ਕਿਉਂ ਲੋਕ-ਰਾਜ ਦੇ ਮਾਅਨੇ (ਕਵਿਤਾ)

ਕ੍ਰਿਸ਼ਨ ਸਿੰਘ (ਪ੍ਰੋ)   

Email: krishansingh264c@gmail.com
Cell: 94639 89639
Address: 264-ਸੀ, ਰਾਜਗੁਰੂ ਨਗਰ
ਲੁਧਿਆਣਾ India 141012
ਕ੍ਰਿਸ਼ਨ ਸਿੰਘ (ਪ੍ਰੋ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਿਉਂ  ਲੋਕ- ਰਾਜ ਦੇ ਮਾਅਨੇ, ਇਹ ਕੰਡਿਆਲੀਆਂ ਤਾਰਾਂ ਨੇ।

 ਕਿਉਂ ਇਹ ਹੱਕ- ਹਕੂਕਾਂ ਮਾਅਨੇ,ਬਣੀਆਂ ਪਾਣੀ ਬੁਛਾੜਾਂ ਨੇ ।


ਕਿਉਂ ਲੋਕ-ਰਾਜ ਦਾ ਮੰਦਿਰ ਵੀ,ਖ਼ੁਦ ਲੋਕਾਂ ਤੋਂ ਪਿੱਠ ਮੋੜ ਗਿਆ,

ਕਿਉਂ ਅੰਨਦਾਤੇ ਲਈ ਜੇਲ੍ਹ ਬਣਾਈ,ਲੋਹੇ ਪੱਥਰਾਂ ਦੀਆਂ ਵਾੜਾਂ ਨੇ।


ਪੰਚਾਇਤਾਂ ਤੋਂ ਮਹਾਂ-ਪੰਚਾਇਤਾਂ, ਘਰ-ਘਰ ਚਰਚਾ ਹੋਣ ਲੱਗੀ,

 ਲੋਕ -ਰਾਜ ਦੇ ਅਰਥ ਨ ਜਾਣੇ, ਕੁਝ ਮੌਕੇ ਦੀਆਂ ਸਰਕਾਰਾਂ ਨੇ।


ਅੰਦੋਲਨਜੀਵੀ,ਪਰਜੀਵੀ ਕਹਿਕੇ, ਪਾਵੇਂ ਤੂੰ ਭਰਮ ਭੁਲੇਖੇ ਕਿਉਂ?

ਕਿਉਂ ਨੇ ਸ਼ਬਦ-ਅਡੰਬਰ ਕਰਦੀਆਂ,ਏਹ ਖੰਭਾਂ ਦੀਆਂ ਡਾਰਾਂ ਨੇ?


ਕਾਰਪੋਰੇਟ ਜੀਵੀ ਦਿੱਲੀਏ! ਕਿਉਂ ਹੋ ਗਈ ਖ਼ੂਨ- ਪਿਆਸੀ ਤੂੰ ?

ਕਿਵੇਂ ਸ਼ਹੀਦੀਆਂ ਪਾ ਦਿੱਤੀਆਂ,ਕਿੰਨੇ ,ਅੰਨਦਾਤੇ ਘਰ ਬਾਰਾਂ ਨੇ।


ਤੇਰੇ ਤਰਕ-ਕਾਨੂੰਨੀ ਮੰਡਲ ਦਾ, ਬ੍ਰਹਿਮੰਡੀਂ ਭਾਂਡਾ ਫੁੱਟ ਚੱਲਿਆ,

ਕਿਉਂ ਹਉਮੈਂ ਦੀ, ਪੰਡ ਚੁੱਕੀ ਹੈ,ਤੇਰੇ ਰਾਜ-ਹਠੀ ਅਧਿਕਾਰਾਂ ਨੇ?


ਪੋਹ- ਮਾਘ ਦੀਆਂ ਰਾਤਾਂ ਨੇ, ਕੋਹਰੇ ਧੁੰਦਾਂ ਦੀਆਂ ਬਰਸਾਤਾਂ ਨੇ,

ਰੱਦ ਕਰਨਾ ਖੇਤੀ- ਕਾਨੂੰਨਾਂ ਨੂੰ,ਧਾਰ ਲਿਆ ਅੰਦੋਲਨਕਾਰਾਂ ਨੇ।


ਉੱਚ- ਨਿਆਂ ਪ੍ਰਣਾਲੀ ਬਾਤਾਂ ਨੂੰ, ਅਨਿਆਂ ਗਲੇਫ ਸੌਗਾ਼ਤਾਂ ਨੂੰ,

ਖ਼ੁਦ ਵਿੱਚ ਕਟਹਿਰੇ ਬੁੱਝ ਲੈਂਦੇ,ਕੀ ਕਰਨਾ ਰਾਜ-ਦਰਬਾਰਾਂ ਨੇ।


 ਵੰਨ -ਸੁਵੰਨੇ ਫੁੱਲ ਟਹਿਕਦੇ,ਦਿੱਲੀਏ ਨੀ!ਤੇਰੀਆਂ ਬਰੂਹਾਂ 'ਤੇ,

 ਮਹਿਕ -ਹਵਾ ਨ ਵੰਡੀ ਜਾਏ,ਲੱਖਾਂ ਯਤਨ ਕੀਤੇ ਵੰਡਕਾਰਾਂ ਨੇ।


  ਸਰਬੱਤ ਭਲੇ ਦੇ ਹਾਮੀ ਬਣਕੇ, ਉਹ ਐਸੇ ਸੁਪਨ -ਸੰਜੋਣ ਲੱਗੇ,

  'ਬੇਗ਼ਮਪੁਰੇ' ਦੀਆਂ ਯਾਦਾਂ ਆਵਣ,ਜੋ ਦਿੱਤੀਆਂ ਬਾਣੀਕਾਰਾਂ ਨੇ।


  ਕਿੰਨੇ ਕੁ ਉਨ੍ਹਾਂ ਸੱਭਿਅਕ ਮੰਨੀਏ, ਕਿੰਨੇ ਕੁ ਸੱਭਿਆਚਾਰੀ ਨੇ,

  ਖ਼ੁਦ ਅੰਨਦਾਤੇ ਤੋਂ ਮੁੱਖ ਮੋੜਿਆ,ਜਿਨ੍ਹਾਂ ਟੁੱਕੜਬੋਚ ਗਦਾਰਾਂ ਨੇ।