸ਼ਾ ਨਹੀਂ ਬਣਾਇਆ। ਨਵਰਾਹੀ ਦੀਆਂ ਇਨ੍ਹਾਂ ਕਾਵਿ ਸਤਰਾਂ ਦੇ ਖ਼ੂਬਸੂਰਤ ਅੰਦਾਜ਼ ਤੋਂ ਸ਼ਾਹ ਮੁਹੰਮਦ ਤੇ ਸੂਫ਼ੀ ਕਵੀ ਬੁਲ੍ਹੇ ਸ਼ਾਹ ਦੀ ਯਾਦ ਆ ਜਾਂਦੀ ਹੈ:
- ਪਈਆਂ ਭਾਜੜਾਂ, ਤਲਖ਼ ਮਾਹੌਲ ਹੋਇਆ,
ਰੌਲਾ ਪੈ ਗਿਆ ਕੁਲ੍ਹ ਸੰਸਾਰ ਅੰਦਰ।
ਵਾਇਰਸ ਜਕੜਿਆ ਵੱਡਿਆਂ ਵੱਡਿਆਂ ਨੂੰ,
ਰਾਣਾ ਰੰਕ ਆਇਆ ਇਹਦੀ ਮਾਰ ਅੰਦਰ। (ਪੰਨਾ 25)
- ਮਹਾਂਮਾਰੀ ਦੇ ਬੁਰੇ ਪ੍ਰਭਾਵ ਹੇਠਾਂ,
ਕਾਰੋਬਾਰ ਜਹਾਨ ਦੇ ਬੰਦ ਹੋ ਗਏ।
ਕੀ ਸਮਝੀਏ, ਮਾਰੀ ਗਈ ਮੱਤ ਸਾਡੀ,
ਜਾਂ ਕਿ ਲੋਕ ਜ਼ਿਆਦਾ ਅਕਲਮੰਦ ਹੋ ਗਏ।
ਕੁਝ ਇੱਕ ਡਿੱਗ ਪਏ ਕੁੱਤੇ ਦੇ ਕੰਨ ਵਾਂਗੂੰ,
ਕੁਝ ਦੇ ਹੌਂਸਲੇ ਹੋਰ ਬੁਲੰਦ ਹੋ ਗਏ।
ਜਿਹੜੇ ਮਿਲਦੇ ਸਨ ਬੜੇ ਤੱਪਾਕ ਨਾਲ,
ਨਹੀਂ ਲੱਭਦੇ ਈਦ ਦੇ ਚੰਦ ਹੋ ਗਏ । (ਪੰਨਾ 26)
- ਕਹਿਰ ਕਰੋਨਾ ਜਹਾਨ ਤੇ ਵਰਤਿਆ ਕੀ,
ਜੰਮਣ ਮਰਨ ਹੀ ਬੇਸੁਆਦ ਹੋਇਆ,
ਵਿੱਥ ਰੱਖਣੀ ਪਵੇ ਪਿਆਰਿਆਂ ਤੋਂ,
ਨਵਾਂ ਜੀਣ ਦਾ ਢੰਗ ਈਜਾਦ ਹੋਇਆ।
ਪੁੱਤਾਂ ਧੀਆਂ ਦੇ ਹੁੰਦਿਆਂ ਸੁੰਦਿਆਂ ਵੀ,
ਬੇਬਸ ਆਦਮੀ ਬੇਔਲਾਦ ਹੋਇਆ।
ਇਉਂ ਜਾਪਦਾ ਜਿਵੇਂ ਪ੍ਰਬੰਧ ਸਾਰਾ,
ਥਾਂ ਤੋਂ ਹਿਲਿਆ ਬੇਬੁਨਿਆਦ ਹੋਇਆ। (ਪੰਨਾ 38)
- ਅਵਸਰਵਾਦੀਆਂ ਕਿਵੇਂ ਕਰੋਨਾ ਨੂੰ ਵੀ,
ਰੱਜ ਕੇ ਵਰਤਿਆ ਨਿੱਜੀ ਸਕੀਮਾਂ ਦੇ ਵਿੱਚ।
ਊੜਾ ਐੜਾ ਵੀ ਹਿਕਮਤ ਦਾ ਜਾਣਦੇ ਨਹੀਂ,
ਡਟੇ ਬੈਠੇ ਨੇ ਕਿੰਞ ਹਕੀਮਾਂ ਦੇ ਵਿੱਚ। (ਪੰਨਾ 48)
ਉਪਰੋਕਤ ਪ੍ਰਮੁੱਖ ਵਿਸ਼ਿਆਂ ਤੋਂ ਇਲਾਵਾ ਇਸ ਵਿਚਾਰਾਧੀਨ ਕਾਵਿ-ਸੰਗ੍ਰਹਿ ਵਿੱਚ, ਬਦਲਦੀਆਂ ਪ੍ਰਸਥਿਤੀਆਂ ਅਨੁਸਾਰ ਕੁਝ ਉਪ-ਵਿਸ਼ੇ ਵੀ ਕਾਵਿ-ਅਨੁਭਵ ਦਾ ਹਿੱਸਾ ਬਣੇ ਹਨ; ਜਿਵੇਂ ਰਿਸ਼ਤਿਆਂ ਦੇ ਖੰਡਿਤ ਹੋਣ ਦੀ ਦਾਸਤਾਂ, ਰਾਜਨੀਤੀ ਦਾ ਮਨੁੱਖ ਵਿਰੋਧੀ ਪਾਸਾਰਾਂ ਦਾ ਵਿਵਰਣ, ਰਾਜਨੀਤਕ ਚਮਚਿਆਂ ਦਾ ਕਿਰਦਾਰ, ਰਾਜਨੀਤੀ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ, ਅਮਨ ਤੇ ਜੰਗ ਦਾ ਟਕਰਾਅ ਤੇ ਪ੍ਰਤਿਕਰਮ, ਅਚਾਰਿ-ਵਿਧਾਨ ਤੇ ਧਰਮਗਤ ਚੇਤਨਾ, ਧਰਮ ਤੇ ਧੜੇ ਦੀ ਪਹਿਲ ਕਦਮੀ, ਮਾਨ-ਸਨਮਾਣ ਦੀ ਹੋਂਦ, ਮਨੁੱਖੀ ਅਸਤਿਤੱਵ ਦੀ ਚੇਤੰਨਤਾ, ਚੰਗਿਆਈ ਤੇ ਬੁਰਿਆਈ ਦੀ ਪ੍ਰਤਿਕ੍ਰਿਆ, ਕਹਿਣੀ ਤੇ ਕਰਨੀ ਵਿੱਚ ਫ਼ਰਕ ਕਿਉਂ, ਜਨਮ-ਭੋਂਇ ਤੇ ਵਿਦੇਸ਼ੀ ਹੋੜ੍ਹ, ਧੀਆਂ ਤੇ ਦਹੇਜ ਦੀ ਸਮਾਜਿਕ ਬੁਰਾਈ, ਬੇਜ਼ਮੀਰੇ ਲੋਕ ਤੇ ਚੇਤਨਾ ਦੀ ਘਾਟ ਆਦਿ।
ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਨਵਰਾਹੀ ਘੁਗਿਆਣਵੀ ਦੀ ਇਹ ਕਾਵਿ-ਪੁਸਤਕ ‘ਜਬੈ ਬਾਣ ਲਾਗ੍ਯੋ’ ਭਾਵੇਂ ਕੁਝ ਥਾਵਾਂ ’ਤੇ ਕਾਵਿ-ਰਚਨਾਵਾਂ ਦੀ ਚੋਣ/ਦੁਹਰਾਅ/ਵਿਸ਼ਾ-ਤਤਕਰਾ ਪੱਖੋਂ ਬਹੁਤ ਸਾਰੀਆਂ ਤਕਨੀਕੀ ਊਣਤਾਈਆਂ ਤੋਂ ਮੁਕਤ ਨਹੀਂ ਪਰੰਤੂ ਇੱਕ ਚੰਗੇਰੇ ਲਿਖਤ-ਪਾਠ ਵਜੋਂ ਸਮਕਾਲੀ ਪੰਜਾਬ ਦੇ ਇਤਿਹਾਸਕ ਪਰਿਪੇਖ, ਵਿਸ਼ੇਸ਼ ਕਰਕੇ ਕਿਸਾਨੀ ਅੰਦੋਲਨ ਨੂੰ ਆਪਣਾ ਆਦਿ-ਬਿੰਦੂ ਮਿਥਦੀ ਹੋਈ ਮੌਕੇ ਦੀ ਹਕੂਮਤ/ਰਾਜਨੀਤੀ ਦੇ ਵਿਭਿੰਨ ਪਾਸਾਰਾਂ ਨੂੰ ਆਪਣੀ ਵਲਗਣ ਵਿੱਚ ਲੈਂਦੀ ਹੈ; ਭਾਵੇਂ ਇਹ ਸਾਰਾ ਕੁਝ ਕਿਸੇ ਵਿਧੀਵਤ ਰੂਪ ਵਿੱਚ ਮੂਰਤੀਮਾਨ ਨਹੀਂ ਹੋਇਆ ਪਰੰਤੂ ਇਸ ਪੂਰੇ ਕਾਵਿ-ਸੰਗ੍ਰਹਿ ਵਿੱਚ ਉਸ ਦੀ
ਰਾਜਨੀਤਕ ਸੁਰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਵਰਤਮਾਨ ਹੈ। ਕਾਵਿ-ਸਮੁੱਚ ਵਜੋਂ ਉਸ ਦੇ ਇਸ ਕਾਵਿ-ਸੱਚ ਦੀ ਝਲਕ ਪੁਸਤਕ ਦੇ ਸਿਰਲੇਖ ਤੋਂ ਵੀ ਸਪੱਸ਼ਟ ਹੈ। ਉਸ ਦੇ ਪੂਰਬਲੇ ਕਾਵਿ-ਸੰਗ੍ਰਹਿਆਂ ਨੂੰ ਵੀ ਡੂੰਘੀ ਨੀਝ ਨਾਲ ਦੇਖਿਆ ਜਾਵੇ ਤਾਂ ਲੋਕ-ਭਾਸ਼ਾ ਵਿੱਚ ਲੋਕ-ਪੱਖੀ ਵਿਚਾਰਧਾਰਾ ਦਾ ਪ੍ਰਗਟਾਵਾ ਕਰਨਾ ਹੀ ਉਸ ਦਾ
ਬੁਨਿਆਦੀ ਕਾਵਿ-ਉਦੇਸ਼ ਰਿਹਾ ਹੈ। ਇਹੋ ਕਾਰਨ ਹੈ ਉਸ ਨੂੰ ਆਮ ਪੰਜਾਬੀ ਪਾਠਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ ਹੈ। ਉਸ ਦੇ ਕਾਵਿ-ਸਫ਼ਰ ਦੀ ਲੜੀ ਵਿੱਚ ਇਹ ਹਥਲੀ ਕਾਵਿ-ਪੁਸਤਕ ਉਸ ਦੇ ਅਗਲੇਰੇ ਕਾਵਿ-ਪੜਾਅ ਦਾ ਮੀਲ-ਪੱਥਰ ਕਹੀ ਜਾ ਸਕਦੀ ਹੈ ਕਿਉਂਕਿ ਸਥਾਪਤੀ ਪ੍ਰਤਿ ਵਿਅੰਗਮਈ ਸ਼ੈਲੀ ਦੇ
ਮਾਧਿਅਮ ਰਾਹੀਂ, ਗਿਲੇ-ਸ਼ਿਕਵੇ/ਸ਼ਿਕਾਇਤਾਂ ਦਾ ਦੌਰ ਕਈ ਵਾਰ ਅੰਸ਼ਿਕ ਰੂਪ ਵਿੱਚ ਇਤਿਹਾਸ ਦਾ ਹਿੱਸਾ ਤਾਂ ਭਾਵੇਂ ਜ਼ਰੂਰ ਬਣ ਜਾਂਦਾ ਹੈ ਪਰੰਤੂ ਉਸ ਵਿੱਚ ਇਤਿਹਾਸਕ-ਚੇਤਨਾ ਬਣਨ ਦੀ ਸਮਰੱਥਾ/ਸੰਭਾਵਨਾ ਨਹੀਂ ਬਣਦੀ; ਇਸ ਪੁਸਤਕ ਵਿੱਚ ਸ਼ਾਇਰ ਵਲੋਂ ਥਾਂ-ਥਾਂ ’ਤੇ ਅਜੋਕੇ ਮਨੁੱਖੀ ਅਧਿਕਾਰਾਂ/ਹੱਕਾਂ-ਹਕੂਕਾਂ ਦੀ
ਪ੍ਰਾਪਤੀ ਲਈ ਸਰਕਾਰੀ ਤੰਤਰ ਨੂੰ ਸਿੱਧਾ ਨਿਸ਼ਾਨਾ ਬਣਾਇਆ ਗਿਆ ਹੈ। ਇਹੋ ਇਸ ਪੁਸਤਕ ਦੀ ਕਾਵਿ- ਖ਼ੂਬੀ ਹੈ। ਇਸ ਲਈ ਸਮਕਾਲੀ ਪ੍ਰਸਥਿਤੀਆਂ ਦੇ ਸੰਦਰਭ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਨਵਰਾਹੀ ਘਗਿਆਣਵੀ ਦੇ ਸ਼ਬਦ-ਸੱਭਿਆਚਾਰ ਦੀ ਇਹ ਸਿਧਾਂਤਕ ਤੇ ਵਿਦਰੋਹੀ ਸੁਰ ਉਸ ਨੂੰ ਕਾਵਿ-ਸ਼ਾਸਤ੍ਰ ਤੋਂ
ਕਾਵਿ-ਸ਼ਸਤ੍ਰ ਤੱਕ ਦਾ ਸਫ਼ਰ ਤੈਅ ਕਰਵਾਉਂਦੀ ਹੈ।