ਕੈਸਾ ਉਹ ਕਮਾਲ ਯਾਰੋ ਹੁੰਦਾ ਟੈਮ ਸੀ
ਬੁੱਢੇ ਨੱਢੇ ਹੁੰਦੇ ਓਦੋਂ ਪੂਰੇ ਕੈਮ ਸੀ
ਅੱਜ ਯਾਦ ਆਗੀ ਯਾਰ ਬਖਸ਼ੀਸ ਦੀ
ਹੱਥਾਂ ਨਾਲ ਓਦੋਂ ਬੇਬੇ ਚੱਕੀ ਪੀਸਦੀ
ਕੰਮ ਕਾਰ ਕਰ ਬੇਬੇ ਚੱਕੀ ਧਰਦੀ
ਚੁਣ ਛਾਂਟ ਦਾਣੇ ਸਾਰੇ ਅੱਡ ਕਰਦੀ
ਭਰ ਕੇ ਪਰਾਤ ਉਰੇ ਨੂੰ ਘੜੀਸ ਦੀ
ਹੱਥਾਂ ਨਾਲ ਓਦੋਂ ਬੇਬੇ ਚੱਕੀ ਪੀਸਦੀ
ਭਰ ਭਰ ਮੁੱਠਾ ਦਾਣੇ ਪਾਉਦੀ ਹੁੰਦੀ ਸੀ
ਬਾਬੇ ਨਾਨਕ ਦੇ ਗੁਣ ਗਾਉਦੀ ਹੁੰਦੀ ਸੀ
ਯਾਦ ਮੈਨੂੰ ਆਗੀ ਬੇਬੇ ਦੀ ਅਸੀਸ ਦੀ
ਹੱਥਾਂ ਨਾਲ ਓਦੋਂ ਬੇਬੇ ਚੱਕੀ ਪੀਸਦੀ
ਪੀਸ ਪੀਸ ਆਟਾ ਕਰਦੀ ਮਹੀਨ ਸੀ
ਉਸ ਵੇਲੇ ਹੁੰਦੀ ਜ਼ਿੰਦਗੀ ਰੰਗੀਨ ਸੀ
ਯਾਦ ਆਵੇ ਗੁਰੂ ਅੱਗੇ ਨਿਵੇਂ ਸੀਸ ਦੀ
ਹੱਥਾਂ ਨਾਲ ਓਦੋਂ ਬੇਬੇ ਚੱਕੀ ਪੀਸਦੀ
ਕੰਮ ਕਾਰ ਉਹੋ ਮੁਹਰੇ ਲਾਈ ਰੱਖਦੀ
ਕਰ ਕਰ ਕੰਮ ਨਾ ਕਦੇ ਵੀ ਧੱਕਦੀ
ਹੁੰਦੀ ਨਾ ਸਿਫ਼ਤ ਹੁਣ ਕੀਤੀ ਰੀਸ ਦੀ
ਹੱਥਾਂ ਨਾਲ ਓਦੋਂ ਬੇਬੇ ਚੱਕੀ ਪੀਸਦੀ
ਬੇਬੇ ਦਿਆ ਹੱਥਾਂ ਵਿੱਚ ਜਾਦੂ ਹੁੰਦਾ ਸੀ
ਮੱਖਣ ਗਿਓ ਵੀ ਓਦੋਂ ਵਾਧੂ ਹੁੰਦਾ ਸੀ
ਸਕੂਲਾਂ ਦੀ ਨਾ ਹੁੰਦੀ ਬਹੁਤੀ ਫ਼ੀਸ ਸੀ
ਹੱਥਾਂ ਨਾਲ ਓਦੋਂ ਬੇਬੇ ਚੱਕੀ ਪੀਸਦੀ
ਉਹੋ ਵੇਲਾ ਚੰਗਾ ਸਭ ਰਲ ਬਹਿੰਦੇ ਸੀ
ਵੱਡਿਆਂ ਨੂੰ ਕੰਗ ਬਾਪੂ ਚਾਚਾ ਕਹਿੰਦੇ ਸੀ
ਆਵੇ ਨਾ ਸਮਝ ਦਿਲ ਪੈਂਦੀ ਚੀਸ ਦੀ
ਹੱਥਾਂ ਨਾਲ ਓਦੋਂ ਬੇਬੇ ਚੱਕੀ ਪੀਸਦੀ।
(ਕੋਰੜਾ ਛੰਦ)