ਨੀ ਜਿੰਦੇ ਮੇਰੀਏ! (ਕਵਿਤਾ)

ਗੁਰਮਿੰਦਰ ਸਿੱਧੂ (ਡਾ.)   

Email: gurmindersidhu13@gmail.com
Cell: +1 604 763 1658
Address:
ਸਰੀ British Columbia Canada
ਗੁਰਮਿੰਦਰ ਸਿੱਧੂ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨੀ ਮੈਂ ਤੋਰਿਆ ਵਾਹਿਗੁਰੂ ਕਹਿ ਕੇ,
ਪੁੱਤ ਮੇਰਾ ਦਿੱਲੀ ਚੱਲਿਆ, ਨੀ ਜਿੰਦੇ ਮੇਰੀਏ!

ਰੱਤ ਪੀਣੀਆਂ ਜੋਕਾਂ ਦੇ ਰਾਹ ਖੋਲ੍ਹੇ,
ਅਕਲਾਂ ਨੂੰ ਜੰਗ ਲੱਗਿਆ, ਨੀ ਜਿੰਦੇ ਮੇਰੀਏ!

ਅਸਾਂ ਜਿਹੜਿਆਂ ਸਿਰਾਂ `ਤੇ ਤਾਜ ਰੱਖਿਆ,
ਉਹ ਸਿਰ ਬੇਈਮਾਨ ਹੋ ਗਏ, ਨੀ ਜਿੰਦੇ ਮੇਰੀਏ!

ਜਿਹੜੇ ਚੁਣੇ ਸੀ ਗਰੀਬਾਂ ਦੇ ਹੱਕ ਲਈ, 
ਲੁਟੇਰਿਆਂ ਦੇ ਨਾਲ ਰਲ’ਗੇ , ਨੀ ਜਿੰਦੇ ਮੇਰੀਏ!

ਦਾਣੇ ਠੁੰਗਣ ਪੰਖੇਰੂ ਆਏ,
ਖੇਤਾਂ ਵਿੱਚ ਗੱਡ `ਡਰਨੇ`, ਨੀ ਜਿੰਦੇ ਮੇਰੀਏ!

ਜਿਹਨਾਂ ਦੇਸ਼ ਦੇ ਨਸੀਬ ਸੀ ਜਗਾਉਣੇ,
ਉਹ ਆਪ ਗੂੜ੍ਹੀ ਨੀਂਦ ਸੌਂ ਗਏ, ਨੀ ਜਿੰਦੇ ਮੇਰੀਏ!

ਕੂਟਨੀਤੀਆਂ ਜੁਦਾ ਸੀ ਕੀਤੇ,
ਕਿਸਾਨਾਂ ਸਾਰੇ ਭਾਈ ਮੇਲ`ਤੇ, ਨੀ ਜਿੰਦੇ ਮੇਰੀਏ!

ਲੋਕਰਾਜ ਦਾ ਮਜ਼ਾਕ ਬਣਾਇਆ 
ਡਾਢਿਆਂ ਨੇ ਕਿੱਲ ਗੱਡ ਕੇ, ਨੀ ਜਿੰਦੇ ਮੇਰੀਏ! 

ਕੰਧ ਚੜ੍ਹਦੀ-ਕਲਾ ਦੀ ਕਰਨੀ, 
ਆਸੇ ਪਾਸੇ ਪੁਲਸ ਫਿਰੇ, ਨੀ ਜਿੰਦੇ ਮੇਰੀਏ!

ਨ੍ਹੇਰਾ ਜ਼ੁਲਮਾਂ ਦਾ ਉੱਡ ਪੁੱਡ ਜਾਣਾ,
ਸਬਰਾਂ ਦੀ ਲਾਟ ਮੱਚਣੀ, ਨੀ ਜਿੰਦੇ ਮੇਰੀਏ!